ਵਿਸ਼ਵ ਪ੍ਰਸਿੱਧ ਆਰਤੀ 'ਓਮ ਜੈ ਜਗਦੀਸ਼ ਹਰੇ..' ਦੇ ਰਚੈਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਜਨਮ ਦਿਵਸ 'ਤੇ ਵਿਸ਼ੇਸ਼
*ਪੰਡਿਤ ਜੀ ਦੀ ਸਾਹਿਤ ਨੂੰ ਵੱਡੀ ਦੇਣ
*ਵੱਖ-ਵੱਖ ਭਾਸ਼ਾਵਾਂ ਵਿਚ 22 ਦੇ ਕਰੀਬ ਪੁਸਤਕਾਂ ਦੀ ਕੀਤੀ ਰਚਨਾ
ਵਿਸ਼ਵ ਪ੍ਰਸਿੱਧ ਆਰਤੀ 'ਓਮ ਜੈ ਜਗਦੀਸ਼ ਹਰੇ..' ਦੇ ਰਚੈਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਅੱਜ ਜਨਮ ਦਿਵਸ ਹੈ ਜੋ ਉਨ੍ਹਾਂ ਦੇ ਸ਼ਰਧਾਲੂ ਦੁਨੀਆ ਭਰ ਵਿਚ ਹਰ ਸਾਲ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਉਂਦੇ ਹਨ। ਪੰਡਿਤ ਜੀ ਦਾ ਜਨਮ 30 ਸਤੰਬਰ, 1837 ਨੂੰ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਫਿਲੌਰ ਵਿਖੇ ਬ੍ਰਾਹਮਣ ਪਰਿਵਾਰ 'ਚ ਮਾਤਾ ਵਿਸ਼ਨੂੰ ਦੇਵੀ ਅਤੇ ਪਿਤਾ ਪੰਡਿਤ ਜੈ ਦਿਆਲ ਦੇ ਗ੍ਰਹਿ ਵਿਖੇ ਹੋਇਆ। 1856 'ਚ ਪੰਡਿਤ ਜੀ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਮਾਤਾ ਦੀ ਮੌਤ 1873 'ਚ ਹੋਈ। ਪੰਡਿਤ ਜੀ ਮੁੱਢ ਤੋਂ ਹੀ ਬਹੁਤ ਮਿਹਨਤੀ, ਹੁਸ਼ਿਆਰ ਅਤੇ ਹਰੇਕ ਕੰਮ ਨੂੰ ਲਗਨ ਨਾਲ ਕਰਨ ਵਾਲੇ ਯੁੱਗਪੁਰਸ਼ ਸਨ। ਜਿਥੇ ਉਹ ਆਪਣੀ ਧੁੰਨ ਦੇ ਪੱਕੇ ਸਨ, ਉਥੇ ਉਹ ਧਾਰਮਿਕ ਪਰਵਿਰਤੀ ਦੇ ਨਾਲ-ਨਾਲ ਤਰਕਸ਼ੀਲ ਵੀ ਸਨ ਜਿਸ ਕਰਕੇ ਉਨ੍ਹਾਂ ਨੂੰ ਅਕਸਰ ਅਨੇਕਾਂ ਸਮਾਜਿਕ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਸੋਚ ਸੀ ਕਿ ਧਾਰਮਿਕ ਹੋਣ ਲਈ ਇਨਸਾਨ ਨੂੰ ਵਿਵੇਕ ਪੂਰਵਕ ਹੋ ਕੇ ਤਰਕਾਂ ਦੀ ਕਸੌਟੀ ਪਾਰ ਕਰਕੇ ਹੀ ਧਰਮ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਜਿੱਥੇ ਜਾ ਕੇ ਮਨੁੱਖ ਦੇ ਤਰਕ ਖ਼ਤਮ ਹੋ ਜਾਂਦੇ ਹਨ ਉਥੋਂ ਹੀ ਧਰਮ ਦੀ ਸ਼ੁਰੂਆਤ ਹੁੰਦੀ ਹੈ ਕਿਉਂਕਿ ਤਰਕ ਲਈ ਵਿਵੇਕ ਕੰਮ ਕਰਦਾ ਹੈ ਅਤੇ ਉਸ ਤੋਂ ਬਾਅਦ ਪਰਮਾਤਮਾ ਦੇ ਵਿਰਾਟ ਆਕਾਰ ਨੂੰ ਜਾਨਣ ਉਪਰੰਤ ਸਮਰਪਣ ਦੀ ਭਾਵਨਾ ਇਨਸਾਨ ਦੇ ਮਨ ਵਿਚ ਜਾਗਿ੍ਰਤ ਹੁੰਦੀ ਹੈ ਅਤੇ ਮਨੁੱਖੀ ਮਨ ਨਦੀ ਵਾਂਗ ਉਸ ਸਾਗਰ 'ਚ ਮਿਲ ਕੇ ਖ਼ੁਦ ਸਾਗਰ ਹੋ ਜਾਂਦਾ ਹੈ। ਭਾਵ ਧਰਮ ਉਸ ਪੂਰਨ ਪਾਰਬ੍ਰਹਮ ਲਈ ਸਮਰਪਣ ਦਾ ਹੀ ਦੂਜਾ ਨਾਮ ਹੈ।
ਇਤਿਹਾਸਕ ਸ਼ਹਿਰ ਫਿਲੌਰ ਦੇ ਨਾਲ ਸਤਲੁਜ ਦਰਿਆ ਵੱਗਦਾ ਹੈ, ਬਚਪਨ ਤੋਂ ਹੀ ਪੰਡਿਤ ਜੀ ਨੂੰ ਤੈਰਾਕੀ ਦਾ ਬੜਾ ਸ਼ੌਕ ਸੀ। ਉਹ ਜਦੋਂ ਮੌਕਾ ਮਿਲਦਾ ਦਰਿਆ 'ਤੇ ਨਹਾਉਣ ਚਲੇ ਜਾਂਦੇ ਸਨ ਅਤੇ ਪਾਣੀ 'ਚ ਮੱਛੀ ਵਾਂਗ ਤੈਰਦੇ ਰਹਿੰਦੇ ਸਨ, ਤੈਰਾਕੀ ਦੇ ਖੇਤਰ ਵਿਚ ਉਨ੍ਹਾਂ ਦਾ ਅਭਿਆਸ ਇਨ੍ਹਾਂ ਜ਼ਿਆਦਾ ਹੋ ਗਿਆ ਕਿ ਉਹ ਪਾਣੀ 'ਤੇ 2-2 ਘੰਟੇ ਆਰਾਮ ਨਾਲ ਲਾਸ਼ ਵਾਂਗ ਸਿੱਧੇ ਪਏ ਰਹਿੰਦੇ ਸਨ ਜਿਵੇਂ ਕੋਈ ਵਿਅਕਤੀ ਜ਼ਮੀਨ 'ਤੇ ਲੇਟਿਆ ਹੋਵੇ। ਉਹ ਪਾਣੀ 'ਤੇ ਸ਼ਵ ਆਸਨ ਅਤੇ ਵੀਰ ਆਸਨ ਕਰਕੇ ਵੇਖਣ ਵਾਲਿਆਂ ਨੂੰ ਹੈਰਾਨ ਕਰ ਦਿੰਦੇ ਸਨ ਕਿ ਬਿਨਾਂ ਹੱਥ ਪੈਰ ਹਿਲਾਏ ਉਹ ਕਿਵੇਂ ਪਾਣੀ 'ਤੇ ਪਏ ਰਹਿੰਦੇ ਹਨ। ਇਹ ਉਨ੍ਹਾਂ ਦਾ ਯੋਗ ਅਭਿਆਸ ਸੀ। ਉਹ ਸੰਗੀਤ ਦੇ ਵੀ ਬਹੁਤ ਸ਼ੌਕੀਨ ਸਨ। ਮੁੱਢਲੀ ਵਿਦਿਆ ਉਨ੍ਹਾਂ ਨੇ ਆਪਣੇ ਪਿਤਾ ਤੋਂ ਪ੍ਰਾਪਤ ਕੀਤੀ, ਉਹ ਵੀ ਵਿਦਵਾਨ ਪੰਡਿਤ ਸਨ। ਉਪਰੰਤ ਉਨ੍ਹਾਂ ਨੇ ਸੰਸਿਯਤ, ਹਿੰਦੀ, ਪੰਜਾਬੀ, ਉਰਦੂ, ਫਾਰਸੀ ਆਦਿ ਭਾਸ਼ਾਵਾਂ ਦਾ ਗਹਿਰਾ ਗਿਆਨ ਪ੍ਰਾਪਤ ਕੀਤਾ। 