Responsive Ads Here

Wednesday, July 31, 2019

ਸ਼ਾਰਜਾਹ ਦੁਬਈ ਦੀ ਵੱਖੀ 'ਚ ਵਸਿਆ ਅਮੀਰਾਤ

ਸ਼ਾਰਜਾਹ ਦੁਬਈ ਦੀ ਵੱਖੀ ਵਿਚ ਵਸਿਆ ਅਮੀਰਾਤ ਹੈ। ਪਤਾ ਹੀ ਨਹੀਂ ਲਗਦਾ ਕਦ ਦੁਬਈ ਖ਼ਤਮ ਹੁੰਦੈ ਅਤੇ ਕਦ ਸ਼ਾਰਜਾਹ ਸ਼ੁਰੂ ਹੋ ਜਾਂਦੈ। ਦੁਬਈ ਅਮੀਰਾਤ ਵਾਲੇ ਪਾਸਿਉਂ ਸੜਕ ਰਾਹੀਂ ਜਾਈਏ ਤਾਂ ਬਸ ਇਕ ਪੁਲ ਕੋਲ ਆ ਕੇ ਦੋਵੇਂ ਮੁਲਕਾਂ ਦੇ ਖੇਤਰ ਕਰਮਵਾਰ ਖ਼ਤਮ ਅਤੇ ਅਰੰਭ ਹੋ ਜਾਂਦੇ ਹਨ। ਪੁਲ਼ ਦੇ ਉਰਲੇ ਪਾਸੇ ਤਕ ਦੁਬਈ ਹੈ ਅਤੇ ਪੁਲ਼ ਪਾਰ ਕਰਦਿਆਂ ਸ਼ਾਰਜਾਹ। ਜੇ ਕਾਰ ਦਾ ਡਰਾਈਵਰ ਸ਼ਕੀਲ਼ ਨਾਂ ਦੱਸਦਾ ਤਾਂ ਸਾਨੂੰ ਪਤਾ ਹੀ ਨਹੀਂ ਸੀ ਲਗਣਾ ਕਿ ਇਕ ਮੁਲਕ ਦੀ ਹੱਦ ਮੁਕ ਗਈ ਹੈ ਅਤੇ ਦੂਸਰੇ ਦੀ ਸ਼ੁਰੂ ਹੋ ਗਈ ਹੈ।

ਸੰਯੁਕਤ ਅਰਬ ਅਮੀਰਾਤ ਦੇ ਸੱਤ ਅਮੀਰਾਤਾਂ ਵਿਚੋਂ ਸ਼ਾਰਜਾਹ ਹੀ ਇਕ ਅਜਿਹਾ ਅਮੀਰਾਤ ਹੈ ਜੋ ਦੋ ਖਾੜੀਆਂ ਦਾ ਸ਼ਾਹ ਸਵਾਰ ਹੈ। ਭਾਵੇਂ ਮੁਹਾਵਰਤਨ ਦੋ ਬੇੜੀਆਂ ਦਾ ਸਵਾਰ ਕਿਸੇ ਬੰਨ੍ਹੇ ਕੰਢੇ ਨਹੀਂ ਲਗਦਾ ਪਰ ਦੋ ਖਾੜੀਆਂ ਦਾ ਸਵਾਰ ਸ਼ਾਰਜਾਹ ਖੁਬ ਮੌਲ ਵਿਗਸ ਰਿਹੈ! ਇਕ ਪਾਸੇ ਇਸ ਨਾਲ ਪਰਸ਼ੀਅਨ ਗਲਫ਼ (ਫਾਰਸ ਦੀ ਖਾੜੀ) ਦਾ ਤੱਟੀ ਇਲਾਕਾ ਅਤੇ ਦੂਸਰੇ ਪਾਸੇ ਓਮਾਨ ਦੀ ਖਾੜੀ ਦਾ ਤੱਟੀ ਇਲਾਕਾ ਲਗਦੈ। ਇਸ ਦੀ ਸਰਹੱਦ ਦੱਖਣ ਵਲ ਦੁਬਈ, ਉੱਤਰ ਵਲ ਆਜਮਨ ਤੇ ਉਮ-ਅਲ-ਕੁਵੈਨ ਅਤੇ ਪੂਰਬ ਵਲ ਰਸ-ਅਲ-ਖੈਮਾਹ ਅਮੀਰਾਤਾਂ ਨਾਲ ਲਗਦੀ ਹੈ। ਸ਼ਾਰਜਾਹ ਸੰਯੁਕਤ ਅਰਬ ਅਮੀਰਾਤ ਦਾ ਆਬਾਦੀ ਅਤੇ ਇਲਾਕੇ ਵਜੋਂ ਤੀਸਰਾ ਵੱਡਾ ਸ਼ਹਿਰ ਅਤੇ ਅਮੀਰਾਤ ਹੈ।

