.jpg)
-ਵਿਵੇਕ ਕਾਟਜੂ
ਇਸ ਵਿਚ ਭੋਰਾ ਵੀ ਸ਼ੱਕ ਨਹੀਂ ਕਿ ਭਾਰਤੀ ਵਿਦੇਸ਼ ਸੇਵਾ ਦੇ ਸਾਬਕਾ ਅਧਿਕਾਰੀ ਸੁਬਰਾਮਣੀਅਮ ਜੈਸ਼ੰਕਰ ਨੂੰ ਵਿਦੇਸ਼ ਮੰਤਰੀ ਬਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਸਿਆਸੀ ਬਰਾਦਰੀ ਦੇ ਨਾਲ-ਨਾਲ ਵਿਦੇਸ਼ ਨੀਤੀ ਅਤੇ ਸੁਰੱਖਿਆ ਵਰਗ ਨਾਲ ਜੁੜੇ ਲੋਕਾਂ ਨੂੰ ਵੀ ਹੈਰਾਨ ਕਰਨ ਦਾ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਜਨਵਰੀ 2015 ਵਿਚ ਵੀ ਉਨ੍ਹਾਂ ਇਕ ਹੈਰਾਨਕੁੰਨ ਕਦਮ ਚੁੱਕਦੇ ਹੋਏ ਤਤਕਾਲੀ ਵਿਦੇਸ਼ ਸਕੱਤਰ ਸੁਜਾਤਾ ਸਿੰਘ ਨੂੰ ਹਟਾ ਕੇ ਜੈਸ਼ੰਕਰ ਨੂੰ ਵਿਦੇਸ਼ ਸਕੱਤਰ ਬਣਾਇਆ ਸੀ। ਉਦੋਂ ਜੈਸ਼ੰਕਰ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਸਨ ਅਤੇ ਬਸ ਸੇਵਾਮੁਕਤ ਹੋਣ ਹੀ ਵਾਲੇ ਸਨ। ਸਪੱਸ਼ਟ ਹੈ ਕਿ ਭਾਰਤ ਦੇ ਕੂਟਨੀਤਕ ਰਿਸ਼ਤਿਆਂ ਨੂੰ ਸੰਭਾਲਣ ਵਿਚ ਮੋਦੀ ਨੂੰ ਜੈਸ਼ੰਕਰ ਦੀਆਂ ਸਮਰੱਥਾਵਾਂ 'ਤੇ ਪੂਰਾ ਭਰੋਸਾ ਹੈ। ਮੋਦੀ ਨੂੰ ਯਕੀਨ ਹੈ ਕਿ ਇਕ ਨੇਤਾ ਦੇ ਰੂਪ ਵਿਚ ਵੀ ਜੈਸ਼ੰਕਰ ਆਪਣੀ ਛਾਪ ਛੱਡਣ ਵਿਚ ਸਫ਼ਲ ਹੋਣਗੇ। ਇੱਥੇ ਇਹ ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਵਜੋਂ ਉਹ ਚੋਟੀ ਦੇ ਸਿਆਸੀ ਅਹੁਦਿਆਂ 'ਚੋਂ ਇਕ 'ਤੇ ਕਾਬਜ਼ ਹੋਏ ਹਨ। ਉਹ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਅਰਥਾਤ ਸੀਸੀਐੱਸ ਦੇ ਵੀ ਮੈਂਬਰ ਹੋਣਗੇ। ਇਸ ਕਮੇਟੀ ਵਿਚ ਸਰਕਾਰ ਦੇ ਸਭ ਤੋਂ ਕੱਦਾਵਰ ਨੇਤਾ ਸ਼ਾਮਲ ਹਨ। ਖ਼ੁਦ ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਤੇ ਭਾਜਪਾ ਮੁਖੀ ਅਮਿਤ ਸ਼ਾਹ ਇਸ ਦਾ ਹਿੱਸਾ ਹਨ। ਇਨ੍ਹਾਂ ਦੇ ਇਲਾਵਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਇਸ ਵਿਚ ਸ਼ਾਮਲ ਹਨ।
