ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਸ਼ਾਇਰ ਨੇ ਕਿੰਨਾ ਸੋਹਣਾ ਲਿਖਿਆ ਹੈ :
ਗੀਤਾਂ ਦੀ ਜਿੰਦ ਜਾਨ ਰਫੀ, ਚੰਗਾ ਨੇਕ ਇਨਸਾਨ ਰਫੀ
ਮਾਂ-ਬੋਲੀ ਪੰਜਾਬੀ ਦੀ ਕਰ ਗਿਆ, ਉੱਚੀ ਸ਼ਾਨ ਰਫੀ
ਉੱਚਾ ਉੱਡੇ ਉਕਾਬਾਂ ਤੋਂ, ਲਾਉਂਦਾ ਜਦੋਂ ਉਡਾਨ ਰਫੀ
ਸੁਰਾਂ ਦੇ ਵਿਚ ਪਰੋਂਦਾ ਸੀ, ਦਿਲ ਦਾ ਹਰ ਅਰਮਾਨ ਰਫੀ
ਅੱਜ ਵੀ ਮਹਿਕਾਂ ਵੰਡਦੀ ਏ ਤੇਰੀ ਉਹ ਮੁਸਕਾਨ ਰਫੀ
ਦਾਰੂ ਤਾਂ ਇਕ ਪਾਸੇ ਰਹੀ, ਖਾਂਦਾ ਨਹੀਂ ਸੀ ਪਾਨ ਰਫੀ
ਮਿੱਠੀਆਂ-ਮਿਠੀਆਂ ਚੀਜ਼ਾਂ ਦਾ ਸੀ ਡਾਢਾ ਚਾਹਵਾਨ ਰਫੀ
ਸ਼ਾਇਰਾਂ ਤੇ ਅਦੀਬਾਂ ਦਾ ਕਰਦਾ ਸੀ ਸਨਮਾਨ ਰਫੀ
ਤੈਨੂੰ ਰੱਖੂ ਯਾਦ ਸਦਾ ਸਾਰਾ ਹਿੰਦੋਸਤਾਨ ਰਫੀ
ਹਰ ਬੋਲੀ 'ਚ ਗਾ ਗਿਆ ਏ ਸੂਝਵਾਨ ਗੁਣਵਾਨ ਰਫੀ
ਹਸਨਪੁਰੀ ਜੱਗ ਮੰਨਦਾ ਏ, ਸੁਰਾਂ ਦਾ ਸੀ ਸੁਲਤਾਨ ਰਫੀ
ਸੰਗੀਤ ਦੀ ਦੁਨੀਆਂ ਵਿਚ ਮਰਹੂਮ ਮੁਹੰਮਦ ਰਫੀ ਦਾ ਨਾਂ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ ਹੈ ਤੇ ਉਨ੍ਹਾਂ ਵੱਲੋਂ ਗਾਏ ਗੀਤ ਹਾਲੇ ਤਕ ਲੋਕਾਂ ਨੂੰ ਪਸੰਦ ਹਨ। 24 ਦਸੰਬਰ ਨੂੰ ਜ਼ਿਲ੍ਹਾ ਅੰਮਿ੍ਤਸਰ ਦੇ ਮਜੀਠਾ ਰੋਡ ਸਥਿਤ ਪਿੰਡ ਕੋਟਲਾ ਸੁਲਤਾਨ ਸਿੰਘ ਵਿਚ ਜਨਮੇ ਜਨਾਬ ਮੁਹੰਮਦ ਰਫੀ ਦੇ ਪਿਤਾ ਦਾ ਨਾਂ ਅਲੀ ਮੁਹੰਮਦ ਸੀ ਜੋ ਕਿ ਪਿੰਡ ਵਿਚ ਹਜਾਮਤਾਂ ਬਣਾਉਣ ਦਾ ਕੰਮ ਕਰਦੇ ਸਨ ਤੇ ਵਧੀਆ ਖ਼ਾਨਸਾਮੇ ਸਨ। ਕੁਝ ਸਮਾਂ ਪਹਿਲਾਂ ਪਿੰਡ ਵਿਚ ਫੇਰੀ ਪਾਉਣ ਸਮੇਂ ਰਫੀ ਸਾਹਿਬ ਦੇ ਹਮਜਮਾਤੀ ਰਹੇ ਕੁੰਦਨ ਸਿੰਘ ਸਮਰਾ, ਬਖ਼ਸ਼ੀਸ਼ ਸਿੰਘ ਸਮਰਾ ਤੇ ਗੁਰਬਖ਼ਸ਼ ਸਿੰਘ ਗਿੱਲ ਨੇ ਦੱਸਿਆ ਸੀ ਕਿ ਫੀਕੋ (ਰਫੀ ਸਾਹਿਬ ਦਾ ਨਿੱਕਾ ਨਾਂ) ਨੂੰ ਬਚਪਨ ਤੋਂ ਸੰਗੀਤ ਦਾ ਬੜਾ ਸ਼ੌਕ ਸੀ।
ਇਸੇ ਕਾਰਨ ਉਹ ਪਿੰਡ ਦੇ ਸਕੂਲ ਵਿਚ ਸਿਰਫ ਚੌਥੀ ਕਲਾਸ ਤਕ ਪੜ੍ਹੇ ਤੇ ਕਰੀਬ ਸੰਨ 1936 ਵਿਚ ਜੱਦੀ ਪੁਸ਼ਤੀ ਮਕਾਨ 1400 ਰੁਪਏ ਵਿਚ ਵੇਚ ਕੇ ਲਾਹੌਰ ਚਲੇ ਗਏ ਤੇ ਕੁਝ ਸਮੇਂ ਬਾਅਦ ਪਿੰਡ ਵਿਚ ਰਹਿੰਦੀ ਆਪਣੀ ਭੂਆ ਦੀ ਧੀ ਨਾਲ ਨਿਕਾਹ ਕਰਨ ਲਈ ਬਾਰਾਤ ਲੈ ਕੇ ਇਸ ਪਿੰਡ ਵਿਚ ਪਹੁੰਚੇ ਸਨ। ਬਖ਼ਸ਼ੀਸ਼ ਸਿੰਘ ਨੇ ਅੱਗੇ ਦੱਸਿਆ ਸੀ ਕਿ ਰਫੀ ਦੇ ਪਿਤਾ ਨੂੰ ਲਾਹੌਰ ਜਾਣ ਲਈ ਕਿਰਾਇਆ ਅਕਸਰ ਓਹੀ ਦਿੰਦੇ ਸਨ। ਰਫੀ ਨੇ ਲਾਹੌਰ ਵਿਖੇ ਬੜੇ ਗ਼ੁਲਾਮ ਅਲੀ ਖਾਂ, ਅਬਦੁਲ ਵਾਹਿਦ ਖ਼ਾਂ ਤੇ ਫਿਰੋਜ਼ ਨਿਜ਼ਾਮੀ ਵਰਗੇ ਉਸਤਾਦਾਂ ਤੋਂ ਸੰਗੀਤ ਦੀ ਸਿੱਖਿਆ ਲਈ।
ਸੰਨ 1944 ਵਿਚ ਬਣੀ ਪੰਜਾਬੀ ਫਿਲਮ 'ਗ਼ੁਬਲੋਚ' ਵਿਚ ਰਫੀ ਵੱਲੋਂ ਗਾਏ ਗੀਤ 'ਤੇਰੀ ਪ੍ਰੀਤ ਦਾ ਮਾਰਿਆ ਨੀ ਰਾਂਝਾ ਜੋਗੀ ਹੋਇਆ' ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ ਸੀ। ਰਫੀ ਨੇ ਸੰਗੀਤਕਾਰ ਨੌਸ਼ਾਦ ਦੀਆਂ ਕਰੀਬ 150 ਫਿਲਮਾਂ ਵਿਚ ਗਾਇਆ। ਸੰਨ 1947 ਤੇ 1977 ਵਿਚ ਉਨ੍ਹਾਂ ਨੂੰ ਬੈਸਟ ਸਿੰਗਰ ਦਾ ਐਵਾਰਡ, 1960 ਵਿਚ 'ਚੌਦਵੀਂ ਕਾ ਚਾਂਦ ਹੋ' ਗੀਤ ਲਈ ਫਿਲਮ ਫੇਅਰ ਐਵਾਰਡ ਤੇ 'ਬਾਬੁਲ ਕੀ ਦੁਆਏ ਲੇਤੀ ਜਾ' ਗੀਤ ਲਈ ਕੌਮੀ ਐਵਾਰਡ ਮਿਲਿਆ ਸੀ।
