Responsive Ads Here

Tuesday, March 5, 2019

ਵਿਧਾਇਕ ਧੌਲਾ ਦੀ ਥਾਂ ਹਲਕੇ 'ਚ ਨਵਾਂ ਇੰਚਾਰਜ ਲਗਾਇਆ ਜਾਵੇਗਾ : ਹਰਪਾਲ ਸਿੰਘ ਚੀਮਾ

ਮਨਪ੍ਰੀਤ ਜਲਪੋਤ, ਤਪਾ ਮੰਡੀ : ਲੋਕ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਭਦੌੜ ਦੇ ਐੱਮਐੱਲਏ ਪਿਰਮਲ ਸਿੰਘ ਧੌਲਾ ਦੀ ਥਾਂ 'ਤੇ ਪਾਰਟੀ ਵੱਲੋਂ ਨਵਾਂ ਹਲਕਾ ਇੰਚਾਰਜ ਲਗਾਇਆ ਜਾਵੇਗਾ। ਇਹ ਮਤਾ ਪਿਛਲੇ ਮਹੀਨਿਆਂ ਤੋਂ ਕੋਰ ਕਮੇਟੀ ਕੋਲ ਵਿਚਾਰ ਅਧੀਨ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਤਪਾ ਵਿਖੇ ਇਕ ਸਮਾਗਮ 'ਚ ਹਾਜ਼ਰੀ ਲਵਾਉਣ ਉਪਰੰਤ ਕੀਤਾ। 'ਪੰਜਾਬੀ ਜਾਗਰਣ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਵਿਧਾਇਕ ਧੌਲਾ ਪਾਰਟੀ 'ਚ ਵਾਪਸੀ ਕਰ ਲੈਂਦੇ ਹਨ ਤਾਂ ਪਾਰਟੀ ਉਨ੍ਹਾਂ ਦਾ ਸਵਾਗਤ ਕਰੇਗੀ ਨਹੀਂ ਤਾਂ ਆਮ ਆਦਮੀ ਪਾਰਟੀ ਵੱਲੋਂ ਜਲਦ ਹੀ ਬਾਗੀ ਵਿਧਾਇਕ ਪਿਰਮਲ ਸਿੰਘ ਧੌਲਾ ਦੀ ਥਾਂ 'ਤੇ ਹਲਕਾ ਇੰਚਾਰਜ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਜਾਂ ਕੱਲ੍ਹ 'ਚ ਪੰਜਾਬ ਦੇ ਬਾਕੀ ਉਮੀਦਵਾਰਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਸਮਝੌਤਾ ਕਰਨਾ ਸਮੇਂ ਦੀ ਮੁੱਖ ਲੋੜ ਸੀ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਕੱਟੜਵਾਦੀ ਤਾਕਤਾਂ ਤੋਂ ਬਚਾਉਣ ਲਈ ਅਸੀਂ ਧਰਮ-ਨਿਰਪੱਖ ਸ਼ਕਤੀਆਂ ਨਾਲ ਲੋਕ ਸਭਾ ਚੋਣਾਂ 'ਚ ਤਾਲਮੇਲ ਕੀਤਾ ਹੈ ਤਾਂ ਜੋ ਪੰਜਾਬ ਦੀਆਂ ਵੋਟਾਂ ਦਾ ਬਟਵਾਰਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਆਪ ਪਾਰਟੀ ਫੌਜੀ ਜਵਾਨਾਂ ਦੇ ਨਾਲ ਖੜ੍ਹੀ ਹੈ ਪਰ ਕੇਂਦਰ ਸਰਕਾਰ ਨੂੰ ਡਿਫੈਂਸ ਨੂੰ ਲੈ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਪੰਜਾਬ 'ਚ ਚਲਾਏ ਬਿਜਲੀ ਅੰਦੋਲਨ ਸਬੰਧੀ ਬੋਲਦਿਆਂ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਕੈਪਟਨ ਸਰਕਾਰ ਦੁਬਾਰਾ ਫਿਰ ਬਿਜਲੀ ਦੀਆਂ ਦਰਾਂ 'ਚ ਵਾਧਾ ਕਰਨ ਜਾ ਰਹੀ ਹੈ ਜਿਸ ਦਾ ਆਮ ਆਦਮੀ ਪਾਰਟੀ ਡੱਟ ਕੇ ਵਿਰੋਧ ਕਰੇਗੀ।
ਉਨ੍ਹਾਂ ਦੱਸਿਆ ਕਿ ਬਿਜਲੀ ਅੰਦੋਲਨ ਪੰਜਾਬ ਦੇ ਪੰਜ ਹਜ਼ਾਰ ਪਿੰਡਾਂ ਅੰਦਰ ਕਾਮਯਾਬੀ ਹਾਸਲ ਕਰ ਚੁੱਕਿਆ ਹੈ ਜਿਸ ਨੂੰ ਹੁਣ ਸ਼ਹਿਰਾਂ 'ਚ ਵੀ ਤੇਜ਼ ਕੀਤਾ ਜਾਵੇਗਾ ਤੇ ਆਪ ਪਾਰਟੀ ਵੱਲੋਂ ਕਿਸੇ ਕੀਮਤ ਤੇ ਬਿਜਲੀ ਦਰਾਂ ਨਹੀਂ ਵਧਾਉਣ ਦਿੱਤੀਆਂ ਜਾਣਗੀਆਂ। ਉਨ੍ਹਾਂ ਕੈਪਟਨ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਅੰਦਰ ਸਿਹਤ ਸਹੂਲਤ ਤੇ ਸਿੱਖਿਆ ਦਾ ਬਹੁਤ ਮਾੜਾ ਹਾਲ ਹੈ। ਆਉਣ ਵਾਲੇ ਦਿਨਾਂ 'ਚ 'ਆਪ' ਇਨ੍ਹਾਂ ਮੁੱਦਿਆਂ ਨੂੰ ਲੈ ਕੇ ਵੀ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰੇਗੀ। ਇਸ ਮੌਕੇ ਸੂਬਾ ਆਗੂ ਅਮਰੀਸ਼ ਭੋਤਨਾ, ਮਹਿੰਦਰ ਚਹਿਲ, ਜਸਵਿੰਦਰ ਚੱਠਾ, ਕੁਲਵਿੰਦਰ ਚੱਠਾ, ਸਿਟੀ ਪ੍ਰਧਾਨ ਨਰੈਣ ਪੰਧੇਰ, ਮੁਨੀਸ਼ ਗਰਗ ਤੇ ਹਰਦੀਪ ਪੋਪਲ ਆਦਿ ਹਾਜ਼ਰ ਸਨ।



from Punjabi News -punjabi.jagran.com https://ift.tt/2TiZpOo
via IFTTT

No comments:

Post a Comment