ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫਿਰੋਜ਼ਪੁਰ ਦੇ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਆਪਰੇਸ਼ਨ ਬਲੂ ਸਟਾਰ ਵੇਲੇ ਫ਼ੌਜ ਵੱਲੋਂ ਕਬਜ਼ੇ ਵਿਚ ਲਏ ਗਏ ਇਤਿਹਾਸਕ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਦਸਤਾਵੇਜ਼ਾਂ ਅਤੇ ਹੋਰ ਸਾਮਾਨ ਦੀ ਸੂਚੀ ਮੰਗੀ ਹੈ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਬਾਬਤ ਇਕ ਅਹਿਮ ਬੈਠਕ 13 ਜੂਨ ਨੂੰ ਬੁਲਾਈ ਹੈ। ਇਹ ਸਾਰੀ ਕਾਰਵਾਈ ਉਦੋਂ ਅਮਲ ਵਿਚ ਆ ਰਹੀ ਹੈ ਜਦੋਂ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਅਮਿਤ ਸ਼ਾਹ ਨਾਲ ਦਿੱਲੀ ਵਿਚ ਮੁਲਾਕਾਤ ਕਰ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਦਸਤਾਵੇਜ਼ ਵਾਪਸ ਕਰਨ ਦੀ ਮੰਗ ਮੁੜ ਦੁਹਰਾਈ ਸੀ। ਆਪਰੇਸ਼ਨ ਬਲੂ ਸਟਾਰ ਨੂੰ ਵਾਪਰਿਆਂ 35 ਵਰ੍ਹੇ ਹੋ ਚੱਲੇ ਹਨ ਪਰ ਇਸ ਦੇ ਜ਼ਖ਼ਮ ਅੱਜ ਵੀ ਅੱਲੇ ਹਨ। ਦੱਸਿਆ ਜਾਂਦਾ ਹੈ ਕਿ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਪਹਿਲਾਂ ਸਥਾਪਤ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ 15 ਸੌ ਤੋਂ ਵੱਧ ਹੱਥ ਲਿਖਤ ਖਰੜੇ ਅਤੇ ਹੋਰ ਬੇਸ਼ਕੀਮਤੀ ਸਾਮਾਨ ਮੌਜੂਦ ਸੀ। ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਹੱਥ ਲਿਖਤ ਵੀ ਸੀ। ਇਸ ਤੋਂ ਇਲਾਵਾ ਕਈ ਦੁਰਲਭ ਹੱਥ ਲਿਖਤਾਂ ਵੀ ਸ਼ਾਮਲ ਸਨ ਪਰ ਵੱਖ-ਵੱਖ ਹਵਾਲਿਆਂ ਅਤੇ ਸ੍ਰੋਤਾਂ ਤੋਂ ਪਤਾ ਲੱਗਦਾ ਹੈ ਕਿ ਆਪਰੇਸ਼ਨ ਬਲੂ ਸਟਾਰ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਦਸਤਾਵੇਜ਼ ਤੇ ਬੇਸ਼ਕੀਮਤੀ ਸਾਮਾਨ 5 ਤੋਂ 7 ਜੂਨ ਦੇ ਵਿਚਾਲੇ ਜਾਂ ਤਾਂ ਫ਼ੌਜ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ ਜਾਂ ਫਿਰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਇਸ ਮਾਮਲੇ ਵਿਚ ਸਭ ਤੋਂ ਪਹਿਲਾਂ ਪਰਦਾ ਚੁੱਕਿਆ ਸੀਬੀਆਈ ਦੇ ਸਾਬਕਾ ਅਧਿਕਾਰੀ ਰਣਜੀਤ ਸਿੰਘ ਨੰਦਾ ਨੇ। ਉਨ੍ਹਾਂ ਖ਼ੁਲਾਸਾ ਕੀਤਾ ਸੀ ਕਿ ਆਪਰੇਸ਼ਨ ਦੌਰਾਨ ਅੰਮ੍ਰਿਤਸਰ ਸਥਿਤ ਯੂਥ ਹੋਸਟਲ ਵਿਚ ਰੈਫਰੈਂਸ ਲਾਇਬ੍ਰੇਰੀ ਦਾ ਕਾਫੀ ਸਾਮਾਨ ਪਹੁੰਚਾਇਆ ਗਿਆ ਸੀ। ਸੀਬੀਆਈ ਨੇ ਇਸ ਮਾਮਲੇ 'ਤੇ 2004 ਵਿਚ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਉਸ ਨੇ ਐੱਸਜੀਪੀਸੀ ਦਾ ਸਾਰਾ ਖ਼ਜ਼ਾਨਾ ਮੋੜ ਦਿੱਤਾ ਸੀ। ਕਈ ਸ੍ਰੋਤਾਂ ਤੋਂ ਇਸ ਦੀ ਪੁਸ਼ਟੀ ਵੀ ਹੁੰਦੀ ਹੈ ਪਰ ਇਸ ਦੇ ਬਾਵਜੂਦ ਹੋਰ ਕਿੰਨਾ ਸਾਮਾਨ ਫ਼ੌਜ ਜਾਂ ਸੀਬੀਆਈ ਕੋਲ ਹੈ, ਇਸ ਨੂੰ ਲੈ ਕੇ ਨਾ ਸਿਰਫ਼ ਕੇਂਦਰ ਸਰਕਾਰ ਬਲਕਿ ਖ਼ੁਦ ਐੱਸਜੀਪੀਸੀ ਵੀ ਭੰਬਲਭੂਸੇ ਵਿਚ ਹੈ। ਇਸ ਮਾਮਲੇ ਵਿਚ ਐੱਸਜੀਪੀਸੀ ਅਧਿਕਾਰੀਆਂ 'ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਹਨ। ਅਸਲ ਵਿਚ ਹੱਥ ਲਿਖਤ ਖਰੜੇ ਅਤੇ ਦੁਰਲਭ ਦਸਤਾਵੇਜ਼ ਕਿਸੇ ਵੀ ਕੌਮ ਦਾ ਬੌਧਿਕ ਸਰਮਾਇਆ ਹੁੰਦਾ ਹੈ। ਇਸ ਵਿਚ ਕੌਮਾਂ ਦਾ ਇਤਿਹਾਸ ਤੇ ਦਰਸ਼ਨ ਸਮਾਇਆ ਹੁੰਦਾ ਹੈ। ਇਸ ਤੋਂ ਨਸਲ ਦਰ ਨਸਲ ਸੇਧ ਮਿਲਦੀ ਰਹਿੰਦੀ ਹੈ। ਪੱਛਮ ਵਿਚ ਸੈਂਕੜੇ ਜੰਗਾਂ ਦੇ ਬਾਵਜੂਦ ਹਜ਼ਾਰਾਂ ਸਾਲ ਪੁਰਾਣੇ ਦਸਤਾਵੇਜ਼, ਹੱਥ ਲਿਖਤ ਖਰੜੇ ਇਮਾਰਤਾਂ ਆਦਿ ਦੀ ਸਾਂਭ-ਸੰਭਾਲ ਵੱਲ ਅੱਜ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਪੰਜਾਬੀਆਂ ਦੀ ਇਹ ਤ੍ਰਾਸਦੀ ਹੈ ਕਿ ਉਨ੍ਹਾਂ ਨੇ ਇਤਿਹਾਸ ਬਣਾਏ ਤਾਂ ਬਹੁਤ ਹਨ ਪਰ ਸੰਭਾਲਣ ਵਾਲੇ ਪਾਸੇ ਘੱਟ ਹੀ ਉਪਰਾਲੇ ਕੀਤੇ ਹਨ। ਇਹੋ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਮਾਮਲੇ ਵਿਚ ਵੀ ਹੋਇਆ। ਇਹ ਇਕ ਬਹੁਤ ਹੀ ਅਹਿਮ ਤੇ ਸੰਵੇਦਨਸ਼ੀਲ ਮਸਲਾ ਹੈ ਜਿਸ ਨੂੰ ਸੁਹਿਰਦਤਾ ਨਾਲ ਹੱਲ ਕਰਨ ਦੀ ਲੋੜ ਹੈ ਪਰ ਸਮੱਸਿਆ ਇਹ ਹੈ ਕਿ ਇਸ ਨੂੰ ਹੱਲ ਕਰਨ ਦੀ ਥਾਂ ਹਮੇਸ਼ਾ ਇਸ 'ਤੇ ਸਿਆਸੀ ਰੋਟੀਆਂ ਹੀ ਸੇਕੀਆਂ ਜਾਂਦੀਆਂ ਰਹੀਆਂ ਹਨ। ਇਸ ਕਾਰਨ ਹੀ ਇਹ ਮਸਲਾ ਸੁਲਝਣ ਦੀ ਬਜਾਏ ਹੋਰ ਉਲਝਦਾ ਜਾ ਰਿਹਾ ਹੈ। ਕੇਂਦਰ ਸਰਕਾਰ, ਐੱਸਜੀਪੀਸੀ ਸਮੇਤ ਇਸ ਵਿਚ ਸ਼ਾਮਲ ਬਾਕੀ ਏਜੰਸੀਆਂ ਤੇ ਸੰਸਥਾਵਾਂ ਇਹ ਯਕੀਨੀ ਬਣਾਉਣ ਕਿ ਹੁਣ ਸਿੱਖਾਂ ਨੂੰ ਉਨ੍ਹਾਂ ਦਾ ਬੌਧਿਕ ਸਰਮਾਇਆ ਹਾਸਲ ਹੋ ਹੀ ਜਾਵੇ।
from Punjabi News -punjabi.jagran.com http://bit.ly/2X39OPt
via IFTTT
Wednesday, June 12, 2019
ਸਿੱਖਾਂ ਦਾ ਬੌਧਿਕ ਸਰਮਾਇਆ
Subscribe to:
Post Comments (Atom)
No comments:
Post a Comment