Responsive Ads Here

Monday, July 30, 2018

ਸਾਈਡ ਲੇਖ

ਬਰਸੀ ਤੇ ਵਿਸ਼ੇਸ਼

ਦਾਣਾ-ਪਾਣੀ ਖਿੱਚ ਲਿਆਂਦਾ, ਕੌਣ ਕਿਸੇ ਦਾ ਖਾਂਦਾ ਹੋ

ਮਹਾਨ ਗਾਇਕ ਮੁਹੰਮਦ ਰਫੀ ਦਾ ਜਨਮ 24 ਦਸੰਬਰ 1924 ਨੂੰ ਪੰਜਾਬ ਦੇ ਕੋਟਲਾ ਸੁਲਤਾਨਪੁਰ ਵਿਖੇ ਇਕ ਮੁਸਲਮਾਨ ਪਰਿਵਾਰ ਵਿਚ ਹੋਇਆ ਸੀ। ਕਿਉਂਕਿ ਮੁਹੰਮਦ ਰਫ਼ੀ ਪੰਜਾਬੀ ਸਨ, ਇਸ ਲਈ ਉਨ੍ਹਾਂ ਨੇ ਅਨੇਕਾਂ ਪੰਜਾਬੀ ਗੀਤ ਗਾਏ। ਉਨ੍ਹਾਂ ਦੇ ਭਰਾ ਹਮੀਦ ਨੇ ਉਨ੍ਹਾਂ ਨੂੰ ਗਾਇਕੀ ਦੀ ਰਾਹ 'ਤੇ ਅੱਗੇ ਤੋਰਦੇ ਹੋਏ ਬਚਪਨ ਵਿਚ ਹੀ ਉਸਤਾਦ ਅਬਦਲ ਵਹੀਦ ਖ਼ਾਨ ਕੋਲ ਲਾਹੌਰ ਸੰਗੀਤ ਦੀ ਸਿੱਖਿਆ ਲੈਣ ਲਈ ਭੇਜ ਦਿੱਤਾ। ਇਕ ਵਾਰ ਰਫੀ ਸਾਹਿਬ ਸਿਰਫ਼ 13 ਸਾਲ ਦੀ ਉਮਰ ਵਿਚ ਹੀ ਇਕ ਸਟੇਜ 'ਤੇ ਗੀਤ ਪੇਸ਼ ਕਰ ਰਹੇ ਸਨ ਤਾਂ ਉੱਥੇ ਬੈਠੇ ਸ਼ਾਮ ਸੁੰਦਰ ਕਾਫੀ ਪ੍ਰਭਾਵਤ ਹੋਏ ਤੇ ਉਨ੍ਹਾਂ ਨੂੰ ਮੁੰਬਈ ਆਉਣ ਦਾ ਸੱਦਾ ਦਿੱਤਾ। ਆਪਣੇ ਸੰਗੀਤ ਨਿਰਦੇਸ਼ਨ ਹੇਠ ਪਹਿਲਾ ਗੀਤ ਜੋ ਪੰਜਾਬੀ ਵਿਚ ਸੀ 'ਸੋਹਣੀਏ ਨੀ ਹੀਰੀਏ ਨੀ' ਗਾਇਆ। ਇਸ ਗੀਤ ਨੂੰ ਏਨੀ ਸ਼ੋਹਰਤ ਮਿਲੀ ਕਿ ਉਨ੍ਹਾਂ ਨੇ ਫਿਰ ਕਦੇ ਪਿੱਛੇ ਮੁੜ ਕੇ ਵੇਖਿਆ ਹੀ ਨਹੀਂ ਅਤੇ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਹੀ ਰਹੇ। ਉਨ੍ਹਾਂ ਦੇ ਪੰਜਾਬੀ ਗੀਤ 'ਨਾ ਰੁੱਸ ਹੀਰੇ ਮੇਰੀਏ' (ਚੰਨ ਪ੍ਰਦੇਸੀ) 'ਅਸਾਂ ਯਾਰ ਦੇ ਨਜ਼ਾਰੇ ਵਿਚ ਰੱਬ ਵੇਖਿਆ' (ਦੋ ਲੱਛੀਆਂ), ਆਜਾ ਸੋਹਣੀਏ, ਆਜਾ ਹੀਰੀਏ' (ਸੰਤੋ-ਬੰਤੋ) 'ਸਾਨੂੰ ਬੁੱਕ ਨਾਲ ਪਾਣੀ ਤੰੂ ਪਿਆਦੇ ਘੁੱਟ ਨੀ' ਅਤੇ ਉਨ੍ਹਾਂ ਦਾ ਬਹੁਤ ਹੀ ਮਸ਼ਹੂਰ ਗੀਤ 'ਰੁੱਸ ਕੇ ਤੂੰ ਚਲੀ ਗਈਓਂ ਕਾਹਨੂੰ ਏਨੀ ਦੂਰ ਨੀ' (ਪਾਪੀ ਤੇਰੇ ਅਨੇਕ), 'ਨਾ ਮਾਂ ਕੱਤ ਪੂਣੀਆ' (ਚੰਨ ਪ੍ਰਦੇਸੀ) , 'ਜਿਹੜਾ ਜਾਗਦਾ ਏ ਉਹਦੀ ਏ ਸਵੇਰ ਵੇਲੀਆ' (ਟੱਕਰ), 'ਲੱਗੀ ਵਾਲੇ ਤਾਂ ਕਦੀ ਨੀ ਸੌਂਦੇ' (ਸੱਸੀ ਪੁੰਨੂ) ਬੇਹੱਦ ਮਸ਼ਹੂਰ ਹੋਏ। ਰਫੀ ਸਾਹਿਬ ਦਾ ਇਕ ਅਜਿਹਾ ਗੀਤ ਵੀ ਸੀ ਜਿਸ 'ਤੇ ਪਾਬੰਦੀ ਲੱਗ ਗਈ ਸੀ। ਉਹ ਗੀਤ ਫਿਲਮ 'ਗੀਤ ਬਹਾਰਾਂ ਦੇ' ਦਾ ਸੀ 'ਜੀ ਕਰਦਾ ਐ ਇਸ ਦੁਨੀਆ ਨੂੰ ਹੱਸ ਕੇ ਠੋਕਰ ਮਾਰ ਦੇਵਾਂ।' ਇਸ ਨੂੰ ਦੁਨੀਆ ਸਿਰਫ ਰੇਡੀਓ ਸ਼੍ਰੀਨਗਰ 'ਤੇ ਹੀ ਸੁਣ ਸਕਦੀ ਸੀ। ਰਫੀ ਸਾਹਿਬ ਨੇ ਹੋਰ ਵੀ ਬਹੁਤ ਪੰਜਾਬੀ ਗਾਣੇ ਗਾਏ। ਉਨ੍ਹਾਂ ਨੇ ਆਸ਼ਾ ਭੌਂਸਲੇ, ਦਿਲਰਾਜ ਕੌਰ ਅਤੇ ਨਰਿੰਦਰ ਬੀਬਾ ਨਾਲ ਵੀ ਬਹੁਤ ਗੀਤ ਗਾਏ ਜਿਵੇਂ 'ਇਹ ਮੋਰ ਕਿਵੇਂ ਪੈਲਾਂ ਪਾਂਦੇ ਨੇ' ਫਿਲਮ (ਮਾਹੀ ਮੁੰਡਾ), ਨਰਿੰਦਰ ਬੀਬਾ ਨਾਲ ਗਾਇਆ ਗੀਤ ਜੋ ਬਹੁਤ ਮਸ਼ਹੂਰ ਹੋਇਆ,'ਐਵੇਂ ਜ਼ੋਰ ਦੀ ਮਰੋੜੀ ਮੇਰੀ ਬਾਂਹ ਜੱਟ ਨੇ' ਕਾਫੀ ਮਸ਼ਹੂਰ ਹੋਏ। ਮੁਹੰਮਦ ਰਫੀ ਸਾਹਿਬ ਨੇ ਪੰਜਾਬੀ ਧਾਰਮਿਕ ਸ਼ਬਦਾਂ ਵਿਚ ਜੋ ਯੋਗਦਾਨ ਪਾਇਆ, ਉਸ ਨੂੰ ਸਾਰੀ ਉਮਰ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਦੇ ਗਾਏ ਸ਼ਬਦ ਹੁਣ ਵੀ ਸ੍ਰੋਤਿਆਂ ਦੇ ਦਿਲਾਂ ਵਿਚ ਗੂੰਜਦੇ ਹਨ ਜਿਵੇਂ 'ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ' (ਮਨ ਜੀਤੇ ਜਗ ਜੀਤ), 'ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ' (ਨਾਨਕ ਨਾਮ ਜਹਾਜ), ਕੋਈ ਬੋਲੇ ਰਾਮ-ਰਾਮ, ਕੋਇ ਖ਼ੁਦਾਏ (ਮਨ ਜੀਤੇ ਜਗ ਜੀਤ) 'ਪਾਪੀ ਜਿਉੜਿਆ ਬੋਲ ਸਤਿਨਾਮ' (ਮਨ ਜੀਤੇ ਜਗ ਜੀਤ), 'ਮੈਂ ਆਇਆ ਦੂਰੋਂ ਚੱਲ ਕੇ (ਉੱਚਾ ਦਰ ਬਾਬੇ ਨਾਨਕ ਦਾ) ਆਦਿ। ਉਨ੍ਹਾਂ ਦੇ ਗਾਏ ਅਣਗਿਣਤ ਹਿੰਦੀ ਗੀਤ ਬਹੁਤ ਮਸ਼ਹੂਰ ਹੋਏ। ਉਨ੍ਹਾਂ ਨੇ ਦੋਗਾਣੇ ਲਤਾ ਮੰਗੇਸ਼ਕਰ ਅਤੇ ਆਸ਼ਾ ਭੌਸਲੇ ਨਾਲ ਗਾਏ ਜਿਵੇਂ 'ਢਲ ਗਿਆ ਦਿਨ ਹੋ ਗਈ ਸ਼ਾਮ' (ਹਮਜੋਲੀ), 'ਆ ਜਾ ਆਈ ਬਹਾਰ (ਰਾਜ ਕੁਮਾਰ), 'ਤੁਮ ਜੋ ਮਿਲ ਗਏ ਹੋ' (ਹਸਤੇ ਜ਼ਖ਼ਮ) ਆਦਿ ਮਸ਼ਹੂਰ ਹੋਏ। ਉਨ੍ਹਾਂ ਨੇ ਗ਼ੈਰ ਫਿਲਮੀ ਗਜ਼ਲਾਂ ਵੀ ਗਾਈਆਂ ਜਿਵੇਂ 'ਕੈਸੇ ਕਟੇਗੀ ਜ਼ਿੰਦਗੀ ਤੇਰੇ ਬਗੈਰ।' ਅੱਜਕੱਲ੍ਹ ਦੇ ਗੀਤ ਇਕ ਵਾਰ ਸੁਣ ਕੇ ਦਿਲ ਭਰ ਜਾਂਦਾ ਹੈ ਪਰ ਰਫੀ ਸਾਹਿਬ ਦੇ ਗੀਤ ਸਦਾ ਬਹਾਰ ਸਨ ਜਿਨ੍ਹਾਂ ਨੂੰ ਵਾਰ-ਵਾਰ ਸੁਣਨ ਨੂੰ ਮਨ ਕਰਦਾ ਹੈ। ਰਫੀ ਸਾਹਿਬ ਨੇ ਲਗਪਗ 26 ਹਜ਼ਾਰ ਤੋਂ ਵੱਧ ਗੀਤ ਗਾਏ ਜਿਨ੍ਹਾਂ ਵਿਚ ਫਿਲਮੀ, ਗ਼ੈਰ-ਫਿਲਮੀ, ਅਤੇ ਗਜ਼ਲਾਂ ਸ਼ਾਮਲ ਸਨ। ਉਹਨਾਂ ਨੂੰ 6 ਵਾਰ ਫਿਲਮ ਫੇਅਰ ਐਵਾਰਡ ਨਾਲ ਸਨਮਾਨਿਆ ਗਿਆ ਅਤੇ 1965 ਵਿਚ ਪਦਮਸ੍ਰੀ ਐਵਾਰਡ ਦਿੱਤਾ ਗਿਆ। ਮੁਹੰਮਦ ਰਫੀ ਸਾਹਿਬ 31 ਜੁਲਾਈ 1980 ਨੂੰ ਦਿਲ ਦਾ ਦੌਰਾ ਪੈਣ ਕਾਰਨ ਦੁਨੀਆ ਤੋਂ ਰੁਖ਼ਸਤ ਹੋ ਗਏ ਪਰ ਉਨ੍ਹਾਂ ਦੀ ਆਵਾਜ਼ ਗੀਤਾਂ ਦੇ ਰੂਪ ਵਿਚ ਹਮੇਸ਼ਾ ਗੂੰਜਦੀ ਰਹੇਗੀ। ਉਨ੍ਹਾਂ ਦਾ ਮਸ਼ਹੂਰ ਗੀਤ (ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ, ਹੱਸਦਿਆਂ ਰਾਤ ਲੰਘੇ ਪਤਾ ਨਹੀਂ ਸਵੇਰ ਦਾ) ਰਹਿੰਦੀ ਦੁਨੀਆ ਤਕ ਗੂੰਜਦਾ ਰਹੇਗਾ।

-ਗੁਰਪ੫ੀਤ ਵਾਲੀਆ, ਬੁਢਲਾਡਾ। ਮੋਬਾਈਲ ਨੰ. : 97803-358888



from Punjabi News -punjabi.jagran.com https://ift.tt/2vfBzV5
via IFTTT

No comments:

Post a Comment