.jpg)
-ਹਰਦੇਵ ਚੌਹਾਨ
ਢਾਈ ਕੁ ਦਹਾਕੇ ਪਹਿਲਾਂ ਅੰਮ੍ਰਿਤਸਰ ਦੇ ਸਕੂਲਾਂ ਨੂੰ ਅਲਵਿਦਾ ਕਹਿ ਕੇ ਪਟਿਆਲੇ ਵਾਲੇ ਸਰਕਾਰੀ ਮਿਡਲ ਸਕੂਲ, ਬਲਟਾਣੇ 'ਚ ਪੜ੍ਹਾਉਣਾ ਸ਼ੁਰੂ ਕੀਤਾ ਸੀ। ਜੋ ਕਹੀਦਾ ਸੀ, ਬੱਚੇ ਕਰਦੇ ਸਨ। ਜੋ ਦੱਸੀਦਾ ਸੀ, ਬੱਚੇ ਧਿਆਨ ਨਾਲ ਸੁਣਦੇ ਅਤੇ ਪੱਲੇ ਬੰਨ੍ਹ ਲੈਂਦੇ ਸਨ। ਸਵੇਰੇ ਸਕੂਲ ਲੱਗਣ ਤੋਂ ਪਹਿਲਾਂ ਉਹ ਬਾਹਰਲੇ ਗੇਟ 'ਚ ਖੜ੍ਹੇ ਸਾਨੂੰ ਬੇਸਬਰੀ ਨਾਲ ਉਡੀਕਦੇ ਰਹਿੰਦੇ। ਉਨ੍ਹਾਂ ਲਈ ਪੰਖੜੀਆਂ, ਪ੍ਰਾਇਮਰੀ ਸਿੱਖਿਆ ਅਤੇ ਅਖ਼ਬਾਰਾਂ ਦੇ ਮੈਗਜ਼ੀਨ ਵਾਲੇ ਪੰਨੇ ਲੈ ਕੇ ਸਕੂਲ ਜਾਂਦੇ ਹੁੰਦੇ ਸਾਂ। ਪੰਜਾਬੀ ਤੇ ਹਿੰਦੀ ਦੇ ਰਲੇ-ਮਿਲੇ ਰਸਾਲੇ ਤੇ ਅਖ਼ਬਾਰਾਂ ਲੈ ਕੇ ਉਹ ਇੰਨੇ ਖ਼ੁਸ਼ ਹੁੰਦੇ ਜਿਵੇਂ ਕੋਈ ਬੇਸ਼ਕੀਮਤੀ ਤੋਹਫ਼ਾ ਮਿਲ ਗਿਆ ਹੋਵੇ।
ਵਿਚ-ਵਿਚਾਲੇ ਡਾਇਰੈਕਟੋਰੇਟ ਵਿਖੇ ਸੰਪਾਦਕ ਵਾਲੀ ਪ੍ਰਸ਼ਾਸਕੀ ਸੇਵਾ ਨਿਭਾਉਂਦਿਆਂ ਸੇਵਾਮੁਕਤੀ ਤੋਂ ਸਾਲ ਕੁ ਪਹਿਲਾਂ ਬਤੌਰ ਪੰਜਾਬੀ ਲੈਕਚਰਾਰ ਪਦ-ਉੱਨਤੀ ਹੋ ਗਈ। ਬੜਾ ਚਾਅ ਚੜ੍ਹਿਆ ਕਿ ਹੁਣ ਰੁਟੀਨ ਜਿਹੇ ਦਫ਼ਤਰੀ ਕਾਰ-ਵਿਹਾਰ ਤੋਂ ਛੁਟਕਾਰਾ ਮਿਲੇਗਾ। ਨਵੇਂ ਬਾਲ ਹੋਣਗੇ, ਨਵੀਆਂ ਗੱਲਾਂ-ਬਾਤਾਂ ਹੋਣਗੀਆਂ ਤੇ ਨਵੀਆਂ ਬਾਲ ਕਹਾਣੀਆਂ ਲਈ ਨਿਵੇਕਲਾ ਵਿਸ਼ਾ-ਵਸਤੂ ਮਿਲੇਗਾ। ਗਿਆਰਵੀਂ, ਬਾਰ੍ਹਵੀਂ ਦੇ ਸਿਆਣੇ ਤੇ ਆਗਿਆਕਾਰ ਵਿਦਿਆਰਥੀ ਹੋਣਗੇ। ਜੋ ਕਹਾਂਗੇ, ਮੰਨ ਲੈਣਗੇ ਜਿਵੇਂ ਪਹਿਲੇ ਸਕੂਲਾਂ 'ਚ ਹੁੰਦਾ, ਵਾਪਰਦਾ ਰਿਹਾ। ਉਹ ਹਰ ਗੱਲ ਨੂੰ ਧਿਆਨ ਨਾਲ ਸੁਣਨਗੇ, ਮੰਨਣਗੇ ਤੇ ਸਿੱਖਦੇ-ਸਿਖਾਉਂਦੇ ਉਹ ਵੀ ਸਰਦੇ-ਪੁੱਜਦੇ ਗੁਣੀ, ਗਿਆਨੀ ਬਣ ਜਾਣਗੇ।
ਲਓ ਜੀ! ਰਸਮੀ ਹੁਕਮ ਲੈ ਕੇ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਾਮਗੜ੍ਹ ਭੁੱਢੇ ਜਾ ਹਾਜ਼ਰ ਹੋਏ। ਬੜੇ ਚਾਅ ਨਾਲ ਨਵੇਂ ਵਿਦਿਆਰਥੀਆਂ ਨੂੰ ਆਪਣੀਆਂ ਕਵਿਤਾਵਾਂ, ਕਹਾਣੀਆਂ ਅਤੇ ਹੋਰ ਰਚਨਾਵਾਂ ਵਾਲੇ ਰਸਾਲੇ, ਅਖ਼ਬਾਰੀ ਮੈਗਜ਼ੀਨ ਅਤੇ ਪੁਸਤਕਾਂ ਦੀ ਜਾਣਕਾਰੀ ਦਿੱਤੀ। ਆਪ-ਹੁਦਰੇ ਬਾਲਾਂ ਨੂੰ ਸਿੱਖਿਆ ਦੇਣ ਵਾਲਾ ਆਪਣਾ ਮਨੋਵਿਗਿਆਨਕ ਬਾਲ ਨਾਵਲ 'ਉੱਡਣ ਖਟੋਲਾ' ਵੀ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡਿਆ। ।
ਪਹਿਲੇ ਦਿਨ ਦੀ ਗੱਲ ਹੈ। ਗਿਆਰਵੀਂ ਜਮਾਤ ਵਿਚ ਪੰਜਾਬੀ ਦਾ ਪੀਰੀਅਡ ਚੱਲ ਰਿਹਾ ਸੀ। ਅਖੀਰਲੇ ਬੈਂਚ 'ਤੇ ਬੈਠਾ ਇਕ ਬੱਚਾ ਪੜ੍ਹਾਈ ਵੱਲ ਧਿਆਨ ਨਾ ਦੇ ਕੇ ਆਪਣੇ ਨਾਲ ਦੇ ਬੱਚੇ ਨਾਲ ਗੱਲਾਂ ਕਰੀ ਜਾ ਰਿਹਾ ਸੀ। । ਇਕ-ਦੋ ਵਾਰੀ ਉਸ ਨੂੰ ਇਸ਼ਾਰੇ ਨਾਲ ਟੋਕਿਆ ਵੀ ਸੀ ਪਰ ਉਹ ਅੜਬ ਜਿਹਾ ਬੱਚਾ ਗੱਲਾਂ ਕਰਨੋਂ ਨਹੀਂ ਸੀ ਹਟ ਰਿਹਾ। ਜਮਾਤ ਵਿਚ ਗੱਲਾਂ ਕਰਨੀਆਂ ਜਿਵੇਂ ਉਸ ਦਾ ਜਨਮ-ਸਿੱਧ ਅਧਿਕਾਰ ਹੋਵੇ। ਅਸਾਂ ਉਸ ਦੇ ਕੋਲ ਗਏ ਅਤੇ ਉਸ ਨੂੰ ਘੂਰਦਿਆਂ ਧਿਆਨ ਨਾਲ ਲੈਕਚਰ ਸੁਣਨ ਲਈ ਕਹਿ ਆਏ। ਉਸ ਵੇਲੇ ਤਾਂ ਉਹ ਚੁੱਪ ਕਰ ਗਿਆ ਪਰ ਅੱਧੀ ਛੁੱਟੀ ਵੇਲੇ ਜੋ ਕੁਝ ਹੋਇਆ, ਉਸ ਨੂੰ ਸੁਣ, ਸਮਝ ਕੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਪੀ ਸੀ।
