ਅੱਜਕੱਲ੍ਹ ਚਾਰੇ ਪਾਸੇ ਅਰਾਜਕਤਾ ਦਾ ਬੋਲਬਾਲਾ ਹੈ। ਸਿੱਖਿਆ ਪ੍ਰਣਾਲੀ ਵੀ ਆਪਣੇ ਰਾਹ ਤੋਂ ਭਟਕ ਗਈ ਹੈ। ਸਿੱਖਿਆ ਦਾ ਉਦੇਸ਼ ਸਿਰਫ਼ ਨੌਕਰੀਆਂ ਪ੍ਰਾਪਤ ਕਰਨਾ ਹੀ ਰਹਿ ਗਿਆ ਹੈ। ਮੌਲਿਕਤਾ ਅਤੇ ਨੈਤਿਕਤਾ ਤਾਂ ਕਿੱਧਰੇ ਗੁਆਚ ਹੀ ਗਈਆਂ ਹਨ। ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੇ ਫ਼ਿਰੰਗੀਆਂ ਦੀ ਗ਼ੁਲਾਮੀ ਤੋਂ ਦੇਸ਼ ਨੂੰ ਆਜ਼ਾਦ ਕਰਵਾ ਕੇ ਸਾਡੇ ਹੱਥਾਂ ਵਿਚ ਦੇਸ਼ ਇਸ ਉਮੀਦ ਨਾਲ ਸੌਂਪਿਆ ਸੀ ਕਿ ਅਸੀਂ ਉਨ੍ਹਾਂ ਦੇ ਸੁਪਨਿਆਂ ਦੇ ਮੁਲਕ ਨੂੰ ਉਸੇ ਤਰ੍ਹਾਂ ਸੰਭਾਲ ਕੇ ਰੱਖਾਂਗੇ ਜਿਵੇਂ ਉਨ੍ਹਾਂ ਉਮੀਦ ਰੱਖੀ ਸੀ। ਕੀ ਅਸੀਂ ਆਪਣਾ ਫ਼ਰਜ਼ ਬਾਖ਼ੂਬੀ ਪੂਰਾ ਕਰ ਰਹੇ ਹਾਂ? ਇੰਜ ਜਾਪਦਾ ਹੈ ਜਿਵੇਂ ਭਾਰਤ ਮਾਤਾ ਆਪਣੇ ਸੇਵਕਾਂ ਤੋਂ ਸੁਰੱਖਿਆ ਮੰਗ ਰਹੀ ਹੋਵੇ। ਅੱਜਕੱਲ੍ਹ ਤਾਂ ਧਰਮ ਦੇ ਪਹਿਰੇਦਾਰਾਂ ਨੇ ਵੀ ਭੋਲੀ-ਭਾਲੀ ਅਤੇ ਪੜ੍ਹੀ-ਲਿਖੀ ਜਨਤਾ ਦੀ ਸੋਚ ਨੂੰ ਆਪਣੀ ਗ਼ੁਲਾਮ ਬਣਾ ਕੇ ਰੱਖਿਆ ਹੋਇਆ ਹੈ। ਦੇਸ਼ ਭਗਤੀ ਦੀਆਂ ਕਹਾਣੀਆਂ ਤਾਂ ਹੁਣ ਸਿਰਫ਼ ਪਾਠਕ੍ਰਮ ਦਾ ਹਿੱਸਾ ਬਣ ਕੇ ਹੀ ਰਹਿ ਗਈਆਂ ਹਨ। ਪੰਜਾਬ ਦਾ ਨੌਜਵਾਨ ਵਰਗ ਅੱਜਕੱਲ੍ਹ ਪੱਛਮੀ ਸੱਭਿਆਚਾਰ ਵਿਚ ਡੁੱਬਦਾ ਜਾ ਰਿਹਾ ਹੈ। ਪੱਛਮੀ ਦੇਸ਼ਾਂ ਵੱਲ ਜਾਣ ਦੀ ਲਾਲਸਾ ਦਿਨੋ-ਦਿਨ ਵਧਦੀ ਜਾ ਰਹੀ ਹੈ। ਨੌਜਵਾਨ ਹੁਣ ਉਨ੍ਹਾਂ ਹੀ ਦੇਸ਼ਾਂ ਵੱਲ ਜਾ ਕੇ ਖ਼ੁਸ਼ ਹਨ ਜਿਨ੍ਹਾਂ ਤੋਂ ਅਸੀਂ ਆਜ਼ਾਦੀ ਲਈ ਸੀ। ਜੇ ਇੰਨੀ ਮਿਹਨਤ ਮਨ ਲਾ ਕੇ ਅਸੀਂ ਆਪਣੇ ਦੇਸ਼ ਵਿਚ ਰਹਿ ਕੇ ਕਰਾਂਗੇ ਤਾਂ ਸਾਡੀ ਸਰਦਾਰੀ ਵੀ ਕਾਇਮ ਰਹੇਗੀ ਅਤੇ ਦੇਸ਼ ਦਾ ਵੀ ਕੁਝ ਸੁਧਾਰ ਹੋ ਸਕਦਾ ਹੈ। ਅੱਜ ਸਮਾਜ ਵਿਚ ਹਰ ਪਾਸੇ ਭ੍ਰਿਸ਼ਟਾਚਾਰ ਫੈਲ ਚੁੱਕਾ ਹੈ। ਲੋਕਤੰਤਰ ਦੇ ਮਾਇਨੇ ਹੀ ਬਦਲ ਚੁੱਕੇ ਹਨ। ਜੇ ਲੋਕਤੰਤਰ ਸਾਨੂੰ ਸਵਾਲ ਪੁੱਛਣ ਦੀ ਆਜ਼ਾਦੀ ਦਿੰਦਾ ਹੈ ਤਾਂ ਕੀ ਅਸੀਂ ਕਿਸੇ ਤੋਂ ਇਹ ਸਵਾਲ ਪੁੱਛ ਸਕਦੇ ਹਾਂ ਕਿ ਸੰਵਿਧਾਨ ਦੀ ਕਿੰਨੀ ਕੁ ਪਾਲਣਾ ਹੋ ਰਹੀ ਹੈ? ਮੌਲਿਕ ਅਧਿਕਾਰਾਂ ਦੀ ਜਾਣਕਾਰੀ ਤਾਂ ਸਭ ਨੂੰ ਹੈ ਪਰ ਕੀ ਕਿਸੇ ਨੂੰ ਦੇਸ਼ ਪ੍ਰਤੀ ਬਣਦੇ ਮੌਲਿਕ ਕਰਤੱਵਾਂ ਦੀ ਜਾਣਕਾਰੀ ਹੈ? ਸੰਵਿਧਾਨ ਅਨੁਸਾਰ ਭਾਵੇਂ ਲੜਕੀ ਅਤੇ ਲੜਕੇ ਨੂੰ ਬਰਾਬਰ ਅਧਿਕਾਰ ਦਿੱਤੇ ਗਏ ਹਨ ਪਰ ਇਹ ਸਿਰਫ਼ ਕਾਗ਼ਜ਼ੀ ਹੀ ਹਨ ਕਿਉਂਕਿ ਆਧੁਨਿਕ ਲੜਕੀ ਦੇ ਪੈਰਾਂ ਵਿਚ ਅੱਜ ਵੀ ਸਮਾਜ ਦੇ ਰੀਤੀ-ਰਿਵਾਜ਼ਾਂ ਨੇ ਜੰਜ਼ੀਰਾਂ ਪਾਈਆਂ ਹੋਈਆਂ ਹਨ। ਔਰਤ ਕਿੰਨੀ ਵੀ ਪੜ੍ਹ-ਲਿਖ ਜਾਵੇ, ਕਿਤੇ ਨਾ ਕਿਤੇ ਉਸ ਨੂੰ ਝੁਕਣਾ ਹੀ ਪੈਂਦਾ ਹੈ। ਅਜੇ ਵੀ ਉਸ ਨੂੰ ਵਿਚਾਰ ਪ੍ਰਗਟਾਉਣ ਦੀ ਪੂਰਨ ਆਜ਼ਾਦੀ ਨਹੀਂ ਮਿਲ ਸਕੀ ਹੈ। ਦਾਜ ਦੇ ਦੈਂਤ ਤੋਂ ਵੀ ਅਜੇ ਤਕ ਉਹ ਆਜ਼ਾਦ ਨਹੀਂ ਹੋ ਸਕੀ ਹੈ। ਅਜੋਕੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਅੰਦਰ ਇਕ ਅਜਿਹੀ ਆਜ਼ਾਦ ਸੋਚ ਰੱਖਣ ਕਿ ਉਹ ਕੌਮ ਦੀਆਂ ਮੁਸ਼ਕਿਲਾਂ ਦਾ ਤਰਕਪੂਰਨ ਹੱਲ ਕੱਢ ਸਕਣ। ਵਿਦੇਸ਼ਾਂ ਵੱਲ ਭੱਜਣ ਦੀ ਬਜਾਇ ਉਹ ਆਪਣੇ ਮੁਲਕ ਨੂੰ ਤਰੱਕੀ ਦੇ ਰਾਹ 'ਤੇ ਤੋਰਨ ਵਿਚ ਆਪਣਾ ਬਣਦਾ ਯੋਗਦਾਨ ਦੇਣ। ਸਮਾਜ 'ਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਇਕ ਹੋਰ ਆਜ਼ਾਦੀ ਦੀ ਲੜਾਈ ਵਿੱਢਣ ਦੀ ਲੋੜ ਹੈ। ਨੌਜਵਾਨ ਪੀੜ੍ਹੀ ਵੱਲੋਂ ਭਾਰਤੀ ਸਮਾਜ ਨੂੰ ਬਦਲਣ ਦਾ ਟੀਚਾ ਮਿੱਥ ਲਿਆ ਜਾਵੇ ਤਾਂ ਇਹ ਕੋਈ ਔਖਾ ਕੰਮ ਨਹੀਂ।
-ਦਵਿੰਦਰ ਕੌਰ ਸ.ਸ.ਸ. ਰੱਲੀ (ਮਾਨਸਾ)।
(82838-32839)
from Punjabi News -punjabi.jagran.com http://bit.ly/2XbIONu
via IFTTT
No comments:
Post a Comment