ਵਿਕੀਪੀਡੀਆ ਅਨੁਸਾਰ ਇਸ ਦੀ ਆਬਾਦੀ 1.4 ਮਿਲੀਅਨ ਅਤੇ ਖੇਤਰਫਲ 2,590 ਵਰਗ ਕਿਲੋ ਮੀਟਰ ਹੈ। ਇਸ ਦੀ ਵਸੋਂ ਵਿਚ 87 ਫ਼ੀਸਦੀ ਪਰਵਾਸੀ ਹਨ। ਇਹ ਐਮੀਰੇਟ ਆਫ ਸ਼ਾਰਜਾਹ ਦੀ ਰਾਜਧਾਨੀ ਹੈ ਅਤੇ ਅਮੀਰਾਤ ਦਾ ਸਭ ਤੋਂ ਖ਼ੁਸ਼ਹਾਲ ਸ਼ਹਿਰ ਹੈ। ਸ਼ਾਰਜਾਹ ਨੂੰ ਖਾੜੀ ਦਾ ਰਤਨ ਅਤੇ ਯੂ.ਏ.ਈ. ਦਾ ਵੈਨਿਸ ਵੀ ਕਿਹਾ ਜਾਂਦੈ। ਸ਼ਾਰਜਾਹ ਵਿਚ ਮਾਨਵ-ਵਸੇਬਾ ਹਜ਼ਾਰਾਂ ਸਾਲਾਂ ਤੋਂ ਦੱਸਿਆ ਜਾਂਦੈ। ਪਰ ਅਠਾਰਵੀਂ ਸਦੀ ਵਿਚ ਕਵਾਸਿਮ ਕਲੈਨ, ਜੋ ਹੁਵਾਯਲਾ ਕਬੀਲੇ 'ਚੋਂ ਸੀ, ਨੇ ਆਪਣੇ ਆਪ ਨੂੰ ਇਸ ਜਗਾਹ ਸਥਾਪਤ ਕਰ ਲਿਆ। 1727 ਵਿਚ ਇਸ ਕਬੀਲੇ ਨੇ ਆਪਣੀ ਆਜ਼ਾਦ ਹਸਤੀ ਐਲਾਨ ਕਰ ਦਿਤੀ। 8 ਜਨਵਰੀ 1820 ਨੂੰ ਸ਼ੇਖ ਸੁਲਤਾਨ 1 ਨੇ ਬਰਤਾਨੀਆਂ ਨਾਲ ਇਕ ਸੰਧੀ ਕੀਤੀ ਜਿਸ ਨਾਲ ਇਸ ਨੂੰ ਸਮੁੰਦਰੀ ਪਾਣੀਆਂ ਵਿਚ ਔਟੋਮਨ ਟਰਕਾਂ ਤੋਂ ਹਿਫਾਜ਼ਤ ਮਿਲ ਗਈ ਅਤੇ ਇਸ ਦਾ ਹਿੰਦ ਮਹਾਂਸਾਗਰ ਵਾਲਾ ਰੂਟ ਸੁਰੱਖਿਅਤ ਹੋ ਗਿਆ। ਚਿਰਾਂ ਤੋਂ ਸ਼ਾਰਜਾਹ ਉੱਪਰ ਅਲ ਕਾਸਿਮੀ ਵੰਸ਼ ਰਾਜ ਕਰਦਾ ਆ ਰਿਹੈ। ਅੱਜ ਕੱਲ੍ਹ ਇਸ ਦਾ ਹਾਕਮ ਸ਼ੇਖ ਡਾ. ਸੁਲਤਾਨ ਬਿਨ ਮੁਹੰਮਦ ਅਲ ਕਾਸਿਮੀ ਹੈ ਜੋ ਆਪ ਇਕ ਲੇਖਕ ਅਤੇ ਇਤਿਹਾਸਕਾਰ ਵੀ ਹੈ।

2 ਦਸੰਬਰ 1971 ਨੂੰ ਸ਼ਾਰਜਾਹ ਐਕਟ ਆਫ ਯੂਨੀਅਨ ਵਿਚ ਸ਼ਾਮਲ ਹੋ ਕੇ ਅਬੂ ਧਾਬੀ, ਦੁਬਈ, ਆਜਮਨ, ਉਮ-ਅਲ-ਕੁਵੈਨ ਅਤੇ ਫੁਜੈਰਾਹ ਸਮੇਤ ਸੰਯੁਕਤ ਅਰਬ ਅਮੀਰਾਤ ਦਾ ਭਾਗ ਬਣ ਗਿਆ। ਸੱਤਵਾਂ ਅਮੀਰਾਤ ਰਸ ਅਲ ਖੈਮਾਹ 10 ਫਰਵਰੀ 1972 ਵਿਚ ਯੂ.ਏ.ਈ. ਵਿਚ ਸ਼ਾਮਲ ਹੋਇਆ।

ਸ਼ਾਰਜਾਹ ਦੇ ਨਾਮਕਰਨ ਦੀਆਂ ਵੱਖ- ਵੱਖ ਥਿਊਰੀਆਂ ਹਨ। ਸੁਲਤਾਨ ਅਲ ਓਮੈਮੀ, ਜੋ ਯੂ.ਏ.ਈ. ਦਾ ਕਵੀ ਅਤੇ ਲੋਕ-ਸਾਹਿਤ ਦਾ ਖੋਜੀ ਹੈ, ਅਨੁਸਾਰ ਇਸਲਾਮ ਧਰਮ ਦੀ ਆਮਦ ਤੋਂ ਪਹਿਲਾਂ (ਪ੍ਰੀ-ਇਸਲਾਮਿਕ ਪੀਰੀਅਡ) ਅੰਦਾਜ਼ਨ ਇਥੇ 'ਅਬਦ- ਅਲ- ਸ਼ਰਕ' ਨਾਮੀ ਦੇਵ ਦੀ ਪੁਜਾ ਹੁੰਦੀ ਸੀ ਜਿਸ ਕਾਰਨ ਇਹ ਨਾਮ ਪਿਆ। ਪਰ ਇਸਲਾਮ ਦੀ ਆਮਦ ਉਪਰੰਤ ਇਹ ਸਭ ਕੁਝ ਬੰਦ ਹੋ ਗਿਆ ਕਿਉਂਕਿ ਇਸਲਾਮ ਵਿਚ ਅਜਿਹੀ ਪੂਜਾ ਦੀ ਪਾਬੰਦੀ ਹੈ। ਇਸ ਲਈ ਇਹ ਥਿਊਰੀ ਵੀ ਕੋਈ ਬਹੁਤੀ ਪਰਵਾਨਿਤ ਨਹੀਂ ਮੰਨੀ ਜਾਂਦੀ। ਬਹੁਤੇ ਖੋਜੀ ਸ਼ਾਰਜਾਹ ਦੇ ਨਾਮ ਨੂੰ ਇਸ ਤੱਥ ਨਾਲ ਜੋੜਦੇ ਹਨ ਕਿ ਇਹ ਆਬੂ ਧਾਬੀ ਅਤੇ ਦੁਬਈ, ਜੋ ਸੰਯੁਕਤ ਅਰਬ ਅਮੀਰਾਤ ਦੇ ਦੋ ਸਭ ਤੋਂ ਵੱਡੇ ਅਤੇ ਅਮੀਰ ਦੇਸ਼ ਹਨ, ਦੇ 'ਸ਼ਰਕ' (ਪੂਰਬ) ਵਿਚ ਸਥਿੱਤ ਹੈ ਇਸ ਕਰਕੇ ਇਸ ਨੂੰ ਸ਼ਾਰਜਾਹ ਕਿਹਾ ਜਾਂਦੈ। ਸ਼ਾਰਜਾਹ ਦਾ ਅਰੈਬਿਕ ਕਲਾਸੀਕਲ ਰੂਪ ਵੀ ਅਲ ਸ਼ਰੇਕਾਹ ਹੈ ਜੋ ਅਲ ਸ਼ਾਰਜਾਹ ਦਾ ਲੌਕਿਕ/ਬੋਲਚਾਲੀ ਰੂਪ ਹੈ।

ਸ਼ਾਰਜਾਹ ਨੂੰ ਸੰਯੁਕਤ ਅਰਬ ਅਮੀਰਾਤ ਦੀ ਸੱਭਿਆਚਾਰਕ ਰਾਜਧਾਨੀ ਕਿਹਾ ਜਾਂਦੈ। ਇਹ ਮੁਲਕ ਦੇ ਮੂਲ, ਅਰਬੀ ਜੀਵਨ ਜਾਚ ਅਤੇ ਇਸਲਾਮਿਕ ਕਲਚਰ ਨੂੰ ਆਪਣੀ ਅਮੀਰ ਵਿਰਾਸਤ, ਇਤਿਹਾਸ, ਸ਼ਾਨਦਾਰ ਮਸਜਿਦਾਂ, ਕਲਾ, ਅਜਾਇਬ ਘਰਾਂ, ਪੁਰਾਤਤਵ ਪੱਖਾਂ, ਸਾਹਿਲੀ ਜਨ-ਜੀਵਨ, ਸੱਭਿਅਕ ਸਾਂਭ-ਸੰਭਾਲ ਅਤੇ ਸਖ਼ਤ ਇਸਲਾਮਿਕ ਕਨੂੰਨਾਂ ਰਾਹੀਂ ਦਰਸਾਉਂਦਾ ਹੈ। ਸ਼ਾਰਜਾਹ ਮਿਊੂਜ਼ੀਅਮ ਡਿਪਾਰਟਮੈਂਟ ਅਰਬ ਸੰਸਾਰ ਨੂੰ ਪ੍ਰਗਟਾਉਂਦੇ ਦਰਜਨ ਤੋਂ ਵਧ ਅਜਾਇਬ ਘਰਾਂ ਦੀ ਦੇਖ ਰੇਖ ਕਰਦਾ ਹੈ। ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਤ ਕਰਨ ਲਈ ਡਾਇਰੈਕਟੋਰੇਟ ਆਫ ਹੈਰੀਟੇਜ ਸਥਾਪਤ ਹੈ।

1998 ਵਿਚ ਯੁਨੈਸਕੋ ਨੇ ਇਸ ਨੂੰ 'ਕਲਚਰਲ ਕੈਪੀਟਲ ਆਫ ਦਾ ਅਰਬ ਵਰਲਡ'(ਅਰਬੀ ਦੁਨੀਆ ਦੀ ਸੱਭਿਆਚਾਰਕ ਰਾਜਧਾਨੀ) ਐਵਾਰਡ ਦਿੱਤਾ। 2016 ਵਿਚ ਵਿਸ਼ਵ ਸਿਹਤ ਸੰਸਥਾ (ਡਬਲਯੂ.ਐੱਚ.ਓ.) ਨੇ ਸ਼ਾਰਜਾਹ ਨੂੰ 'ਸਿਹਤਮੰਦ ਸ਼ਹਿਰ' ਦਾ ਖਿਤਾਬ ਅਦਾ ਕੀਤਾ। ਮੁਲਕ ਵਿਚ ਸ਼ਰਾਬ ਦਾ ਸੇਵਨ ਮੁਕੰਮਲ ਰੂਪ ਵਿਚ ਮਨ੍ਹਾ ਹੈ, ਹੋਟਲਾਂ, ਰੈਸਟੋਰੈਂਟਾਂ ਵਿਚ ਵੀ। ਇਥੋਂ ਤਕ ਕਿ ਜੇ ਘਰ ਵਿਚ ਵੀ ਸ਼ਰਾਬ ਦਾ ਸੇਵਨ ਕਰਨਾ ਹੋਵੇ ਤਾਂ 'ਅਲਕੋਹਲ ਲਾਈਸੈਂਸ' ਚਾਹੀਦੈ। ਇਥੇ 'ਡੀਸੈਂਸੀ ਲਾਅਜ਼'(ਸ਼ੋਭਨੀਕ ਰਹਿਣ-ਸਹਿਣ ਦੇ ਢੰਗ ਤਰੀਕੇ ਦੱਸਣ ਵਾਲੇ ਨਿਯਮ) ਲਾਗੂ ਹਨ। ਇਨ੍ਹਾਂ ਤਹਿਤ ਔਰਤਾਂ ਮਰਦਾਂ ਲਈ ਇਕ ਰਵਾਇਤੀ ਡਰੈੱਸ ਕੋਡ ਲਾਗੂ ਹੈ। ਅਣਵਿਆਹੇ ਔਰਤਾਂ ਮਰਦਾਂ ਦਾ ਮੇਲ ਜੋਲ ਗ਼ੈਰ ਕਨੂੰਨੀ ਹੈ। ਇਸ ਕਰਕੇ ਸ਼ਾਰਜਾਹ ਨੂੰ ਰੂੜੀਵਾਦੀ ਵੀ ਕਿਹਾ ਜਾਂਦੈ।

ਖੁੱਲ੍ਹੇ-ਖੁਲਾਸੇ ਸੁਭਾਅ ਵਾਲੇ ਸੈਲਾਨੀ ਇਸ ਥਾਂ ਜਾਣ ਤੋਂ ਕਤਰਾਉਂਦੇ ਹਨ ਪਰ ਇਸਲਾਮਿਕ ਸੈਲਾਨੀ ਅਤੇ ਸ਼ਰਧਾਲੂ ਇਸ ਜਗ੍ਹਾ ਨੂੰ ਬਹੁਤ ਪਸੰਦ ਕਰਦੇ ਹਨ। ਸ਼ਾਰਜਾਹ ਉੱਪਰ ਇਕ ਮਲਿਆਲਮ ਫਿਲਮ 'ਸ਼ਾਰਹਾਹ ਟੂ ਸ਼ਾਰਜਾਹ' ਵੀ ਬਣ ਚੁੱਕੀ ਹੈ। ਇਥੋਂ ਦੇ ਪ੍ਰਸਿੱਧ ਸੈਲਾਨੀ ਸਥਾਨ ਕਈ ਹਿੰਦੀ ਫਿਲਮਾਂ ਵਿਚ ਵੀ ਦਿਖਾਏ ਗਏ ਹਨ।

