ਸੀਐੱਨਟੀ 702
'ਵੂਮੈਨ ਕੇਅਰ ਟਰੱਸਟ' ਨੇ ਮਨਾਈ ਸੱਭਿਆਚਾਰਕ ਸ਼ਾਮ
- 'ਪੰਜਾਬਣਾਂ ਦੀ ਕਹਾਣੀ-ਉਨ੍ਹਾਂ ਦੀ ਜ਼ੁਬਾਨੀ' ਪ੍ਰਦਰਸ਼ਨੀ ਸ਼ੁਰੂ
ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ
ਨਿਊਜ਼ੀਲੈਂਡ ਵਿਚ ਵੂਮੈਨ ਕੇਅਰ ਟਰੱਸਟ ਨੇ ਪਿਛਲੇ ਕੁਝ ਸਾਲਾਂ ਤੋਂ ਅੌਰਤਾਂ ਲਈ ਜਿੱਥੇ ਬਹੁਤ ਸਾਰੇ ਪੜ੍ਹਾਈ, ਲਿਖਾਈ, ਇੰਗਲਿਸ਼ ਸਿੱਖਿਆ, ਕੰਪਿਊਟਰ ਸਿੱਖਿਆ ਅਤੇ ਸੈਰ-ਸਪਾਟਾ ਟੂਰਾਂ ਦਾ ਆਯੋਜਨ ਕੀਤਾ ਹੈ ਉਥੇ ਹਰ ਸਾਲ 'ਲੇਡੀਜ਼ ਕਲਚਰਲ ਨਾਈਟ' ਰਾਹੀਂ ਧਮਾਲ ਅਤੇ ਹਾਸਾ-ਠੱਠਾ ਕਰਕੇ ਪੰਜਾਬੀ ਸੱਭਿਆਚਾਰ ਨੂੰ ਵੀ ਇਥੇ ਸਿੰਜਣ ਦਾ ਕੰਮ ਕੀਤਾ ਹੈ। ਵੋਡਾਫੋਨ ਈਵੈਂਟ ਸੈਂਟਰ ਵਿਚ ਸੱਭਿਆਚਾਰਕ ਸ਼ਾਮ ਦਾ ਆਰੰਭ ਵੂਮੈਨ ਕੇਅਰ ਟਰੱਸਟ ਦੀਆਂ ਮੈਂਬਰਾਂ ਵੱਲੋਂ ਗੁਰਬਾਣੀ ਸ਼ਬਦ ਨਾਲ ਉਸ ਪ੍ਰਮਾਤਮਾ ਨੂੰ ਯਾਦ ਕਰਕੇ ਕੀਤਾ ਗਿਆ। ਰੰਗ-ਬਿਰੰਗੇ ਘੱਗਰੇ, ਲਹਿੰਗੇ ਸੂਟ ਅਤੇ ਪੰਜਾਬੀ ਸੰਗੀਤ ਨੇ ਹਰ ਇਕ ਮਹਿਲਾ ਦਾ ਨੱਚਣ ਵਾਲਾ ਮੂਡ ਬਣਾ ਦਿੱਤਾ।
ਸੱਭਿਆਚਾਰਕ ਸ਼ਾਮ ਦੀ ਮੇਜ਼ਬਾਨ ਸ਼ਗੁਫਤਾ ਅਤੇ ਸੈਂਡੀ ਨੇ ਵਾਰੋ-ਵਾਰੀ ਪਹਿਲਾਂ ਛੋਟੇ ਬੱਚਿਆਂ ਨੂੰ ਭੰਗੜੇ ਦੀ ਪਰਫਾਰਮੈਂਸ ਵਾਸਤੇ ਬੁਲਾਇਆ ਅਤੇ ਫਿਰ ਜਵਾਨ ਕੁੜੀਆਂ ਨੇ ਸਟੇਜ 'ਤੇ ਧਮਾਲ 'ਤੇ ਧਮਾਲ ਪਾਈ ਰੱਖੀ। ਸਾਂਝ ਸਪੋਰਟਸ ਐਂਡ ਕਲਚਰਲ ਕਲੱਬ, ਪੰਜਾਬੀ ਕਲਚਰਲ ਐਸੋਸੀਏਸ਼ਨ, ਸ਼ਾਨ ਪੰਜਾਬ ਦੀ, ਵਿਰਸਾ ਅਕੈਡਮੀ ਸੀਨੀਅਰ ਮੈਂਬਰਾਂ, ਪੰਜਾਬ ਹੈਰੀਟੇਜ ਗਰੁੱਪ ਵੱਲੋਂ ਬੋਲੀਆਂ, ਸ਼ਿੰਦੋ-ਮਿੰਦੋ ਕਾਮੇਡੀ ਅਤੇ ਅਖੀਰ ਦੇ ਵਿਚ ਡੀਜੇ 'ਤੇ ਨੱਚਣ ਦੀ ਵਾਰੀ ਆਈ ਤਾਂ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਅਤੇ ਗਾਉਣ ਵਾਲੇ ਦਾ ਮੂੰਹ ਵਾਲੀ ਗੱਲ ਹੋ ਗਈ। ਆਕਲੈਂਡ ਕੌਂਸਲ ਤੋਂ ਲੂਈਸ ਲਾ ਹਾਟੇ (ਮੁਖੀ ਰਿਸਰਚ ਐਂਡ ਹੈਰੀਟੇਜ ਐਂਡ ਸੈਂਟਰਲ ਲਾਇਬ੍ਰੇਰੀ) ਨੇ ਆਪਣੇ ਦੋ ਮਿੰਟ ਲਈ ਵਿਚਾਰ ਰੱਖੇ ਅਤੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਇਕ ਫੋਟੋ ਪ੍ਰਦਰਸ਼ਨੀ 'ਪੰਜਾਬਣਾਂ ਦੀ ਕਹਾਣੀ-ਉਨ੍ਹਾਂ ਦੀ ਜ਼ੁਬਾਨੀ' ਦਾ ਸਟੇਜ 'ਤੇ ਉਦਘਾਟਨ ਕੀਤਾ। ਇਹ ਪ੍ਰਦਰਸ਼ਨੀ ਬਾਅਦ ਵਿਚ ਵੂਮੈਨ ਕੇਅਰ ਸੈਂਟਰ ਵਿਖੇ ਲਗਾਈ ਜਾਵੇਗੀ। ਇਸ ਮੌਕੇ ਵੂਮੈਨ ਕੇਅਰ ਟਰੱਸਟ ਦੀ ਚੇਅਰਪਰਸਨ ਬਲਜੀਤ ਕੌਰ ਢੇਲ ਨੇ ਆਈਆਂ ਸਾਰੀਆਂ ਅੌਰਤਾਂ ਦਾ ਧੰਨਵਾਦ ਕੀਤਾ। ਇੰਗਲਿਸ਼ ਅਤੇ ਕੰਪਿਊਟਰ ਕਲਾਸਾਂ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਪ੍ਰੋਗਰਾਮ ਦੇ ਸਾਰੇ ਗੋਲਡ, ਸਿਲਵਰ ਅਤੇ ਬ੍ਰੋਨਜ਼ ਸਪਾਂਸਰਜ਼ ਦਾ ਧੰਨਵਾਦ ਕੀਤਾ ਗਿਆ। ਅਖੀਰ ਵਿਚ ਪਾਈਆਂ ਗਈਆਂ ਬੋਲੀਆਂ, ਗਿੱਧਾ, ਜਾਗੋ, ਸਿੱਠਣੀਆਂ ਨੇ ਸਭ ਨੂੰ ਨੱਚਣ ਲਾਇਆ ਅਤੇ ਇਹ ਸੱਭਿਆਚਾਰਕ ਸ਼ਾਮ ਇਕ ਯਾਦਗਾਰੀ, ਧਮਾਲ ਪਾਊ ਅਤੇ ਹਾਸੇ-ਠੱਠੇ ਵਾਲੀ ਯਾਦਗਾਰੀ ਸ਼ਾਮ ਬਣ ਗਈ। ਇਸ ਸ਼ਾਮ ਦੇ ਵਿਚ ਕਾਫੀ ਦੂਰ ਤੋਂ ਅੌਰਤਾਂ ਪੁੱਜੀਆਂ ਹੋਈਆਂ ਸਨ।
ਕੈਪਸ਼ਨ-ਵੂਮੈਨ ਕੇਅਰ ਟਰੱਸਟ ਵੱਲੋਂ ਕਰਵਾਈ ਗਈ 'ਲੇਡੀਜ਼ ਕਲਚਰਲ ਨਾਈਟ' ਮੌਕੇ ਭਾਰਤੀ ਅੌਰਤਾਂ।
_________________________
from Punjabi News -punjabi.jagran.com https://ift.tt/2mwLGAP
via IFTTT
No comments:
Post a Comment