ਪਿੰਡ ਦੇ ਲੋਕ ਗਿਲ੍ਹਾ ਕਰਦਿਆਂ ਦੱਸਦੇ ਹਨ ਕਿ ਰਫੀ ਦੀ ਯਾਦ ਵਿਚ ਬਣੀਆਂ ਸੁਸਾਇਟੀਆਂ ਦੁਨੀਆਂ ਭਰ ਵਿਚ ਸਮਾਗਮ ਕਰਵਾਉਂਦੀਆਂ ਹਨ ਪਰ ਕੋਈ ਸੁਸਾਇਟੀ ਪਿੰਡ ਵਿਚ ਚੰਗਾ ਸਮਾਗਮ ਨਹੀਂ ਕਰਦੀ। ਪਿੰਡ ਵਿਚ ਰਫੀ ਸਾਹਿਬ ਦੇ ਨਾਂ 'ਤੇ ਇਕ ਗੇਟ ਤੇ ਕੰਪਿਊਟਰ ਹਾਲ ਹੈ। ਇਨ੍ਹਾਂ ਸੁਸਾਇਟੀਆਂ ਵੱਲੋਂ ਦਿੱਤੇ ਜਾਂਦੇ ਰਫੀ ਐਵਾਰਡ ਕਈ ਵਾਰ ਪ੍ਰਰਾਪਤ ਕਰਤਾ ਦੀ ਸ਼ਖ਼ਸੀਅਤ ਨਾਲ ਮੇਲ ਨਹੀਂ ਖਾਂਦੇ ਹੁੰਦੇ।
ਰਫੀ ਵੱਲੋਂ ਗਾਏ ਗੀਤ 'ਓ ਦੁਨੀਆਂ ਕੇ ਰਖਵਾਲੇ', 'ਸੁਹਾਨੀ ਰਾਤ ਢਲ ਚੁਕੀ', ਵਕਤ ਕੇ ਦਿਨ ਅੌਰ ਰਾਤ', 'ਯਾਦ ਨਾ ਜਾਏ', 'ਮੈਂ ਜੱਟ ਯਮਲਾ ਪਗਲਾ ਦੀਵਾਨਾ', ਪੱਥਰ ਕੇ ਸਨਮ', 'ਤਕਦੀਰ ਕਾ ਫ਼ਸਾਨਾ', 'ਹਮ ਤੁਮਸੇ ਜੁਦਾ ਹੋ ਕੇ', 'ਕਹਾਂ ਜਾ ਰਹਾ ਹੈ ਤੂੰ ਐ ਜਾਨੇ ਵਾਲੇ' ਬੇਮਿਸਾਲ ਗੀਤ ਹਨ। ਇਵੇਂ ਹੀ ਰਫੀ ਨੇ ਪੰਜਾਬੀ ਗੀਤ 'ਜੱਗ ਵਾਲਾ ਮੇਲਾ', 'ਕੈਸੀ ਦੁਨੀਆ ਦੀ ਬਣੀ ਤਕਦੀਰ', 'ਤੇਰੇ ਇਸ਼ਕੇ ਚਾਨਣੀ', 'ਅਸਾਂ ਯਾਰ ਦੇ ਨਜ਼ਾਰੇ ਵਿੱਚੋਂ ਰੱਬ ਦੇਖਿਆ', 'ਕੌਣ ਕਿਸੇ ਦਾ ਖਾਂਦਾ ਬਈ ਦਾਣਾ ਪਾਣੀ' ਤੇ 'ਲਾਈਆਂ ਤੇ ਤੋੜ ਨਿਭਾਵੀ' ਵੀ ਗਾਏ। 31 ਜੁਲਾਈ 1980 ਨੂੰ ਰਫੀ ਸਾਹਿਬ ਭਾਵੇਂ ਵਿਛੋੜਾ ਦੇ ਗਏ ਸਨ ਉਨ੍ਹਾਂ ਦੀ ਆਵਾਜ਼ ਹਾਲੇ ਤਕ ਮਨਾਂ ਵਿਚ ਵੱਸਦੀ ਹੈ।
from Punjabi News -punjabi.jagran.com https://ift.tt/2Yrk40w
via IFTTT
No comments:
Post a Comment