- ਰਾਜੀਵ ਸਚਾਨ
ਚਿੱਠੀਆਂ ਦਾ ਆਪਣਾ ਮਹੱਤਵ ਹੈ ਪਰ ਹਰ ਚਿੱਠੀ ਅਸਰਦਾਇਕ ਨਹੀਂ ਹੁੰਦੀ। ਜੇ ਹੁੰਦੀ ਤਾਂ ਲੋਕ ਸਭਾ ਚੋਣਾਂ ਮੌਕੇ ਲਿਖੀ ਗਈ ਲੇਖਕਾਂ ਦੇ ਸਮੂਹ ਦੀ ਚਿੱਠੀ ਜ਼ਰੂਰ ਰੰਗ ਲਿਆਉਂਦੀ ਜਿਸ ਵਿਚ ਘੁਮਾ-ਫਿਰਾ ਕੇ ਇਹ ਕਿਹਾ ਗਿਆ ਸੀ ਕਿ ਲੋਕਤੰਤਰ ਨੂੰ ਬਚਾਉਣ ਲਈ ਭਾਜਪਾ ਨੂੰ ਵੋਟ ਪਾਉਣ ਤੋਂ ਬਚਿਆ ਜਾਣਾ ਚਾਹੀਦਾ ਹੈ। ਅਸਹਿਣਸ਼ੀਲਤਾ, ਭੀੜ ਦੀ ਹਿੰਸਾ ਅਤੇ ਜੈ ਸ੍ਰੀਰਾਮ ਵਰਗੇ ਨਾਅਰਿਆਂ ਦੀ ਕਥਿਤ ਦੁਰਵਰਤੋਂ ਦਾ ਜ਼ਿਕਰ ਕਰਦੇ ਹੋਏ 49 ਬੁੱਧੀਜੀਵੀਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਜੋ ਚਿੱਠੀ ਲਿਖੀ ਗਈ ਉਹ ਜਨਤਕ ਹੁੰਦੇ ਹੀ ਆਲੋਚਨਾ ਅਤੇ ਨਿੰਦਾ ਦੀ ਲਪੇਟ ਵਿਚ ਆ ਗਈ ਤਾਂ ਇਸ ਲਈ ਕਿਉਂਕਿ ਇਕ ਤਾਂ ਚਿੱਠੀ ਲਿਖਣ ਵਾਲਿਆਂ ਵਿਚੋਂ ਕਈ ਭਾਜਪਾ ਵਿਰੋਧੀ ਅਕਸ ਨਾਲ ਲੈਸ ਹਨ ਅਤੇ ਦੂਜੇ ਉਨ੍ਹਾਂ ਇਸ 'ਤੇ ਜ਼ੋਰ ਦੇਣਾ ਜ਼ਰੂਰੀ ਸਮਝਿਆ ਕਿ ਸਿਰਫ਼ ਘੱਟ-ਗਿਣਤੀ ਅਤੇ ਦਲਿਤ ਹੀ ਭੀੜ ਦੀ ਹਿੰਸਾ ਅਰਥਾਤ ਮੋਬ ਲਿੰਚਿੰਗ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਕਰ ਕੇ ਉਨ੍ਹਾਂ ਉਹੀ ਕੰਮ ਕੀਤਾ ਜੋ ਮੀਡੀਆ ਦਾ ਇਕ ਹਿੱਸਾ ਅਤੇ ਕੁਝ ਵਿਚਾਰਕ ਬੜੀ ਚਤੁਰਾਈ ਨਾਲ ਕਰਨ ਵਿਚ ਲੱਗੇ ਹੋਏ ਹਨ। ਇਹ ਕੰਮ ਹੈ ਚੋਣਵੇਂ ਤੱਥਾਂ ਨੂੰ ਆਪਣੇ ਹਿਸਾਬ ਨਾਲ ਚੁੱਕਣਾ ਅਤੇ ਫਿਰ ਉਨ੍ਹਾਂ ਦੀ ਮਨਚਾਹੀ ਵਿਆਖਿਆ ਕਰਨਾ। ਅਜਿਹਾ ਕਰਦੇ ਹੋਏ ਤੱਥਾਂ ਨੂੰ ਤੋੜਨ-ਮਰੋੜਨ ਦਾ ਵੀ ਕੰਮ ਕੀਤਾ ਜਾਂਦਾ ਹੈ। ਇਸ ਨੂੰ ਫੈਕਟ ਲਿੰਚਿੰਗ ਕਹਿਣਾ ਗ਼ਲਤ ਨਹੀਂ ਹੋਵੇਗਾ। ਇਸ ਦੀ ਇਕ ਮਿਸਾਲ ਪੇਸ਼ ਕਰਦੀ ਉਹ ਖ਼ਬਰ ਦੇਖੋ ਜਿਸ ਦਾ ਸਿਰਲੇਖ ਹੈ-ਦੋ ਸਾਲਾਂ ਵਿਚ 2400 ਵਿਦਿਆਰਥੀਆਂ ਨੇ ਆਈਆਈਟੀ ਦੀ ਪੜ੍ਹਾਈ ਛੱਡੀ, ਅੱਧੇ ਐੱਸਸੀ-ਐੱਸਟੀ, ਓਬੀਸੀ ਦੇ। ਪਹਿਲੀ ਨਜ਼ਰੇ ਇਹ ਲੱਗੇਗਾ ਕਿ ਇਨ੍ਹਾਂ ਵਰਗਾਂ ਦੇ ਵਿਦਿਆਰਥੀਆਂ ਲਈ ਆਈਆਈਟੀ ਦੀ ਪੜ੍ਹਾਈ ਪੂਰੀ ਕਰਨੀ ਮੁਸ਼ਕਲ ਹੋ ਰਹੀ ਹੈ ਪਰ ਜਦ ਤੁਸੀਂ ਖ਼ਬਰ ਦੀ ਤਹਿ ਤਕ ਜਾਂਦੇ ਹੋ ਤਾਂ ਪਤਾ ਲੱਗਦਾ ਹੈ ਕਿ ਪੜ੍ਹਾਈ ਪੂਰੀ ਨਾ ਕਰਨ ਵਾਲੇ ਅੱਧੇ, ਬਲਕਿ ਅੱਧੇ ਤੋਂ ਕੁਝ ਜ਼ਿਆਦਾ ਵਿਦਿਆਰਥੀ ਆਮ ਵਰਗ ਦੇ ਹਨ। ਫੈਕਟ ਲਿੰਚਿੰਗ ਦਾ ਕੰਮ ਯੋਜਨਾਬੱਧ ਤਰੀਕੇ ਨਾਲ ਹੋ ਰਿਹਾ ਹੈ। ਦੇਸ਼ ਵਿਚ ਮੋਬ ਲਿੰਚਿੰਗ ਦੇ ਕਈ ਮਾਮਲੇ ਉਜਾਗਰ ਹੁੰਦੇ ਹੀ ਰਹਿੰਦੇ ਹਨ। 49 ਬੁੱਧੀਜੀਵੀਆਂ ਦੀ ਮੰਗ ਹੈ ਕਿ ਭੀੜ ਦੀ ਹਿੰਸਾ ਨਾਲ ਨਜਿੱਠਣ ਲਈ ਕਾਨੂੰਨ ਬਣੇ। ਸੁਪਰੀਮ ਕੋਰਟ ਵੀ ਅਜਿਹੀ ਲੋੜ ਦੱਸ ਚੁੱਕਾ ਹੈ। ਮੋਦੀ ਸਰਕਾਰ ਇਸ ਪਾਸੇ ਅੱਗੇ ਵੱਧ ਵੀ ਰਹੀ ਹੈ ਪਰ ਕੀ ਕਾਨੂੰਨ ਬਣਨ ਨਾਲ ਹੀ ਭੀੜ ਦੀ ਹਿੰਸਾ ਰੁਕ ਜਾਵੇਗੀ? ਅਜਿਹਾ ਹੋਣ ਵਿਚ ਸ਼ੱਕ ਹੈ। ਹੁਣ ਉਕਤ ਚਿੱਠੀ ਦੇ ਵਿਰੋਧ ਵਿਚ 62 ਲੋਕਾਂ ਦੀ ਚਿੱਠੀ ਆ ਗਈ। ਕੁਝ ਵੀ ਹੋਵੇ, ਗੱਲ-ਗੱਲ 'ਤੇ ਚਿੱਠੀ ਲਿਖਣ ਵਾਲੇ ਇਹ ਸਮਝਣ ਤਾਂ ਬਿਹਤਰ ਹੋਵੇਗਾ ਕਿ ਦੇਸ਼ ਨਾ ਸਹੀ, ਵਕਤ ਤਾਂ ਬਦਲ ਹੀ ਗਿਆ ਹੈ ਅਤੇ ਉਨ੍ਹਾਂ ਦੀ ਹਰ ਚਿੱਠੀ 'ਤੇ ਜਵਾਬੀ ਚਿੱਠੀ ਆਵੇਗੀ। ਇਹ ਗੱਲ ਵੱਖਰੀ ਹੈ ਕਿ ਇਸ ਨਾਲ ਸਮਾਜ ਅਤੇ ਦੇਸ਼ ਨੂੰ ਕੁਝ ਹਾਸਲ ਹੋਣ ਵਾਲਾ ਨਹੀਂ ਹੈ। ਹਾਸਲ ਉਦੋਂ ਹੀ ਹੋਵੇਗਾ ਜਦ ਦੋਵੇਂ ਖੇਮਿਆਂ ਦੇ ਬੁੱਧੀਜੀਵੀ ਇਕ-ਦੂਜੇ ਨਾਲ ਸੰਵਾਦ ਕਰਨਗੇ।
(ਲੇਖਕ 'ਦੈਨਿਕ ਜਾਗਰਣ' ਦੇ ਐਸੋਸੀਏਟ ਐਡੀਟਰ ਹਨ)।
from Punjabi News -punjabi.jagran.com https://ift.tt/2SThQWI
via IFTTT
No comments:
Post a Comment