ਡਾ. ਭਰਤ ਝੁਨਝੁਨਵਾਲਾ
ਖੇਤੀ ਜ਼ਰੀਏ ਅਸੀਂ ਜਨਤਾ ਦੀ ਉਮੀਦ ਮੁਤਾਬਕ ਆਮਦਨ ਨਹੀਂ ਵਧਾ ਸਕਦੇ। ਇਸ ਦੇ ਸਥਾਨ 'ਤੇ ਸਾਨੂੰ ਕੋਸ਼ਿਸ਼ ਕਰਨੀ ਹੋਵੇਗੀ ਕਿ ਲੋਕਾਂ ਨੂੰ ਸੇਵਾ ਖੇਤਰ ਨਾਲ ਜੋੜੀਏ
-------
ਸਮੁੱਚੇ ਦੇਸ਼ ਵਿਚ ਕਿਸਾਨ ਇਸ ਸਮੇਂ ਪ੍ਰੇਸ਼ਾਨ ਹਨ। ਦੁੱਧ ਤੇ ਦੁੱਧ ਆਧਾਰਤ ਉਤਪਾਦਾਂ ਦੇ ਉਤਪਾਦਨ ਵਿਚ ਵਾਧਾ ਹੋਇਆ ਹੈ ਜਦਕਿ ਖ਼ਪਤ ਸਥਿਰ ਬਣੀ ਹੋਈ ਹੈ। ਇਸ ਨਾਲ ਬਾਜ਼ਾਰ ਵਿਚ ਦੁੱਧ ਦੇ ਭਾਅ ਡਿੱਗ ਰਹੇ ਹਨ ਅਤੇ ਕਿਸਾਨ ਤ੫ਾਹੀਮਾਨ ਕਰ ਰਹੇ ਹਨ। ਇਸ ਸਮੱਸਿਆ ਦਾ ਪਹਿਲਾ ਉਪਾਅ ਹੈ ਕਿ ਅਸੀਂ ਬਰਾਮਦ ਵਧਾਈਏ। ਸਰਕਾਰ ਨੇ ਇਸ ਪਾਸੇ ਕੁਝ ਸਾਰਥਕ ਕਦਮ ਵੀ ਚੁੱਕੇ ਹਨ ਅਤੇ ਦੁੱਧ ਉਤਪਾਦਾਂ 'ਤੇ ਬਰਾਮਦ ਸਬਸਿਡੀ ਵਿਚ ਵਾਧਾ ਕੀਤਾ ਹੈ ਪਰ ਮਾਹਿਰ ਦੱਸਦੇ ਹਨ ਕਿ ਇਸ ਸਬਸਿਡੀ ਦੇ ਬਾਵਜੂਦ ਨਿਊਜ਼ੀਲੈਂਡ ਵਿਚ ਉਤਪਾਦਨ ਹੋਏ ਦੁੱਧ ਦੇ ਪਾਊਡਰ ਦੀ ਤੁਲਨਾ ਵਿਚ ਸਾਡਾ ਦੁੱਧ ਪਾਊਡਰ ਕਰੀਬ 20 ਫ਼ੀਸਦੀ ਵੱਧ ਮਹਿੰਗਾ ਪੈਂਦਾ ਹੈ। ਅਜਿਹੇ ਵਿਚ ਸਬਸਿਡੀ ਵਿਚ ਭਾਰੀ ਵਾਧਾ ਕੀਤੇ ਬਿਨਾਂ ਇਹ ਰਸਤਾ ਕਾਰਗਰ ਨਹੀਂ ਹੋਵੇਗਾ। ਦੂਜਾ ਸੰਭਾਵੀ ਉਪਾਅ ਹੈ ਕਿ ਅਸੀਂ ਦੁੱਧ ਦੇ ਪਾਊਡਰ ਦੇ ਸਥਾਨ 'ਤੇ ਪਨੀਰ ਅਤੇ ਮੱਖਣ ਬਣਾ ਕੇ ਉਨ੍ਹਾਂ ਦੀ ਬਰਾਮਦ ਕਰੀਏ। ਇਸ ਵਿਚ ਵੀ ਸਮੱਸਿਆ ਇਹੋ ਹੈ ਕਿ ਕੌਮਾਂਤਰੀ ਬਾਜ਼ਾਰ ਵਿਚ ਪਨੀਰ ਤੇ ਮੱਖਣ ਦੇ ਭਾਅ ਵੀ ਦੁੱਧ ਦੇ ਭਾਅ ਦੇ ਅਨੁਸਾਰ ਹੀ ਡਿੱਗ ਰਹੇ ਹਨ। ਇਸ ਤਰ੍ਹਾਂ ਪਨੀਰ ਅਤੇ ਮੱਖਣ ਬਰਾਮਦ ਕਰਨ ਵਿਚ ਸਾਨੂੰ ਓਨੀ ਹੀ ਸਮੱਸਿਆ ਆਵੇਗੀ ਜਿੰਨੀ ਅਸੀਂ ਦੁੱਧ ਦੇ ਪਾਊਡਰ ਦੀ ਬਰਾਮਦ ਕਰਨ ਵਿਚ ਮਹਿਸੂਸ ਕਰ ਰਹੇ ਹਾਂ। ਤੀਜਾ ਉਪਾਅ ਹੈ ਕਿ ਕਿ ਮਿਡ ਡੇ ਮੀਲ ਵਰਗੀਆਂ ਯੋਜਨਾਵਾਂ ਤਹਿਤ ਦੁੱਧ ਮੁਹੱਈਆ ਕਰਵਾਇਆ ਜਾਵੇ। ਕਰਨਾਟਕ ਨੇ ਅਜਿਹੀ ਯੋਜਨਾ ਬਣਾਈ ਹੈ ਜਿਸ ਵਿਚ ਬੱਚਿਆਂ ਨੂੰ ਮਿਡ ਡੇ ਮੀਲ ਦੇ ਨਾਲ ਦੁੱਧ ਵੀ ਦਿੱਤਾ ਜਾ ਰਿਹਾ ਹੈ। ਇਹ ਇਕ ਸਾਰਥਕ ਕਦਮ ਹੈ। ਇਸ ਤਰ੍ਹਾਂ ਦੇ ਤਜਰਬੇ ਤਮਾਮ ਹੋਰ ਦੇਸ਼ਾਂ ਵਿਚ ਵੀ ਹੋਏ ਹਨ। ਪਰ ਸਾਡਾ ਦੁੱਧ ਉਤਪਾਦਨ ਤਾਂ ਵਧਦਾ ਹੀ ਜਾਵੇਗਾ। ਜਿਵੇਂ-ਜਿਵੇਂ ਸਰਕਾਰ ਦੁਆਰਾ ਸਬਸਿਡੀ ਦਿੱਤੀ ਜਾਵੇਗੀ, ਉਵੇਂ-ਉਵੇਂ ਕਿਸਾਨਾਂ ਲਈ ਦੱੁਧ ਦਾ ਉਤਪਾਦਨ ਲਾਭਦਾਇਕ ਹੁੰਦਾ ਜਾਵੇਗਾ ਅਤੇ ਉਹ ਦੁੱਧ ਦਾ ਉਤਪਾਦਨ ਵਧਾਉਣ ਲਈ ਉਤਸ਼ਾਹਿਤ ਹੋਣਗੇ। ਅਸੀਂ ਮਿਡ ਡੇ ਮੀਲ ਭੋਜਨ ਜ਼ਰੀਏ ਵਧੇ ਹੋਏ ਉਤਪਾਦਨ ਦਾ ਨਿਰੰਤਰ ਹੱਲ ਨਹੀਂ ਕਰ ਸਕਾਂਗੇ। ਦੂਜੀ ਗੱਲ ਇਹ ਵੀ ਹੈ ਕਿ ਜਦ ਮਿਡ ਡੇ ਮੀਲ ਵਰਗੀਆਂ ਯੋਜਨਾਵਾਂ ਜ਼ਰੀਏ ਅਸੀਂ ਦੁੱਧ ਦੀ ਖ਼ਪਤ ਵਧਾਉਂਦੇ ਹਾਂ ਤਾਂ ਪਰਿਵਾਰ ਦੁਆਰਾ ਦੁੱਧ ਦੀ ਖ਼ਰੀਦ ਵੀ ਘੱਟ ਹੋਵੇਗੀ ਕਿਉਂਕਿ ਪਰਿਵਾਰ ਨੂੰ ਮਾਲੂਮ ਹੈ ਕਿ ਬੱਚੇ ਨੂੰ ਸਕੂਲ ਵਿਚ ਦੁੱਧ ਉਪਲਬਧ ਹੋ ਰਿਹਾ ਹੈ। ਜੇ ਅਸੀਂ ਮਿਡ ਡੇ ਮੀਲ ਜ਼ਰੀਏ 100 ਕਿੱਲੋ ਦੁੱਧ ਦੀ ਖ਼ਪਤ ਕਰਦੇ ਹਾਂ ਤਾਂ ਪਰਿਵਾਰ ਦੁਆਰਾ 50 ਕਿੱਲੋ ਦੁੱਧ ਦੀ ਖ਼ਪਤ ਘੱਟ ਹੋ ਸਕਦੀ ਹੈ। ਇਸ ਤਰ੍ਹਾਂ ਅਜਿਹੀਆਂ ਯੋਜਨਾਵਾਂ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ। ਚੌਥਾ ਉਪਾਅ ਹੈ ਕਿ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੂੰ ਕਿਹਾ ਜਾਵੇ ਕਿ ਦੁੱਧ ਦੇ ਪਾਊਡਰ, ਪਨੀਰ ਤੇ ਮੱਖਣ ਦਾ ਬਫਰ ਸਟਾਕ ਵੱਧ ਰੱਖੇ। ਇੱਥੇਵੀ ਇਕ ਮੁਸ਼ਕਲ ਇਹ ਹੈ ਕਿ ਮੱਖਣ ਦਾ ਭੰਡਾਰਨ ਜਿੱਥੇ ਤਿੰਨ ਮਹੀਨੇ ਤਕ ਅਤੇ ਦੱੁਧ ਦੇ ਪਾਊਡਰ ਦਾ ਭੰਡਾਰਨ ਲਗਪਗ ਇਕ ਸਾਲ ਤਕ ਹੀ ਸੰਭਵ ਹੁੰਦਾ ਹੈ।
ਸਾਨੂੰ ਦੂਜੇ ਉਪਾਅ 'ਤੇ ਵਿਚਾਰ ਕਰਨਾ ਚਾਹੀਦਾ ਹੈ। ਇਕ ਮਿਸਾਲ ਨਾਲ ਮੈਂ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਾਂਗਾ। ਜੰਗਲ ਦੀ ਵਰਤੋਂ ਅਸੀਂ ਦੋ ਤਰ੍ਹਾਂ ਕਰ ਸਕਦੇ ਹਾਂ। ਇਕ ਇਹ ਕਿ ਜੰਗਲ ਨੂੰ ਕੱਟ ਕੇ ਉਸ ਦੀ ਲੱਕੜੀ ਦਾ ਬਾਲਣ ਦੇ ਰੂਪ ਵਿਚ ਇਸਤੇਮਾਲ ਕਰੀਏ। ਦੂਜੀ ਵਰਤੋਂ ਇਹ ਹੈ ਕਿ ਅਸੀਂ ਉੱਥੇ ਸੈਰ-ਸਪਾਟੇ ਨੂੰ ਹੁਲਾਰਾ ਦੇਈਏ। ਅੱਜ ਦੱਖਣੀ ਅਮਰੀਕਾ ਵਿਚ ਭਾਰੀ ਬਾਰਿਸ਼ ਦੌਰਾਨ ਪੈਦਾ ਹੋਣ ਵਾਲੇ ਜੰਗਲਾਂ ਨੂੰ ਉਨ੍ਹਾਂ ਨੇ ਸੈਰ-ਸਪਾਟੇ ਲਈ ਵਿਕਸਤ ਕੀਤਾ ਹੈ। ਉਸੇ ਤਰ੍ਹਾਂ ਸਾਡੇ ਇੱਥੇ ਚਿਰਾਪੂੰਜੀ ਵਿਚ ਵੱਧ ਵਰਖਾ ਨੂੰ ਦੇਖਣ ਲਈ ਸੈਲਾਨੀ ਜਾਂਦੇ ਹਨ। ਬਾਲਣ ਦੀ ਖ਼ਪਤ ਸੀਮਿਤ ਹੁੰਦੀ ਹੈ। ਇਹ ਆਮਦਨ ਦੇ ਨਾਲ ਵਧਦੀ ਨਹੀਂ ਹੈ ਪਰ ਬਾਰਿਸ਼ ਨਾਲ ਜੰਗਲਾਂ ਵਿਚ ਟੂਰਿਜ਼ਮ ਦੀ ਖ਼ਪਤ ਵਧਦੀ ਹੀ ਜਾਂਦੀ ਹੈ। ਦੂਜਾ ਉਦਾਹਰਨ ਨਦੀਆਂ ਦੀ ਹੈ। ਅਸੀਂ ਨਦੀ ਦੀ ਵਰਤੋਂ ਪਣ-ਬਿਜਲੀ ਬਣਾਉਣ ਲਈ ਕਰ ਸਕਦੇ ਹਾਂ ਜਾਂ ਅਸੀਂ ਉਨ੍ਹਾਂ ਵਿਚ ਰਾਫਟਿੰਗ ਅਤੇ ਬੋਟਿੰਗ ਕਰ ਸਕਦੇ ਹਾਂ। ਬਿਜਲੀ ਦੀ ਖ਼ਪਤ ਸੀਮਿਤ ਹੁੰਦੀ ਹੈ ਅਤੇ ਇਹ ਆਮਦਨ ਦੇ ਨਾਲ ਜ਼ਿਆਦਾ ਵਧਦੀ ਨਹੀਂ ਹੈ ਪਰ ਨਦੀ ਵਿਚ ਰਾਫਟਿੰਗ ਦੀ ਖ਼ਪਤ ਵਧਦੀ ਹੀ ਜਾਂਦੀ ਹੈ। ਜਿਵੇਂ-ਜਿਵੇਂ ਦੇਸ਼ ਦੇ ਲੋਕਾਂ ਦੀ ਆਮਦਨ ਵਧਦੀ ਹੈ, ਉਹ ਇਸ ਤਰ੍ਹਾਂ ਦੀਆਂ ਸੇਵਾਵਾਂ ਦਾ ਉਮੀਦ ਨਾਲੋਂ ਵੱਧ ਇਸਤੇਮਾਲ ਕਰਦੇ ਹਨ।
ਇਹੋ ਕਾਰਨ ਹੈ ਕਿ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿਚ ਅੱਜ ਦੇਸ਼ ਦੀ ਆਮਦਨ ਵਿਚ ਖੇਤੀ ਦਾ ਯੋਗਦਾਨ ਇਕ ਫ਼ੀਸਦੀ ਤੋਂ ਵੀ ਘੱਟ ਹੋ ਗਿਆ ਹੈ ਜਦਕਿ ਸੇਵਾ ਖੇਤਰ ਦਾ ਯੋਗਦਾਨ ਲਗਪਗ 90 ਫ਼ੀਸਦੀ ਤਕ ਪੁੱਜ ਗਿਆ ਹੈ। ਸੇਵਾਵਾਂ ਜਿਵੇਂ ਟੂਰਿਜ਼ਮ, ਸਿਨੇਮਾ, ਕੰਪਿਊਟਰ ਗੇਮਜ਼ ਆਦਿ ਦੀ ਖ਼ਪਤ ਆਮਦਨ ਦੇ ਨਾਲ ਵਧਦੀ ਜਾਂਦੀ ਹੈ ਜਦਕਿ ਖੇਤੀ ਉਤਪਾਦਾਂ ਦੀ ਖ਼ਪਤ ਵਧਦੀ ਨਹੀਂ ਹੈ। ਜੋ ਵਿਅਕਤੀ ਪਹਿਲਾਂ ਦੋ ਰੋਟੀਆਂ ਖਾਂਦਾ ਸੀ ਉਹ ਆਮਦਨ ਵਧਣ ਮਗਰੋਂ ਵੀ ਦੋ ਰੋਟੀਆਂ ਹੀ ਖਾਵੇਗਾ। ਇਸੇ ਤਰ੍ਹਾਂ ਸਾਨੂੰ ਪਿੰਡ ਅਤੇ ਖੇਤੀ ਦਾ ਵੀ ਮੁਲੰਕਣ ਕਰਨਾ ਹੋਵੇਗਾ। ਪਿੰਡ ਨੂੰ ਅਸੀਂ ਫਿਲਹਾਲ ਲੱਕੜੀ ਤੇ ਬਿਜਲੀ ਦੀ ਤਰ੍ਹਾਂ ਸਿਰਫ਼ ਅਨਾਜ ਦੇ ਭੌਤਿਕ ਉਤਪਾਦਨ ਦੇ ਰੂਪ ਵਿਚ ਦੇਖਦੇ ਹਾਂ। ਅਸੀਂ ਸਮਝਦੇ ਹਾਂ ਕਿ ਪਿੰਡ ਦਾ ਉਦੇਸ਼ ਹੈ ਕਿ ਕਣਕ ਤੇ ਦੁੱਧ ਦਾ ਉਤਪਾਦਨ ਕਰੇ ਪਰ ਪਿੰਡ ਦੇ ਦੂਜੇ ਇਸਤੇਮਾਲ ਵੀ ਹਨ। ਜਿਵੇਂ ਅੱਜ ਸੈਰ-ਸਪਾਟੇ ਲਈ 'ਹੋਮ ਸਟੇਅ' ਦਾ ਚਲਨ ਜ਼ੋਰ ਫੜ ਰਿਹਾ ਹੈ। ਵਿਦੇਸ਼ੀ ਸੈਲਾਨੀ ਕਿਸੇ ਘਰ ਵਿਚ ਜਾ ਕੇ ਰਹਿੰਦੇ ਹਨ ਅਤੇ ਘਰ ਦੇ ਲੋਕ ਉਨ੍ਹਾਂ ਦੇ ਖਾਣ-ਪੀਣ ਦੀ ਵਿਵਸਥਾ ਕਰਦੇ ਹਨ ਅਤੇ ਉਨ੍ਹਾਂ ਨੂੰ ਆਲੇ-ਦੁਆਲੇ ਦੇ ਇਲਾਕਿਆਂ ਦੀ ਸੈਰ ਕਰਵਾਉਂਦੇ ਹਨ।
ਦੁੱਧ ਦੀ ਮੌਜੂਦਾ ਸਮੱਸਿਆ ਨੂੰ ਇਕ ਹੋਰ ਤਰੀਕੇ ਨਾਲ ਦੇਖਣਾ ਚਾਹੀਦਾ ਹੈ। ਸਾਡਾ ਇਤਿਹਾਸ ਦੱਸਦਾ ਹੈ ਕਿ ਹਾਲੇ ਤਕ ਸਰਕਾਰ ਦੀ ਰਣਨੀਤੀ ਹੈ ਕਿ ਖੇਤੀ ਉਤਪਾਦਨ ਵਧਾ ਕੇ ਕਿਸਾਨਾਂ ਦਾ ਭਲਾ ਕੀਤਾ ਜਾਵੇ। ਬੀਤੇ 50 ਸਾਲਾਂ ਵਿਚ ਸਾਡੇ ਪਿੰਡਾਂ ਵਿਚ ਸਿੰਚਾਈ ਦੀ ਵਿਵਸਥਾ ਵਿਚ ਮੌਲਿਕ ਸੁਧਾਰ ਹੋਇਆ ਹੈ। ਰਸਾਇਣਕ ਖਾਦਾਂ ਤੇ ਬਿਜਲੀ ਉਪਲਬਧ ਹੋਈ ਹੈ। ਉਤਪਾਦਨ ਵਧਿਆ ਹੈ ਪਰ ਕਿਸਾਨਾਂ ਦਾ ਉਮੀਦ ਮੁਤਾਬਕ ਕਲਿਆਣ ਨਹੀਂ ਹੋਇਆ। ਕਾਰਨ ਇਹ ਹੈ ਕਿ ਉਤਪਾਦਨ ਵਧਣ ਨਾਲ ਕਿਸਾਨ ਦਾ ਲਾਭ ਵਧਣ ਦੀ ਥਾਂ ਉਸ ਦਾ ਨੁਕਸਾਨ ਹੁੰਦਾ ਹੈ। ਉਤਪਾਦਨ ਵਧਣ ਨਾਲ ਉਪਜ ਦੇ ਭਾਅ ਟੁੱਟਦੇ ਹਨ। ਭਾਅ ਟੁੱਟਣ ਦਾ ਲਾਭ ਸ਼ਹਿਰੀ ਖ਼ਪਤਕਾਰਾਂ ਨੂੰ ਹੁੰਦਾ ਹੈ। ਅਜਿਹੇ ਵਿਚ ਕਿਸਾਨਾਂ ਦੇ ਹਿੱਤ ਸੇਧਣ ਲਈ ਉਤਪਾਦਨ ਵਧਾਉਣ ਦੀ ਰਣਨੀਤੀ ਬਿਲਕੁਲ ਨਿਰਮੂਲ ਹੈ। ਸਾਨੂੰ ਇਸ ਪਾਸੇ ਨਹੀਂ ਵਧਣਾ ਚਾਹੀਦਾ। ਦੂਜੀ ਗੱਲ ਹੈ ਕਿ ਜਿਵੇਂ ਉੱਪਰ ਦੱਸਿਆ ਗਿਆ ਹੈ ਕਿ ਅਮਰੀਕਾ ਵਰਗੇ ਦੇਸ਼ਾਂ ਦੀ ਆਮਦਨ ਵਿਚ ਸੇਵਾ ਖੇਤਰ ਦਾ ਹਿੱਸਾ ਲਗਪਗ 90 ਫ਼ੀਸਦੀ ਹੋ ਗਿਆ ਹੈ ਜਦਕਿ ਖੇਤੀ ਦਾ ਸਿਰਫ਼ ਇਕ ਫ਼ੀਸਦੀ ਹੈ। ਇਸ ਦੀ ਤੁਲਨਾ ਵਿਚ ਸਾਡੇ ਦੇਸ਼ ਵਿਚ ਸੇਵਾ ਖੇਤਰ ਦਾ ਹਿੱਸਾ ਲਗਪਗ 60 ਫ਼ੀਸਦੀ ਹੈ ਅਤੇ ਖੇਤੀ ਦਾ ਹਿੱਸਾ ਹਾਲੇ ਵੀ 18 ਫ਼ੀਸਦੀ ਹੈ। ਆਉਣ ਵਾਲੇ ਸਮੇਂ ਵਿਚ ਸਾਡਾ ਇਹ 18 ਫ਼ੀਸਦੀ ਦਾ ਹਿੱਸਾ ਵੀ ਘਟਦਾ ਹੀ ਜਾਵੇਗਾ ਜਿਵੇਂ ਕਿ ਦੁਨੀਆ ਦੇ ਦੂਜੇ ਦੇਸ਼ਾਂ ਵਿਚ ਹੋ ਰਿਹਾ ਹੈ।
ਇਸ ਲਈ ਖੇਤੀ ਦੇ ਆਧਾਰ 'ਤੇ ਅਸੀਂ ਆਪਣੀ ਜਨਤਾ ਨੂੰ ਉੱਚੀ ਆਮਦਨ ਉਪਲਬਧ ਨਹੀਂ ਕਰਵਾ ਸਕਾਂਗੇ। ਇਸ ਦੇ ਸਥਾਨ 'ਤੇ ਸਾਨੂੰ ਕੋਸ਼ਿਸ਼ ਕਰਨੀ ਹੋਵੇਗੀ ਕਿ ਅਸੀਂ ਆਪਣੇ ਲੋਕਾਂ ਨੂੰ ਸੇਵਾ ਖੇਤਰ ਨਾਲ ਵੱਧ ਜੋੜੀਏ। ਅੱਜ ਅਜਿਹੇ ਤਮਾਮ ਕਾਰਜ ਹਨ ਜੋ ਕਿ ਇੰਟਰਨੈੱਟ ਜ਼ਰੀਏ ਪਿੰਡਾਂ ਵਿਚ ਹੋ ਸਕਦੇ ਹਨ ਜਿਵੇਂ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾਉਣਾ, ਕੰਪਿਊਟਰ ਐਪ ਬਣਾਉਣਾ, ਵੈੱਬਸਾਈਟ ਦੀ ਡਿਜ਼ਾਈਨਿੰਗ ਕਰਨਾ ਆਦਿ। ਇਸ ਤਰ੍ਹਾਂ ਦੇ ਕੰਮਾਂ ਵਿਚ ਆਪਣੇ ਪੇਂਡੂ ਨੌਜਵਾਨਾਂ ਨੂੰ ਲਗਾ ਕੇ ਉਨ੍ਹਾਂ ਦਾ ਲੰਮੇ ਸਮੇਂ ਤਕ ਭਲਾ ਕੀਤਾ ਜਾ ਸਕਦਾ ਹੈ। ਪਿੰਡਾਂ ਵਿਚ ਰਹਿਣ ਦਾ ਖ਼ਰਚਾ ਘੱਟ ਆਉਂਦਾ ਹੈ। ਨਾਲ ਹੀ ਨਾਲ 'ਹੋਮ ਸਟੇਅ' ਵਰਗੇ ਕੰਮ ਕਰੀਏ ਤਾਂ ਪਿੰਡ ਦੀ ਕੁਦਰਤੀ ਸੁੰਦਰਤਾ ਅਤੇ ਸਮਾਜਿਕ ਭਾਈਵਾਲੀ ਦੇ ਮਾਹੌਲ ਦੀ ਵੀ ਅਸੀਂ ਵਰਤੋਂ ਕਰ ਸਕਾਂਗੇ। ਇਸ ਵਾਸਤੇ ਸਾਨੂੰ ਆਪਣੀ ਰਣਨੀਤੀ ਖੇਤੀ ਉਤਪਾਦਨ ਤੋਂ ਹਟਾ ਕੇ ਸੇਵਾਵਾਂ ਦੇ ਉਤਪਾਦਨ 'ਤੇ ਕੇਂਦਿ੫ਤ ਕਰਨੀ ਹੋਵੇਗੀ। ਤਦ ਹੀ ਸਾਡੇ ਪਿੰਡਾਂ ਦਾ ਵਿਕਾਸ ਹੋ ਸਕੇਗਾ। ਦੁੱਧ ਦੀ ਸਮੱਸਿਆ ਸਿਰਫ਼ ਦੁੱਧ ਦੇ ਉਤਪਾਦਨ ਦੀ ਸਮੱਸਿਆ ਨਹੀਂ ਸਗੋਂ ਅਰਥਚਾਰੇ ਦੇ ਬਦਲਦੇ ਰੂਪ ਨੂੰ ਨਾ ਸਮਝਣ ਦੀ ਸਮੱਸਿਆ ਹੈ। ਇਸ ਲਈ ਇਸ ਨੂੰ ਵਿਆਪਕ ਰੂਪ ਵਿਚ ਸਮਝਣ ਦੀ ਜ਼ਰੂਰਤ ਹੈ ਤਾਂ ਜੋ ਦੇਸ਼ ਦੀ ਵੱਡੀ ਆਬਾਦੀ ਕਿਸਾਨਾਂ ਦਾ ਭਲਾ ਹੋ ਸਕੇ।
(ਲੇਖਕ ਸੀਨੀਅਰ ਅਰਥ ਸ਼ਾਸਤਰੀ ਤੇ ਆਈਆਈਐੱਮ ਬੈਂਗਲੁਰੂ ਦੇ ਸਾਬਕਾ ਪ੍ਰੋਫੈਸਰ ਹਨ।)
from Punjabi News -punjabi.jagran.com https://ift.tt/2LyRuJ0
via IFTTT
No comments:
Post a Comment