ਮਰੀਜ਼ਾਂ ਨੂੰ ਇਨਹੇਲਰ ਸਬੰਧੀ ਕਈ ਭਰਮ ਜਾਂ ਗ਼ਲਤ ਫਹਿਮੀਆਂ ਹਨ। ਇਹ ਕਹਿਣਾ ਗ਼ਲਤ ਨਹੀਂ ਕਿ ਲਿਟਲ ਨਾਲੇਜ ਇਜ਼ ਡੇਂਜਰਸ ਥਿੰਗ। ਸੋ ਜਾਗਰੂਕਤਾ ਦੀ ਕਮੀ ਕਾਰਨ ਮਰੀਜ਼ ਸਾਇੰਸ ਦੀ ਇਸ ਸ਼ਲਾਘਾਯੋਗ ਕਾਢ ਇਨਹੇਲਰ ਦਾ ਪੂਰਾ ਫ਼ਾਇਦਾ ਲੈਣ ਤੋਂ ਵਾਂਝੇ ਹਨ।
ਕੀ ਹੈ ਇਨਹੇਲਰ?
ਜਿਵੇਂ ਅੱਖਾਂ 'ਚ ਜੇ ਕੋਈ ਸਮੱਸਿਆ ਹੋਵੇ ਤਾਂ ਦਵਾਈ ਖਾਣ ਨਾਲੋਂ ਡਰਾਪਸ ਪਾਉਣਾ ਬਿਹਤਰ ਇਲਾਜ ਹੈ, ਜਿਸ ਨੂੰ ਲੋਕ ਤਰਜੀਹ ਵੀ ਦਿੰਦੇ ਹਨ। ਇਸੇ ਤਰ੍ਹਾਂ ਨੱਕ ਬੰਦ ਦੀ ਪਰੇਸ਼ਾਨੀ 'ਚ ਨੇਜ਼ਲ ਡਰਾਪਸ ਜ਼ਿਆਦਾ ਬਿਹਤਰ ਮੰਨੇ ਜਾਂਦੇ ਹਨ ਤੇ ਘਰਾਂ 'ਚ ਗਰਮ ਪਾਣੀ ਦੀ ਭਾਫ਼ ਲੈਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਉਸੇ ਤਰ੍ਹਾਂ ਜੇ ਫੇਫੜਿਆਂ 'ਚ ਕੋਈ ਸਮੱਸਿਆ ਜਾਂ ਐਲਰਜੀ ਹੈ ਤਾਂ ਸਿੱਧੀ ਫੇਫੜਿਆਂ ਅੰਦਰ ਇਨਹੇਲਰ ਰਾਹੀਂ ਦਵਾਈ ਪਹੁੰਚਾਉਣ ਤੋਂ ਲੋਕ ਕਿਉਂ ਕਤਰਾਉਂਦੇ ਹਨ? ਜਦ ਵੀ ਕਿਸੇ ਮਰੀਜ਼ ਨੂੰ ਇਨਹੇਲਰ ਲਿਖ ਕੇ ਦਿੱਤਾ ਜਾਂਦਾ ਹੈ ਤਾਂ ਉਹ ਉਸ ਨੂੰ ਅਣਗੌਲਿਆ ਕਿਉਂ ਕਰਦਾ ਹੈ?
