ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਸੀ ਕਿ ਫਿਲਪੀਨ ਵੀ ਕੋਈ ਦੇਸ਼ ਹੈ। ਪਰ ਹੌਲੀ-ਹੌਲੀ ਪੰਜਾਬ ਦੀ ਨੌਜਵਾਨ ਪੀੜ੍ਹੀ 'ਚ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਦੀ ਤਰ੍ਹਾਂ ਫਿਲਪੀਨ 'ਚ ਜਾਣ ਦੀ ਦੌੜ ਜਿਹੀ ਲੱਗ ਗਈ। ਆਪਣਾ ਕਾਰੋਬਾਰ ਕਰਨ ਨੂੰ ਤਰਜੀਹ ਦੇਣ ਵਾਲੇ ਪੰਜਾਬੀ ਨੌਜਵਾਨਾਂ ਉੱਥੋਂ ਦੇ ਲੋਕਾਂ ਨੂੰ ਰੋਜ਼ਮੱਰ੍ਹਾ ਦਾ ਜ਼ਰੂਰੀ ਸਾਮਾਨ ਟੀਵੀ, ਫਰਿੱਜ, ਅਲਮਾਰੀਆਂ ਆਨਲਾਈਨ ਜਾਂ ਘਰਾਂ, ਦੁਕਾਨਾਂ ਤਕ ਪਹੁੰਚ ਕਰ ਕੇ ਕਿਸ਼ਤਾਂ 'ਤੇ ਫਾਈਨਾਂਸ ਕਰਨ ਦੀ ਸਹੂਲਤ ਮੁਹੱਈਆ ਕਰਵਾਉਂਦੇ ਹਨ। ਪਰ ਹੁਣ ਫਿਲਪੀਨ ਪੰਜਾਬੀਆਂ ਲਈ ਬਹੁਤਾ ਸੁਰੱਖਿਅਤ ਨਹੀਂ ਰਿਹਾ। ਇਸ ਦਾ ਕਾਰਨ ਦੋ-ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਉੱਥੇ ਪੱਕੇ ਤੌਰ 'ਤੇ ਰਹਿ ਰਹੇ ਪੰਜਾਬੀਆਂ ਨਾਲ ਨਿੱਤ ਵਾਪਰ ਰਹੀਆਂ ਫਿਰੌਤੀਆਂ ਦੀਆਂ ਹਨ। ਪਹਿਲਾਂ ਤਾਂ ਉੱਥੋਂ ਦੇ ਲੁਟੇਰੇ ਤੇ ਵਿਹਲੜ ਕਿਸਮ ਦੇ ਅਪਰਾਧੀ ਲੋਕ ਪੰਜਾਬੀਆਂ ਕੋਲੋਂ ਹਫ਼ਤੇ ਜਾਂ ਪੰਦਰਾਂ ਦਿਨਾਂ ਬਾਅਦ ਕਿਸ਼ਤਾਂ 'ਤੇ ਦਿੱਤੇ ਜਾਂਦੇ ਸਾਮਾਨ ਦੀ ਇਕੱਠੀ ਕੀਤੀ ਨਕਦੀ ਰਸਤੇ 'ਚ ਰੋਕ ਕੇ ਖੋਹਣ ਮਗਰੋਂ ਜਿਊਂਦਾ ਛੱਡ ਜਾਂਦੇ ਸਨ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਉੱਥੋਂ ਦੇ ਲੁਟੇਰਿਆਂ ਦੀਆਂ ਕਾਰਵਾਈਆਂ ਨੇ ਹਿੰਸਕ ਰੂਪ ਧਾਰਨ ਕਰ ਲਿਆ ਹੈ। ਬਦਮਾਸ਼ ਕਿਸਮ ਦੇ ਲੁਟੇਰੇ ਪੰਜਾਬੀਆਂ ਨੂੰ ਪਿੱਛੋਂ ਗੋਲ਼ੀ ਮਾਰ ਕੇ ਬਾਈਕ ਤੋਂ ਹੇਠਾਂ ਸੁੱਟ ਕੇ ਨਕਦੀ ਖੋਹ ਕੇ ਆਸਾਨੀ ਨਾਲ ਫਰਾਰ ਹੋ ਜਾਂਦੇ ਹਨ। ਮਹੀਨੇ ਵਿਚ 10 ਤੋਂ ਵੱਧ ਪੰਜਾਬੀ ਨੌਜਵਾਨ ਲੁਟੇਰਿਆਂ ਦੀ ਦਰਿੰਦਗੀ ਦਾ ਸ਼ਿਕਾਰ ਹੋ ਰਹੇ ਹਨ। ਨਿੱਤ ਦਿਨ ਫਿਲਪੀਨ ਦੀ ਰਾਜਧਾਨੀ ਮਨੀਲਾ ਤੋਂ ਪੰਜਾਬੀਆਂ ਦੇ ਕਤਲਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਇਹ ਕਤਲ ਉਨ੍ਹਾਂ ਦੇ ਪਿੱਛੇ ਪੰਜਾਬ ਰਹਿੰਦੇ ਬਜ਼ੁਰਗ ਮਾਪਿਆਂ, ਪਤਨੀ ਤੇ ਬੱਚਿਆਂ ਲਈ ਦੁੱਖਾਂ ਦੀ ਪੰਡ ਲੈ ਆਉਂਦੇ ਹਨ। ਸ਼ਾਤਰ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਆਸਾਨੀ ਨਾਲ ਭੱਜ ਜਾਂਦੇ ਹਨ। ਡਰ ਤੇ ਸਹਿਮ ਕਾਰਨ ਕੋਈ ਪੁਲਿਸ ਨੂੰ ਰਿਪੋਰਟ ਕਰਨ ਦੀ ਹਿੰਮਤ ਨਹੀਂ ਕਰਦਾ। ਜੇ ਕੋਈ ਹੌਸਲਾ ਕਰ ਕੇ ਅਜਿਹਾ ਕਰਦਾ ਹੈ ਤਾਂ ਸਬੂਤਾਂ ਦੀ ਘਾਟ ਦਾ ਬਹਾਨਾ ਬਣਾ ਕੇ ਉੱਥੋਂ ਦੀ ਪੁਲਿਸ ਸੁਣਵਾਈ ਨਹੀਂ ਕਰਦੀ ਜਿਸ ਕਾਰਨ ਬਦਮਾਸ਼ਾਂ-ਲੁਟੇਰਿਆਂ ਦੇ ਹੌਸਲੇ ਬੁਲੰਦ ਹਨ। ਥੱਕ ਹਾਰ ਕੇ ਉੱਥੋਂ ਦੇ ਪੰਜਾਬੀਆਂ ਨੂੰ ਭਾਣਾ ਮੰਨਣ ਲਈ ਮਜਬੂਰ ਹੋਣਾ ਪੈਂਦਾ ਹੈ। ਇਕ ਦਹਾਕਾ ਪਹਿਲਾਂ ਰਾਜਧਾਨੀ ਮਨੀਲਾ ਵਸਦੇ ਸਿਰਕੱਢ ਪੰਜਾਬੀਆਂ ਨੇ ਉਸ ਸਮੇਂ ਫਿਲਪੀਨ ਦੀ ਵਿਦੇਸ਼ ਮੰਤਰੀ ਕੋਲ ਉਕਤ ਗੰਭੀਰ ਮੁੱਦਾ ਉਠਾਇਆ ਸੀ ਪਰ ਗੱਲ ਅੱਗੇ ਨਾ ਵਧ ਸਕੀ। ਜ਼ਰੂਰਤ ਹੈ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਫਿਲਪੀਨ ਦੇ ਵਿਦੇਸ਼ ਮੰਤਰੀ ਨਾਲ ਵਿਚਾਰ-ਵਟਾਂਦਰਾ ਕਰਨ ਦੀ ਕਾਂ ਜੋ ਉੱਥੇ ਨਿਹੱਥੇ ਪੰਜਾਬੀ ਨੌਜਵਾਨਾਂ ਦੇ ਕਤਲਾਂ ਦੀਆਂ ਵਾਰਦਾਤਾਂ ਨੂੰ ਰੋਕਣ 'ਚ ਮਦਦ ਮਿਲ ਸਕੇ।
-ਬਲਰਾਜ ਸਿੰਘ, ਵੇਰਕਾ। ਮੋਬਾਈਲ ਨੰ. : 98884-97576
from Punjabi News -punjabi.jagran.com https://ift.tt/331HU6F
via IFTTT
No comments:
Post a Comment