ਸਿਆਸੀ ਤੌਰ 'ਤੇ ਜੈਸ਼ੰਕਰ ਦਾ ਕਰੀਅਰ ਬੇਹੱਦ ਸ਼ਾਨਦਾਰ ਰਿਹਾ। ਉਨ੍ਹਾਂ ਕਈ ਅਹਿਮ ਜ਼ਿੰਮੇਵਾਰੀਆਂ ਸਫਲਤਾਪੂਰਵਕ ਸੰਭਾਲੀਆਂ। ਉਹ ਇਕ ਕੁਸ਼ਲ ਵਾਰਤਾਕਾਰ ਵਜੋਂ ਸਥਾਪਤ ਹੋਏ। ਉਨ੍ਹਾਂ ਨੇ ਭਾਰਤੀ ਵਿਦੇਸ਼ ਨੀਤੀ ਦੇ ਸਿਧਾਂਤਾਂ ਅਤੇ ਵੱਖ-ਵੱਖ ਖੇਤਰੀ ਅਤੇ ਵਿਸ਼ਵ ਪੱਧਰੀ ਮੁੱਦਿਆਂ 'ਤੇ ਚੁੱਕੇ ਗਏ ਕਦਮਾਂ ਦੀ ਹਮੇਸ਼ਾ ਢੁੱਕਵੀਂ ਵਿਆਖਿਆ ਕੀਤੀ। ਅਮਰੀਕਾ ਤੇ ਚੀਨ ਵਰਗੇ ਦੋ ਦੇਸ਼ਾਂ ਨਾਲ ਬੇਹੱਦ ਮਹੱਤਵਪੂਰਨ ਦੁਪਾਸੜ ਰਿਸ਼ਤਿਆਂ ਦੇ ਮੋਰਚੇ 'ਤੇ ਉਨ੍ਹਾਂ ਨੂੰ ਕਾਫੀ ਤਜਰਬਾ ਹੈ। ਵਾਸ਼ਿੰਗਟਨ ਸਥਿਤ ਦੂਤਘਰ ਦੀ ਕਮਾਨ ਸੰਭਾਲਣ ਤੋਂ ਲੈ ਕੇ ਜੈਸ਼ੰਕਰ ਨੇ ਅਮਰੀਕਾ ਨਾਲ ਭਾਰਤ ਦੇ ਰਿਸ਼ਤਿਆਂ ਨੂੰ ਵੱਖ-ਵੱਖ ਪਹਿਲੂਆਂ ਦੇ ਲਿਹਾਜ਼ ਨਾਲ ਸਾਧਣ ਦਾ ਕੰਮ ਕੀਤਾ ਹੈ। ਇਸ ਨਾਲ ਉਨ੍ਹਾਂ ਨੂੰ ਇਹ ਸਮਝਣ ਦਾ ਮੌਕਾ ਮਿਲਿਆ ਕਿ ਅਮਰੀਕੀ ਤੰਤਰ ਕਿਸ ਤਰ੍ਹਾਂ ਕੰਮ ਕਰਦਾ ਹੈ। ਭਾਰਤ-ਅਮਰੀਕਾ ਪਰਮਾਣੂ ਕਰਾਰ ਨੂੰ ਅੰਤਿਮ ਰੂਪ ਦੇਣ ਵਿਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। ਇਸ ਨਾਲ ਭਾਰਤ-ਅਮਰੀਕਾ ਸਬੰਧ ਨਵੀਂ ਉੱਚਾਈ 'ਤੇ ਪੁੱਜੇ। ਹੁਣ ਵਿਦੇਸ਼ ਮੰਤਰੀ ਦੇ ਰੂਪ ਵਿਚ ਉਨ੍ਹਾਂ ਨੂੰ ਆਪਣਾ ਪੂਰਾ ਹੁਨਰ ਤੇ ਤਜਰਬਾ ਇਸਤੇਮਾਲ ਕਰਨਾ ਹੋਵੇਗਾ ਤਾਂ ਜੋ ਰਾਸ਼ਟਰਪਤੀ ਟਰੰਪ ਦੀਆਂ ਵਪਾਰ ਤੇ ਇਮੀਗ੍ਰੇਸ਼ਨ ਨੀਤੀਆਂ ਭਾਰਤ ਨੂੰ ਘੱਟੋ-ਘੱਟ ਨੁਕਸਾਨ ਪਹੁੰਚਾਉਣ। ਟਰੰਪ ਅੜੇ ਹਨ ਕਿ ਭਾਰਤ ਆਪਣੇ ਮਹੱਤਵਪੂਰਨ ਰੱਖਿਆ ਉਪਕਰਨਾਂ ਦੀ ਖ਼ਰੀਦ ਲਈ ਪੁਰਾਣੇ ਸਾਂਝੀਦਾਰ ਰੂਸ ਤੋਂ ਪਿੱਛਾ ਛੁਡਾਵੇ। ਜੈਸ਼ੰਕਰ ਨੂੰ ਇਸ ਮੁਸ਼ਕਲ ਦਾ ਹੱਲ ਕੱਢਣਾ ਹੋਵੇਗਾ।
