ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਸਬੰਧੀ ਛਿੜੇ ਵਿਵਾਦ ਤੋਂ ਬਾਅਦ ਗਿਆਨੀ ਇਕਬਾਲ ਸਿੰਘ ਵੱਲੋਂ ਦਿੱਤੇ ਅਸਤੀਫ਼ੇ ਨੂੰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਪ੍ਰਵਾਨ ਕਰ ਕੇ ਕਾਰਜਕਾਰੀ ਜਥੇਦਾਰ ਵਜੋਂ ਗਿਆਨੀ ਰਜਿੰਦਰ ਸਿੰਘ ਨੂੰ ਸੇਵਾ ਸੌਂਪੀ ਦਿੱਤੀ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਬੋਰਡ ਦੀ ਕਮੇਟੀ ਦੇ 10 ਮੈਂਬਰਾਂ ਨੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੀ ਅਗਵਾਈ ਵਿਚ ਇਕੱਤਰਤਾ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦਿਆਂ 3 ਮਾਰਚ ਨੂੰ ਗਿਆਨੀ ਇਕਬਾਲ ਸਿੰਘ ਵੱਲੋਂ ਦਿੱਤੇ ਅਸਤੀਫ਼ੇ ਨੂੰ ਪ੍ਰਵਾਨ ਕਰ ਕੇ ਗਿਆਨੀ ਰਜਿੰਦਰ ਸਿੰਘ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਕਰ ਕੇ ਅਗਲੇ ਹੁਕਮਾਂ ਤਕ ਸੇਵਾਵਾਂ ਸੌਂਪੀਆਂ। ਗਿਆਨੀ ਇਕਬਾਲ ਸਿੰਘ ਸਬੰਧੀ ਛਿੜੇ ਵਿਵਾਦ ਨੇ ਹੁਣ ਤਕ ਕਈ ਪਹਿਲੂ ਧਾਰਨ ਕੀਤੇ ਹਨ।
ਗਿਆਨੀ ਇਕਬਾਲ ਸਿੰਘ ਦੇ ਕੇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਜਾਂਚ ਕਮੇਟੀ ਨੇ ਵੀ ਬੀਤੇ ਦਿਨੀਂ ਆਪਣੀ ਰਿਪੋਰਟ ਸੌਂਪ ਦਿੱਤੀ ਸੀ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਟਨਾ ਸਾਹਿਬ ਬੋਰਡ ਕਮੇਟੀ ਨੂੰ ਅਸਤੀਫ਼ਾ ਪ੍ਰਵਾਨ ਕਰਨ ਉਪਰੰਤ ਤਖ਼ਤ ਸਾਹਿਬ ਦੇ ਪ੍ਰਬੰਧ ਲਈ ਅਗਲਾ ਪ੍ਰਬੰਧ ਕਰਨ ਲਈ ਲਿਖਤੀ ਰੂਪ ਵਿਚ ਆਦੇਸ਼ ਜਾਰੀ ਕੀਤੇ ਸਨ। ਇਸੇ ਸਬੰਧ ਵਿਚ ਤਖ਼ਤ ਸਾਹਿਬ ਦੇ ਜਨਰਲ ਸਕੱਤਰ ਮੋਹਿੰਦਰ ਸਿੰਘ ਢਿੱਲੋਂ ਨੇ ਗਿਆਨੀ ਇਕਬਾਲ ਸਿੰਘ ਦਾ ਅਸਤੀਫ਼ਾ ਵੀ ਨਾ-ਮਨਜ਼ੂਰ ਕਰ ਕੇ ਪੱਤਰ ਜਾਰੀ ਕੀਤਾ ਅਤੇ ਬੋਰਡ ਕਮੇਟੀ ਦੀਆਂ ਹੋਣ ਵਾਲੀਆਂ 5 ਮਾਰਚ ਅਤੇ 14 ਮਾਰਚ ਦੀਆਂ ਇਕੱਤਰਤਾਵਾਂ ਨੂੰ ਵੀ ਰੱਦ ਕਰਨ ਦੇ ਪੱਤਰ ਜਾਰੀ ਕੀਤੇ ਹਨ।
ਇਸ ਇਕੱਤਰਤਾ ਸਮੇਂ ਪ੍ਰਧਾਨ ਹਿੱਤ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਮੀਤ ਪ੍ਰਧਾਨ ਇੰਦਰਜੀਤ ਸਿੰਘ, ਮੈਂਬਰ ਸੁਰਿੰਦਰ ਸਿੰਘ, ਕਮਿਕਰ ਸਿੰਘ, ਰਾਜਾ ਸਿੰਘ, ਲਖਬੀਰ ਸਿੰਘ, ਤਰਲੋਚਨ ਸਿੰਘ, ਹਰਬੰਸ ਸਿੰਘ, ਜਗਜੋਤ ਸਿੰਘ ਆਦਿ ਮੌਜੂਦ ਸਨ। ਇਸ ਸਮੇਂ ਗਿਆਨੀ ਰਜਿੰਦਰ ਸਿੰਘ ਨੂੰ ਕਮੇਟੀ ਮੈਂਬਰਾਂ ਵੱਲੋਂ ਸਿਰੋਪਾਓ ਦੇ ਕੇ ਕਾਰਜਕਾਰੀ ਜਥੇਦਾਰ ਦੀਆਂ ਸੇਵਾਵਾਂ ਸੌਂਪ ਦਿੱਤੀਆਂ ਗਈਆਂ।
ਕੈਪਸ਼ਨ : ਗਿਆਨੀ ਰਜਿੰਦਰ ਸਿੰਘ ਨੂੰ ਸਿਰੋਪਾਓ ਦੇ ਕੇ ਕਾਰਜਕਾਰੀ ਜਥੇਦਾਰ ਦੀਆਂ ਸੇਵਾਵਾਂ ਸੌਂਪਦੇ ਹੋਏ।
from Punjabi News -punjabi.jagran.com https://ift.tt/2VDF96Y
via IFTTT
No comments:
Post a Comment