13 ਸਾਲ ਦੀ ਉਮਰ ਵਿਚ ਗੁਰੂ ਬ੍ਰਹਮਵੇਤਾ ਸਵਾਮੀ ਮਾਇਆ ਰਾਮ ਜੀ ਤੋਂ ਵਿਦਿਆ ਗ੍ਰਹਿਣ ਕੀਤੀ। ਉਨ੍ਹਾਂ ਨੇ ਵੇਦਾਂ ਪੁਰਾਣਾਂ ਦਾ ਗਹਿਰਾ ਅਧਿਐਨ ਕੀਤਾ। ਗਜ਼ਬ ਦੇ ਵਕਤਾ ਹੋਣ ਸਦਕਾ ਉਹ ਫਿਲੌਰ ਦੇ ਇਲਾਕੇ ਵਿਚ ਮਹਾਨ ਗ੍ਰੰਥ ਮਹਾਂਭਾਰਤ 'ਤੇ ਕਥਾਵਾਚਕ ਦੇ ਤੌਰ 'ਤੇ ਸਰੋਤਿਆਂ ਦੀ ਵਾਹ-ਵਾਹ ਖੱਟਦੇ ਰਹੇ। ਸੰਗੀਤ ਅਤੇ ਸਾਹਿਤ ਦੀ ਗਹਿਰੀ ਜਾਣਕਾਰੀ ਸਦਕਾ ਉਹ ਸਰੋਤਿਆਂ 'ਤੇ ਸ਼ਬਦਾਂ ਦਾ ਗਹਿਰਾ ਅਸਰ ਛੱਡਦੇ ਅਤੇ ਉਨ੍ਹਾਂ ਦੀ ਖਿਆਤੀ ਦੂਰ-ਦੂਰ ਤਕ ਫੈਲ ਗਈ। ਕੁੱਝ ਵੀ ਸਿੱਖਣ ਦੀ ਉਨ੍ਹਾਂ ਵਿਚ ਬੜੀ ਪ੍ਰਬਲ ਇੱਛਾ ਰਹਿੰਦੀ। ਇਸ ਭਾਵਨਾ ਸਦਕਾ ਉਨ੍ਹਾਂ ਨੇ ਇਕ ਦੱਖਣੀ ਪੰਡਿਤ ਤੋਂ ਜੋਤਿਸ਼ ਦੀ ਵਿਦਿਆ ਪ੍ਰਾਪਤ ਕੀਤੀ। ਕਰੜੀ ਮਿਹਨਤ ਕਰਕੇ ਉਨ੍ਹਾਂ ਨੇ ਇਕ ਮੌਲਵੀ ਤੋਂ ਫਾਰਸੀ ਸਿੱਖੀ। 1937 'ਚ ਫਾਰਸੀ ਦੇ ਕਿਠਨ ਗ੍ਰੰਥ 'ਦਵਿਸਤਾਨ-ਏ-ਮਜ਼ਹਬ' ਦਾ ਅਨੁਵਾਦ ਪੰਜਾਬ ਦੇ ਉਸ ਵੇਲੇ ਦੇ ਲੈਫਟੀਨੈਂਟ ਗਵਰਨਰ ਦੇ ਕਹਿਣ 'ਤੇ ਉਰਦੂ ਵਿਚ ਕੀਤਾ। ਸ੍ਰੀਮਦ ਭਾਗਵਤ ਅਤੇ ਮਹਾਂਭਾਰਤ ਦੀ ਕਥਾ ਵਾਚਨਾ 'ਤੇ ਉਨ੍ਹਾਂ ਦੀ ਕਮਾਲ ਦੀ ਪਕੜ ਸੀ। ਉਹ ਆਪਣੀ ਸਰਲ ਭਾਸ਼ਾ ਅਤੇ ਸੂਖ਼ਮ ਗੱਲਾਂ ਨੂੰ ਕੁੱਝ ਇਸ ਪ੍ਰਕਾਰ ਪੇਸ਼ ਕਰਦੇ ਕਿ ਸੁਣਨ ਵਾਲੇ ਮੰਤਰ ਮੁਗਧ ਹੋ ਜਾਂਦੇ। ਪੰਡਿਤ ਸ਼ਰਧਾ ਰਾਮ ਜੀ 'ਚ ਤਰਕ ਸਮੱਰਥਾ ਬਹੁਤ ਪ੍ਰਬਲ ਸੀ। ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ੍ਹ 'ਚ ਕੰਮ ਕਰਨ ਵਾਲੇ ਪੁਲਿਸ ਦੇ ਜਵਾਨ, ਜਿਨ੍ਹਾਂ ਦੀ ਡਿਊਟੀ ਨਾ ਹੁੰਦੀ ਉਹ ਵੀ ਪੰਡਿਤ ਜੀ ਨੂੰ ਸੁਣਨ ਲਈ ਆ ਜਾਂਦੇ। ਕਿਸੇ ਨੇ ਅੰਗਰੇਜ਼ ਅਫ਼ਸਰਾਂ ਕੋਲ ਇਹ ਸ਼ਿਕਾਇਤ ਪਹੁੰਚਾ ਦਿੱਤੀ ਕਿ ਪੰਡਿਤ ਜੀ ਲੋਕਾਂ ਨੂੰ ਅੰਗਰੇਜ਼ਾਂ ਵਿਰੁੱਧ ਭੜਕਾਉਂਦੇ ਰਹਿੰਦੇ ਹਨ ਜਿਸ ਕਰਕੇ ਅਫ਼ਸਰਾਂ ਨੇ ਉਨ੍ਹਾਂ ਨੂੰ ਫਿਲੌਰ ਤੋਂ ਨਿਕਾਲਾ ਦੇ ਦਿੱਤਾ। ਫਿਲੌਰ ਤੋਂ ਉਹ ਸਿੱਧੇ ਪਟਿਆਲਾ ਚਲੇ ਗਏ। ਪਟਿਆਲਾ 'ਚ ਉਨ੍ਹਾਂ ਦੀ ਭੇਟ ਮਹਾਰਾਜਾ ਨਰਿੰਦਰ ਸਿੰਘ ਨਾਲ ਹੋਈ, ਉਥੇ ਰਿਹਾਇਸ਼ ਅਤੇ ਖਾਣ-ਪੀਣ ਦੀ ਰਸਦ ਆਦਿ ਮਿਲਣ ਲੱਗੀ। ਉਥੋਂ ਪੰਡਿਤ ਜੀ ਹਰਿਦੁਆਰ ਚਲੇ ਗਏ। ਰਿਸ਼ੀਕੇਸ਼ 'ਚ ਉਪਨਿਸ਼ਧਾਂ ਅਤੇ ਦੂਸਰੇ ਗ੍ਰੰਥਾਂ ਦਾ ਅਧਿਐਨ ਕਰਨ ਲੱਗੇ। ਉਸ ਤੋਂ ਬਾਅਦ ਪੰਜਾਬ ਵਾਪਿਸ ਆਏ ਅਤੇ ਲੁਧਿਆਣੇ ਆ ਕੇ ਰਹਿਣ ਲੱਗੇ। ਛਾਪੇਖਾਨੇ ਵਿਚ ਇਕ ਮਹੀਨਾ ਕੰਮ ਕਰਦੇ ਸਮੇਂ ਉਹ ਆਪਣਾ ਪ੍ਰਭਾਵ ਦੂਸਰਿਆਂ 'ਤੇ ਛੱਡਣ ਲੱਗੇ। ਉਥੇ ਵੱਡੇ ਪਾਦਰੀ ਨਿਊਟਨ ਉਨ੍ਹਾਂ ਦੇ ਕੰਮ ਤੋਂ ਇੰਨੇ ਖ਼ੁਸ਼ ਹੋਏ ਕਿ ਕਿਲ੍ਹੇ ਦੇ ਸਾਹਿਬ ਨਾਲ ਗੱਲ ਕਰਕੇ ਉਨ੍ਹਾਂ ਨੂੰ ਵਾਪਿਸ ਫਿਲੌਰ ਰਹਿਣ ਦੀ ਇਜਾਜ਼ਤ ਦਿਵਾ ਦਿੱਤੀ। ਇਨ੍ਹਾਂ ਦਿਨਾਂ ਵਿਚ ਪੰਡਿਤ ਜੀ ਨੇ ਪਾਦਰੀ ਦੇ ਕਹਿਣ 'ਤੇ ਉਨ੍ਹਾਂ ਦੇ ਮੱਤ ਦੀਆਂ ਪੁਸਤਕਾਂ ਦਾ ਹਿੰਦੀ, ਉਰਦੂ ਅਤੇ ਪੰਜਾਬੀ ਵਿਚ ਅਨੁਵਾਦ ਕੀਤਾ। 1863 'ਚ ਪੰਡਿਤ ਜੀ ਦੀ ਪਤਨੀ ਦਾ ਸਤਲੁਜ 'ਚ ਡੁੱਬਣ ਕਾਰਨ ਦਿਹਾਂਤ ਹੋ ਗਿਆ ਸੀ। 1864 'ਚ ਉਨ੍ਹਾਂ ਦਾ ਦੂਜਾ ਵਿਆਹ ਹੋਇਆ। ਉਨ੍ਹਾਂ ਦੀ ਦੂਸਰੀ ਪਤਨੀ ਦਾ ਨਾਮ ਮਹਿਤਾਬ ਕੌਰ ਸੀ ਜੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਗੇਵਾਲ ਦੇ ਹਰਿਗੋਬਿੰਦ ਸਿੰਘ ਦੀ ਪੁੱਤਰੀ ਸੀ। ਮਹਿਤਾਬ ਕੌਰ ਦੀ ਮੌਤ 1928 'ਚ ਹੋਈ। ਉਨ੍ਹਾਂ ਦੀਆਂ ਦੋਵਾਂ ਪਤਨੀਆਂ ਤੋਂ ਉਨ੍ਹਾਂ ਨੂੰ ਕੋਈ ਸੰਤਾਨ ਨਹੀਂ ਹੋ ਸਕੀ। ਕਪੂਰਥਲਾ ਨਰੇਸ਼ ਨਾਲ ਜਦੋਂ ਉਹ ਕਸ਼ਮੀਰ ਗਏ ਸਨ ਤਾਂ ਉਸ ਵੇਲੇ ਇਕ ਰਮਲ ਦੇ ਉਸਤਾਦ ਤੋਂ ਰਮਲ ਦੇ ਕਿਠਨ ਭੇਦ ਵੀ ਸਿੱਖੇ। 