Responsive Ads Here

Saturday, August 29, 2020

10 ਹਜ਼ਾਰ ਫੁੱਟ ਦੀ ਉਚਾਈ 'ਤੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ Atal Tunnel ਬਣ ਕੇ ਤਿਆਰ, ਇਹ ਹੈ ਖ਼ਾਸੀਅਤ

ਜੇਐੱਨਐੱਨ, ਨਵੀਂ ਦਿੱਲੀ : ਰੋਹਤਾਂਗ ’ਚ ਅਟਲ ਸੁਰੰਗ ਬਣ ਕੇ ਕਰੀਬ-ਕਰੀਬ ਤਿਆਰ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਤੰਬਰ ’ਚ ਇਸ ਦਾ ਉਦਘਾਟਨ ਕਰਨਗੇ, ਜਿਸ ਲਈ ਇਸ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਪਹਿਲਾਂ ਇਸ ਦਾ ਨਾਂ ਰੋਹਤਾਂਗ ਸੁਰੰਗ ਸੀ, ਜਿਸ ਨੂੰ ਬਦਲ ਕੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ ’ਤੇ ਰੱਖਿਆ ਗਿਆ। 9 ਕਿਮੀ ਲੰਬੀ ਇਹ ਸੁਰੰਗ 10 ਹਜ਼ਾਰ ਫੁੱਟ (ਕਰੀਬ ਤਿੰਨ ਹਜ਼ਾਰ ਮੀਟਰ) ਦੀ ਉਚਾਈ ’ਤੇ ਸਥਿਤ ਹੈ। ਏਨੀ ਉਚਾਈ ’ਤੇ ਬਣੀ ਇਹ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਹੈ। ਇਸ ਨਾਲ ਲੇਹ ਤੇ ਮਨਾਲੀ ਵਿਚਕਾਰ ਦੂਰੀ 46 ਕਿਮੀ ਘੱਟ ਹੋ ਜਾਵੇਗੀ। ਇਸ ਨੂੰ ਰਣਨੀਤਿਕ ਨਜ਼ਰਈਏ ਤੋਂ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਸੇ ਸਾਲ ਮਈ ’ਚ ਸੁਰੰਗ ਦਾ ਕੰਮ ਪੂਰਾ ਹੋਣਾ ਸੀ, ਪਰ ਕੋਵਿਡ-19 ਮਹਾਮਾਰੀ ਕਾਰਨ ਇਸ ’ਚ ਦੇਰੀ ਹੋਈ।

10 ਮਿੰਟ ’ਚ ਪੂਰੀ ਹੋਵੇਗੀ ਦੂਰੀ

ਪੀਰ ਪੰਜਾਲ ਦੀਆਂ ਪਹਾੜੀਆਂ ਨੂੰ ਕੱਟ ਕੇ ਬਣਾਈ ਗਈ ਸੁਰੰਗ ਕਾਰਨ 46 ਕਿਮੀ ਦੀ ਦੂਰੀ ਘੱਟ ਹੋ ਗਈ ਹੈ। ਇਹ ਸੁਰੰਗ 13,050 ਫੁੱਟ ’ਤੇ ਸਥਿਤ ਰੋਹਤਾਂਗ ਦੱਰੇ ਲਈ ਬਦਲਵਾਂ ਮਾਰਗ ਦਿੰਦੀ ਹੈ। ਉੱਥੇ ਹੀ ਮਨਾਲੀ ਵੈਲੀ ਤੋਂ ਲਾਹੌਲ ਤੇ ਸਪਿਤੀ ਵੈਲੀ ਤਕ ਪਹੁੰਚਣ ’ਚ ਕਰੀਬ ਪੰਜ ਘੰਟ ਦਾ ਸਮਾਂ ਲੱਗਦਾ ਹੈ, ਹੁਣ ਇਹ ਕਰੀਬ 10 ਮਿੰਟ ’ਚ ਪੂਰਾ ਹੋ ਜਾਵੇਗਾ। ਨਾਲ ਹੀ ਇਹ ਲਾਹੌਲ ਤੇ ਸਪਿਤੀ ਵੈਲੀ ਦੇ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ, ਜਿਹਡ਼ੇ ਭਾਰੀ ਬਰਫ਼ਬਾਰੀ ਦੌਰਾਨ ਹਰ ਸਾਲ ਸਰਦੀ ’ਚ ਕਰੀਬ ਛੇ ਮਹੀਨੇ ਲਈ ਦੇਸ਼ ਦੇ ਬਾਕੀ ਹਿੱਸੇ ਨਾਲੋਂ ਟੁੱਟ ਜਾਂਦੇ ਹਨ।

