ਪਿਛਲੇ ਇਕ ਹਫ਼ਤੇ ਦੌਰਾਨ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਵੱਧਦੀ ਗਿਣਤੀ ਅਤੇ ਲੋਕਾਂ ਦੀ ਲਾਪਰਵਾਹੀ ਬੇਹੱਦ ਮਾੜੇ ਸੰਕੇਤ ਹਨ। ਅਜਿਹੇ ਗੰਭੀਰ ਹਾਲਾਤ ਵਿਚ ਵੀ ਕੁਝ ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਜਿਸ ਕਾਰਨ ਪੰਜਾਬ ਸਰਕਾਰ ਨੂੰ ਹੋਰ ਸਖ਼ਤੀ ਕਰਨੀ ਪਈ ਹੈ। ਪੂਰੇ ਸੂਬੇ ਵਿਚ ਇਸ ਬਿਮਾਰੀ ਨੂੰ ਲੈ ਕੇ ਲੋਕਾਂ ਦੀ ਗ਼ੈਰ-ਸੰਜੀਦਗੀ ਦਾ ਇਸ ਗੱਲੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਾਸਕ ਨਾ ਪਾਉਣ ਵਾਲਿਆਂ ਦੇ ਲਗਪਗ 5000 ਚਲਾਨ ਰੋਜ਼ਾਨਾ ਕੱਟੇ ਜਾ ਰਹੇ ਹਨ। ਇਹ ਉਹ ਲੋਕ ਹਨ ਜੋ ਪੁਲਿਸ ਦੇ ਸਾਹਮਣੇ ਫੜੇ ਗਏ ਪਰ ਜਿਹੜੇ ਗਲੀਆਂ-ਮੁਹੱਲਿਆਂ 'ਚ ਇਨਫੈਕਸ਼ਨ ਫੈਲਾ ਰਹੇ ਹਨ ਉਨ੍ਹਾਂ ਨੂੰ ਤਾਂ ਕੋਈ ਦੇਖ ਵੀ ਨਹੀਂ ਰਿਹਾ। ਇਸੇ ਲਈ ਸਰਕਾਰ ਨੇ ਹੁਣ ਸੂਬੇ 'ਚ ਘਰੇਲੂ ਏਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਮਰੀਜ਼ਾਂ ਅਤੇ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲਿਆਂ 'ਤੇ 5000 ਰੁਪਏ ਜੁਰਮਾਨਾ ਲਗਾਉਣ ਦਾ ਹੁਕਮ ਦਿੱਤਾ ਹੈ। ਤੈਅਸ਼ੁਦਾ ਗਿਣਤੀ ਤੋਂ ਵੱਧ ਇਕੱਠ ਕਰਨ ਵਾਲਿਆਂ ਨੂੰ 10000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਜੇ ਲੋਕ ਨਾ ਸਮਝੇ ਤਾਂ ਬਹੁਤ ਜਲਦ ਭਾਰਤ ਇਸ ਬਿਮਾਰੀ ਦਾ ਸਭ ਤੋਂ ਵੱਡਾ ਸ਼ਿਕਾਰ ਬਣ ਜਾਵੇਗਾ। ਅਜਿਹੇ ਹਾਲਾਤ ਇਕੱਲੇ ਪੰਜਾਬ ਦੇ ਹੀ ਨਹੀਂ ਸਗੋਂ ਦੇਸ਼ ਦੇ ਕਈ ਸੂਬਿਆਂ ਦੇ ਵੀ ਹਨ। ਦੇਸ਼ ਵਿਚ ਇਕ ਵਾਰ ਫਿਰ ਲਾਕਡਾਊਨ ਲਈ ਬਹਿਸ ਛਿੜ ਪਈ ਹੈ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਤਾਂ ਸ਼ੁੱਕਰਵਾਰ (24 ਜੁਲਾਈ) ਤੋਂ 4 ਅਗਸਤ ਸਵੇਰੇ 5 ਵਜੇ ਤਕ ਲਾਕਡਾਊਨ ਕਰ ਦਿੱਤਾ ਗਿਆ ਹੈ। ਲੋਕਾਂ ਦੇ ਘਰੋਂ ਬਾਹਰ ਨਿਕਲਣ 'ਤੇ ਵੀ ਰੋਕ ਹੈ। ਪਿਛਲੇ ਕੁਝ ਦਿਨਾਂ ਤੋਂ ਭਾਰਤ 'ਚ ਵੀ ਮਰੀਜ਼ਾਂ ਦਾ ਗ੍ਰਾਫ਼ ਤੇਜ਼ੀ ਨਾਲ ਉੱਪਰ ਜਾ ਰਿਹਾ ਹੈ। ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਦੁਨੀਆ 'ਚ ਭਾਰਤ ਇਸ ਵੇਲੇ ਤੀਜੇ ਸਥਾਨ 'ਤੇ ਹੈ। ਬ੍ਰਾਜ਼ੀਲ ਦੂਜੇ ਤੇ ਅਮਰੀਕਾ ਪਹਿਲੇ ਸਥਾਨ 'ਤੇ ਹੈ। ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕ 'ਚ ਮਹਾਮਾਰੀ ਇਸ ਤੇਜ਼ੀ ਨਾਲ ਫੈਲ ਰਹੀ ਹੈ ਕਿ ਹਰ ਘੰਟੇ 2,600 ਤੋਂ ਵੱਧ ਲੋਕ ਕੋਰੋਨਾ ਪਾਜ਼ੇਟਿਵ ਆ ਰਹੇ ਹਨ। ਇੰਨੀ ਤੇਜ਼ ਰਫ਼ਤਾਰ ਨਾਲ ਦੁਨੀਆ ਦੇ ਕਿਸੇ ਵੀ ਦੇਸ਼ 'ਚ ਪਾਜ਼ੇਟਿਵ ਕੇਸ ਨਹੀਂ ਵੱਧ ਰਹੇ। ਅਮਰੀਕਾ 'ਚ ਹੁਣ ਤਕ ਕੁੱਲ 41 ਲੱਖ ਤੋਂ ਜ਼ਿਆਦਾ ਲੋਕ ਪਾਜ਼ੇਟਿਵ ਹੋ ਚੁੱਕੇ ਹਨ। ਲਗਪਗ 20 ਲੱਖ ਤੋਂ ਜ਼ਿਆਦਾ ਸਰਗਰਮ ਮਾਮਲੇ ਹਨ। ਅਮਰੀਕਾ ਵਿਚ ਲਗਾਤਾਰ ਦੂਜੇ ਦਿਨ ਇਕ ਹਜ਼ਾਰ ਤੋਂ ਜ਼ਿਆਦਾ ਪੀੜਤਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਇਕ ਲੱਖ 46 ਹਜ਼ਾਰ ਹੋ ਗਈ ਹੈ। ਜੇ ਭਾਰਤ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਰਿਕਾਰਡ 49 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਮਰੀਜ਼ਾਂ ਦਾ ਅੰਕੜਾ 13 ਲੱਖ ਦੇ ਨੇੜੇ ਪੁੱਜ ਗਿਆ ਹੈ। ਹੁਣ ਤਕ 30,601 ਲੋਕਾਂ ਦੀ ਜਾਨ ਜਾ ਚੁੱਕੀ ਹੈ। ਜੇ ਟੈਸਟਾਂ ਦੀ ਗੱਲ ਕਰੀਏ ਤਾਂ ਹੁਣ ਤਕ ਸਿਰਫ਼ ਡੇਢ ਕਰੋੜ ਲੋਕਾਂ ਦੇ ਹੀ ਟੈਸਟ ਹੋਏ ਹਨ। ਜੇ ਇਸ ਰਫ਼ਤਾਰ ਨਾਲ ਚੱਲਦੇ ਰਹੇ ਤਾਂ ਕਦੋਂ ਹਰੇਕ ਨਾਗਰਿਕ ਦਾ ਟੈਸਟ ਹੋਵੇਗਾ, ਇਹ ਕਹਿਣਾ ਬਹੁਤ ਔਖਾ ਹੈ। ਪੰਜਾਬ 'ਚ ਵੀ ਵੀਰਵਾਰ ਨੂੰ ਪਹਿਲੀ ਵਾਰ 504 ਨਵੇਂ ਕੇਸ ਸਾਹਮਣੇ ਆਏ ਜਦਕਿ 8 ਮਰੀਜ਼ਾਂ ਦੀ ਮੌਤ ਹੋਈ। ਦੇਸ਼ ਤੇ ਦੁਨੀਆ ਦੇ ਅੰਕੜੇ ਹਾਲਾਤ ਦੀ ਭਿਆਨਕ ਤਸਵੀਰ ਬਿਆਨ ਕਰ ਰਹੇ ਹਨ। ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਸੂਬਾ ਜਾਂ ਦੇਸ਼ ਹੁਣ ਇਕ ਹੋਰ ਲਾਕਡਾਊਨ ਕਰਨ ਦੀ ਹਾਲਤ 'ਚ ਨਹੀਂ ਹੈ। ਜੇਕਰ ਲੋਕ ਸਾਥ ਨਹੀਂ ਦੇਣਗੇ ਤਾਂ ਪ੍ਰਸ਼ਾਸਨ ਲਈ ਕੰਮ ਕਰਨਾ ਬਹੁਤ ਔਖਾ ਹੋ ਜਾਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਪੂਰੀ ਸਖ਼ਤੀ ਕਰੇ ਅਤੇ ਜਨਤਾ ਪ੍ਰਸ਼ਾਸਨ ਤੇ ਸਰਕਾਰ ਨੂੰ ਸਹਿਯੋਗ ਦੇਵੇ ਤਾਂ ਜੋ ਕੋਰੋਨਾ ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਠੱਲ੍ਹ ਪਾਈ ਜਾ ਸਕੇ।
from Punjabi News -punjabi.jagran.com https://ift.tt/3jGzgCD
via IFTTT
Friday, July 24, 2020
Subscribe to:
Post Comments (Atom)
No comments:
Post a Comment