ਨਸ਼ੇ ਦੀ ਲਤ ਪਾਉਣ ਵਾਲੀਆਂ ਦਵਾਈਆਂ ਨੂੰ ਤਾਂ ਲੋਕ ਬੇਝਿਜਕ ਵਰਤਦੇ ਹਨ, ਜਿਵੇਂ ਖੰਘ ਦੀਆਂ ਕੋਡੀਨ ਵਾਲੀਆਂ ਸ਼ੀਸ਼ੀਆਂ, ਐਲਪ੍ਰਾਜ਼ੋਲਮ, ਸ਼ਰਾਬ, ਬੀੜੀ-ਤੰਬਾਕੂ, ਨਿਕੋਟੀਨ, ਕੁਝ ਦਰਦ ਤੋਂ ਰਾਹਤ ਦੇਣ ਵਾਲੀਆਂ ਦਵਾਈਆਂ, ਕੁਝ ਮਸਲ-ਰੀਲੈਕਸੈਂਟ ਜਾਂ ਸਟੀਰਾਇਡ ਮਿਲੀਆਂ ਭਸਮਾਂ, ਜੋ ਕਿ ਝੋਲਾ ਛਾਪ ਡਾਕਟਰਾਂ ਤੋਂ ਬਿਨਾਂ ਕਿਸੇ ਡਾਕਟਰੀ ਪ੍ਰਿਸਕਰਿਪਸ਼ਨ ਤੋਂ ਬਾਅਦ ਲੈ ਕੇ ਲੋਕ ਖਾ ਲੈਂਦੇ ਹਨ ਪਰ ਸਾਹ-ਖੰਘ ਦੇ ਢੁੱਕਵੇਂ ਇਲਾਜ ਖ਼ਾਤਰ ਬਣਿਆ ਵਰਦਾਨ ਸਰੂਪ ਇਨਹੇਲਰ ਦਾ ਸ਼ਬਦ ਸੁਣ ਕੇ ਉਨ੍ਹਾਂ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਤੇ ਫਿਰ ਉਹ ਛੇਤੀ ਹੀ ਕਿਸੇ ਹੋਰ ਡਾਕਟਰ ਕੋਲ ਦਿਖਾਉਣ ਚਲੇ ਜਾਂਦੇ ਹਨ।
ਹਰ ਸਾਹ ਤੇ ਖਾਂਸੀ ਦੇ ਮਰੀਜ਼ ਨੂੰ ਇਨਹੇਲਰ ਦੀ ਜ਼ਰੂਰਤ ਨਹੀਂ ਹੁੰਦੀ ਤੇ ਨਾ ਹੀ ਹਰ ਇਨਹੇਲਰ ਇਕੋ ਜਿਹਾ ਹੁੰਦਾ ਹੈ। ਇਨਹੇਲਰ ਕੇਵਲ ਦਵਾਈ ਫੇਫੜੇ ਅੰਦਰ ਪਹੁੰਚਾਉਣ ਦਾ ਜ਼ਰੀਆ ਹੈ। ਦਵਾਈ ਹਰ ਮਰੀਜ਼ ਦੀ ਅਲੱਗ-ਅਲੱਗ ਹੁੰਦੀ ਹੈ। ਜਦ ਦਵਾਈ ਗੋਲੀਆਂ, ਕੈਪਸੂਲ ਜਾਂ ਸ਼ੀਸ਼ੀ ਨਾਲ ਮੂੰਹ ਰਾਹੀਂ ਸਰੀਰ 'ਚ ਜਾਂਦੀ ਹੈ ਤਾਂ ਉਹ ਖ਼ੂਨ ਰਾਹੀਂ ਸਰੀਰ ਦੇ ਹਰ ਹਿੱਸੇ ਨੂੰ ਪਹੁੰਚਦੀ ਹੈ, ਫਿਰ ਚਾਹੇ ਉਸ ਹਿੱਸੇ ਨੂੰ ਦਵਾਈ ਦੀ ਲੋੜ ਨਾ ਹੀ ਹੋਵੇ। ਇਹ ਤਾਂ ਸਭ ਜਾਣਦੇ ਹਨ ਕਿ ਹਰ ਦਵਾਈ ਦੇ ਕੁਝ ਸਾਈਡ ਇਫੈਕਟ ਵੀ ਹੁੰਦੇ ਹਨ। ਇਕ ਇਨਹੇਲਰ ਹੀ ਹੈ, ਜੋ ਦਵਾਈ ਸਿੱਧੀ ਉਸ ਹਿੱਸੇ ਤਕ ਪਹੁੰਚਾਉਂਦਾ ਹੈ, ਜਿਸ ਨੂੰ ਉਸ ਦੀ ਜ਼ਰੂਰਤ ਹੈ।
ਸਰਵੇਖਣ
ਵਿਕਸਿਤ ਮੁਲਕਾਂ 'ਚ ਅਸਥਮਾ ਅਟੈਕ ਨਾਲ ਮੌਤ ਹੋ ਜਾਣ 'ਤੇ ਕਾਰੋਨਰ ਦੀਆਂ ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਹਨ ਤੇ ਦੱਸਿਆ ਗਿਆ ਹੈ ਕਿ ਹਰ ਵਾਰ ਦੇ ਅਸਥਮਾ ਅਟੈਕ ਨੂੰ ਕੁਝ ਦਵਾਈ ਵੱਟੀ ਜਾਂ ਨੀਬੂਲਾਇਜ਼ ਕਰ ਕੇ ਟਾਲ ਦੇਣ ਨਾਲ ਮਰੀਜ਼ਾਂ ਦੀ ਮੌਤ 'ਚ ਵੱਡਾ ਯੋਗਦਾਨ ਪੈਂਦਾ ਹੈ। ਜੇ ਉਨ੍ਹਾਂ ਮਰੀਜ਼ਾਂ ਨੂੰ ਢੁੱਕਵਾਂ ਲੌਂਗ ਟਰਮ ਕੇਅਰ ਪਲਾਨ ਦਿੱਤਾ ਗਿਆ ਹੁੰਦਾ ਤਾਂ ਉਨ੍ਹਾਂ ਦੀ ਇਸ ਤਰ੍ਹਾਂ ਮੌਤ ਨਾ ਹੁੰਦੀ। ਉਕਤ ਦੇਸ਼ਾਂ 'ਚ ਅਸਥਮਾ ਕਾਰਨ ਹੋਣ ਵਾਲੀਆਂ ਮੌਤਾਂ ਦੇ ਹੋਏ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਦੋ-ਤਿਹਾਈ ਮੌਤਾਂ ਸਧਾਰਨ ਰੋਜ਼ਮਰ੍ਹਾ ਦੀ ਦੇਖ-ਰੇਖ ਨਾਲ ਰੋਕੀਆਂ ਜਾ ਸਕਦੀਆਂ ਸਨ। ਵਿਸ਼ਵ ਭਰ 'ਚ 23.5 ਕਰੋੜ ਲੋਕ ਅਸਥਮਾ ਤੋਂ ਪੀੜਤ ਹਨ ਤੇ 4 ਲੱਖ ਦੇ ਨੇੜੇ ਹਰ ਸਾਲ ਮੌਤਾਂ ਹੁੰਦੀਆਂ ਹਨ ਅਤੇ ਇਨ੍ਹਾਂ ਵਿਚੋਂ 80 ਫ਼ੀਸਦੀ ਮੌਤਾਂ ਅਵਿਕਸਿਤ ਮੁਲਕਾਂ 'ਚ ਹੁੰਦੀਆਂ ਹਨ ਤੇ ਅਸਥਮਾ ਕਾਰਨ ਇਕ-ਤਿਹਾਈ ਤੋਂ ਜ਼ਿਆਦਾ ਲੋਕ ਕੰਮ ਤੋਂ ਛੁੱਟੀ ਲੈਂਦੇ ਹਨ।
