ਜਤਿੰਦਰ ਪੰਮੀ, ਜਲੰਧਰ : ਕਦੇ ਉਹ ਜ਼ਮਾਨਾ ਹੁੰਦਾ ਸੀ ਕਿ ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ-ਛੋਟੇ ਕਸਬਿਆਂ ਤੇ ਪਿੰਡਾਂ ਵਿਚ ਦੁਪਹਿਰੋਂ ਬਾਅਦ ਲੋਕ ਡਾਕੀਏ ਦੀ ਉਡੀਕ ਕਰਦੇ ਹੁੰਦੇ ਸਨ। ਡਾਕੀਅ, ਖੁਸ਼ੀ ਤੇ ਗ਼ਮੀ ਦੇ ਸੁਨੇਹੇ ਲੈ ਕੇ ਆਉਂਦਾ ਸੀ। ਖੁਸ਼ੀ ਦੀ ਚਿੱਠੀ ਲਿਆਉਣ 'ਤੇ ਡਾਕੀਏ ਨੂੰ ਸ਼ਗਨ ਤਕ ਵੀ ਦਿੱਤਾ ਜਾਂਦਾ ਸੀ, ਇਸ ਤਰ੍ਹਾਂ ਚਿੱਠੀਆਂ ਤੇ ਡਾਕੀਆ ਸਭਿਆਚਾਰ ਦਾ ਹਿੱਸਾ ਬਣ ਚੁੱਕਾ ਸੀ। ਚਿੱਠੀਆਂ ਤੇ ਡਾਕੀਏ ਦਾ ਜ਼ਿਕਰ ਗੀਤਾਂ ਤੇ ਟੱਪਿਆਂ ਵਿਚ ਵੀ ਮਿਲਦਾ ਹੈ। ਡਾਕ ਰਾਹੀਂ ਭੇਜੇ ਪ੍ਰੇਮ ਪੱਤਰ ਤੇ ਧਮਕੀ ਭਰੇ ਪੱਤਰ ਇਨ੍ਹਾਂ ਚਿੱਠੀਆਂ ਦਾ ਹੀ ਹਿੱਸਾ ਹੋਇਆ ਕਰਦੇ ਸਨ। ਲੋਕ ਰਿਸ਼ਤੇਦਾਰਾਂ ਤੇ ਭੈਣ-ਭਰਾਵਾਂ ਨੂੰ ਚਿੱਠੀਆਂ ਲਿਖਣ ਤੋਂ ਇਲਾਵਾ ਰੇਡੀਓ ਤੋਂ ਆਪਣੀ ਪਸੰਦ ਦੇ ਗੀਤ ਸੁਣਨ ਅਤੇ ਪ੍ਰੋਗਰਾਮਾਂ ਬਾਰੇ ਸੁਝਾਅ ਤੇ ਖਾਮੀਆਂ ਦੱਸਣ ਵਾਸਤੇ ਵੀ ਚਿੱਠੀਆਂ ਲਿਖਿਆ ਕਰਦੇ ਸਨ। ਰੇਡੀਓ ਸਟੇਸ਼ਨ ਤੋਂ ਲੋਕਾਂ ਵੱਲੋਂ ਲਿਖੀਆਂ ਚਿੱਠੀਆਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਸਨ। ਹਫਤਾਵਾਰੀ ਚਿੱਠੀ ਪੱਤਰੀ ਪ੍ਰੋਗਰਾਮ ਆਲ ਇੰਡੀਆ ਰੇਡੀਓ ਜਲੰਧਰ ਤੋਂ ਚੱਲਦਾ ਹੁੰਦਾ ਸੀ, ਜੋ ਬਾਦਸਤੂਰ ਜਾਰੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਆਲ ਇੰਡੀਆ ਰੇਡੀਓ ਜਲੰਧਰ ਦੀ ਸਹਾਇਕ ਡਾਇਰੈਕਟਰ ਪ੍ਰੋਗਰਾਮ ਸੰਤੋਸ਼ ਰਿਸ਼ੀ ਨੇ ਦੱਸਿਆ ਕਿ ਬੇਸ਼ੱਕ ਮੌਜੂਦਾ ਦੌਰ 'ਚ ਲੋਕ ਇਕ-ਦੂਜੇ ਨਾਲ ਰਾਬਤਾ ਕਰਨ ਲਈ ਸੂਚਨਾ ਦੇ ਆਧੁਨਿਕ ਸਰੋਤ ਵਰਤਦੇ ਹਨ ਪਰ ਫੇਰ ਵੀ ਚਿੱਠੀਆਂ ਪਾਉਣ ਦਾ ਸਿਲਸਿਲਾ ਜਾਰੀ ਹੈ। ਸਰੋਤੇ ਗੀਤਾਂ ਤੇ ਹੋਰ ਪ੍ਰੋਗਰਾਮਾਂ ਦੀ ਫਰਮਾਇਸ਼ ਕਰਨ ਲਈ ਚਿੱਠੀ-ਪੱਤਰ ਪਾਉਂਦੇ ਹਨ, ਜਿਨ੍ਹਾਂ ਨੂੰ 'ਤੁਹਾਡੀ ਚਿੱਠੀ ਮਿਲੀ' ਪ੍ਰੋਗਰਾਮ ਵਿਚ ਸ਼ਾਮਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਤੇ ਕਈ ਹੋਰ ਰੇਡੀਓ ਸਟੇਸ਼ਨਾਂ 'ਤੇ ਚਿੱਠੀ-ਪੱਤਰ ਦਾ ਸਿਲਸਿਲਾ ਕਾਫੀ ਘੱਟ ਚੁੱਕਾ ਹੈ ਪਰ ਆਲ ਇੰਡੀਆ ਰੇਡੀਓ ਜਲੰਧਰ 'ਤੇ ਵੱਡੀ ਗਿਣਤੀ 'ਚ ਚਿੱਠੀਆਂ ਆਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਆਉਣ ਵਾਲੀਆਂ ਚਿੱਠੀਆਂ ਸੰਭਾਲ ਕੇ ਰੱਖੀਆਂ ਜਾਂਦੀਆਂ ਹਨ ਤੇ ਹਰ ਹਫਤੇ ਐਤਵਾਰ ਨੂੰ ਸਵੇਰੇ 1.30 ਵਜੇ ਪ੍ਰਸਾਰਤ ਹੋਣ ਵਾਲੇ ਪ੍ਰੋਗਰਾਮ 'ਤੁਹਾਡੀ ਚਿੱਠੀ ਮਿਲੀ' ਵਿਚ ਇਹ ਚਿੱਠੀਆਂ ਪੜ੍ਹੀਆਂ ਜਾਂਦੀਆਂ ਹਨ ਤੇ ਉਨ੍ਹਾਂ ਦੇ ਜਵਾਬ ਦਿੱਤੇ ਜਾਂਦੇ ਹਨ ਅਤੇ ਸਰੋਤਿਆਂ ਦੀ ਫਰਮਾਇਸ਼ ਪੂਰੀ ਕੀਤੀ ਜਾਂਦੀ ਹੈ। ਰਿਸ਼ੀ ਨੇ ਦੱਸਿਆ ਕਿ ਚਿੱਠੀਆਂ ਤੋਂ ਇਲਾਵਾ ਸਰੋਤੇ ਈਮੇਲ, ਵਟਸਐਪ ਅਤੇ ਐੱਸਐੱਮਐੱਸ ਰਾਹੀਂ ਵੀ ਸੁਨੇਹੇ ਭੇਜਦੇ ਹਨ ਤੇ ਇਸ ਤਰ੍ਹਾਂ ਆਧੁਨਿਕਤਾ ਦੇ ਨਾਲ਼-ਨਾਲ਼ ਚਿੱਠੀ-ਪੱਤਰ ਦੀ ਵਿਰਾਸਤ ਕਾਇਮ ਰੱਖੀ ਹੋਈ ਹੈ। ਵਿਰਸੇ ਨੂੰ ਸੰਭਾਲਣ ਵਾਲੇ ਸਰੋਤੇ ਆਪਣੇ ਇਸ ਪੁਰਾਣੇ ਸਭਿਆਚਾਰ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਰੇਡੀਓ ਐਪ ਆਉਣ ਨਾਲ ਰੇਡੀਓ ਸੁਣਨ ਵਾਲੇ ਸਰੋਤਿਆਂ ਦੀ ਗਿਣਤੀ ਫੇਰ ਵਧ ਗਈ ਹੈ ਤੇ ਲੋਕ ਵਿਦੇਸ਼ਾਂ ਵਿਚ ਬੈਠ ਕੇ ਐਪ ਰਾਹੀਂ ਰੇਡੀਓ ਪ੍ਰੋਗਰਾਮ ਸੁਣਨ ਲੱਗ ਪਏ ਹਨ। ਰੇਡੀਓ ਪ੍ਰੋਗਰਾਮਾਂ ਜ਼ਰੀਏ ਪਰਵਾਸੀ ਪੰਜਾਬੀ ਆਪਣੀ ਮਿੱਟੀ ਨਾਲ ਜੁੜੇ ਹੋਏ ਮਹਿਸੂਸ ਕਰਦੇ ਹਨ ਤੇ ਆਪਣੇ ਸੱਭਿਆਚਾਰ ਨੂੰ ਮਾਣ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਰਹਿਣ ਦੇ ਬਾਵਜੂਦ ਉਥੋਂ ਦੇ ਸਰੋਤੇ ਰੇਡੀਓ ਨਾਲ ਲਗਾਤਾਰ ਜੁੜੇ ਰਹੇ ਹਨ ਤੇ ਗੀਤਾਂ ਦੀ ਫਰਮਾਇਸ਼ ਕਰਨ ਤੇ ਪ੍ਰੋਗਰਾਮਾਂ ਲਈ ਆਪਣੇ ਰਾਇ ਦੇਣ ਵਾਸਤੇ ਚਿੱਠੀਆਂ ਪਾਉਂਦੇ ਹਨ। ਉਨ੍ਹਾਂ ਨੂੰ ਦੱਸਿਆ ਕਿ ਦੇਸ ਪੰਜਾਬ ਤੇ ਦਿਹਾਤੀ ਪ੍ਰੋਗਰਾਮ 'ਚ ਚਿੱਠੀਆਂ ਆਉਂਦੀਆਂ ਹਨ ਤੇ ਹਰ ਹਫਤੇ ਸਰੋਤਿਆਂ ਵੱਲੋਂ ਕਰੀਬ 500 ਚਿੱਠੀਆਂ ਆਲ ਇੰਡੀਆ ਰੇਡੀਓ ਨੂੰ ਲਿਖੀਆਂ ਜਾਂਦੀਆਂ ਹਨ।
ਤੇਜ਼ ਸੰਚਾਰ ਸਹੂਲਤਾਂ ਨਹੀਂ ਰੋਕ ਸਕੀਆਂ ਚਿੱਠੀਆਂ ਦਾ ਚਲਨ
ਪਹਿਲਾਂ ਸਿਰਫ਼ ਚਿੱਠੀ ਪੱਤਰ ਰਾਹੀਂ ਲੋਕ ਜੁੜੇ ਹੋਏ ਸਨ ਪਰ ਫੇਰ ਚਿੱਠੀਆਂ ਦੇ ਨਾਲ਼-ਨਾਲ਼ ਟੈਲੀਗ੍ਰਾਮ ਤੇ ਟੈਲੀਫੋਨ ਦੀ ਸਹੂਲਤ ਆ ਗਈ। ਐਮਰਜੈਂਸੀ ਵਿਚ ਲੋਕ ਚਿੱਠੀ ਦੀ ਥਾਂ ਟੈਲੀਗ੍ਰਾਮ ਕਰਦੇ ਜਾਂ ਫੇਰ ਟੈਲੀਫੋਨ ਕਰ ਕੇ ਸੁੱਖ-ਸੁਨੇਹੇ ਸਾਂਝੇ ਕਰ ਲੈਂਦੇ। ਜਿਉਂ-ਜਿਉਂ ਤਕਨੀਕੀ ਵਿਕਾਸ ਹੁੰਦਾ ਗਿਆ ਤਿਉਂ-ਤਿਉਂ ਲੋਕਾਂ ਵਿਚਾਲੇ ਰਾਬਤਾ ਕਰਨ ਦੇ ਢੰਗ ਹੋਰ ਸੁਖਾਲੇ ਤੇ ਛੇਤੀ ਪਹੁੰਚ ਵਾਲੇ ਬਣਦੇ ਗਏ। ਮੌਜੂਦਾ ਸਮੇਂ ਮੋਬਾਈਲ ਤੇ ਇੰਟਰਨੈੱਟ ਦੀ ਕਾਢ ਕਾਰਨ ਲੋਕ ਇਕ-ਦੂਜੇ ਨਾਲ ਦੇਸ਼ ਤਾਂ ਕੀ ਵਿਦੇਸ਼ਾਂ ਵਿਚ ਵੀ ਪਲ਼ਾਂ ਵਿਚ ਰਾਬਤਾ ਕਾਇਮ ਕਰ ਲੈਂਦੇ ਹਨ। ਆਧੁਨਿਕਤਾ ਤੇ ਵਿਕਾਸ ਦੇ ਨਾਲ ਲੋਕਾਂ ਵਿਚਾਲੇ ਰਾਬਤਾ ਕਾਇਮ ਕਰਨ ਲਈ ਆਧੁਨਿਕ ਸਹੂਲਤਾਂ ਆ ਗਈਆਂ, ਜਿਨ੍ਹਾਂ ਵਿਚ ਮੋਬਾਈਲ, ਈਮੇਲ, ਵਟਸਐਪ, ਫੇਸਬੁੱਕ, ਮੈਸੰਜਰ ਅਤੇ ਹੋਰ ਸਰੋਤ ਸ਼ਾਮਲ ਹਨ।
from Punjabi News -punjabi.jagran.com https://ift.tt/2YzZcUR
via IFTTT
No comments:
Post a Comment