19ਵੀਂ ਸਦੀ ਅਤੇ 20ਵੀਂ ਸਦੀ ਦੇ ਪਹਿਲੇ ਪਹਿਲ ਸ਼ਾਰਜਾਹ ਮੋਤੀਆਂ ਅਤੇ ਮੱਛੀ ਦੇ ਕਾਰੋਬਾਰ ਲਈ ਪ੍ਰਸਿੱਧ ਬੰਦਰਗਾਹ ਸੀ। ਇਥੇ ਮੱਛੀ ਫੜਨ ਅਤੇ ਮੋਤੀਆਂ ਦੀ ਭਾਲ ਵਿਚ ਆਉਂਦੇ ਸਮੁੰਦਰੀ ਬੇੜਿਆਂ ਵਿਚ ਅਕਸਰ ਟਕਰਾਓ ਹੁੰਦਾ ਰਹਿੰਦਾ ਸੀ। ਰਾਜਸ਼ਾਹੀ ਵੇਲੇ ਕਈ ਬਗਾਵਤਾਂ ਵੀ ਹੋਈਆਂ। ਫਿਰ ਸ਼ਾਰਜਾਹ ਉਦਯੋਗ, ਵਣਜ-ਵਪਾਰ, ਟੂਰਿਜ਼ਮ ਅਤੇ ਇਸਲਾਮਿਕ ਵਿਰਾਸਤ ਦੇ ਤੌਰ 'ਤੇ ਉਭਰਿਆ। ਭੁਗੋਲਿਕ ਤੌਰ 'ਤੇ ਇਹ ਬਹੁਤ ਲਾਹੇਵੰਦ ਢੰਗ ਨਾਲ ਸਥਿਤ ਹੈ। ਇਸ ਨੂੰ ਦੋ ਖਾੜੀਆਂ ਉੱਪਰ ਭੂ-ਖੇਤਰ ਹੋਣ ਦੇ ਲਾਭ ਤੋਂ ਇਲਾਵਾ ਇਥੇ ਮਹੱਤਵਪੂਰਨ ਨਖਲਿਸਤਾਨ ਦਾ ਇਲਾਕਾ ਵੀ ਹੈ ਅਤੇ ਉਪਜਾਊ 'ਧਾਇਦ' ਖਿੱਤਾ ਵੀ ਜਿਥੇ ਸਬਜ਼ੀਆਂ, ਫਲਾਂ ਦੀ ਖੇਤੀ ਅਤੇ ਪਾਮ ਪਲਾਂਟੇਸ਼ਨ ਹੁੰਦੀ ਹੈ। ਪਰਸ਼ੀਅਨ ਗਲਫ਼ ਨਾਲ ਦੇ ਮੁੱਖ ਖਿੱਤਿਆਂ ਤੋਂ ਇਲਾਵਾ ਇਸ ਦੇ ਗਲਫ਼ ਆਫ ਓਮਾਨ ਨਾਲ 3 ਐਨਕਲੇਵਾਂ ਕਲਬਾ, ਦਿਬਾ-ਅਲ-ਹਿਸਨ, ਖੋਰ ਫਕਨ ਹਨ ਜੋ ਸ਼ਾਰਜਾਹ ਨੂੰ ਮੁੱਖ ਪੁਰਬੀ ਤੱਟੀ ਬੰਦਰਗਾਹ ਦੀ ਪਹੁੰਚ ਪ੍ਰਦਾਨ ਕਰਦੇ ਹਨ। ਪਰਸ਼ੀਅਨ ਗਲਫ਼ ਵਿਚ ਸਰ ਅਬੂ ਨੂਆਯਰ ਨਾਮ ਦਾ ਟਾਪੂ ਅਤੇ ਫੁਜੈਰਾਹ ਅਮੀਰਾਤ ਦੀ ਹੱਦ ਨਾਲ ਲਗਦੀ ਐਨਕਲੇਵ ਦਾ 'ਨਾਹਵਾ' ਨਾਂ ਦਾ ਪਿੰਡ ਇਸ ਦੀ ਮਲਕੀਅਤ ਹਨ।

