ਤਜਿੰਦਰ ਸਿੰਘ, ਅਟਾਰੀ : ਪਿਛਲੇ ਦਿਨੀਂ ਭਾਰਤ-ਪਾਕਿ ਵਿਚਾਲੇ ਬਣੇ ਤਣਾਅ ਕਾਰਨ ਪਹਿਲਾਂ ਪਾਕਿਸਤਾਨ ਵੱਲੋਂ ਅਤੇ ਫਿਰ ਭਾਰਤ ਵੱਲੋਂ ਰੱਦ ਕੀਤੀ ਗਈ ਸਮਝੌਤਾ ਐਕਸਪ੍ਰੈੱਸ ਸੋਮਵਾਰ ਤੋਂ ਮੁੜ ਚੱਲ ਪਈ। ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਕਾਰਨ ਦਿੱਲੀ ਤੇ ਲਾਹੌਰ ਵਿਚਾਲੇ ਚੱਲਣ ਵਾਲੀ ਇਹ ਰੇਲਗੱਡੀ 28 ਫਰਵਰੀ ਨੂੰ ਪਾਕਿਸਤਾਨ ਨੇ ਬੰਦ ਕਰ ਦਿੱਤੀ ਸੀ। ਸਮਝੌਤਾ ਐਕਸਪ੍ਰੈੱਸ ਲਾਹੌਰ ਤੋਂ ਅਟਾਰੀ ਵਿਖੇ ਨਾ ਪੁੱਜਣ ਕਾਰਨ ਦਿੱਲੀ ਤੋਂ ਆਉਣ ਵਾਲੀ ਦਿੱਲੀ-ਅਟਾਰੀ ਸਪੈਸ਼ਲ ਐਕਸਪ੍ਰੈਸ ਰਾਹੀਂ ਪਾਕਿਸਤਾਨ ਜਾਣ ਵਾਲੇ 42 ਯਾਤਰੀਆਂ ਨੂੰ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਜਾਣਾ ਪਿਆ ਸੀ। ਓਧਰ ਪਹਿਲੀ ਮਾਰਚ ਤੋਂ ਭਾਰਤ ਨੇ ਵੀ ਸਮਝੌਤਾ ਐਕਸਪ੍ਰੈੱਸ ਗੱਡੀ ਬੰਦ ਕਰ ਦਿੱਤੀ ਸੀ। ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ 'ਚ ਕੁਝ ਸੁਧਾਰ ਹੁੰਦਾ ਵੇਖਦਿਆਂ ਬੀਤੇ ਦਿਨ ਪਾਕਿਸਤਾਨ ਤੇ ਭਾਰਤ ਦੇ ਸਬੰਧਤ ਰੇਲਵੇ ਅਧਿਕਾਰੀਆਂ ਦੇ ਆਪਸੀ ਤਾਲਮੇਲ ਤੋਂ ਫਿਰੋਜ਼ਪੁਰ ਰੇਲਵੇ ਡਵੀਜ਼ਨ ਵੱਲੋਂ ਸਮਝੌਤਾ ਐਕਸਪ੍ਰੈੱਸ ਦੇ ਮੁੜ ਚੱਲਣ ਦਾ ਖੁਲਾਸਾ ਕੀਤਾ ਗਿਆ ਸੀ। ਇਸ ਤਰ੍ਹਾਂ ਸੋਮਵਾਰ ਨੂੰ ਸਮਝੌਤਾ ਐਕਸਪ੍ਰੈਸ ਚਾਰ ਦਿਨ ਬਾਅਦ ਮੁੜ ਪੱਟੜੀ 'ਤੇ ਦੌੜੀ।
ਦਿੱਲੀ ਤੋਂ ਆਉਣ ਵਾਲੀ ਸਪੈਸ਼ਲ ਐਕਸਪ੍ਰੈਸ ਰਾਤ 11 ਵਜੇ ਦੇ ਕਰੀਬ ਚੱਲ ਕੇ 12 ਪਾਕਿਸਤਾਨੀ ਮੂਲ ਦੇ ਯਾਤਰੀਆਂ ਨੂੰ ਲੈ ਕੇ ਸੋਮਵਾਰ ਸਵੇਰੇ 6 ਵੱਜ ਕੇ 15 ਮਿੰਟ 'ਤੇ ਅਟਾਰੀ ਅੰਤਰਰਾਸ਼ਟਰੀ ਰੇਲਵੇ ਸਟੇਸ਼ਨ 'ਤੇ ਭਾਰੀ ਸੁਰੱਖਿਆ ਹੇਠ ਪੁੱਜੀ। ਇਸੇ ਤਰ੍ਹਾਂ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈਸ ਵੀ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ 