ਜੇ ਤੁਸੀਂ ਦੂਜਿਆਂ ਦੀਆਂ ਅੱਖਾਂ ਦੀ ਰੋਸ਼ਨੀ ਸੰਵਾਰ ਕੇ ਆਪਣਾ ਕਰੀਅਰ ਰੋਸ਼ਨ ਕਰਨਾ ਚਾਹੁੰਦੇ ਹੋ ਤਾਂ ਓਪਟੋਮੀਟਰੀ ਦਾ ਖੇਤਰ ਬਹੁਤ ਲਾਹੇਵੰਦ ਰਹੇਗਾ, ਕਿਉਂਕਿ ਸੁੰਨੀਆਂ ਅੱਖਾਂ ਨੂੰ ਜਗਮਗ ਰੌਸ਼ਨੀ ਨਾਲ ਭਰ ਕੇ ਨਾ ਕੇਵਲ ਮਾਨਸਿਕ ਸੰਤੁਸ਼ਟੀ ਮਿਲਦੀ ਹੈ, ਬਲਕਿ ਤੁਸੀਂ ਆਰਥਿਕ ਤੌਰ 'ਤੇ ਵੀ ਆਤਮ-ਨਿਰਭਰ ਬਣਦੇ ਹੋ। ਉੱਭਰਦੇ ਹੋਏ ਕਰੀਅਰ ਦੇ ਇਸ ਖੇਤਰ 'ਚ ਬੇਸ਼ੁਮਾਰ ਸੰਭਾਵਨਾਵਾਂ ਹਨ।
ਓਪਟੋਮੀਟਰੀ ਇਕ ਵਿਗਿਆਨ ਹੈ, ਜੋ ਮਨੁੱਖੀ ਅੱਖ ਦੀ ਕਾਰਜਪ੍ਰਣਾਲੀ ਨਾਲ ਸਬੰਧਤ ਹੈ। ਇਹ ਹੈੱਲਥ ਕੇਅਰ ਕਿੱਤਾ, ਅੱਖਾਂ ਦੇ ਸਹੀ ਪ੍ਰੀਖਣ, ਸਹੀ ਤਰ੍ਹਾਂ ਦੀ ਤਸਖੀਸ਼ ਅਤੇ ਅੱਖਾਂ ਦੇ ਸਹੀ ਤਰ੍ਹਾਂ ਦੇ ਇਲਾਜ ਨਾਲ ਸਬੰਧਤ ਹੈ। ਇਹ ਵਿਗਿਆਨ ਆਪਟੀਕਲ ਸਿਸਟਮ, ਲੈਨਜ਼ਾਂ ਦੇ ਇਸਤੇਮਾਲ ਅਤੇ ਹੋਰ ਤਰ੍ਹਾਂ ਦੀ ਆਪਟੀਕਲ ਮਦਦ, ਰਿਫਰੈਕਟਿਵ ਐਰਰਜ਼ ਤੇ ਇਸ ਦੇ ਸੁਧਾਰ ਲਈ ਕੰਮ ਕਰਦਾ ਹੈ। ਇਕ ਓਪਟੋਮੀਟ੍ਰਿਸਟ, ਓਪਟੋਮੀਟਰੀ ਦਾ ਡਾਕਟਰ (ਓਡੀ) ਹੁੰਦਾ ਹੈ, ਮੈਡੀਕਲ ਡਾਕਟਰ ਨਹੀਂ ਹੁੰਦਾ। ਉਹ ਅੱਖਾਂ ਦੀਆਂ ਅਸਧਾਰਨਤਾਵਾਂ ਨੂੰ ਦੂਰ ਕਰਨ ਲਈ ਵੱਖ-ਵੱਖ ਵਿਜ਼ਨ ਥੈਰੇਪੀਆਂ ਦਾ ਪ੍ਰਯੋਗ ਕਰਦਾ ਹੈ ਤੇ ਅੱਖਾਂ ਲਈ ਦਵਾਈਆਂ ਲਿਖ ਸਕਦਾ ਹੈ। ਓਪਟੋਮੀਟ੍ਰਿਸਟ ਦੇ ਕਾਰਜਾਂ 'ਚ ਨੇਤਰ ਰੋਗਾਂ ਦੇ ਓਕੁਲਰ ਅਤੇ ਵਿਜੂਅਲ ਲੱਛਣਾਂ ਨੂੰ ਪਛਾਣਨਾ, ਅੱਖਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਅਨੇਕਾਂ ਸਮੱਸਿਆਵਾਂ ਨੂੰ ਸਮਝਣਾ ਤੇ ਰੋਗੀਆਂ ਨੂੰ ਇਲਾਜ ਲਈ ਯਥਾ ਉਚਿਤ ਮਾਹਿਰਾਂ ਕੋਲ ਭੇਜਣਾ ਸ਼ਾਮਿਲ ਹੁੰਦਾ ਹੈ। ਇਸ ਤਰ੍ਹਾਂ ਇਕ ਓਪਟੋਮੀਟ੍ਰਿਸਟ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਦੀ ਪਛਾਣ ਕਰ ਕੇ ਉਸ ਦਾ ਇਲਾਜ ਕਰਦਾ ਹੈ। ਓਪਟੋਮੀਟ੍ਰਿਸਟ ਨਿਰਧਾਰਤ ਵਿਸ਼ੇਸ਼ਤਾਵਾਂ ਅਨੁਸਾਰ ਲੈਨਜ਼ ਫੈਬਰੀਕੇਅਰ ਕਰ ਕੇ ਉਨ੍ਹਾਂ ਨੂੰ ਵਿਅਕਤੀਗਤ ਜ਼ਰੂਰਤਾਂ ਦੇ ਅਨੁਰੂਪ ਫਿੱਟ ਕਰਦਾ ਹੈ। ਉਹ ਹਾਈਟੈੱਕ ਮਸ਼ੀਨਾਂ ਦੀ ਵਰਤੋਂ ਕਰ ਕੇ ਲੈਨਜ਼ਾਂ ਨੂੰ ਹਾਰਡ ਜਾਂ ਸਾਫਟ ਬਣਾ ਕੇ ਉਨ੍ਹਾਂ 'ਤੇ ਪਾਲਿਸ਼ ਵੀ ਕਰਦਾ ਹੈ। ਸਾਡੇ ਦੇਸ਼ ਵਿਚ ਓਪਟੋਮੀਟ੍ਰਿਸਟ ਨੂੰ ਸਰਜਰੀ ਕਰਨ ਦੀ ਇਜਾਜ਼ਤ ਨਹੀਂ ਹੁੰਦੀ, ਭਾਵ ਉਹ ਅੱਖਾਂ ਦੀ ਸਰਜਰੀ ਨੂੰ ਛੱਡ ਕੇ ਅੱਖਾਂ ਦੇ ਇਲਾਜ ਨਾਲ ਸਬੰਧਤ ਬਾਕੀ ਸਾਰੇ ਕੰਮ ਕਰ ਸਕਦਾ ਹੈ।
ਮੌਕੇ
ਸਰਵੇਖਣਾਂ ਅਨੁਸਾਰ ਦੁਨੀਆ 'ਚ ਹਰ ਤੀਸਰਾ ਨੇਤਰਹੀਣ ਵਿਅਕਤੀ ਭਾਰਤੀ ਹੈ ਅਤੇ ਲੱਖਾਂ ਦੂਜੇ ਲੋਕ ਦ੍ਰਿਸ਼ਟੀ ਦੋਸ਼ਾਂ ਨਾਲ ਪੀੜਤ ਹਨ। ਅਜਿਹੇ 'ਚ ਭਾਰਤ ਵਿਚ ਆਉਣ ਵਾਲੇ ਵਰ੍ਹਿਆਂ ਦੌਰਾਨ ਯੋਗ ਓਪਟੋਮੀਟ੍ਰਿਸਟਾਂ ਦੀ ਮੰਗ 'ਚ ਜ਼ਬਰਦਸਤ ਇਜ਼ਾਫ਼ਾ ਹੋਣ ਵਾਲਾ ਹੈ। ਇਕ ਤਾਜ਼ਾ ਰਿਪੋਰਟ ਅਨੁਸਾਰ ਭਾਰਤ 'ਚ ਦੋ ਲੱਖ ਲੋਕਾਂ ਲਈ ਮਹਿਜ਼ ਇਕ ਓਪਟੋਮੀਟ੍ਰਿਸਟ ਹੈ, ਜਦਕਿ ਅਮਰੀਕਾ ਅਤੇ ਯੂਰਪੀ ਦੇਸ਼ਾਂ 'ਚ 10,000 ਵਿਅਕਤੀਆਂ ਪਿੱਛੇ ਇਕ ਓਪਟੋਮੀਟ੍ਰਿਸਟ ਹੈ। ਵਰਤਮਾਨ ਸਮੇਂ ਭਾਰਤ ਵਿਚ ਕੇਵਲ 5,000 ਓਪਟੋਮੀਟ੍ਰਿਸਟ ਹਨ ਪਰ ਇਕ ਅਨੁਮਾਨ ਮੁਤਾਬਿਕ ਭਾਰਤ ਵਿਚ ਦੋ ਲੱਖ ਕੁਆਲੀਫਾਈਡ ਓਪਟੋਮੀਟ੍ਰਿਸਟਾਂ ਦੀ ਜ਼ਰੂਰਤ ਹੈ। ਅੱਜ-ਕੱਲ ਮੋਬਾਈਲ, ਲੈਪਟਾਪ, ਟੀਵੀ ਆਦਿ ਲੰਬਾ ਸਮਾਂ ਵਰਤਣ ਨਾਲ ਬੱਚਿਆਂ ਦੀਆਂ ਹੀ ਨਹੀਂ, ਨੌਜਵਾਨ ਵਰਗ ਦੀਆਂ ਅੱਖਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ ਤੇ ਬਜ਼ੁਰਗਾਂ 'ਚ 'ਮੈਕੂਲਰ ਡਿਜਨਰੇਸ਼ਨ ਤੇ ਡਾਇਬਟਿਕ ਰੈਟੀਨੋਪੈਥੀ' ਆਮ ਰੋਗ ਹੋ ਗਿਆ ਹੈ। ਇਨ੍ਹਾਂ ਦੇ ਇਲਾਜ ਲਈ ਓਪਟੋਮੀਟ੍ਰਿਸਟ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਦਿਨਾਂ ਵਿਚ ਭਾਰਤ 'ਚ ਸਿੱਖਿਅਤ ਓਪਟੋਮੀਟ੍ਰਿਸਟਾਂ ਦੀ ਮੰਗ ਲਗਾਤਾਰ ਵਧ ਰਹੀ ਹੈ ਤੇ ਇਸ ਵਾਧੇ ਦਾ ਕਾਰਨ ਇਹ ਵੀ ਹੈ ਕਿ ਐਨਕਾਂ, ਗਾਗਲਜ਼ ਤੇ ਕਾਂਟੈਕਟ ਲੈਨਜ਼ਾਂ ਦੀ ਮੰਗ ਵੀ ਤੇਜ਼ੀ ਨਾਲ ਵਧ ਰਹੀ ਹੈ।
ਓਪਟੋਮੀਟ੍ਰਿਸਟ ਦੀ ਭੂਮਿਕਾ
ਓਪਟੋਮੀਟ੍ਰਿਸਟ ਦਾ ਕੰਮ ਅੱਖਾਂ ਦੀ ਦੇਖਭਾਲ ਅਤੇ ਕਾਂਟੈਕਟ ਲੈਨਜ਼ਾਂ ਬਾਰੇ ਮਰੀਜ਼ਾਂ ਨੂੰ ਸਲਾਹ ਦੇਣਾ ਹੈ। ਅੱਖਾਂ ਦੀਆਂ ਮਾਸਪੇਸ਼ੀਆਂ ਜਾਂ ਭੈਂਗੇਪਨ ਨੂੰ ਠੀਕ ਕਰਨ ਲਈ ਐਕਸਰਸਾਈਜ਼ ਤੇ ਐਨਕਾਂ ਦਾ ਨੰਬਰ ਦੱਸ ਸਕਦਾ ਹੈ। ਇਸ 'ਚ ਕੋਈ ਸੰਦੇਹ ਨਹੀਂ ਹੈ ਕਿ ਇਹ ਇਕ ਵੱਡੀ ਚੁਣੌਤੀ ਹੈ, ਇਸ ਲਈ ਇਕ ਓਪਟੋਮੀਟ੍ਰਿਸਟ ਨੂੰ ਖ਼ੁਦ ਨੂੰ ਲਗਾਤਾਰ ਅੱਪਡੇਟ ਰੱਖਣਾ ਹੁੰਦਾ ਹੈ। ਉਸ ਨੂੰ ਲਗਾਤਾਰ ਅੱਖਾਂ ਦਾ ਪ੍ਰੀਖਣ, ਪਬਲਿਕ ਹੈੱਲਥ ਓਪਟੋਮੀਟਰੀ ਤੋਂ ਇਲਾਵਾ ਕੌਂਸਲਿੰਗ ਸਰਵਿਸ ਵੀ ਦੇਣੀ ਹੁੰਦੀ ਹੈ ਅਤੇ ਅਲਪ ਦ੍ਰਿਸ਼ਟੀ ਦੋਸ਼ ਨੂੰ ਦੂਰ ਕਰਨ 'ਚ ਮਦਦ ਵੀ ਕਰਨੀ ਹੁੰਦੀ ਹੈ। ਇਹ ਯੋਜਨਾਬੱਧ ਢੰਗ ਨਾਲ ਮਰੀਜ਼ਾਂ ਦੀ ਬਿਮਾਰੀ ਨੂੰ ਡਾਇਗਨੋਸ ਕਰਦੇ ਹਨ ਤੇ ਉਨ੍ਹਾਂ ਨੂੰ ਉਚਿਤ ਮਾਹਿਰਾਂ ਕੋਲ ਭੇਜਣ ਦੀ ਸਿਫਾਰਸ਼ ਕਰਦੇ ਹਨ। ਇਸ ਤਰ੍ਹਾਂ ਉਹ ਪ੍ਰਾਥਮਿਕ ਆਈ ਕੇਅਰ ਪ੍ਰੋਵਾਈਡਰ ਵਜੋਂ ਭੂਮਿਕਾ ਨਿਭਾਉਂਦੇ ਹਨ। ਇਕ ਓਪਟੋਮੀਟ੍ਰਿਸਟ ਹਸਪਤਾਲਾਂ ਜਾਂ ਕਲੀਨਿਕਾਂ ਵਿਚ ਆਫਥੈਲਮਾਲੌਜਿਸਟ ਦੇ ਸਹਾਇਕ ਦੇ ਤੌਰ 'ਤੇ ਨੌਕਰੀ ਕਰ ਸਕਦਾ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਆਪਟੀਕਲਜ਼ ਵਿਚ ਕੰਮ ਕਰਨ ਤੋਂ ਇਲਾਵਾ ਆਪਣਾ ਕਲੀਨਿਕ ਵੀ ਖੋਲ੍ਹਿਆ ਜਾ ਸਕਦਾ ਹੈ। ਅੱਖਾਂ ਦੀ ਐਨਾਟਮੀ ਤੇ ਫਿਜ਼ਿਓਲੋਜੀ ਦਾ ਅਧਿਐਨ ਅਤੇ ਲੈਨਜ਼ਾਂ ਅਤੇ ਰਿਫਰੈਕਟਿਵ ਇੰਡੈਕਸ ਦੇ ਅਧਿਐਨ ਕਾਰਮ, ਆਫਥੈਲਮਿਕ ਓਪਟਿਕਸ, ਭੌਤਿਕ ਵਿਗਿਆਨ ਤੇ ਜੀਵ ਵਿਗਿਆਨ ਦਾ ਰਲਿਆ ਮਿਲਿਆ ਰੂਪ ਹੈ।