ਨਵੇਂ ਪ੍ਰਿੰਸੀਪਲ ਸਾਹਿਬ ਨੇ ਦਫ਼ਤਰ 'ਚ ਬੁਲਾਇਆ ਸੀ। ਆਖਦੇ ਸਨ ਕਿ ਗਿਆਰਵੀਂ ਜਮਾਤ ਸਾਡੇ ਤੋਂ ਪਹਿਲੇ ਪ੍ਰਿੰਸੀਪਲ ਨੇ ਵਿਗਾੜੀ ਹੋਈ ਹੈ। ਉਹ ਵਿਦਿਆਰਥੀਆਂ ਨੂੰ ਅਧਿਆਪਕਾਂ ਵਿਰੁੱਧ ਉਕਸਾਉਂਦੇ ਰਹਿੰਦੇ ਸਨ। ਇਸੇ ਕਾਰਨ ਬੱਚੇ ਬੜੇ ਚਾਂਭਲੇ ਹੋਏ ਨੇ। ਲੱਗਦੀ ਵਾਹੇ ਇਨ੍ਹਾਂ ਨੂੰ ਝਿੜਕਿਓ, ਮਾਰਿਓ ਨਾ। ਹੁਣੇ-ਹੁਣੇ ਪਿੰਡ ਦੇ ਵੱਡੇ ਸਰਦਾਰਾਂ ਦਾ ਇਕ ਬੱਚਾ ਮੇਰੇ ਕੋਲ ਰੋਂਦਾ-ਕੁਰਲਾਉਂਦਾ ਸ਼ਿਕਾਇਤ ਲਾ ਕੇ ਗਿਆ ਹੈ ਕਿ ਪੰਜਾਬੀ ਵਾਲੇ ਨਵੇਂ ਸਰ ਨੇ ਨਾਜਾਇਜ਼ ਚਪੇੜਾਂ ਮਾਰੀਆਂ ਹਨ। ਉਨ੍ਹਾਂ ਨੂੰ ਛੇਤੀ ਤੋਂ ਛੇਤੀ ਸਾਡੇ ਸਕੂਲੋਂ ਤਬਦੀਲ ਕਰ ਦਿਓ। ਅਜਿਹੇ ਗੁੱਸੇਖੋਰੇ ਮਾਸਟਰਾਂ ਕੋਲੋਂ ਆਪਾਂ ਨਹੀਂ ਜੇ ਪੜ੍ਹਨਾ। ਜੇ ਅਸੀਂ ਗੁੱਸਾ ਵਿਖਾਇਆ ਤਾਂ ਸਾਰੇ ਅਧਿਆਪਕਾਂ ਨੂੰ ਪਛਤਾਉਣਾ ਪਵੇਗਾ।
ਸ਼ਿਕਾਇਤ ਲਾਉਣ ਵਾਲਾ ਬੱਚਾ ਉਹੀਓ ਸੀ ਜਿਸ ਨੇ ਸਭ ਤੋਂ ਪਹਿਲਾਂ ਸਾਡਾ 'ਉੱਡਣ-ਖਟੋਲਾ' ਨਾਵਲ ਪੜ੍ਹਿਆ ਸੀ। ਨਾਵਲ 'ਚੋਂ ਗੁਰੂਆਂ ਦੇ ਆਖੇ 'ਚ ਰਹਿਣ ਵਾਲੀ ਸਿੱਖਿਆ ਲੈਣ ਦੀ ਥਾਂ ਉਹ ਆਪਣੇ ਗੁਰੂ ਨੂੰ ਸਕੂਲੋਂ ਕਢਵਾਉਣ ਲਈ ਪ੍ਰਿੰਸੀਪਲ ਸਾਹਿਬ ਨੂੰ ਸ਼ਿਕਾਇਤ ਲਾਉਣ ਤੁਰ ਗਿਆ ਸੀ।
