Responsive Ads Here

Wednesday, July 31, 2019

ਭਾਰਤੀ ਭਾਸ਼ਾਵਾਂ ਅੱਗੇ ਚੁਣੌਤੀ

-ਸ਼ੰਕਰ ਸ਼ਰਨ

ਇਕ ਵੱਡੇ ਸਿੱਖਿਆ ਨਿਰਦੇਸ਼ਕ ਨੇ ਕਿਹਾ ਹੈ ਕਿ ਇੱਥੋਂ ਦੀ ਸਿੱਖਿਆ ਵਿਚ ਭਾਸ਼ਾ ਨੀਤੀ ਦੀ ਸਮੱਸਿਆ ਬੁਹਤ ਗੰਭੀਰ ਹੋ ਚੁੱਕੀ ਹੈ। ਕਿੰਨੀ ਵੀ ਬਹਿਸ ਹੋਵੇ, ਕੋਈ ਹੱਲ ਨਹੀਂ ਨਿਕਲਦਾ। ਅਜਿਹੇ ਵਿਚ ਜੋ ਫਾਰਮੂਲਾ ਚੱਲ ਰਿਹਾ ਹੈ, ਉਹੀ ਚੱਲਦਾ ਰਹਿਣਾ ਠੀਕ ਹੈ। ਉਹ ਸੱਚਮੁੱਚ ਅਜਿਹਾ ਸੱਚ ਬਿਆਨ ਰਹੇ ਸਨ ਜਿਸ ਦਾ ਖ਼ਦਸ਼ਾ ਲਗਪਗ ਦੋ ਸੌ ਸਾਲ ਪਹਿਲਾਂ ਹੀ ਪ੍ਰਗਟਾਇਆ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਸੱਚ ਨੂੰ ਉਨ੍ਹਾਂ ਅੰਗਰੇਜ਼ਾਂ ਨੇ ਦੇਖਿਆ ਸੀ ਜੋ ਲਾਰਡ ਮੈਕਾਲੇ ਦੇ ਵਿਰੋਧੀ ਸਨ। ਲਾਰਡ ਮੈਕਾਲੇ ਦਾ ਵਿਸ਼ਵਾਸ ਸੀ ਕਿ ਭਾਰਤੀ ਭਾਸ਼ਾਵਾਂ ਵਿਚ ਕੋਈ ਗਿਆਨ ਹੀ ਨਹੀਂ ਹੈ। ਇਸ ਲਈ ਭਾਰਤੀਆਂ ਦੀ ਭਲਾਈ ਲਈ ਉਨ੍ਹਾਂ ਨੂੰ ਅੰਗਰੇਜ਼ੀ ਅਤੇ ਯੂਰਪੀ ਸਿੱਖਿਆ ਦੇਣੀ ਚਾਹੀਦੀ ਹੈ ਪਰ ਵਿਰੋਧੀ ਅੰਗਰੇਜ਼ਾਂ ਨੂੰ ਖ਼ਦਸ਼ਾ ਸੀ ਕਿ 'ਪੂਰੀ ਜਨਤਾ ਨੂੰ ਸ਼ਬਦਾਂ ਅਤੇ ਵਿਚਾਰਾਂ ਲਈ ਕਿਸੇ ਦੂਰ, ਅਨਜਾਣ ਦੇਸ਼ 'ਤੇ ਪੂਰੀ ਤਰ੍ਹਾਂ ਨਿਰਭਰ ਬਣਾ ਕੇ ਅਸੀਂ ਉਨ੍ਹਾਂ ਦਾ ਚਰਿੱਤਰ ਹਨਨ ਕਰ ਦੇਵਾਂਗੇ, ਉਨ੍ਹਾਂ ਦੀ ਊਰਜਾ ਦੀ ਧਾਰ ਖੁੰਢੀ ਕਰ ਦੇਵਾਂਗੇ ਅਤੇ ਇੱਥੋਂ ਤਕ ਕਿ ਉਨ੍ਹਾਂ ਨੂੰ ਕਿਸੇ ਵੀ ਬੌਧਿਕ ਪ੍ਰਾਪਤੀ ਦੀ ਉਮੀਦ ਰੱਖਣ ਤੋਂ ਅਸਮਰੱਥ ਬਣਾ ਦੇਵਾਂਗੇ। ਅੱਜ ਉਹੀ ਖ਼ਦਸ਼ਾ ਸਹੀ ਸਿੱਧ ਹੋ ਰਿਹਾ ਹੈ। ਸਾਰਾ ਵਿਚਾਰ-ਵਟਾਂਦਰਾ ਸਿਆਸੀ ਤੇ ਤਕਨੀਕੀ ਨੁਕਤੇ-ਨਜ਼ਰ ਨਾਲ ਹੋ ਰਿਹਾ ਹੈ ਜਿਵੇਂ ਕਿ ਭਾਸ਼ਾ ਕੋਈ ਨਿਰਜੀਵ ਯੰਤਰ ਹੋਵੇ। ਇਸ ਦਾ ਬੱਚੇ ਦੇ ਸਵੈ-ਭਰੋਸੇ, ਚਰਿੱਤਰ ਜਾਂ ਬੌਧਿਕ ਵਿਕਾਸ ਨਾਲ ਹਰਗਿਜ਼ ਕੋਈ ਸਬੰਧ ਨਾ ਹੋਵੇ। ਕੁਝ ਲੋਕ ਪਹਿਲੀ ਜਮਾਤ ਤੋਂ ਹੀ ਅੰਗਰੇਜ਼ੀ ਪੜ੍ਹਾਉਣੀ ਚਾਹੁੰਦੇ ਹਨ, ਕੁਝ ਹਿੰਦੀ ਪ੍ਰਤੀ ਸਨੇਹ ਰੱਖਦੇ ਹਨ ਅਤੇ ਕੁਝ ਬਚਪਨ ਤੋਂ ਹੀ ਕਈ ਭਾਸ਼ਾਵਾਂ ਪੜ੍ਹਾਉਣ ਦੀ ਗੱਲ ਕਰਦੇ ਹਨ। ਅਜਿਹੇ ਲੋਕ ਸਿੱਖਿਆ ਵਿਚ ਭਾਸ਼ਾ ਦਾ ਸਥਾਨ ਹੀ ਨਹੀਂ ਸਮਝਦੇ। ਭਾਸ਼ਾ ਸਿੱਖਿਆ ਦੀ ਨੀਂਹ ਹੈ। ਨੀਂਹ ਮਜ਼ਬੂਤ ਹੋਏ ਬਿਨਾਂ ਇਮਾਰਤ ਡਾਵਾਂਡੋਲ ਰਹੇਗੀ। ਸਾਡੇ ਵੱਡੇ-ਵੱਡੇ ਲੋਕ ਵੀ ਇਹ ਮਸ਼ਹੂਰ ਗੱਲ ਭੁੱਲ ਗਏ ਹਨ ਕਿ ਬੱਚੇ ਦੀ ਸਿੱਖਿਆ ਆਪਣੀ ਭਾਸ਼ਾ ਵਿਚ ਸਭ ਤੋਂ ਵਧੀਆ ਹੁੰਦੀ ਹੈ। ਭਾਸ਼ਾ ਸਿਰਫ਼ ਪਾਠ-ਪੁਸਤਕ, ਅਖ਼ਬਾਰ ਪੜ੍ਹਨ ਜਾਂ ਗੱਪਸ਼ੱਪ ਨਾਲ ਨਹੀਂ ਆਉਂਦੀ। ਅਸਲੀ ਭਾਸ਼ਾ ਸਾਹਿਤ ਦੀ ਭਾਸ਼ਾ ਹੀ ਹੁੰਦੀ ਹੈ। ਉਸ ਬਿਨਾਂ ਚੰਗੀ ਭਾਸ਼ਾ ਦੀ ਚਾਹਤ ਛੱਡ ਦਿਓ। ਆਪਣੀ ਭਾਸ਼ਾ 'ਤੇ ਭਰੋਸੇ ਅਤੇ ਲਗਾਅ ਤੋਂ ਬਿਨਾਂ ਕੋਈ ਭਾਸ਼ਾ-ਨੀਤੀ ਸਫਲ ਹੋਣ ਵਾਲੀ ਨਹੀਂ। ਬਰਤਾਨੀਆ, ਅਮਰੀਕਾ ਤੋਂ ਵੀ ਸਿੱਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੀ ਭਾਸ਼ਾ ਵਿਚ ਆਪਣੇ ਹੀ ਨਹੀਂ, ਸੰਪੂਰਨ ਵਿਸ਼ਵ ਦੇ ਮਹਾਨ ਸਾਹਿਤ ਅਤੇ ਵਿੱਦਿਅਕ ਸੋਮਿਆਂ ਨੂੰ ਮੁਹੱਈਆ ਕਰਵਾਇਆ। ਜਦ ਤਕ ਭਾਰਤੀ ਭਾਸ਼ਾਵਾਂ ਨੂੰ ਪ੍ਰਾਇਮਰੀ ਸਿੱਖਿਆ ਦਾ ਮਾਧਿਅਮ ਹੀ ਨਹੀਂ, ਸਗੋਂ ਆਪਣੀ ਭਾਸ਼ਾ 'ਤੇ ਕਬਜ਼ਾ ਕਰ ਲੈਣਾ ਸਿੱਖਿਆ ਦਾ ਪਹਿਲਾ ਮਕਸਦ ਨਹੀਂ ਬਣਾਇਆ ਜਾਵੇਗਾ, ਉਦੋਂ ਤਕ ਵਿੱਦਿਅਕ ਅਤੇ ਸੱਭਿਆਚਾਰਕ ਗਿਰਾਵਟ ਨੂੰ ਰੋਕਣਾ ਔਖਾ ਹੈ।

(ਲੇਖਕ ਸਿਆਸੀ ਵਿਸ਼ਲੇਸ਼ਕ ਤੇ ਕਾਲਮਨਵੀਸ ਹੈ)।



from Punjabi News -punjabi.jagran.com https://ift.tt/2MzrjRT
via IFTTT

No comments:

Post a Comment