ਯੋਗਤਾ ਤੇ ਕੋਰਸਾਂ ਦੀ ਰੂਪ-ਰੇਖਾ
ਓਪਟੋਮੀਟ੍ਰਿਸਟ ਵਜੋਂ ਕਰੀਅਰ ਬਣਾਉਣ ਲਈ 4 ਸਾਲਾ ਬੈਚਲਰ ਆਫ ਕਲੀਨੀਕਲ ਓਪਟੋਮੀਟਰੀ ਦਾ ਕੋਰਸ ਕਰਨਾ ਜ਼ਰੂਰੀ ਹੈ। ਇਸ ਲਈ ਵਿਦਿਆਰਥੀ ਦੀ ਉਮਰ ਘੱਟੋ-ਘੱਟ 17 ਸਾਲ ਅਤੇ ਭੌਤਿਕੀ, ਰਸਾਇਣ, ਗਣਿਤ ਅਤੇ ਜੀਵ ਵਿਗਿਆਨ ਤੇ ਅੰਗਰੇਜ਼ੀ 'ਚ ਨਿਊਨਤਮ 50 ਫ਼ੀਸਦੀ ਅੰਕਾਂ ਨਾਲ 12ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਖੇਤਰ ਵਿਚ ਦਾਖ਼ਲੇ ਲਈ ਕੇਂਦਰੀ ਸੰਯੁਕਤ ਦਾਖ਼ਲਾ ਪ੍ਰੀਖਿਆ 'ਆਈਸੈਟ' ਦੇਣੀ ਪੈਂਦੀ ਹੈ, ਜੋ ਦੇਸ਼ ਭਰ 'ਚ ਮਾਨਤਾ ਪ੍ਰਾਪਤ ਹੈ। ਇਸ ਕੋਰਸ ਦੇ ਪਹਿਲੇ 3 ਸਾਲਾਂ 'ਚ ਸਿਧਾਂਤਕ ਸਿੱਖਿਆ ਤੋਂ ਬਾਅਦ ਕਲੀਨੀਕਲ ਅਤੇ ਟ੍ਰੇਂਡ ਅਨੁਭਵ ਲਈ ਇਕ ਸਾਲ ਦੀ ਇੰਟਰਨਸ਼ਿਪ ਕਰਵਾਈ ਜਾਂਦੀ ਹੈ। ਇਸ ਤਹਿਤ ਫਿਜੀਕਲ ਓਪਟਿਕਸ, ਓਪਟੀਕਲ ਡੀਵਾਇਸਜ਼ ਦਾ ਗਿਆਨ, ਜਨਰਲ ਐਨਾਟਮੀ, ਫਿਜ਼ਿਓਲੋਜੀ, ਅੱਖਾਂ ਦੀਆਂ ਪੈਥਾਲਾਜੀਕਲ ਦਿਸ਼ਾਵਾਂ ਅਤੇ ਦ੍ਰਿਸ਼ਟੀ ਦੋਸ਼ਾਂ ਨੂੰ ਮਾਪਣ ਅਤੇ ਸੁਧਾਰਨ ਦੀ ਵਿਧੀ ਦੱਸੀ ਜਾਂਦੀ ਹੈ। ਵਿਦਿਆਰਥੀਆਂ ਨੂੰ ਬੇਸਿਕ ਸਾਇੰਸਜ਼, ਡਿਸਪੈਂਸਿੰਗ ਓਪਟਿਕਸ ਅਤੇ ਕਲੀਨੀਕਲ ਵਿਸ਼ਿਆਂ ਦੀ ਪ੍ਰੈਕਟੀਕਲ ਟ੍ਰੇਨਿੰਗ ਦੇ ਨਾਲ-ਨਾਲ ਵਿਭਿੰਨ ਹਸਪਤਾਲਾਂ, ਸਪੈਸ਼ਲਿਟੀ ਆਈ ਕਲੀਨਿਕ ਅਤੇ ਓਪਟੀਕਲ ਡਿਸ਼ਟੈਬਲਿਸ਼ਮੈਂਟ 'ਚ ਇੰਟਰਨਸ਼ਿਪ ਵੀ ਕਰਵਾਈ ਜਾਂਦੀ ਹੈ। ਓਪਟੋਮੀਟਰੀ 'ਚ ਦੋ ਸਾਲਾ ਡਿਪਲੋਮਾ ਕੋਰਸ ਵੀ ਉਪਲੱਬਧ ਹੈ, ਜਿਸ 'ਚ ਦਾਖ਼ਲਾ ਲੈਣ ਲਈ 12ਵੀਂ ਵਿਗਿਆਨ ਵਿਸ਼ਿਆਂ 'ਚ ਪਾਸ ਕਰਨਾ ਜ਼ਰੂਰੀ ਹੈ। ਇਸ ਡਿਪਲੋਮੇ ਤੋਂ ਬਾਅਦ ਤੁਸੀਂ ਹਸਪਤਾਲ ਤੇ ਕਲੀਨਿਕ 'ਚ ਬਤੌਰ ਓਪਟੋਮੀਟ੍ਰਿਸਟ ਨੌਕਰੀ ਕਰ ਸਕਦੇ ਹੋ।
ਤਨਖ਼ਾਹ
ਪ੍ਰੋਫੈਸ਼ਨਲ ਓਪਟੋਮੀਟ੍ਰਿਸਟ ਨੂੰ ਸ਼ੁਰੂ 'ਚ 15 ਤੋਂ 20 ਹਜ਼ਾਰ ਰੁਪਏ ਮਾਸਿਕ ਵੇਤਨ ਮਿਲਦਾ ਹੈ। ਵਧੀਆ ਸੰਸਥਾ ਵਿਚੋਂ ਕੀਤੇ ਗਏ ਕੋਰਸ ਤੇ ਤਜਰਬੇ ਨਾਲ ਵੇਤਨ ਹੋਰ ਵਧ ਸਕਦਾ ਹੈ। ਜਿਵੇਂ-ਜਿਵੇਂ ਲੋਕਾਂ ਵਿਚ ਨੇਤਰ ਸੁਰੱਖਿਆ ਪ੍ਰਤੀ ਜਾਗਰੂਕਤਾ ਵਧੇਗੀ ਤੇ ਸਿਹਤ ਮੰਤਰਾਲੇ ਵੱਲੋਂ ਇਸ ਖੇਤਰ 'ਚ ਰੈਗੂਲੇਟਰੀ ਬਾਡੀ ਸਥਾਪਿਤ ਕਰ ਦਿੱਤੀ ਜਾਵੇਗੀ ਤੇ ਓਪਟੋਮੀਟ੍ਰਿਸਟ ਦੇ ਵੇਤਨ ਦਾ ਗ੍ਰਾਫ਼ ਵੀ ਉੱਪਰ Àੁੱਠਦਾ ਜਾਵੇਗਾ।
ਮੁੱਖ ਸੰਸਥਾਵਾਂ
- ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਨਵੀਂ ਦਿੱਲੀ।
- ਦਿ ਲੋਟਸ ਕਾਲਜ ਆਫ ਓਪਟੋਮੀਟਰੀ, ਜੁਹੂ, ਮੁੰਬਈ।
- ਚੰਡੀਗੜ੍ਹ ਯੂਨੀਵਰਸਿਟੀ, ਚੰਡੀਗੜ੍ਹ।
- ਮਨਿੰਦਰ ਕੌਰ
from Punjabi News -punjabi.jagran.com https://ift.tt/2LQROCx
via IFTTT
No comments:
Post a Comment