ਜੈਸ਼ੰਕਰ ਲਗਪਗ ਸਾਢੇ ਚਾਰ ਸਾਲ ਚੀਨ ਵਿਚ ਵੀ ਭਾਰਤ ਦੇ ਰਾਜਦੂਤ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਚੀਨ ਨੂੰ ਲੈ ਕੇ ਆਪਣੀ ਸਮਝ ਵਧਾਈ। ਭਾਰਤ-ਚੀਨ ਸਬੰਧਾਂ ਦੀ ਗੁੱਥੀ ਬਹੁਤ ਜਟਿਲ ਹੈ ਅਤੇ ਇਸ ਨੂੰ ਸੁਲਝਾਉਣਾ ਭਾਰਤ ਲਈ ਮੁੱਖ ਚੁਣੌਤੀ ਬਣੀ ਹੋਈ ਹੈ। ਜਿੱਥੇ ਇਕ ਤੋਂ ਬਾਅਦ ਇਕ ਭਾਰਤੀ ਸਰਕਾਰਾਂ ਚੀਨ ਨਾਲ ਸਹਿਯੋਗ ਦਾ ਦਾਇਰਾ ਵਧਾਉਣ ਲਈ ਉਤਸੁਕ ਰਹੀਆਂ, ਓਥੇ ਹੀ ਚੀਨ ਖ਼ੁਦ ਅਤੇ ਆਪਣੇ ਪਿੱਠੂ ਪਾਕਿਸਤਾਨ ਜ਼ਰੀਏ ਭਾਰਤੀ ਹਿੱਤਾਂ 'ਤੇ ਲਗਾਤਾਰ ਵਾਰ ਕਰਦਾ ਰਿਹਾ ਹੈ। ਚੀਨ ਦਾ ਇਰਾਦਾ ਹੁਣ ਵਿਸ਼ਵ ਪੱਧਰ 'ਤੇ ਵੱਡੀ ਭੂਮਿਕਾ ਨਿਭਾਉਣ ਦਾ ਹੈ। ਇਸ ਤਹਿਤ ਉਹ ਪਹਿਲਾਂ ਏਸ਼ੀਆ ਵਿਚ ਆਪਣਾ ਦਬਦਬਾ ਬਣਾਉਣਾ ਚਾਹੁੰਦਾ ਹੈ। ਉਹ ਭਾਰਤ ਦੇ ਗੁਆਂਢ ਵਿਚ ਆਪਣੀ ਚੜ੍ਹਤ ਕਾਇਮ ਕਰਨ ਵਿਚ ਲੱਗਾ ਹੋਇਆ ਹੈ। ਦੱਖਣੀ ਏਸ਼ੀਆ ਵਿਚ ਆਪਣੀ ਪੈਠ ਵਧਾਉਣ ਵਿਚ ਰੁੱਝੇ ਚੀਨ ਦਾ ਰਸਤਾ ਭਾਰਤ ਨੂੰ ਰੋਕਣਾ ਹੋਵੇਗਾ। ਮੋਦੀ ਚੀਨ ਦੀ ਚੁਣੌਤੀ ਤੋਂ ਭਲੀਭਾਂਤ ਜਾਣੂ ਹਨ। ਉਹ ਡੋਕਲਾਮ ਵਿਚ ਇਸ ਚੁਣੌਤੀ ਦਾ ਸਾਹਮਣਾ ਕਰ ਚੁੱਕੇ ਹਨ। ਉਦੋਂ ਵਿਦੇਸ਼ ਸਕੱਤਰ ਦੇ ਰੂਪ ਵਿਚ ਜੈਸ਼ੰਕਰ ਨੇ ਮੋਦੀ ਨੂੰ ਸਹੀ ਰਾਹ ਦਿਖਾਈ ਸੀ। ਇਸ ਲਿਹਾਜ਼ ਨਾਲ ਇਹ ਇਕਦਮ ਸਹੀ ਰਿਹਾ ਕਿ ਬਤੌਰ ਵਿਦੇਸ਼ ਮੰਤਰੀ ਜੈਸ਼ੰਕਰ ਨੇ ਆਪਣਾ ਪਹਿਲਾ ਵਿਦੇਸ਼ੀ ਦੌਰਾ ਭੂਟਾਨ ਦਾ ਕੀਤਾ। ਇਸ ਨਾਲ ਭੂਟਾਨ ਨੂੰ ਯਕੀਨ ਹੋਇਆ ਹੋਵੇਗਾ ਕਿ ਭਾਵੇਂ ਹੀ ਚੀਨ ਦਾ ਦਬਾਅ ਵਧੇ ਪਰ ਭਾਰਤ ਹਮੇਸ਼ਾ ਉਸ ਨਾਲ ਮਜ਼ਬੂਤੀ ਨਾਲ ਖੜ੍ਹਾ ਰਹੇਗਾ।