1863 'ਚ ਪੰਡਿਤ ਜੀ ਦਾ ਕਪੂਰਥਲਾ ਜਾਣਾ ਹੋਇਆ। ਉਨ੍ਹਾਂ ਨੂੰ ਪਤਾ ਲੱਗਾ ਕਿ ਕਪੂਰਥਲੇ ਦਾ ਰਾਜਾ ਇਸਾਈ ਧਰਮ ਕਬੂਲ ਕਰਨ ਲੱਗਾ ਹੈ। ਇਹ ਗੱਲ ਪੰਡਿਤ ਜੀ ਨੂੰ ਚੰਗੀ ਨਾ ਲੱਗੀ ਅਤੇ ਉਨ੍ਹਾਂ ਨੇ ਰਾਜੇ ਨੂੰ ਚਿੱਠੀ ਲਿਖ ਕੇ ਮਿਲਣ ਦੀ ਇੱਛਾ ਪ੍ਰਗਟ ਕੀਤੀ। ਰਾਜਾ ਸਾਹਿਬ ਨੇ ਪੰਡਿਤ ਜੀ ਨੂੰ ਬੁਲਾਇਆ। 17 ਦਿਨ ਉਨ੍ਹਾਂ ਅਤੇ ਪੰਡਿਤ ਜੀ ਵਿਚਕਾਰ ਵਾਦ ਵਿਵਾਦ ਚੱਲਦਾ ਰਿਹਾ। ਰਾਜੇ ਨੇ ਪੰਡਿਤ ਜੀ ਤੋਂ ਪ੍ਰਭਾਵਿਤ ਹੋ ਕੇ ਈਸਾਈ ਧਰਮ ਧਾਰਨ ਕਰਨ ਦਾ ਵਿਚਾਰ ਤਿਆਗ ਦਿੱਤਾ। ਰਾਜਾ ਸਾਹਿਬ ਨੇ ਉਨ੍ਹਾਂ ਨੂੰ ਉਥੇ ਆਪਣੇ ਕੋਲ ਹੀ ਰੱਖਣਾ ਚਾਹਿਆ ਪਰ ਪੰਡਿਤ ਜੀ ਨੇ ਉਥੇ ਰਹਿਣਾ ਠੀਕ ਨਹੀਂ ਸਮਿਝਆ। ਰਾਜੇ ਤੋਂ ਉਨ੍ਹਾਂ ਨੂੰ 500 ਰੁਪਏ ਪ੍ਰਤੀ ਮਹੀਨਾ ਮਿਲਣ ਲੱਗੇ। 1866 'ਚ ਰਾਜਾ ਸਾਹਿਬ ਉਨ੍ਹਾਂ ਨੂੰ ਕਸ਼ਮੀਰ ਲੈ ਗਏ। ਤਿੰਨ ਚਾਰ ਸਾਲ ਤਕ ਉਨ੍ਹਾਂ ਨੂੰ ਮਾਲੀ ਸਹਾਇਤਾ ਮਿਲਦੀ ਰਹੀ ਪਰ ਫਿਰ ਬੰਦ ਹੋ ਗਈ। ਹਿੰਦੂ ਵਰਗ ਦੀ ਸਹਾਇਤਾ ਨਾਲ ਸੰਸਿਯਤ, ਫਾਰਸੀ ਸਿੱਖਿਆ ਲਈ ਸਕੂਲ ਲੁਧਿਆਣਾ 'ਚ ਖੋਲਿ੍ਹਆ। ਹਿੰਦੂ ਸਭਾ ਬਣਾਈ ਜਿਸ ਵਿਚ ਨਵੇਂ-ਨਵੇਂ ਉਦੇਸ਼ ਅਤੇ ਸਨਾਤਨ ਧਰਮ ਦੀ ਨਿੱਤ ਕਥਾ ਹੁੰਦੀ ਰਹੀ। ਇਸ ਮੌਕੇ 'ਤੇ ਮੁਨਸ਼ੀ ਘਨਈਆ ਲਾਲ ਅਲਖਧਾਰੀ ਨਾਲ ਹਿੰਦੂ ਸਭਾ ਦੇ ਕੁੱਝ ਨਿਯਮਾਂ ਕਾਰਨ ਅਣਬਣ ਹੋ ਗਈ। 