ਇਤਿਹਾਸ
ਸੰਨ 1778 'ਚ ਮੱਜ ਨਾਮਕ ਮੈਡੀਕਲ ਵਿਗਿਆਨੀ ਨੇ ਅਫ਼ੀਮ ਨੂੰ ਬਤੌਰ ਦਰਦ ਨਿਵਾਰਕ ਸਾਹ ਰਾਹੀਂ ਸਰੀਰ 'ਚ ਭੇਜਣ ਲਈ ਸਭ ਤੋਂ ਪਹਿਲਾਂ ਇਨਹੇਲਰ ਇਜ਼ਾਦ ਕੀਤਾ ਸੀ ਪਰ ਉਦੋਂ ਤੋਂ ਲੈ ਕੇ ਤਕਰੀਬਨ ਦੋ ਸੌ ਸਾਲ ਤਕ ਇਹ ਮਰੀਜ਼ ਵੱਲੋਂ ਆਪਣੇ ਆਪ ਨਹੀਂ ਲਿਆ ਜਾ ਸਕਦਾ ਸੀ। ਇਹ ਕੇਵਲ ਮਾਹਿਰ ਡਾਕਟਰ ਵੱਲੋਂ ਹੀ ਮਰੀਜ਼ ਨੂੰ ਵੱਡੀ ਜਿਹੀ ਮਸ਼ੀਨ ਰਾਹੀਂ ਦਿੱਤਾ ਜਾ ਸਕਦਾ ਸੀ। 1968 'ਚ ਰਾਬਰਟ ਵੈਕਸਲਰ ਨੇ ਇਹ ਛੋਟੀ ਤੇ ਸਰਲ ਮਸ਼ੀਨ ਦੀ ਕਾਢ ਕੱਢੀ, ਜਿਸ ਰਾਹੀਂ ਮਰੀਜ਼ ਖ਼ੁਦ ਵੀ ਇਨਹੇਲ ਕਰ ਸਕਦਾ ਸੀ।
ਭਰਮ ਤੇ ਤੱਥ
- ਅਸਥਮਾ ਇਕ ਲਾਇਲਾਜ ਬਿਮਾਰੀ ਹੈ।
ਤੱਥ : ਬਹੁਤ ਸਾਰੇ ਸੈਲੀਬ੍ਰਿਟੀਜ਼ ਹਨ, ਜਿਨ੍ਹਾਂ ਨੂੰ ਅਸਥਮਾ ਦੀ ਬਿਮਾਰੀ ਹੈ ਤੇ ਉਹ ਇਨਹੇਲਰ ਦੀ ਲਗਾਤਾਰ ਵਰਤੋਂ ਨਾਲ ਆਮ ਜੀਵਨ ਅਣਥੱਕ ਜੀਅ ਰਹੇ ਹਨ।
- ਲੋਕ ਸੋਚਦੇ ਹਨ ਕਿ ਇਨਹੇਲਰ ਨਾਲ ਮਾਹਿਰ ਡਾਕਟਰ ਦੀ ਲੋੜ ਨਹੀਂ ਰਹਿੰਦੀ, ਜੋ ਬਿਲਕੁਲ ਸਹੀ ਨਹੀਂ ਹੈ।
ਤੱਥ : ਆਮ ਤੌਰ 'ਤੇ ਦੇਖਣ 'ਚ ਆਉਂਦਾ ਹੈ ਕਿ ਮਰੀਜ਼ ਨੂੰ ਇਨਹੇਲਰ ਲਿਖ ਤਾਂ ਦਿੱਤਾ ਜਾਂਦਾ ਹੈ ਪਰ ਉਸ ਨੂੰ ਵਰਤਣ ਦਾ ਸਹੀ ਤਰੀਕਾ ਨਹੀਂ ਸਮਝਾਇਆ ਜਾਂਦਾ। ਜ਼ਿਆਦਾਤਰ ਮਰੀਜ਼ਾਂ ਨੂੰ ਇਨਹੇਲਰ ਇਸਤੇਮਾਲ ਕਰਨ ਦੀ ਤਕਨੀਕ ਬਾਰੇ ਪਤਾ ਨਹੀਂ ਹੁੰਦਾ।
ਇਸਤੇਮਾਲ ਕਰਨ ਵੇਲੇ ਹੋਣ ਵਾਲੀਆਂ ਗ਼ਲਤੀਆਂ
