ਮੌਨਸੂਨ ਨੇ ਪੰਜਾਬ ਵਿਚ ਵੀ ਦਸਤਕ ਦੇ ਦਿੱਤੀ ਹੈ। ਤਪਸ਼ ਤੇ ਪਸੀਨੇ ਤੋਂ ਰਾਹਤ ਮਿਲੀ ਹੈ। ਇਹੀ ਉਹ ਸਮਾਂ ਹੈ ਜਦੋਂ ਲੋਕ ਆਪਣੇ ਪਸੰਦੀਦਾ ਮੌਸਮ ਦੀ ਤਾਜ਼ਗੀ ਦਾ ਆਨੰਦ ਮਾਣਦੇ ਹਨ। ਮੌਨਸੂਨ ਦੀ ਬਾਰਿਸ਼ ਦੌਰਾਨ ਜਿੱਥੇ ਚਾਹ-ਪਕੌੜਿਆਂ ਨਾਲ ਮੌਜ-ਮਸਤੀ ਹੁੰਦੀ ਹੈ, ਉੱਥੇ ਬਹੁਤ ਸਾਰੀਆਂ ਬਿਮਾਰੀਆਂ ਵੀ ਹਮਲੇ ਦੀ ਝਾਕ 'ਚ ਹੁੰਦੀਆਂ ਹਨ। ਇਹੀ ਵਜ੍ਹਾ ਹੈ ਕਿ ਮੌਨਸੂਨ ਨੂੰ ਸਰਦੀ-ਜ਼ੁਕਾਮ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਵਾਲਾ ਮੌਸਮ ਵੀ ਕਿਹਾ ਜਾਂਦਾ ਹੈ। ਇਸ ਲਈ ਬਾਰਿਸ਼ ਦੇ ਦਾ ਆਨੰਦ ਮਾਨਣ ਦੇ ਨਾਲ-ਨਾਲ ਇਨ੍ਹਾਂ ਬਿਮਾਰੀਆਂ ਤੋਂ ਸਾਵਧਾਨ ਰਹਿਣਾ ਵੀ ਬੇਹੱਦ ਜ਼ਰੂਰੀ ਹੈ।
ਵਾਇਰਲ ਬੁਖ਼ਾਰ
ਵਾਇਰਸ ਜਾਂ ਛੋਟੇ ਕੀਟਾਣੂਆਂ ਕਾਰਨ ਹੋਣ ਵਾਲਾ ਬੁਖ਼ਾਰ ਭਾਵੇਂ ਸਾਲ ਦੇ ਕਿਸੇ ਵੀ ਮੌਸਮ 'ਚ ਹੋ ਸਕਦਾ ਹੈ ਪਰ ਮੌਨਸੂਨ ਦੌਰਾਨ ਇਹ ਜ਼ਿਆਦਾ ਹੁੰਦਾ ਹੈ। ਬੁਖ਼ਾਰ ਤੋਂ ਬਾਅਦ ਤੇਜ਼ ਸਰਦੀ ਤੇ ਖੰਘ ਇਸ ਦੇ ਆਮ ਲੱਛਣ ਹਨ। ਇਹ ਬੁਖ਼ਾਰ 3-7 ਦਿਨ ਰਹਿ ਸਕਦਾ ਹੈ। ਇਸ ਦੌਰਾਨ ਇਹ ਗੱਲ ਧਿਆਨ 'ਚ ਰੱਖਣੀ ਚਾਹੀਦਾ ਹੈ ਕਿ ਬਿਮਾਰੀ ਬਾਰੇ ਖ਼ੁਦ ਅਨੁਮਾਨ ਲਗਾਉਣ ਦੀ ਬਜਾਏ ਡਾਕਟਰੀ ਸਲਾਹ ਲੈਣ ਨੂੰ ਪਹਿਲ ਦਿੱਤੀ ਜਾਵੇ।
ਬਚਾਅ : ਇਸ ਤੋਂ ਬਚਾਅ ਲਈ ਘਰ ਦਾ ਬਣਿਆ ਭੋਜਨ ਤੇ ਸਾਫ਼ ਪਾਣੀ ਪੀਣਾ ਪੀਤਾ ਜਾਵੇ। ਵਾਇਰਸ ਤੇ ਬੈਕਟੀਰੀਆ ਦੇ ਸੰਪਰਕ 'ਚ ਆਉਣਾ ਇਸ ਬਿਮਾਰੀ ਦੇ ਉਭਰਨ 'ਚ ਸਹਾਇਕ ਹੁੰਦਾ ਹੈ। ਇਸ ਲਈ ਖਾਣ-ਪੀਣ ਤੇ ਜੀਵਨਸ਼ੈਲੀ ਦੇ ਨਾਲ ਸਾਫ਼-ਸਫ਼ਾਈ ਰੱਖਣਾ ਇਸ ਰੋਗ ਤੋਂ ਬਚਾਅ ਦੀ ਮੁੱਖ ਕੁੰਜੀ ਹੈ।
ਮਲੇਰੀਆ ਤੇ ਡੇਂਗੂ
ਬਾਰਿਸ਼ ਦੇ ਦਿਨਾਂ 'ਚ ਥਾਂ-ਥਾਂ ਪਾਣੀ ਭਰਿਆ ਰਹਿੰਦਾ ਹੈ, ਜਿੱਥੇ ਮੱਛਰਾਂ ਨੂੰ ਪ੍ਰਜਣਨ ਪ੍ਰਕਿਰਿਆ ਲਈ ਲੋੜੀਂਦਾ ਮਾਹੌਲ ਮਿਲਦਾ ਹੈ। ਇਸ ਦੇ ਚੱਲਦਿਆਂ ਮੌਨਸੂਨ ਦੌਰਾਨ ਡੇਂਗੂ ਤੇ ਮਲੇਰੀਆ ਦੇ ਮਾਮਲੇ ਵਧ ਜਾਂਦੇ ਹਨ।
