ਆਪਣੇ ਪੱਧਰ 'ਤੇ ਦਿੱਤੀ ਅਧਿਕਾਰੀਆਂ ਨੂੰ ਪ੍ਰਮੋਸ਼ਨ, ਸਾਰੀਆਂ ਨਿਯੁਕਤੀਆਂ ਨੂੰ ਰੋਕਿਆ
ਸੈਂਟਰਲ ਯੂਨੀਵਰਸਿਟੀ ਦੇ ਪ੍ਰੋਫੈਸਰ ਐੱਸ ਐੱਸ ਮਰਵਾਹਾ ਬਣੇ ਨਵੇਂ ਚੇਅਰਮੈਨ
ਜਾਗਰਣ ਬਿਊਰੋ, ਚੰਡੀਗੜ੍ਹ :
ਸੀਨੀਅਰ ਆਈਏਐੱਸ ਅਧਿਕਾਰੀ ਕਾਹਨ ਸਿੰਘ ਪੰਨੂੰ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਆਪਣੇ ਪੱਧਰ 'ਤੇ ਵਾਤਾਵਰਣ ਇੰਜੀਨੀਅਰਾਂ ਨੂੰ ਪ੍ਰਮੋਸ਼ਨ ਦੇਣ ਅਤੇ ਉਨ੍ਹਾਂ ਦੀਆਂ ਨਿਯੁਕਤੀਆਂ ਕਰਨਾ ਮਹਿੰਗਾ ਪੈ ਗਿਆ ਹੈ ਜਦਕਿ 'ਪਾਵਰ ਰੂਲਜ਼ ਆਫ਼ ਬਿਜ਼ਨਸ' 'ਚ ਇਹ ਅਧਿਕਾਰ ਵਿਭਾਗ ਦੇ ਮੰਤਰੀ ਕੋਲ ਹੈ। ਸਰਕਾਰ ਨੇ ਉਨ੍ਹਾਂ ਨੂੰ ਨਾ ਸਿਰਫ਼ ਅਹੁਦੇ ਤੋਂ ਹਟਾ ਦਿੱਤਾ ਹੈ ਬਲਕਿ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਨਿਯੁਕਤੀਆਂ 'ਤੇ ਵੀ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਪਿੱਛੋਂ ਉਨ੍ਹਾਂ ਦੀ ਥਾਂ ਸੈਂਟਰਲ ਯੂਨੀਵਰਸਿਟੀ ਦੇ ਪ੍ਰੋਫੈਸਰ ਐੱਸ ਐੱਸ ਮਰਵਾਹਾ ਨੂੰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਪੰਨੂੰ ਵੱਲੋਂ ਆਪਣੇ ਪੱਧਰ 'ਤੇ ਕੀਤੀ ਗਈ ਪ੍ਰਮੋਸ਼ਨ ਨੂੰ ਲੈ ਕੇ ਨਾ ਸਿਰਫ਼ ਮੰਤਰੀ ਓ ਪੀ ਸੋਨੀ ਉਨ੍ਹਾਂ ਤੋਂ ਨਾਰਾਜ਼ ਹਨ ਬਲਕਿ ਵਿਭਾਗ ਦੇ ਪਿ੍ਰੰਸੀਪਲ ਸਕੱਤਰ ਰੋਸ਼ਨ ਸੰਕਾਰੀਆ ਵੀ ਨਾਰਾਜ਼ ਹਨ। ਦੋ ਦਿਨ ਪਹਿਲਾਂ ਹੀ ਪੰਨੂੰ ਨੂੰ ਪੱਤਰ ਭੇਜ ਕੇ ਸੰਕਾਰੀਆ ਨੇ ਉਨ੍ਹਾਂ ਵੱਲੋਂ ਵਾਤਾਵਰਣ ਇੰਜੀਨੀਅਰਾਂ ਦੀ ਤਾਇਨਾਤੀ ਦੇ ਆਦੇਸ਼ਾਂ ਨੂੰ ਰੱਦ ਕਰ ਦਿੱਤਾ ਸੀ। ਪੱਤਰ ਵਿਚ ਕਿਹਾ ਗਿਆ ਹੈ ਕਿ ਵਿਭਾਗ 'ਚ ਪ੍ਰਮੋਸ਼ਨ ਸਬੰਧੀ ਪੰਜਾਬ ਦੇ ਸੀਐੱਮ ਨੇ ਇਕ ਕਮੇਟੀ ਦਾ ਗਠਨ ਕੀਤਾ ਹੈ ਜਿਸ ਵਿਚ ਵਿਭਾਗੀ ਸਕੱਤਰ ਚੇਅਰਮੈਨ ਹਨ ਅਤੇ ਬੋਰਡ ਦੇ ਚੇਅਰਮੈਨ, ਅਮਲਾ ਵਿਭਾਗ, ਭਲਾਈ ਵਿਭਾਗ ਅਤੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਸਕੱਤਰ ਜਾਂ ਉਨ੍ਹਾਂ ਦੇ ਨੁਮਾਇੰਦੇ ਵੀ ਮੈਂਬਰ ਹਨ। ਪੱਤਰ ਵਿਚ ਕਿਹਾ ਗਿਆ ਹੈ ਕਿ ਤੁਸੀਂ ਇਨ੍ਹਾਂ ਆਦੇਸ਼ਾਂ ਦੀ ਪ੍ਰਵਾਹ ਕੀਤੇ ਬਿਨਾਂ ਹੀ ਸਿਲੈਕਸ਼ਨ ਕਮੇਟੀ ਦੀ ਮੀਟਿੰਗ ਕਰ ਲਈ ਜੋ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਹੈ।