ਵਿਦੇਸ਼ ਸੇਵਾ ਅਧਿਕਾਰੀ ਦੇ ਰੂਪ ਵਿਚ ਜੈਸ਼ੰਕਰ ਕੋਲ ਬਹੁਤ ਜ਼ਿਆਦਾ ਤਜਰਬਾ ਰਿਹਾ ਹੈ। ਉਨ੍ਹਾਂ ਸ੍ਰੀਲੰਕਾ, ਸਿੰਗਾਪੁਰ ਅਤੇ ਯੂਰਪੀ ਦੇਸ਼ਾਂ ਵਿਚ ਵੀ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਸੋਵੀਅਤ ਦੌਰ ਵਿਚ ਮਾਸਕੋ ਵਿਚ ਸੇਵਾਵਾਂ ਦੇਣ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਦੇ ਇਲਾਵਾ ਉਨ੍ਹਾਂ ਨੂੰ ਸੁਰੱਖਿਆ ਮਾਮਲਿਆਂ ਦੀ ਸਮਝ ਆਪਣੇ ਪਿਤਾ ਕੇ. ਸੁਬਰਾਮਣੀਅਮ ਤੋਂ ਹੀ ਵਿਰਾਸਤ ਵਿਚ ਮਿਲੀ ਜੋ ਭਾਰਤੀ ਪ੍ਰਸ਼ਾਸਕੀ ਸੇਵਾ ਦੇ ਅਧਿਕਾਰੀ ਸਨ ਪਰ ਉਹ ਰੱਖਿਆ ਮਾਮਲਿਆਂ ਵਿਚ ਭਾਰਤ ਦੇ ਸ਼ੁਰੂਆਤੀ ਅਤੇ ਬਿਹਤਰੀਨ ਮਾਹਿਰਾਂ ਵਿਚੋਂ ਇਕ ਵਜੋਂ ਸਥਾਪਤ ਹੋ ਗਏ ਸਨ। ਇਹ ਪੂਰਾ ਤਜਰਬਾ ਵਿਦੇਸ਼ ਸਕੱਤਰ ਦੇ ਰੂਪ ਵਿਚ ਜੈਸ਼ੰਕਰ ਦੇ ਬਹੁਤ ਕੰਮ ਆਇਆ। ਉਹ ਤਿੰਨ ਸਾਲਾਂ ਤੋਂ ਵੱਧ ਸਮੇਂ ਤਕ ਵਿਦੇਸ਼ ਸਕੱਤਰ ਰਹੇ।
ਮੋਦੀ ਨੇ ਜੈਸ਼ੰਕਰ ਵਿਚ ਬਹੁਤ ਭਰੋਸਾ ਜ਼ਾਹਰ ਕੀਤਾ ਹੈ। ਉਹ ਇਕ ਤਰ੍ਹਾਂ ਨਾਲ ਮੋਦੀ ਦੇ ਵਿਦੇਸ਼ ਨੀਤੀ ਸਲਾਹਕਾਰ ਬਣ ਗਏ ਸਨ। ਵਿਦੇਸ਼ ਮੰਤਰਾਲੇ ਦੀ ਰਵਾਇਤ ਤੋਂ ਉਲਟ ਮੋਦੀ ਨੇ ਜੈਸ਼ੰਕਰ ਨੂੰ ਹਮੇਸ਼ਾ ਆਪਣੇ ਨਾਲ ਰਹਿਣ ਲਈ ਕਿਹਾ। ਉਦੋਂ ਵੀ ਜਦ ਕੋਈ ਮਾਮਲਾ ਹੋਰ ਸਕੱਤਰਾਂ ਦੇ ਕੰਮਕਾਜ ਨਾਲ ਜੁੜਿਆ ਰਿਹਾ। ਇਸ ਲਿਹਾਜ਼ ਨਾਲ ਆਪਣੇ ਪਿਛਲੇ ਹਮ-ਰੁਤਬਾ ਅਫ਼ਸਰਾਂ ਦੀ ਤੁਲਨਾ ਵਿਚ ਜੈਸ਼ੰਕਰ ਦਾ ਕੱਦ ਕੁਝ ਵੱਡਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੰਤਰੀ ਵਜੋਂ ਜੈਸ਼ੰਕਰ ਵਿਦੇਸ਼ ਨੀਤੀ ਅਤੇ ਕੂਟਨੀਤਕ ਮਾਮਲਿਆਂ 'ਤੇ ਮੋਦੀ ਦੇ ਮੁੱਖ ਸਲਾਹਕਾਰ ਬਣੇ ਰਹਿਣਗੇ। ਕੂਟਨੀਤੀ 'ਚ ਉਨ੍ਹਾਂ ਦਾ ਵਿਆਪਕ ਤਜਰਬਾ ਨਵੀਂ ਭੂਮਿਕਾ ਵਿਚ ਬਹੁਤ ਮਦਦਗਾਰ ਸਿੱਧ ਹੋਵੇਗਾ, ਖ਼ਾਸ ਤੌਰ 'ਤੇ ਉਦੋਂ ਜਦ ਬਾਹਰੀ ਮੁਹਾਂਦਰਾ ਬਹੁਤ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਅਮਰੀਕਾ ਤੇ ਚੀਨ ਵਿਚਾਲੇ ਵਧ ਰਹੇ ਆਪਾ-ਵਿਰੋਧ ਨੂੰ ਦੇਖਦੇ ਹੋਏ ਭਾਰਤ ਨੂੰ ਇਸ ਕਾਰਨ ਪੈਣ ਵਾਲੇ ਅਸਰ ਦਾ ਹੱਲ ਕੱਢਣਾ ਹੋਵੇਗਾ। ਨਾਲ ਹੀ, ਆਪਣੇ ਵਣਜ, ਆਰਥਿਕ, ਕੂਟਨੀਤਕ ਅਤੇ ਫ਼ੌਜੀ ਹਿੱਤਾਂ ਨੂੰ ਦੇਖਦੇ ਹੋਏ ਭਾਰਤ ਨੂੰ ਹਿੰਦ-ਪ੍ਰਸ਼ਾਂਤ ਖੇਤਰ, ਅਫਰੀਕਾ, ਦੱਖਣੀ ਅਮਰੀਕਾ ਅਤੇ ਯੂਰਪ ਨਾਲ ਆਪਣੇ ਰਿਸ਼ਤਿਆਂ ਨੂੰ ਨਿਰੰਤਰ ਧਾਰ ਦੇਣੀ ਹੋਵੇਗੀ। ਭਾਰਤ ਨੂੰ ਆਪਣੇ ਗੁਆਂਢ 'ਤੇ ਨਜ਼ਰ ਰੱਖਣ ਦੇ ਨਾਲ ਹੀ ਪੱਛਮੀ ਏਸ਼ੀਆ ਵਿਚ ਆਪਣੇ ਹਿੱਤਾਂ ਨੂੰ ਵੀ ਸੁਰੱਖਿਅਤ ਰੱਖਣਾ ਹੋਵੇਗਾ ਜਿੱਥੇ ਕਾਫੀ ਉਥਲ-ਪੁਥਲ ਮਚੀ ਹੋਈ ਹੈ। ਈਰਾਨ ਵਿਰੁੱਧ ਅਮਰੀਕਾ ਦੀਆਂ ਸਖ਼ਤ ਨੀਤੀਆਂ ਦਾ ਭਾਰਤ 'ਤੇ ਪ੍ਰਭਾਵ ਪਿਆ ਹੈ। ਜੈਸ਼ੰਕਰ ਸਾਹਮਣੇ ਇਕ ਵੱਡੀ ਚੁਣੌਤੀ ਪਾਕਿਸਤਾਨ ਦੇ ਮੋਰਚੇ 'ਤੇ ਵੀ ਹੋਵੇਗੀ ਜੋ ਗੱਲਬਾਤ ਲਈ ਤਾਂ ਬੇਚੈਨ ਦਿਖਾਈ ਦੇ ਰਿਹਾ ਹੈ ਪਰ ਭਾਰਤ ਵਿਰੁੱਧ ਇਸਤੇਮਾਲ ਹੋਣ ਵਾਲੇ ਅੱਤਵਾਦੀ ਢਾਂਚੇ ਨੂੰ ਨੱਥ ਪਾਉਣ ਦਾ ਕੋਈ ਸੰਕੇਤ ਨਹੀਂ ਦੇ ਰਿਹਾ। ਉਮੀਦ ਇਹੋ ਹੈ ਕਿ ਭਾਰਤ ਇਸ ਰੁਖ਼ 'ਤੇ ਕਾਇਮ ਰਹੇਗਾ ਕਿ ਅੱਤਵਾਦ ਨਾਲ ਵਾਰਤਾ ਸੰਭਵ ਨਹੀਂ ਹੋ ਸਕਦੀ। ਵਿਦੇਸ਼ ਮੰਤਰੀ ਦੇ ਰੂਪ ਵਿਚ ਜੈਸ਼ੰਕਰ ਨੇ ਸੁਸ਼ਮਾ ਸਵਰਾਜ ਦੀ ਜਗ੍ਹਾ ਲਈ ਹੈ ਜੋ ਭਾਰਤ ਦੇ ਸਭ ਤੋਂ ਤਜਰਬੇਕਾਰ ਅਤੇ ਮਸ਼ਹੂਰ ਨੇਤਾਵਾਂ ਵਿਚੋਂ ਇਕ ਹਨ। ਸੁਸ਼ਮਾ ਸਵਰਾਜ ਨੇ ਮੰਤਰਾਲੇ ਨੂੰ ਨਵੀਂ ਊਰਜਾ ਦਿੱਤੀ। ਉਨ੍ਹਾਂ ਯਕੀਨੀ ਬਣਾਇਆ ਕਿ ਵਿਦੇਸ਼ ਵਿਚ ਕਿਸੇ ਵੀ ਭਾਰਤੀ ਦੀ ਪਰੇਸ਼ਾਨੀ ਤਰਜੀਹੀ ਆਧਾਰ 'ਤੇ ਹੱਲ ਕੀਤੀ ਜਾਵੇ। ਉਨ੍ਹਾਂ ਭਾਰਤੀ ਵਿਦੇਸ਼ ਨੀਤੀ ਵਿਚ ਨਿਰੰਤਰ ਸੰਤੁਲਨ ਬਣਾਈ ਰੱਖਿਆ। ਵਿਦੇਸ਼ ਨੀਤੀ 'ਤੇ ਭਾਰਤ ਦੀ ਸਥਿਤੀ ਨੂੰ ਸੰਸਦ ਵਿਚ ਰੱਖਣ ਦੇ ਮਾਮਲਿਆਂ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਜ਼ਾਹਰ ਹੈ ਕਿ ਜੈਸ਼ੰਕਰ ਨੂੰ ਜਲਦ ਹੀ ਸਿਆਸੀ ਚੋਲਾ ਵੀ ਪਹਿਨਣਾ ਹੋਵੇਗਾ ਜੋ ਇਕ ਮੰਤਰੀ ਲਈ ਜ਼ਰੂਰੀ ਹੈ। ਮੋਦੀ ਨੇ ਜੈਸ਼ੰਕਰ ਦੀਆਂ ਸਮਰੱਥਾਵਾਂ ਵਿਚ ਜੋ ਭਰੋਸਾ ਦਿਖਾਇਆ ਹੈ, ਉਹੀ ਵਿਦੇਸ਼ ਮੰਤਰੀ ਦੇ ਰੂਪ ਵਿਚ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਉਨ੍ਹਾਂ ਦੇ ਪ੍ਰਦਰਸ਼ਨ ਨੂੰ ਪੈਮਾਨਾ ਮੰਨਿਆ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਯਕੀਨਨ ਉਹ ਆਪਣੀ ਛਾਪ ਛੱਡਣ ਵਿਚ ਸਫਲ ਹੋਣਗੇ ਅਤੇ ਭਾਰਤੀ ਵਿਦੇਸ਼ ਨੀਤੀ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਦੇਸ਼ ਨੂੰ ਵਿਦੇਸ਼ ਨੀਤੀ ਦੇ ਮੁਹਾਜ਼ 'ਤੇ ਫ਼ਤਹਿ ਦਿਵਾਉਣਗੇ।
-(ਲੇਖਕ ਵਿਦੇਸ਼ ਮੰਤਰਾਲੇ ਵਿਚ ਸਕੱਤਰ ਰਹੇ ਹਨ)।
from Punjabi News -punjabi.jagran.com http://bit.ly/2Rby1xC
via IFTTT
No comments:
Post a Comment