ਸਾਵਧਾਨੀ : ਇਨ੍ਹਾਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਆਪਣੇ ਘਰ ਦੇ ਨੇੜੇ ਪਾਣੀ ਨਾ ਜਮ੍ਹਾਂ ਹੋਣ ਦਿਓ। ਇਨ੍ਹਾਂ ਦਿਨਾਂ 'ਚ ਸਰੀਰ ਨੂੰ ਪੂਰੀ ਤਰ੍ਹਾਂ ਢਕ ਕੇ ਰੱਖੋ। ਸੌਣ ਵੇਲੇ ਮੱਛਰਦਾਨੀ ਦੀ ਵਰਤੋਂ ਕਰੋ।
ਦੂਸ਼ਿਤ ਪਾਣੀ ਤੇ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ
ਦੂਸ਼ਿਤ ਖ਼ੁਰਾਕੀ ਪਦਾਰਥਾਂ ਤੇ ਦੂਸ਼ਿਤ ਪਾਣੀ ਦੇ ਸੇਵਨ ਨਾਲ ਹੈਪੇਟਾਈਟਸ, ਡਾਇਰੀਆ, ਹੈਜ਼ਾ ਆਦਿ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਹ ਰੋਗ ਆਮ ਤੌਰ 'ਤੇ ਸਾਡੇ ਜਿਗਰ ਤੇ ਮਿਹਦੇ ਨੂੰ ਪ੍ਰਭਾਵਿਤ ਕਰਦੇ ਹਨ। ਇਹੀ ਵਜ੍ਹਾ ਹੈ ਕਿ ਸਾਨੂੰ ਉਲਟੀਆਂ, ਦਸਤ ਤੇ ਪੇਟ ਦਰਦ ਰਹਿੰਦਾ ਹੈ। ਜੇ ਤੁਸੀਂ ਇਸ ਦਾ ਸਮੇਂ ਸਿਰ ਇਲਾਜ ਨਹੀਂ ਕਰਵਾਉਂਦੇ ਤਾਂ ਬੁਖ਼ਾਰ ਵੀ ਹੋ ਸਕਦਾ ਹੈ ਤੇ ਬਿਮਾਰੀ ਗੰਭੀਰ ਰੂਪ ਲੈ ਸਕਦੀ ਹੈ।
ਸਾਵਧਾਨੀਆਂ : ਸਾਫ਼ ਤੇ ਉਬਲਿਆ ਹੋਇਆ ਪਾਣੀ ਪੀਓ। ਘਰ ਦਾ ਬਣਿਆ ਭੋਜਨ ਹੀ ਖਾਓ। ਬਾਹਰਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ।
ਸੜਕ ਸੁਰੱਖਿਆ
ਇਕ ਹੋਰ ਮਹੱਤਵਪੂਰਨ ਪਹਿਲੂ ਹੈ, ਜਿਸ 'ਤੇ ਸਾਨੂੰ ਮੌਨਸੂਨ ਦੌਰਾਨ ਵਿਚਾਰਨ ਦੀ ਜ਼ਰੂਰਤ ਹੁੰਦੀ ਹੈ, ਉਹ ਹੈ ਸੜਕ ਦੁਰਘਟਨਾਵਾਂ। ਇਨ੍ਹੀਂ ਦਿਨੀ ਸੜਕ ਦੁਰਘਟਨਾਵਾਂ ਵੀ ਵਧ ਜਾਂਦੀਆਂ ਹਨ। ਇਸ ਲਈ ਬਾਰਿਸ਼ 'ਚ ਵਾਹਨ ਚਲਾਉਂਦੇ ਸਮੇਂ ਖ਼ਾਸ ਸਾਵਧਾਨੀ ਰੱਖੋ।
ਸਾਵਧਾਨੀਆਂ : ਵਾਹਨ ਹੌਲੀ ਚਲਾਓ। ਜ਼ੋਰਦਾਰ ਬਰੇਕ ਨਾ ਲਗਾਓ। ਆਪਣੇ ਤੋਂ ਅਗਲੇ ਵਾਹਨ ਤੋਂ ਦੂਰੀ ਬਣਾ ਕੇ ਰੱਖੋ।
from Punjabi News -punjabi.jagran.com https://ift.tt/2MvBWoD
via IFTTT
No comments:
Post a Comment