ਇਸਲਾਮਿਕ ਡਿਜ਼ਾਈਨ ਵਾਲੀ ਮੁੱਖ ਸੂਖ (ਸਾਊਕ) 'ਬਲੂ ਸੂਖ'(ਸੈਂਟਰਲ ਮਾਰਕਿਟ)/ 'ਸੂਖ ਅਲ ਮਰਕਜ਼ੀ' ਖਰੀਦੋ-ਫਰੋਖਤ ਕਰਨ ਵਾਲਿਆਂ ਦਾ ਸਵਰਗ ਹਨ,'ਸੂਖ ਅਲ ਅਰਸਾ' ਯੂ.ਏ.ਈ. ਦੀ ਸਭ ਤੋਂ ਪੁਰਾਣੀ ਸੂਖ(ਮਾਰਕਿਟ) ਸਮਝੀ ਜਾਂਦੀ ਹੈ। ਹੋਰ ਵੀ ਕਈ ਸ਼ਾਪਿੰਗ ਮੌਲ ਹਨ। ਇਕੱਲੀ ਬਲੂ ਸੂਖ ਹੀ ਸਾਰਾ ਦਿਨ ਖਪਾ ਸਕਦੀ ਹੈ। ਦੁਨੀਆ ਭਰ ਦਾ ਸਾਜ਼ੋ-ਸਮਾਨ, ਗਹਿਣਾ-ਗੱਟਾ ਅਤੇ ਹੋਰ ਕੀਮਤੀ ਵਸਤਾਂ ਇਥੇ ਉਪਲਬਧ ਹਨ। ਅਲ ਮੋਂਟੇਜ਼ਾਹ ਫਨ ਪਾਰਕ, ਅਲ ਨੂਰ ਮੌਸਕ ਸਮੇਤ ਅਨੇਕਾਂ ਆਲੀਸ਼ਾਨ ਮਸਜਿਦਾਂ,'ਆਈ ਆਫ ਦਾ ਐਮੀਰੇਟ' ਦਾ ਵਿਸ਼ਾਲ, ਦਿਉ-ਕੱਦ ਚਰਖੀਦਾਰ ਚੰਡੋਲ/ਝੂਲਾ, ਸ਼ਾਰਜਾਹ ਮਿਊਜ਼ੀਅਮ ਆਫ ਇਸਲਾਮਿਕ ਸਿਵਿਲਾਈਜ਼ੇਸ਼ਨ, ਸ਼ਾਰਜਾਹ ਹੈਰੀਟੇਜ ਮਿਊੂਜ਼ੀਅਮ ਆਦਿ ਕਈ ਹੋਰ ਦੇਖਣਯੋਗ ਆਕਰਸ਼ਕ ਥਾਵਾਂ ਹਨ। ਰਸ਼ ਵੇਲੇ ਸ਼ਾਰਜਾਹ ਦੀਆਂ ਸੜਕਾਂ ਉਪਰ ਭੀੜ ਭੜੱਕਾ ਰਹਿੰਦਾ ਹੈ ਖ਼ਾਸ ਕਰ ਕੇ ਦੁਬਈ ਨੂੰ ਆਉਣ-ਜਾਣ ਵਾਲੀਆਂ ਸੜਕਾਂ ਉਪਰ।

ਸ਼ਾਰਜਾਹ ਯੂ.ਏ.ਈ. ਦੀ ਰਾਜਧਾਨੀ ਅਬੂ ਧਾਬੀ ਤੋਂ ਸੜਕ ਰਸਤੇ 170 ਕਿਲੋਮੀਟਰ ਦੀ ਦੂਰੀ 'ਤੇ ਹੈ। ਪਰ ਦੁਬਈ ਦੇ ਬਿਲਕੁਲ ਮੁੱਢ ਹੈ, ਇਸ ਦੀ ਉੱਤਰੀ ਵੱਖੀ ਵਿਚ ਸਿਰਫ 35.3 ਕਿਲੋਮੀਟਰ ਦੀ ਦੂਰੀ ਉਪਰ ਸਥਿੱਤ ਹੈ ਜੋ ਸ਼ਾਹਮਾਰਗ ਸ਼ੇਖ ਜ਼ਾਇਦ ਰੋਡ (ਈ-311) ਰਾਹੀਂ ਸਿਰਫ਼ ਅੱਧੇ ਘੰਟੇ ਦੀ ਮਾਰ ਹੈ। ਅਸੀਂ ਗਏ ਤਾਂ ਦੁਬਈ ਸੀ ਪਰ ਆਬੂ ਧਾਬੀ ਵੀ ਹੋ ਆਏ ਅਤੇ ਇਕ ਭਲਵਾਨੀ ਗੇੜਾ ਸ਼ਾਰਜਾਹ ਵੀ ਮਾਰ ਆਏ।

ਪ੍ਰਮਾਣਿਕ ਅਰਬੀ ਵਸਤਾਂ ਦੀ ਸੂਕ ਅਲ ਮਰਕਜ਼ੀ

ਸ਼ਾਰਜਾਹ ਦੀ ਸੂਕ ਅਲ ਮਰਕਜ਼ੀ ਪ੍ਰਮਾਣਿਕ ਅਰਬੀ ਵਸਤਾਂ ਦੀ ਸੂਕ ਹੈ। ਇਸ ਨੂੰ ਸੈਂਟਰਲ ਮਾਰਕਿਟ ਜਾਂ ਬਲੂ ਸੂਕ (ਨੀਲੀ ਮਾਰਕਿਟ/ਮਾਲ) ਵੀ ਕਿਹਾ ਜਾਂਦਾ ਹੈ। ਇਸ ਦਾ ਹਰਮਨ ਪਿਆਰਾ ਨਾਂ ਬਲੂ ਸੂਕ ਹੀ ਹੈ ਜੋ ਇਸ ਦੇ ਬਾਹਰਲੇ ਪਾਸੇ ਲੱਗੀਆਂ ਨੀਲੀਆਂ ਟਾਈਲਾਂ ਕਾਰਨ ਪਿਆ ਹੈ। ਇਸ ਰੰਗ ਕਾਰਨ ਅਤੇ ਅਨੋਖੀਆਂ ਵਸਤਾਂ ਦੀ ਵਿਕਰੀ ਕਾਰਨ ਇਹ ਸੂਕ ਸ਼ਾਰਜਾਹ ਦਾ ਇਕ ਮਸ਼ਹੂਰ ਲੈਂਡਮਾਰਕ ਹੈ। ਯੂ.ਏ.ਈ. ਵਿਚ ਇਹ ਹੀ ਅਜਿਹੀ ਸੂਕ ਹੈ ਜਿੱਥੇ ਰਵਾਇਤੀ ਬੇਦੁਇਨ ਹਾਰ-ਸ਼ਿੰਗਾਰ ਦੇ ਗਹਿਣੇ ਗੱਟੇ ਮਿਲਦੇ ਹਨ। ਹੋਰ ਕਦੀਮੀ ਸ਼ੈਆਂ (ਐਂਟੀਕਸ) ਵੀ ਉਪਲਬਧ ਹਨ।

ਬਲੂ ਸੂਕ ਦਾ ਡਿਜ਼ਾਈਨ ਇਸਲਾਮਿਕ ਹੈ ਜੋ ਬਰਤਾਨਵੀ ਸ਼ਿਲਪਕਾਰ ਮਾਈਕਲ ਲਾਇਲ ਅਤੇ ਪਾਰਟਨਰਜ਼ ਨੇ ਤਿਆਰ ਕੀਤਾ ਸੀ। ਇਹ ਕਾਰਜ ਸ਼ਾਰਜਾਹ ਦੇ ਹਾਕਮ ਮਹਾਮਹੀਮ ਸ਼ੇਖ਼ ਡਾ. ਸੁਲਤਾਨ ਬਿਨ ਮੁਹੰਮਦ ਅਲ ਕਾਸਿਮੀ ਦੀ ਰਹਿਨੁਮਾਈ ਹੇਠ 1978 ਵਿਚ ਸੰਪੂਰਨ ਹੋਇਆ ਸੀ। ਇਹ ਡਿਜ਼ਾਈਨ ਰਵਾਇਤੀ ਬਜ਼ਾਰ ਨੂੰ

ਇਕ ਠਾਠ ਬਾਠ ਵਾਲੇ ਪੱਧਰ 'ਤੇ ਪ੍ਰਤੀਬਿੰਬਤ ਕਰਦਾ ਹੈ।

ਇਹ ਦੋ-ਮੰਜ਼ਿਲੀ ਸੂਕ ਦੋ ਵੱਡੀਆਂ, ਲੰਮੀਆਂ ਸਮਾਨਾਂਤਰ ਚਲਦੀਆਂ ਇਮਾਰਤਾਂ ਵਿਚ ਸਥਿੱਤ ਹੈ। ਇਨ੍ਹਾਂ ਇਮਾਰਤਾਂ ਨੂੰ ਅੰਦਰੂਨੀ ਪੁਲ਼ਾਂ ਨਾਲ ਜੋੜਿਆ ਗਿਆ ਹੈ। ਡਾਟਦਾਰ ਛੱਤਾਂ ਵਾਲੀ ਇਸ ਇਮਾਰਤ ਉਪਰ 20 ਵਿੰਡੋਟਾਵਰ ਹਨ।

ਇਹ ਸੂਕ ਕਰੀਬ 80,000 ਵਰਗ ਮੀਟਰ ਇਲਾਕੇ ਵਿਚ ਬਣੀ ਹੈ। ਇਸ ਵਿਚ 600 ਤੋਂ ਵੀ ਵਧੇਰੇ ਦੁਕਾਨਾਂ/ਸ਼ੋ ਰੂਮ ਹਨ। ਇਨ੍ਹਾਂ ਵਿਚ ਸੋਨਾ, ਹੀਰੇ-ਜਵਾਹਰਾਤ, ਗਹਿਣੇ,

ਪਰਫਿਊਮ, ਸੂਵੇਨੀਰ, ਤੋਹਫੇ, ਬਿਜਲੀ ਦਾ ਸਮਾਨ, ਕੱਪੜੇ, ਸ਼ਿੰਗਾਰ ਸਮੱਗਰੀ, ਘਰੇਲੂ ਵਸਤਾਂ ਸਮੇਤ ਹੋਰ ਅਨੇਕਾਂ ਸਾਜ਼ੋ-ਸਾਮਾਨ ਮਿਲਦਾ ਹੈ। ਹੇਠਲੀ ਮੰਜ਼ਿਲ ਉਪਰ ਜਿਊਲਰੀ, ਘੜੀਆਂ, ਕੱਪੜੇ ਆਦਿ ਅਤੇ ਉਪਰਲੀ ਮੰਜ਼ਿਲ 'ਤੇ ਕਲਾ, ਕਰਾਫਟ, ਖਿੱਤੇ ਦੀਆਂ ਅਨੋਖੀਆਂ ਸ਼ੈਆਂ, ਹੱਥ ਦੀਆਂ ਬਣੀਆਂ ਪਰਸ਼ੀਅਨ

ਕਾਰਪੈਟਾਂ, ਭਾਂਡੇ-ਟੀਂਡੇ, ਕਸ਼ਮੀਰੀ ਅਤੇ ਅਫਗਾਨਿਸਤਾਨੀ ਕਲਾ-ਕ੍ਰਿਤਾਂ ਅਤੇ ਖਲੀਜ ਖਿੱਤੇ ਦੇ ਮੂਲਨਿਵਾਸੀ ਬੈਦੁਇਨ ਕਬੀਲੇ ਦੇ ਗਹਿਣੇ ਗੱਟੇ ਮਿਲਦੇ ਹਨ।

ਇਹ ਸ਼ਾਰਜਾਹ ਦੀ ਸ਼ਾਪਿੰਗ ਹੱਬ ਹੈ। ਖਰੀਦਦਾਰਾਂ ਦਾ ਸੁਰਗ! ਐਡੀ ਵਿਸ਼ਾਲ ਕਿ ਸਾਰਾ ਦਿਨ ਖਪ ਜਾਏ। ਇਸ ਦਾ ਸ਼ੁਮਾਰ ਇਸ ਖਿੱਤੇ ਦੇ ਸਭ ਤੋਂ ਵਧੇਰੇ ਫੋਟੋ ਖਿੱਚੇ ਜਾਣ ਵਾਲੇ ਲੈਂਡਮਾਰਕਾਂ ਵਿਚ ਹੁੰਦਾ ਹੈ। ਇਸ ਦੇ ਕੋਲ ਹੀ ਡੋ-ਬੰਦਰਗਾਹ ਅਤੇ ਫਿਸ਼ ਮਾਰਕਿਟ ਹੈ।

ਖ਼ਾਲਿਦ ਲਗੂਨ (ਤੱਟਵਰਤੀ ਝੀਲ) ਕਿਨਾਰੇ ਸਥਿੱਤ ਬਲੂ ਸੂਕ ਰਾਤ ਵੇਲੇ ਅਦਭੁਤ ਨਜ਼ਾਰਾ ਪੇਸ਼ ਕਰਦੀ ਹੈ। ਪਾਣੀ ਕੰਢੇ ਜਗਮਗ-ਜਗਮਗ ਕਰਦੀਆਂ ਲਾਈਟਾਂ ਵਿਚ ਨੀਲੀ ਭਾਅ ਮਾਰਦੀਆਂ ਰੰਗੀਨ ਟਾਈਲਾਂ ਇਕ ਦਿਲਕਸ਼ ਅਤੇ ਰੁਮਾਂਚਕਾਰੀ ਦ੍ਰਿਸ਼ ਪੇਸ਼ ਕਰਦੀਆਂ ਹਨ।

- ਪ੍ਰੋ. ਜਸਵੰਤ ਸਿੰਘ ਗੰਡਮ

98766-55055



from Punjabi News -punjabi.jagran.com https://ift.tt/2yq4vvo
via IFTTT

No comments:

Post a Comment