- ਇਨਹੇਲਰ ਲੈਣ ਵੇਲੇ ਕੁੱਬ ਕੱਢ ਕੇ ਬੈਠਣਾ।
- ਖ਼ਾਲੀ ਕੈਨਿਸਟਰ ਹੀ ਇਸਤੇਮਾਲ ਕਰਦੇ ਰਹਿਣਾ।
- ਸਪੇਸਰ ਤੋਂ ਬਗ਼ੈਰ ਇਨਹੇਲਰ ਵਰਤਣਾ।
- ਸਿਰ ਦੀ ਪੁਜ਼ੀਸ਼ਨ ਠੀਕ ਨਾ ਰੱਖਣਾ।
- ਇਨਹੇਲਰ ਦੇ ਮੂੰਹ ਤੇ ਜੀਭ ਜਾਂ ਦੰਦ ਫਸਾ ਲੈਣਾ।
- ਮੂੰਹ ਘੁੱਟ ਕੇ ਬੰਦ ਨਾ ਕਰਨਾ।
- ਸਪੇਸਰ ਸਿੱਧਾ ਅੰਦਰ ਗਲੇ ਤਕ ਲਗਾ ਲੈਣਾ।
- ਬਹੁਤ ਤੇਜ਼ੀ ਨਾਲ ਇਨਹੇਲ ਕਰਨਾ, ਜਿਸ ਨਾਲ ਕਈ ਵਾਰ ਸੀਟੀ ਦੀ ਆਵਾਜ਼ ਵੀ ਆਉਂਦੀ ਹੈ।
- ਸਟੀਰਾਇਡ ਇਨਹੇਲ ਕਰਨ ਤੋਂ ਬਾਅਦ ਮੂੰਹ/ਗਲਾ ਸਾਫ਼ ਨਾ ਕਰਨਾ।
- ਇਨਹੇਲਰ ਸਹੀ ਸਮੇਂ ਤੇ ਸਹੀ ਢੰਗ ਨਾਲ ਸਾਫ਼ ਨਾ ਕਰਨਾ।
- ਇਨਹੇਲਰ ਦੀ ਤਕਨੀਕ ਆਪਣੇ ਡਾਕਟਰ ਨੂੰ ਨਾ ਦਿਖਾਉਣਾ ਜਾਂ ਫਿਰ ਡਾਕਟਰ ਵੱਲੋਂ ਆਪ ਹੀ ਤਕਨੀਕ ਦੇਖਣ 'ਚ ਦਿਲਚਸਪੀ ਨਾ ਲੈਣਾ।
ਇਨਹੇਲਰ ਪ੍ਰਤੀ ਜਾਗਰੂਕਤਾ ਦੀ ਕਮੀ ਕਰਕੇ ਸਾਹ-ਖੰਘ, ਐਲਰਜੀ ਤੇ ਅਸਥਮਾ ਦੇ ਮਰੀਜ਼ ਇਸ ਦੇ ਫ਼ਾਇਦਿਆਂ ਤੋਂ ਅਨਜਾਣ ਹਨ, ਜਦਕਿ ਮਰੀਜ਼ਾਂ ਲਈ ਇਹ ਵਰਦਾਨ ਹੈ। ਇਸ ਨੂੰ ਡਾਕਟਰ ਦੀ ਸਲਾਹ ਨਾਲ ਅਪਣਾਓ ਤੇ ਸਹੀ ਢੰਗ ਨਾਲ ਵਰਤ ਕੇ ਆਪਣੇ ਰੋਗ 'ਤੇ ਕਾਬੂ ਪਾਓ।
- ਡਾ. ਰੋਮੀ ਸਿੰਗਲਾ
98723-94775
from Punjabi News -punjabi.jagran.com https://ift.tt/2ZpzbbT
via IFTTT
No comments:
Post a Comment