1970 'ਚ ਮੰਡੀ ਦੇ ਮਹਾਰਾਜਾ ਵਿਜੈ ਸੈਨ ਨਾਲ ਪੰਡਿਤ ਜੀ ਦੀ ਭੇਟ ਹੋਈ। ਪੰਡਿਤ ਜੀ ਦੇ ਤਰਕਸ਼ੀਲ ਗਿਆਨ ਅਤੇ ਜੋਤਿਸ਼ ਦੇ ਐਸੇ ਚਮਤਕਾਰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਪੰਡਿਤ ਜੀ ਨੂੰ 300 ਰੁਪਏ ਸਨਮਾਨ ਵਜੋਂ ਦਿੱਤੇ। ਉਨ੍ਹਾਂ ਨੂੰ ਹਰੇਕ ਥਾਂ 'ਤੇ ਈਰਖਾ ਅਤੇ ਦਵੈਸ਼ ਦਾ ਸਾਹਮਣਾ ਕਰਨਾ ਪਿਆ। ਪੰਡਿਤ ਜੀ ਦੇ ਵੀ ਅਨੇਕ ਦੁਸ਼ਮਣ ਸਨ। ਇਸ ਦਾ ਮੁੱਖ ਕਾਰਨ ਈਰਖਾ, ਸੰਕੀਰਨ ਦਿ੫ਸ਼ਟੀ ਸੀ। ਫਿਲੌਰ ਦੇ ਵੀ ਕਈ ਲੋਕ ਉਨ੍ਹਾਂ ਨਾਲ ਖ਼ਾਰ ਖਾਂਦੇ ਸਨ। ਇਕ ਮੁਟਿਆਰ ਇਥੋਂ ਦੀ ਇਕ ਅੌਰਤ ਗਰਭਵਤੀ ਹੋ ਗਈ ਅਤੇ ਕੁੱਝ ਵਿਰੋਧੀਆਂ ਨੇ ਇਹ ਦੋਸ਼ ਪੰਡਿਤ ਜੀ ਤੇ ਮੜ੍ਹ ਦਿੱਤਾ। ਉਸ ਵਿਧਵਾ ਨੇ ਆਪਣੇ ਗਰਭ ਦੇ ਅਸਲ ਦੋਸ਼ੀ ਬਾਰੇ ਪੁਲਿਸ ਨੂੰ ਦੱਸ ਦਿੱਤਾ। ਵਿਰੋਧੀਆਂ ਨੇ ਪੰਡਿਤ ਜੀ ਤੇ ਮੁਕੱਦਮਾ ਕਰ ਦਿੱਤਾ ਅਤੇ ਪੰਡਿਤ ਜੀ ਨੂੰ ਇਸ ਦੋਸ਼ ਵਿਚ ਫਸਾ ਦਿੱਤਾ। ਪੰਡਿਤ ਜੀ ਨੂੰ ਅਦਾਲਤ 'ਚ ਜਾਣਾ ਪਿਆ ਅਤੇ ਫ਼ੈਸਲੇ ਵਿਚ ਪੰਡਿਤ ਜੀ ਰਿਹਾਅ ਤਾਂ ਹੋ ਗਏ ਪਰ ਉਨ੍ਹਾਂ ਨੇ ਉਨ੍ਹਾਂ ਵਿਰੋਧੀਆਂ ਨੂੰ ਸਪੱਸ਼ਟ ਕਹਿ ਦਿੱਤਾ ਕਿ ਉਹ ਆਪਣਾ ਪ੍ਰੋਹਿਤ ਕਿਸੇ ਹੋਰ ਨੂੰ ਬਣਾ ਲੈਣ ਅਤੇ ਉਨ੍ਹਾਂ ਨੇ ਆਪਣਾ ਸਬੰਧ ਉਨ੍ਹਾਂ ਲੋਕਾਂ ਨਾਲੋਂ ਤੋੜ ਲਿਆ। 1871 ਵਿਚ ਧਰਮ ਉਪਦੇਸ਼ ਲਈ ਅੰੰ੍ਰਮਿਤਸਰ ਚਲੇ ਗਏ। ਗੁਰੂ ਕੇ ਬਾਗ ਵਿਚ ਸ੍ਰੀਮਦ ਭਾਗਵਤ ਦੀ ਕਥਾ ਸੁਣਾਉਣੀ ਸ਼ੁਰੂ ਕੀਤੀ ਤਾਂ ਇੰਨੀ ਭੀੜ ਹੋਈ ਕਿ ਖੜ੍ਹਨ ਨੂੰ ਛਾਂ ਨਾ ਮਿਲੀ ਪਰ ਉਥੇ ਵੀ ਸ਼ਰੀਕਾਂ ਨੇ ਉਨ੍ਹਾਂ ਦਾ ਵਿਰੁੱਧ ਕੀਤਾ। ਫਿਲੌਰ ਦੇ ਇਕ ਠਾਕੁਰ ਦਵਾਰਾ 'ਚ ਭਾਗਵਤ ਦਾ ਸਪਤਾਹ ਚੱਲਿਆ ਜਿਸ ਵਿਚ ਸਾਰਾ ਫਿਲੌਰ ਉਮੜ ਪਿਆ। ਸ੍ਰੀਮਦ ਭਾਗਵਤ ਦੀ ਕਥਾ ਸਦਕਾ ਜੋ ਚੜ੍ਹਾਵਾ ਆਇਆ ਉਹ ਵਿਧਵਾ ਬ੍ਰਾਹਮਣ ਅੌਰਤਾਂ ਵਿਚ ਵੰਡ ਦਿੱਤਾ ਗਿਆ। ਪੰਡਿਤ ਜੀ ਦਾ ਸਾਹਮਣਾ ਸਵਾਮੀ ਦਿਆਨੰਦ ਸਰਸਵਤੀ ਨਾਲ ਵੀ ਹੋਇਆ। ਪੰਡਿਤ ਜੀ ਦੇ ਵਖਾਣਾਂ ਅਤੇ ਤਰਕਾਂ ਸਦਕਾ ਉਨ੍ਹਾਂ ਦਾ ਪ੍ਰੋਗਰਾਮ ਅਨੰਦ ਸਹਿਤ ਪੂਰਾ ਹੋਇਆ। ਉਪਰੰਤ ਉਹ ਰੇਲ ਗੱਡੀ ਰਾਹੀਂ ਲਾਹੌਰ ਚਲੇ ਗਏ। ਸਵਾਮੀ ਜੀ ਸਿਆਲਕੋਟ ਗਏ ਤਾਂ ਪੰਡਿਤ ਜੀ ਵੀ ਉਥੇ ਪਹੁੰਚ ਗਏ ਅਤੇ ਉਥੇ ਵੀ ਉਹ ਆਪਣਾ ਸਿੱਕਾ ਜਮਾ ਕੇ ਵਾਪਿਸ ਆਏ। 1880 'ਚ ਉਹ ਫਿਰ ਦੋਬਾਰਾ ਲਾਹੌਰ ਗਏ ਅਤੇ ਇਕ 'ਗਿਆਨ ਮੰਦਿਰ' ਦੀ ਸਥਾਪਨਾ ਵੀ ਕੀਤੀ। 1200 ਰੁਪਏ ਧਰਮ ਉਪਦੇਸ਼ ਲਈ ਇਕੱਠੇ ਹੋਏ ਸਨ ਜੋ ਪੰਡਿਤ ਜੀ ਲਾਹੌਰ ਦੇ ਪ੍ਰਸਿੱਧ ਵਿਅਕਤੀ ਨੰਦ ਗੋਪਾਲ ਨੂੰ ਦੇ ਆਏ। ਲਵਪੁਰ ਵਿਚ ਪੰਡਿਤ ਜੀ ਨੇ 'ਗਿਆਨ ਮੰਦਿਰ' ਦੀ ਸਥਾਪਨਾ ਕੀਤੀ ਅਤੇ ਬਾਕੀ ਸਾਰਾ ਕੰਮ ਸ਼ਰਧਾਲੂਆਂ ਨੂੰ ਸੌਂਪ ਕੇ ਵਾਪਿਸ ਫਿਲੌਰ ਆ ਗਏ। ਇਥੇ ਵੀ ਪਾਸੀਆਂ ਚੌਕ 'ਚ ਜਿੱਥੇ ਉਹ ਰਹਿੰਦੇ ਸਨ 'ਹਰੀ ਗਿਆਨ ਮੰਦਿਰ' ਬਣਾਇਆ, ਇਕ ਮੰਜ਼ਿਲ ਪੂਰੀ ਹੋਣ 'ਤੇ ਪੰਡਿਤ ਜੀ ਨੇ ਵਿਧੀਪੂਰਵਕ ਸਥਾਪਨਾ ਕੀਤੀ। ਕਿਹਾ ਜਾਂਦਾ ਹੈ ਕਿ ਸਨਾਤਨ ਧਰਮ ਦਾ ਐਸਾ ਉਤਸਵ ਫਿਰ ਕਦੀ ਇਥੇ ਨਹੀਂ ਹੋਇਆ। 'ਸਤਿ ਨਰਾਇਣ' ਦਾ 'ਹਰਿ ਮੰਦਿਰ ਗਿਆਨ ਮੰਦਿਰ ਪ੍ਰਸਿੱਧ ਚੁੱਕਾ ਹੈ। ਅਚਾਨਕ ਪੰਡਿਤ ਜੀ ਬਿਮਾਰ ਹੋ ਗਏ। 25 ਜੂਨ, 1881 ਨੂੰ 44 ਸਾਲ ਦੀ ਉਮਰ ਭੋਗ ਕੇ ਪੰਡਿਤ ਜੀ ਸਦਾ ਲਈ ਵਿਦਾ ਹੋ ਗਏ।
ਅੱਜ ਵੀ ਫਿਲੌਰ 'ਚ ਪੰਡਿਤ ਜੀ ਦੇ ਗ੍ਰਹਿ ਵਿਖੇ ਜਿਥੇ ਉਨ੍ਹਾਂ ਨੇ ਹਰਿ ਗਿਆਨ ਮੰਦਿਰ ਦੀ ਸਥਾਪਨਾ ਕੀਤੀ ਸੀ ਸ਼ਹਿਰ ਦੀਆਂ ਅੌਰਤਾਂ ਵੱਲੋਂ ਇਕ ਸੰਸਥਾ 'ਇਸਤਰੀ ਹਰਿ ਗਿਆਨ ਮੰਦਿਰ ਸਭਾ' ਵੱਲੋਂ ਹਰ ਰੋਜ਼ ਭਜਨ ਕੀਰਤਨ ਕੀਤਾ ਜਾਂਦਾ ਹੈ ਅਤੇ 30 ਸਤੰਬਰ ਨੂੰ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਜਨਮ ਦਿਵਸ ਮਨਾਇਆ ਜਾਂਦਾ ਹੈ।