174 ਯਾਤਰੀ ਲੈ ਕੇ ਪੁੱਜੀ ਜਿਸ ਵਿਚ 160 ਭਾਰਤੀ ਯਾਤਰੀ ਸਨ। ਇਹ ਗੱਡੀ 1 ਵੱਜ ਕੇ 35 ਮਿੰਟ 'ਤੇ ਸਟੇਸ਼ਨ 'ਤੇ ਪੁੱਜੀ। ਅਟਾਰੀ ਰੇਲਵੇ ਸਟੇਸ਼ਨ 'ਤੇ ਗੱਡੀ ਦੇ ਪੁੱਜਦਿਆਂ ਸਾਰ ਡਾਗ ਸੁਕਐਡ ਦੇ ਮੈਂਬਰਾਂ ਨੇ ਯਾਤਰੀਆਂ ਤੇ ਉਨ੍ਹਾਂ ਦੇ ਸਾਮਾਨ ਦਾ ਨਿਰੀਖਣ ਕੀਤਾ।
ਸਮਝੌਤਾ ਐਕਸਪ੍ਰੈੱਸ ਰਾਹੀਂ ਪਾਕਿਸਤਾਨ ਤੋਂ ਆਈਆਂ ਦੋ ਭੈਣਾਂ ਵਕੀਲਾ ਤੇ ਸ਼ਮੀਨਾ ਨੇ ਦੱਸਿਆ ਕਿ ਉਹ ਦੋਵੇਂ ਭਾਰਤ (ਦਿੱਲੀ) ਦੀਆਂ ਰਹਿਣ ਵਾਲੀਆਂ ਹਨ। ਉਹ ਰਿਸ਼ਤੇਦਾਰਾਂ ਨੂੰ ਮਿਲਣ ਪਾਕਿਸਤਾਨ ਗਈਆਂ ਸਨ ਪਰ ਇਸ ਦੌਰਾਨ ਦੋਵਾਂ ਦੇਸ਼ਾਂ 'ਚ ਪੁਲਵਾਮਾ ਹਮਲੇ ਨੂੰ ਲੈ ਕੇ ਤਣਾਅ ਵੱਧ ਗਿਆ, ਜਿਸ 'ਤੇ 28 ਫਰਵਰੀ ਨੂੰ ਸਮਝੌਤਾ ਐਕਸਪ੍ਰੈਸ ਬੰਦ ਕਰ ਦਿੱਤੀ ਗਈ ਪਰ ਜਦੋਂ ਪਾਕਿਸਤਾਨ ਨੇ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਹਵਾਲੇ ਕਰ ਦਿੱਤਾ ਤਾਂ ਆਸ ਦੀ ਕਿਰਨ ਜਾਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਲੋਕ ਵੀ ਭਾਰਤ ਨਾਲ ਸ਼ਾਂਤੀ ਚਾਹੁੰਦੇ ਹਨ। ਪਾਕਿ ਤੋਂ ਆਈ ਸਮੀਰਾ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦਰਮਿਆਨ ਚੱਲਦੀ ਸਮਝੌਤਾ ਐਕਸਪ੍ਰੈਸ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਿਲਾਉਣ ਦਾ ਇਕ ਜ਼ਰੀਆ ਹੈ, ਇਸ ਨੂੰ ਬੰਦ ਨਹੀਂ ਕਰਨਾ ਚਾਹੀਦਾ। ਇਸੇ ਤਰ੍ਹਾਂ ਪਾਕਿਸਤਾਨ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏੇ ਮੁਹੰਮਦ ਆਰਿਫ ਨੇ ਕਿਹਾ ਕਿ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ। ਲੜਾਈ ਵਿਚ ਦੋਵਾਂ ਦੇਸ਼ਾਂ ਦਾ ਨੁਕਸਾਨ ਹੋਣਾ ਤੈਅ ਹੁੰਦਾ ਹੈ।
from Punjabi News -punjabi.jagran.com https://ift.tt/2XD3ATD
via IFTTT
No comments:
Post a Comment