ਅਸੀਂ ਅਕਸਰ ਦੇਖਦੇ ਹਾਂ ਕਿ ਔਰਤਾਂ ਮੋਟਾਪੇ ਨੂੰ ਘਟਾਉਣ ਲਈ ਡਾਈਟਿੰਗ ਕਰਦੀਆਂ ਹਨ। ਡਾਈਟਿੰਗ ਕਰਨ ਨਾਲ ਸਰੀਰ 'ਚ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਦੀ ਕਮੀ ਹੋ ਜਾਂਦੀ ਹੈ ਤੇ ਵਾਲ ਰੁੱਖੇ ਅਤੇ ਬੇਜਾਨ ਹੋ ਜਾਂਦੇ ਹਨ। ਇਸ ਨਾਲ ਆਇਰਨ ਦੀ ਵੀ ਕਮੀ ਹੋ ਜਾਂਦੀ ਹੈ, ਜਿਸ ਨਾਲ ਹੈਮੋਗਲੋਬਿਨ ਦੀ ਮਾਤਰਾ ਘੱਟਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਜਿਹੜੀ ਵੀ ਖ਼ੁਰਾਕ ਖਾਓ, ਧਿਆਨ ਰੱਖੋ ਕਿ ਉਸ ਵਿਚ ਸਾਰੇ ਜ਼ਰੂਰੀ ਤੱਤ ਮੌਜੂਦ ਹੋਣ। ਖ਼ੁਰਾਕ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨ ਨਾਲ ਤੁਹਾਡੇ ਵਾਲ ਝੜਨੇ ਵੀ ਸ਼ੁਰੂ ਹੋ ਜਾਂਦੇ ਹਨ। ਔਰਤਾਂ ਵਾਲਾਂ ਨੂੰ ਸੋਹਣੇ, ਲੰਮੇ ਤੇ ਕਾਲੇ ਦਿਖਾਉਣ ਲਈ ਬਹੁਤ ਕੁਝ ਕਰਦੀਆਂ ਹਨ। ਵਾਲਾਂ ਵਿਚ ਕਈ ਤਰ੍ਹਾਂ ਦੇ ਸ਼ੈਂਪੂ ਤੇ ਕੰਡੀਸ਼ਨਰ ਲਾਉਂਦੀਆਂ ਹਨ। ਵਾਲਾਂ ਨੂੰ ਰੰਗਣ ਲਈ ਕਈ ਤਰ੍ਹਾਂ ਦੇ ਕਾਸਮੈਟਿਕਸ ਵਰਤਦੀਆਂ ਹਨ ਪਰ ਖ਼ੁਰਾਕ ਨੂੰ ਨਜ਼ਰਅੰਦਾਜ਼ ਕਰਦੀਆਂ ਹਨ, ਜਿਸ ਕਰਕੇ ਵਾਲਾਂ 'ਤੇ ਬੁਰਾ ਅਸਰ ਪੈਂਦਾ ਹੈ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਵਾਲਾਂ ਦਾ ਝੜਨਾ, ਰੁੱਖਾਪਣ, ਸਫ਼ੈਦ ਹੋਣਾ ਆਦਿ ਸ਼ੁਰੂ ਹੋ ਜਾਂਦੀਆਂ ਹਨ। ਵਾਲਾਂ ਦੀ ਸਿਹਤ ਖ਼ੁਰਾਕ 'ਤੇ ਨਿਰਭਰ ਕਰਦੀ ਹੈ। ਸਹੀ ਖ਼ੁਰਾਕ ਲੈਣ ਨਾਲ ਅਸੀਂ ਆਪਣੇ ਵਾਲਾਂ ਦੀ ਸਿਹਤ ਤੇ ਸਥਿਤੀ ਨੂੰ ਸੁਧਾਰ ਸਕਦੇ ਹਾਂ। ਗਰਮੀਆਂ 'ਚ ਵਾਲਾਂ ਨੂੰ ਸੋਹਣਾ ਤੇ ਸਿਹਤਮੰਦ ਦਿਖਾਉਣ ਲਈ ਕੁਝ ਜ਼ਰੂਰੀ ਸੁਝਾਅ :
-ਵਾਲਾਂ ਨੂੰ ਸਿਹਤਮੰਦ ਤੇ ਮਜ਼ਬੂਤ ਰੱਖਣ ਲਈ ਪ੍ਰੋਟੀਨ ਭਰਪੂਰ ਖ਼ੁਰਾਕ ਲੈਣੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਵਾਲ 'ਕੈਰਾਟਿਨ' ਨਾਮਕ ਪ੍ਰੋਟੀਨ ਨਾਲ ਬਣੇ ਹੋਏ ਹਨ। ਇਸ ਕਰਕੇ ਸਾਨੂੰ ਪਨੀਰ, ਪੁੰਗਰੀਆਂ ਦਾਲਾਂ, ਸੋਇਆਬੀਨ ਖ਼ੁਰਾਕ ਵਿਚ ਲੈਣਾ ਚਾਹੀਦਾ ਹੈ। ਸੋਇਆਬੀਨ 'ਚ ਅਮਿਨੋ ਐਸਿਡ ਹੁੰਦੇ ਹਨ, ਜਿਨ੍ਹਾਂ ਤੋਂ ਆਂਡੇ ਦੇ ਬਰਾਬਰ ਪ੍ਰੋਟੀਨ ਮਿਲਦਾ ਹੈ। ਇਸ ਕਰਕੇ ਜੋ ਅੰਡੇ ਨਹੀਂ ਖਾ ਸਕਦੇ, ਉਹ ਸੋਇਆਬੀਨ ਲੈ ਕੇ ਪ੍ਰੋਟੀਨ ਦੀ ਕਮੀ ਪੂਰੀ ਕਰ ਸਕਦੇ ਹਨ।
-ਪ੍ਰੋਟੀਨ ਦੇ ਨਾਲ-ਨਾਲ ਖਣਿਜ ਤੇ ਵਿਟਾਮਿਨ ਦੇ ਸਪਲੀਮੈਂਟ ਜਿਵੇਂ ਜ਼ਿੰਕ, ਵਿਟਾਮਿਨ ਬੀ, ਕੈਲਸ਼ੀਅਮ ਤੇ ਆਇਰਨ ਵੀ ਬਹੁਤ ਜ਼ਰੂਰੀ ਹੈ।
-ਕੈਲਸ਼ੀਅਮ ਦੀ ਕਮੀ ਵੀ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। 25 ਸਾਲ ਦੀ ਉਮਰ ਤੋਂ ਬਾਅਦ ਘੱਟ ਤੋਂ ਘੱਟ 800 ਮਿਲੀਗ੍ਰਾਮ ਕੈਲਸ਼ੀਅਮ ਲੈਣਾ ਜ਼ਰੂਰੀ ਹੁੰਦਾ ਹੈ। ਇਹ ਮਾਤਰਾ ਢਾਈ ਕੱਪ ਦੁੱਧ ਹਰ ਰੋਜ਼ ਪੀ ਕੇ ਪੂਰੀ ਕੀਤੀ ਜਾ ਸਕਦੀ ਹੈ।
-ਜੇ ਦੁੱਧ ਨਹੀਂ ਪੀ ਸਕਦੇ ਤਾਂ ਕੈਲਸ਼ੀਅਮ ਦੀ ਕਮੀ ਨੂੰ ਤੁਸੀਂ ਤਾਜ਼ੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਮੇਥੀ ਆਦਿ ਤੋਂ ਪੂਰਾ ਕਰ ਸਕਦੇ ਹਾਂ।
-ਦੁੱਧ ਤੋਂ ਬਣੀਆਂ ਚੀਜ਼ਾਂ ਜਿਵੇਂ ਕਿ ਪਨੀਰ, ਦਹੀਂ ਜਾਂ ਸੋਇਆ ਦੁੱਧ ਵੀ ਲੈ ਸਕਦੇ ਹੋ।
-ਤਾਜ਼ੇ ਫ਼ਲਾਂ ਦਾ ਜੂਸ ਤੇ ਕਾਫ਼ੀ ਮਾਤਰਾ 'ਚ ਪਾਣੀ ਪੀਣਾ ਚਾਹੀਦਾ ਹੈ।
-ਭਾਰੀ ਅਤੇ ਸਟਾਰਚੀ ਭੋਜਨ ਨਹੀਂ ਖਾਣਾ ਚਾਹੀਦਾ।
-ਰੋਜ਼ ਖ਼ੁਰਾਕ ਵਿਚ ਸਲਾਦ, ਫ਼ਲ, ਸਪਰਾਉਟਸ, ਦਹੀਂ ਦੀ ਵਰਤੋਂ ਕਰਨੀ ਚਾਹੀਦੀ ਹੈ।
-ਹੌਟ ਟੀ ਦੀ ਥਾਂ ਕੋਲਡ ਟੀ ਜਾਂ ਨਿੰਬੂ ਦਾ ਜੂਸ ਕੱਢ ਕੇ ਪੀਣਾ ਚਾਹੀਦਾ ਹੈ।
ਗਰਮੀਆਂ ਵਿਚ ਇਸ ਖ਼ੁਰਾਕ ਦੀ ਵਰਤੋਂ ਕਰ ਕੇ ਵੀ ਤੁਸੀਂ ਸਾਰੇ ਜ਼ਰੂਰੀ ਤੱਤ ਪ੍ਰਾਪਤ ਕਰ ਸਕਦੇ ਹੋ ਤੇ ਪਸੀਨਾ ਆਉਣ ਨਾਲ ਹੋਈ ਪਾਣੀ ਦੀ ਕਮੀ ਨੂੰ ਵੀ ਪੂਰਾ ਕਰ ਸਕਦੇ ਹੋ।
-ਮੁਕਤੀ ਅਰੋੜਾ
from Punjabi News -punjabi.jagran.com https://ift.tt/2D8fxed
via IFTTT
No comments:
Post a Comment