(ਡੱਬੀ)
ਪੰਡਿਤ ਜੀ ਦੀ ਸਾਹਿਤ ਜਗਤ ਨੂੰ ਬੜੀ ਵੱਡੀ ਦੇਣ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਵੱਖ-ਵੱਖ ਭਾਸ਼ਾਵਾਂ ਵਿਚ 22 ਦੇ ਕਰੀਬ ਪੁਸਤਕਾਂ ਦੀ ਰਚਨਾ ਕੀਤੀ। ਜਿਨ੍ਹਾਂ ਵਿਚੋਂ ਕੁੱਝ ਕੁ ਪੁਸਤਕਾਂ ਹੀ ਪ੍ਰਕਾਸ਼ਿਤ ਹੋ ਸਕੀਆਂ ਅਤੇ ਕਈ ਅਣਛਪੀਆਂ ਰਹਿ ਗਈਆਂ। ਉਨ੍ਹਾਂ ਨੇ ਪੰਜਾਬੀ ਵਿਚ ਸਿੱਖਾਂ ਦੇ ਰਾਜ ਦੀ ਵਿਥਿਆ ਅਤੇ ਪੰਜਾਬੀ ਬਾਤਚੀਤ, ਹਿੰਦੀ 'ਚ ਸਤਿਅੰਮਿ੍ਰਤ ਪ੍ਰਵਾਹ, ਜੀਵਨ ਚਿ੍ਰਤਰ, ਬੀਜ ਮੰਤਰ, ਸਤੋਪਦੇਸ਼, ਰਮਲ ਕਾਮਧੇਨੂੰ, ਕੌਤਕ ਸੰਗ੍ਰਹਿ, ਪਾਕ ਸਾਧਨੀ, ਭਾਗਿਆਵਤੀ (ਨਾਵਲ), ਧੰਮ੍ਰ ਸੰਵਾਦ, ਧਰਮ ਰਕਸ਼ਾ, ਸੱਤਿਆ ਧਰਮ ਮੁਕਤਾਵਲੀ ਅਤੇ ਤੱਤਵ ਦੀਪਕ ਰਚਨਾ, ਸੰਸਿਯਤ ਵਿਚ ਨਿੱਤਯ ਪ੍ਰਾਰਥਨਾ ਅਤੇ ਆਤਮ ਚਕਿਤਸਾ, ਉਰਦੂ ਵਿਚ ਦੁਰਜਨਮੁੱਖ ਘੋਟਿਕਾ, ਧਰਮ ਕਸੌਟੀ, ਧਰਮ ਰਕਸ਼ਾ, ਧਰਮ ਸੰਵਾਦ, ਉਪਦੇਸ਼ ਸੰਗ੍ਰਹਿ, ਅਸੂਲ-ਏ-ਮਜ਼ਹਬ ਵਰਗੀਆਂ ਅਨੇਕਾਂ ਪੁਸਤਕਾਂ ਲਿਖੀਆਂ।
ਸਤਿੰਦਰ ਸ਼ਰਮਾ, ਪੱਤਰਕਾਰ ਫਿਲੌਰ
ਸੰਪਰਕ-94172-58372
ਫੋਟੋ ਫਾਇਲ ਨੰਬਰ-29 ਪੰਡਿਤ ਸ਼ਰਧਾ ਰਾਮ ਫਿਲੌਰੀ 01,02 ਅਤੇ 03
ਕੈਪਸ਼ਨ-1. 2. ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦੀ ਫਾਈਲ ਫੋਟੋ।
ਤਸਵੀਰ-ਸਤਿੰਦਰ ਸ਼ਰਮਾ।
from Punjabi News -punjabi.jagran.com https://ift.tt/2NS5DC2
via IFTTT
No comments:
Post a Comment