ਨੇਰ੍ਹ ਸਾਈਂ ਦਾ! ਸਰਦਾਰਾਂ ਦਾ ਉਹੀਓ ਬੱਚਾ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਤੋਂ ਬਾਹਰ ਮੁਰਝਾਇਆ ਹੋਇਆ ਮਿਲ ਗਿਆ। ਮੈਂ ਉਸ ਨੂੰ ਜੱਫੀ 'ਚ ਲੈਂਦਿਆਂ ਪੁੱਛਿਆ, 'ਬੇਟੇ! 'ਉਡਣ ਖਟੋਲੇ' ਵਿਚ ਤੇਰੇ ਵਰਗੇ ਸ਼ਰਾਰਤੀ ਬੱਚੇ ਨੂੰ ਗੁਰੂ ਜੀ ਬੇਗਾਨੇ ਗ੍ਰਹਿਆਂ ਦੇ ਜ਼ਾਲਮ ਤੇ ਸਾਜ਼ਿਸ਼ੀ ਲੋਕਾਂ ਤੋਂ ਬਚਾਉਂਦੇ ਹਨ ਅਤੇ ਤੂੰ ਉਹੀਓ ਨਾਵਲ ਪੜ੍ਹ ਕੇ ਆਪਣੇ ਗੁਰੂ ਜੀ ਨੂੰ ਹੀ ਸਕੂਲੋਂ ਕਢਵਾਉਣ ਲਈ ਅਜਿਹਾ ਕਦਮ ਚੁੱਕ ਲਿਆ ? ਕੀ ਨਾਵਲ ਵਿਚਲੇ ਗੁਰੂ ਜੀ ਨੇ ਆਪਣੇ ਚੇਲੇ ਨੂੰ ਮੌਤ ਦੇ ਮੂੰਹ 'ਚੋਂ ਬਚਾ ਕੇ ਗ਼ਲਤੀ ਕੀਤੀ ਸੀ?
ਪ੍ਰਸ਼ਨ ਸੁਣ ਕੇ ਉਹ ਮੁੰਡਾ ਰੋ ਪਿਆ। ਕੁਝ ਦੇਰ ਬਾਅਦ ਚੁੱਪ ਹੋਇਆ ਅਤੇ ਗੋਡੀਂ ਹੱਥ ਲਾਉਂਦਾ ਕਹਿਣ ਲੱਗਾ, 'ਸਰ! ਭੁੱਲ ਹੋ ਗਈ। ਇਸ ਵਾਰੀ ਮਾਫ਼ ਕਰ ਦਿਓ।'
ਛੋਟੀਆਂ ਜਮਾਤਾਂ ਦੇ ਵਿਦਿਆਰਥੀ ਸੁਣ ਲੈਂਦੇ ਹਨ, ਜਰ ਲੈਂਦੇ ਹਨ ਅਤੇ ਕਹਿਣਾ ਮੰਨ ਲੈਂਦੇ ਹਨ। ਵੱਡੀਆਂ ਜਮਾਤਾਂ ਦੇ ਵਿਦਿਆਰਥੀ ਜੇ ਸਮਝਾਏ ਨਾ ਜਾਣ ਤਾਂ ਉਹ ਹੱਥੋਂ ਖਿਸਕ-ਖਿਸਕ ਜਾਂਦੇ ਹਨ, ਬਹੁਤ ਸ਼ਰਾਰਤਾਂ ਕਰਦੇ ਹਨ। ਉਨ੍ਹਾਂ ਨਾਲ ਭਾਵੁਕ, ਪਰਿਵਾਰਕ ਤੇ ਮਾਨਸਿਕ ਸਾਂਝ ਬਣਾਉਣੀ ਸਮੇਂ ਦੀ ਲੋੜ ਹੁੰਦੀ ਏ। ਇਹ ਗੱਲਾਂ ਸਾਨੂੰ ਨਵੇਂ ਸਕੂਲ 'ਚ ਜਾ ਕੇ ਇਕ-ਦੋ ਦਿਨਾਂ 'ਚ ਹੀ ਸਮਝ ਆ ਗਈਆਂ ਸਨ।
ਪ੍ਰਾਰਥਨਾ ਵੇਲੇ ਭਾਸ਼ਣ ਦਿੰਦਿਆਂ ਵਿਦਿਆਰਥੀਆਂ ਨੂੰ ਦੱਸਿਆ ਸੀ, 'ਪਿਆਰੇ ਬੱਚਿਓ! ਸਕੂਲ ਸਾਡਾ ਬਾਗ਼ ਹੁੰਦਾ ਹੈ। ਤੁਸੀਂ ਸਾਰੇ ਬੱਚੇ ਇਸ ਬਾਗ ਦੇ ਰੰਗ-ਬਿਰੰਗੇ ਫੁੱਲ ਹੋ। ਸਾਡੇ ਪ੍ਰਿੰਸੀਪਲ ਸਾਹਿਬ ਇਸ ਬਾਗ ਦੇ ਵੱਡੇ ਮਾਲੀ ਹਨ। ਉਨ੍ਹਾਂ ਦੀ ਦੇਖ-ਰੇਖ ਵਿਚ ਅਸੀਂ ਸਾਰੇ ਅਧਿਆਪਕ, ਛੋਟੇ-ਛੋਟੇ ਮਾਲੀਆਂ ਵਾਂਗ ਤੁਹਾਨੂੰ ਸਿੱਖਿਆ ਅਤੇ ਗਿਆਨ ਰੂਪੀ ਪਾਣੀ ਦਿੰਦੇ ਹਾਂ ਤਾਂ ਜੋ ਤੁਸੀਂ ਵੰਨ-ਸੁਵੰਨੇ ਰੰਗਾਂ ਵਿਚ ਖਿੜੋ, ਮਹਿਕੋ, ਚੱਜ-ਆਚਾਰ ਦੀਆਂ ਖੁਸ਼ਬੋਈਆਂ ਵੰਡੋ ਅਤੇ ਆਪਣੇ ਪਿੰਡ, ਸ਼ਹਿਰ ਅਤੇ ਦੇਸ਼ ਦਾ ਨਾਂ ਰੋਸ਼ਨ ਕਰੋ।'
ਭਾਸ਼ਣ ਦੇ ਅਖ਼ੀਰ 'ਚ ਇਕ ਕਹਾਣੀ ਵੀ ਸੁਣਾਈ ਸੀ। ਗੁਰੂ ਤੇ ਚੇਲਿਆਂ ਦੀ ਕਹਾਣੀ ਸੀ। ਤਿੰਨ ਚੇਲੇ ਹੁੰਦੇ ਹਨ। ਉਨ੍ਹਾਂ ਨੇ ਆਪਣੇ ਗੁਰੂ ਜੀ ਦੇ ਆਸ਼ਰਮ ਵਿਚ ਰਹਿ ਕੇ ਮਿੱਥੀ ਹੋਈ ਸਿੱਖਿਆ ਪ੍ਰਾਪਤ ਕਰ ਲਈ ਹੁੰਦੀ ਹੈ। ਹੁਣ ਉਨ੍ਹਾਂ ਆਪਣੇ ਗੁਰੂ ਜੀ ਅਤੇ ਆਸ਼ਰਮ ਨੂੰ ਅਲਵਿਦਾ ਕਹਿ ਕੇ ਆਪਣੇ ਘਰੋ-ਘਰੀਂ ਜਾਣਾ ਹੁੰਦਾ ਹੈ। ਗੁਰੂ ਜੀ ਉਨ੍ਹਾਂ ਨੂੰ ਵਾਰੋ-ਵਾਰੀ ਤੜਕੇ-ਸਵੇਰੇ ਕੁਟੀਆ ਚ ਮਿਲਣ ਦਾ ਸਮਾਂ ਦੇ ਕੇ ਸੌਂ ਜਾਂਦੇ ਹਨ।।
ਲੰਮੇ ਅਰਸੇ ਬਾਅਦ ਘਰੀਂ ਜਾਣ ਦੇ ਚਾਅ 'ਚ ਤਿੰਨੇ ਚੇਲੇ ਪਲ-ਪਲ, ਛਿਣ-ਛਿਣ ਗਿਣਦੇ ਰਾਤ ਬਿਤਾਉਂਦੇ ਹਨ। ਪਹਿਲਾ ਚੇਲਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਦੁੜੰਗੇ ਮਾਰਦਾ ਗੁਰੂ ਜੀ ਦੀ ਕੁਟੀਆ 'ਚ ਜਾ ਪੁੱਜਦਾ ਹੈ। ਉਹ ਅੱਗੇ-ਪਿੱਛੇ ਕੁਝ ਨਹੀਂ ਵੇਖਦਾ। ਉਹ ਗੁਰੂ ਜੀ ਦੇ ਚਰਨਾਂ ਨੂੰ ਛੂਹ ਕੇ ਘਰ ਵਾਪਸੀ ਦੀ ਆਗਿਆ ਮੰਗਦਾ ਹੈ। ਗੁਰੂ ਜੀ ਉਸ ਨੂੰ ਜਾਣ ਦੀ ਆਗਿਆ ਦੇਣ ਦੀ ਥਾਂ ਆਪਣੇ ਕੋਲ ਬਿਠਾ ਕੇ ਦੂਜੇ ਚੇਲਿਆਂ ਨੂੰ ਉਡੀਕਣ ਲੱਗ ਪੈਂਦੇ ਹਨ। ।
ਦੂਰੋਂ, ਦੂਸਰਾ ਚੇਲਾ ਆਉਂਦਾ ਦਿਸਦਾ ਹੈ। ਉਹ ਕੁਟੀਆ 'ਚ ਜਾਂਦਿਆਂ ਹੇਠਾਂ ਪਏ ਕੁਝ ਕੰਡੇ ਵੇਖਦਾ ਹੈ ਤੇ ਬੜੇ ਧਿਆਨ ਨਾਲ ਉਨ੍ਹਾਂ ਤੋਂ ਬਚਦਾ-ਬਚਾਉਂਦਾ ਕੁਟੀਆ 'ਚ ਜਾ ਪੁੱਜਦਾ ਹੈ। ਗੁਰੂ ਜੀ ਉਸ ਨੂੰ ਵੀ ਆਪਣੇ ਕੋਲ ਬਿਠਾ ਕੇ ਤੀਜੇ ਚੇਲੇ ਦੀ ਉਡੀਕ ਕਰਨ ਲੱਗ ਪੈਂਦੇ ਹਨ। ਤੀਸਰੇ ਚੇਲੇ ਦੀ ਗੱਲ ਸੁਣਨ ਵਾਲੀ ਹੈ। ਗੁਰੂ ਜੀ ਦੀ ਕੁਟੀਆ ਵੱਲ ਜਾਂਦਿਆਂ ਉਸ ਦਾ ਧਿਆਨ ਇਕ ਕੰਡੇ 'ਤੇ ਪੈ ਜਾਂਦਾ ਹੈ। ਉਹ ਬੜੇ ਧਿਆਨ ਨਾਲ ਕੰਡਾ ਚੁੱਕਦਾ ਹੈ ਅਤੇ ਦੂਰ ਇਕ ਟੋਏ 'ਚ ਸੁੱਟ ਆਉਂਦਾ ਹੈ। ਅੱਗੇ ਉਸ ਨੂੰ ਇਕ ਨਹੀਂ, ਖਿੱਲਰੇ ਪਏ ਕਈ ਹੋਰ ਕੰਡੇ ਦਿਸਦੇ ਹਨ। ਉਹ ਵਾਰੋ-ਵਾਰੀ ਬੜੇ ਸਹਿਜ ਸੁਭਾਅ ਸਾਰੇ ਕੰਡੇ ਚੁਗਦਾ ਹੈ ਅਤੇ ਟੋਏ 'ਚ ਸੁੱਟ ਆਉਂਦਾ ਹੈ। ਗੁਰੂ ਜੀ ਅੰਦਰ ਕੁਟੀਆ 'ਚ ਬੈਠੇ ਸਾਰਾ ਕੁਝ ਬੜੇ ਗਹੁ ਨਾਲ ਵੇਖ ਰਹੇ ਹੁੰਦੇ ਹਨ।।
ਤੀਸਰੇ ਚੇਲੇ ਦੇ ਆਉਂਦੀਆਂ ਹੀ ਉਹ ਉਸ ਨੂੰ ਬੜੇ ਮੋਹ ਨਾਲ ਗਲਵੱਕੜੀ ਪਾਉਂਦੇ ਹਨ ਤੇ ਆਪਣੇ ਘਰ ਜਾਣ ਲਈ ਉਸ ਨੂੰ ਨਿੱਘੀ ਵਿਦਾਇਗੀ ਦਿੰਦੇ ਹਨ। ਪਹਿਲੇ ਦੋਵੇਂ ਚੇਲਿਆਂ ਨੂੰ ਫਿਰ ਤੋਂ ਸਿੱਖਿਆ ਲੈਣੀ ਪੈਂਦੀ ਹੈ। ਪ੍ਰਾਰਥਨਾ ਤੋਂ ਬਾਅਦ ਜਮਾਤਾਂ ਲੱਗ ਗਈਆਂ। ਅੱਧੀ ਛੁੱਟੀ ਹੋ ਗਈ। ਸ਼ਰਾਰਤੀ ਵਿਦਿਆਰਥੀਆਂ ਦੀ ਵੱਡੀ ਜਮਾਤ ਦੇ ਕੁਝ ਵਿਦਿਆਰਥੀ ਆਏ ਅਤੇ ਸਾਡੇ ਦੁਆਲੇ ਝੁਰਮਟ ਪਾ ਖਲੋਤੇ। 'ਸਰ! ਪਹਿਲੇ ਦੋ ਚੇਲਿਆਂ ਨੂੰ ਦੁਬਾਰਾ ਕਿਉਂ ਸਿੱਖਿਆ ਲੈਣੀ ਪਈ?' ਇਕ ਵਿਦਿਆਰਥੀ ਨੇ ਪੁੱਛਿਆ। 'ਸਰ ਜੀ! ਹੋ ਸਕਦਾ ਹੈ ਕਿ ਗੁਰੂ ਜੀ ਨੇ ਚੇਲਿਆਂ ਦੀ ਸਾਲਾਨਾ ਪ੍ਰੀਖਿਆ ਲੈਣ ਲਈ ਖ਼ੁਦ ਹੀ ਕੰਡੇ ਖਿਲਾਰੇ ਹੋਣ।' ਸਿਰਫ਼ ਤੀਜੇ ਚੇਲੇ ਨੇ ਹੀ ਕੰਡੇ ਸਾਫ਼ ਕਰ ਕੇ ਆਪਣੀ ਸਿਆਣਪ ਅਤੇ ਨੇਕ ਨੀਅਤ ਦਾ ਸਬੂਤ ਦਿੱਤਾ ਹੋਵੇਗਾ। ਇਸੇ ਲਈ ਗੁਰੂ ਜੀ ਨੇ ਉਸ ਦੁਆਰਾ ਪ੍ਰਾਪਤ ਕੀਤੀ ਸਿੱਖਿਆ ਨੂੰ ਸਫ਼ਲ ਸਮਝਿਆ ਹੋਵੇਗਾ ਅਤੇ ਉਸ ਨੂੰ ਘਰ ਜਾਣ ਦੀ ਆਗਿਆ ਦਿੱਤੀ ਹੋਵੇਗੀ।' ਇਕ ਹੋਰ ਵਿਦਿਆਰਥੀ ਨੇ ਕਹਾਣੀ ਦੀ ਵਿਆਖਿਆ ਕਰਦਿਆਂ ਕਿਹਾ। ਝੁਰਮਟ 'ਚ ਖੜ੍ਹੇ ਦੂਜੇ ਲੰਮੇ-ਉੱਚੇ ਅਤੇ ਸ਼ਰਾਰਤੀ ਵਿਦਿਆਰਥੀ ਨੇ ਕਿਹਾ, 'ਸਰ! ਲੱਗਦੇ ਤਾਂ ਤੁਸੀਂ ਜਮਾ ਲੱਲੂ ਜੀ ਪਰ ਗੱਲਾਂ ਬੜੀਆਂ ਕੰਮ ਦੀਆਂ ਦੱਸਦੇ ਜੀ। ਜੇ ਆਪ ਪਹਿਲਾਂ ਇੱਥੇ ਆਏ ਹੁੰਦੇ ਤਾਂ ਸਾਨੂੰ ਵੀ ਕੰਡੇ ਚੁਗਣ ਦੀ ਜਾਚ ਆ ਜਾਣੀ ਤੀ।'
-ਮੋਬਾਈਲ ਫੋਨ : 70098-57708
----------------------
from Punjabi News -punjabi.jagran.com http://bit.ly/2Rdfm4l
via IFTTT
No comments:
Post a Comment