ਪੱਤਰ ਮੁਤਾਬਿਕ ਸਰਕਾਰ ਦਾ ਸਾਫ਼ ਆਦੇਸ਼ ਹੈ ਕਿ ਸਹਾਇਕ ਵਾਤਾਵਰਣ ਇੰਜੀਨੀਅਰ ਅਤੇ ਇਸ ਦੇ ਬਰਾਬਰ ਦੇ ਤਨਖ਼ਾਹ ਵਾਲੇ ਸਾਰੇ ਅਹੁਦਿਆਂ ਦੇ ਪ੍ਰਬੰਧਕੀ ਅਧਿਕਾਰ ਚੇਅਰਮੈਨ ਮੈਂਬਰ ਸਕੱਤਰ ਕੋਲ ਹਨ ਅਤੇ ਵਾਤਾਵਰਣ ਇੰਜੀਨੀਅਰ ਦਾ ਅਹੁਦਾ ਸਹਾਇਕ ਵਾਤਾਵਰਣ ਇੰਜੀਨੀਅਰ ਤੋਂ ਵੀ ਵੱਡਾ ਹੈ ਪਰ ਤੁਸੀਂ ਇਹ ਤਰੱਕੀ ਕਰਕੇ ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ। ਪੱਤਰ 'ਚ ਲਿਖਿਆ ਹੈ ਕਿ ਮੁੱਖ ਵਾਤਾਵਰਣ ਇੰਜੀਨੀਅਰ, ਸੀਨੀਅਰ ਵਾਤਾਵਰਣ ਇੰਜੀਨੀਅਰ, ਵਾਤਾਵਰਣ ਇੰਜੀਨੀਅਰ ਆਦਿ ਦੀ ਪ੍ਰਮੋਸ਼ਨ ਲਈ ਕਈ ਅਰਜ਼ੀਆਂ ਬੋਰਡ ਕੋਲ ਆਈਆਂ ਸਨ। ਪ੍ਰਮੋਸ਼ਨ ਤੋਂ ਪਹਿਲਾਂ ਉਨ੍ਹਾਂ ਦਾ ਨਿਪਟਾਰਾ ਕਰਨਾ ਜ਼ਰੂਰੀ ਸੀ। ਉਸ ਦੇ ਬਾਅਦ ਹੀ ਇਹ ਪ੍ਰਮੋਸ਼ਨਾਂ ਕੀਤੀਆਂ ਜਾਣੀਆਂ ਸਨ।
ਫਾਈਲਾਂ ਸਿੱਧੀਆਂ ਮੰਤਰੀ ਕੋਲ ਭੇਜ ਰਹੇ ਸਨ
ਪੱਤਰ ਵਿਚ ਕਿਹਾ ਗਿਆ ਹੈ ਕਿ ਬੋਰਡ ਵੱਲੋਂ ਜਾਰੀ ਕੀਤੇ ਗਏ ਸਿਲੈਕਸ਼ਨ ਕਮੇਟੀ ਦੇ ਏਜੰਡੇ 'ਚ ਇਹ ਵੀ ਲਿਖਿਆ ਗਿਆ ਸੀ ਕਿ ਸਹਾਇਕ ਵਾਤਾਵਰਣ ਇੰਜੀਨੀਅਰ ਤੋਂ ਵਾਤਾਵਰਣ ਇੰਜੀਨੀਅਰ ਦੇ ਅਹੁਦੇ 'ਤੇ ਤਰੱਕੀ ਸਰਕਾਰ ਦੀ ਮਨਜ਼ੂਰੀ ਦੇ ਬਾਅਦ ਹੀ ਲਈ ਜਾਵੇਗੀ ਪਰ ਆਪਣੇ ਪੱਧਰ 'ਤੇ ਹੀ ਇਨ੍ਹਾਂ ਅਧਿਕਾਰੀਆਂ ਦੀ ਨਾ ਸਿਰਫ਼ ਤਰੱਕੀ ਕਰ ਦਿੱਤੀ ਗਈ ਬਲਕਿ ਤਾਇਨਾਤੀ ਵੀ ਕਰ ਦਿੱਤੀ ਗਈ। ਪੱਤਰ ਵਿਚ ਇਹ ਵੀ ਕਿਹਾ ਗਿਆ ਕਿ ਗਰੁੱਪ ਏ ਅਤੇ ਗਰੁੱਪ ਬੀ ਦੇ ਅਧਿਕਾਰੀਆਂ ਦੀ ਤਾਇਨਾਤੀ ਦੇ ਅਧਿਕਾਰ ਮੰਤਰੀ ਇੰਚਾਰਜ ਕੋਲ ਹਨ। ਵਿਭਾਗ ਇਸ ਗੱਲ ਤੋਂ ਨਾਰਾਜ਼ ਸੀ ਕਿ ਪੰਨੂੰ ਫਾਈਲਾਂ ਸਿੱਧੀਆਂ ਮੰਤਰੀ ਕੋਲ ਭੇਜ ਰਹੇ ਹਨ ਜਦਕਿ 'ਰੂਲਜ਼ ਆਫ਼ ਬਿਜ਼ਨਸ' ਦੇ ਮੁਤਾਬਿਕ ਉਨ੍ਹਾਂ ਨੂੰ ਇਹ ਫਾਈਲਾਂ ਉਨ੍ਹਾਂ ਦੇ ਜ਼ਰੀਏ ਮੰਤਰੀ ਨੂੰ ਭੇਜਣੀਆਂ ਚਾਹੀਦੀਆਂ ਸਨ।
from Punjabi News -punjabi.jagran.com https://ift.tt/2O7zOSz
via IFTTT
No comments:
Post a Comment