ਹਥਿਆਰ ਤੇ ਰਾਸ਼ਨ ਪਹੁੰਚਾਉਣਾ ਸੌਖਾ

ਚੀਨ ਨਾਲ ਜਾਰੀ ਤਣਾਅ ਦੌਰਾਨ ਇਹ ਅਹਿਮ ਹੋ ਜਾਂਦੀ ਹੈ। ਹੁਣ ਲੱਦਾਖ ’ਚ ਤਾਇਨਾਤ ਫ਼ੌਜੀਆਂ ਨਾਲ ਬਿਹਤਰ ਸੰਪਰਕ ਬਣਿਆ ਰਹੇਗਾ। ਉਨ੍ਹਾਂ ਨੂੰ ਹਥਿਆਰ ਤੇ ਰਸਦ ਸਮੇਂ ’ਤੇ ਪਹੁੰਚਾਏ ਜਾ ਸਕਣਗੇ। ਐਮਰਜੈਂਸੀ ਹਾਲਾਤ ਲਈ ਇਸ ਸੁਰੰਗ ਦੇ ਹੇਠਾਂ ਇਕ ਹੋਰ ਸੁਰੰਗ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਕਿਸੇ ਵੀ ਮਾਡ਼ੇ ਹਾਲਾਤ ਨਾਲ ਨਜਿੱਠਣ ਲਈ ਬਣਾਈ ਜਾ ਰਹੀ ਹੈ ਤੇ ਵਿਸ਼ੇਸ਼ ਹਾਲਾਤ ’ਚ ਐਮਰਜੈਂਸੀ ਨਿਕਾਸੀ ਦਾ ਕੰਮ ਕਰੇਗੀ।

ਇਸ ਤਰ੍ਹਾਂ ਅੱਗੇ ਵਧਿਆ ਪ੍ਰਾਜੈਕਟ ਤੇ ਪੁੱਜਾ ਮੁਕਾਮ ਤਕ

  1. ਮਈ 1990 ’ਚ ਪ੍ਰਾਜੈਕਟ ਲਈ ਅਧਿਐਨ ਸ਼ੁਰੂ ਕੀਤਾ ਗਿਆ।
  2. ਜੂਨ 2004 ’ਚ ਪ੍ਰਾਜੈਕਟ ਬਾਰੇ ਭੂ-ਵਿਗਿਆਨਕ ਰਿਪੋਰਟ ਪੇਸ਼ ਕੀਤੀ ਗਈ।

  3. ਦਸੰਬਰ 2006 ’ਚ ਪ੍ਰਾਜੈਕਟ ਦੇ ਡਿਜ਼ਾਈਨ ਤੇ ਵਿਸ਼ੇਸ਼ ਵੇਰਵੇ ਦੀ ਰਿਪੋਰਟ ਨੂੰ ਅੰਤਿਮ ਰੂਪ ਦਿੱਤਾ ਗਿਆ।
  4. ਬਾਰਡਰ ਰੋਡ ਸੰਗਠਨ (ਬੀਆਰਓ) ਦੇ ਅਧਿਕਾਰੀਆਂ ਮੁਤਾਬਕ ਪ੍ਰਾਜੈਕਟ ਨੂੰ 2003 ’ਚ ਆਖ਼ਰੀ ਮਨਜ਼ੂਰੀ ਮਿਲੀ।

  5. 2005 ’ਚ ਸੁਰੱਖਿਆ ਕੈਬਨਿਟ ਕਮੇਟੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ 2007 ’ਚ ਟੈਂਡਰ ਮੰਗੇ ਗਏ।
  6. ਜੂਨ 2010 ’ਚ ਇਹ ਸੁਰੰਗ ਬਣਨੀ ਸ਼ੁਰੂ ਹੋਈ।
  7. ਇਸ ਪ੍ਰਾਜੈਕਟ ਨੇ ਫਰਵਰੀ 2015 ’ਚ ਹੀ ਪੂਰਾ ਹੋਣਾ ਸੀ, ਪਰ ਵੱਖ-ਵੱਖ ਕਾਰਨਾਂ ਕਰਕੇ ਦੇਰੀ ਹੁੰਦੀ ਰਹੀ।
  8. ਸ਼ੁਰੂਆਤ ’ਚ ਇਹ ਪ੍ਰਾਜੈਕਟ 8.8 ਕਿਮੀ ਲੰਬਾ ਸੀ, ਪਰ ਪੂਰਾ ਹੋਣ ਤੋਂ ਬਾਅਦ ਲਈ ਗਈ ਜੀਪੀਐੱਸ ਰੀਡਿੰਗ 9 ਕਿਮੀ ਲੰਬਾ ਦਿਖਾਉਂਦੀ ਹੈ।

ਇਹ ਹੈ ਸੁਰੰਗ ’ਚ ਖ਼ਾਸ

  • ਹਰੇਕ 150 ਮੀਟਰ ਦੀ ਦੂਰੀ ’ਤੇ ਇਕ ਟੈਲੀਫੋਨ
  • ਹਰੇਕ 60 ਮੀਟਰ ਦੀ ਦੂਰੀ ’ਤੇ ਫਾਇਰ ਬ੍ਰਿਗੇਡ ਯੰਤਰ ਮੌਜੂਦ
  • 250 ਮੀਟਰ ਦੀ ਦੂਰੀ ’ਤੇ ਆਟੋਮੈਟਿਕ ਇੰਸੀਡੈਂਟ ਡਿਟੈਕਟਿਵ ਸਿਸਟਮ ਨਾਲ ਸੀਸੀਟੀਵੀ ਕੈਮਰੇ
  • ਹਰ 500 ਮੀਟਰ ’ਤੇ ਐਮਰਜੈਂਸੀ ਨਿਕਾਸ। ਹਰੇਕ 2.2 ਕਿਮੀ ’ਤੇ ਗੁਫ਼ਾਨੁਮਾ ਮੋਡ਼
  • ਹਰ ਇਕ ਕਿਮੀ ’ਤੇ ਹਵਾ ਦੀ ਗੁਣਵੱਤਾ ਦੱਸਣ ਵਾਲੇ ਮਾਨੀਟਰ
  • ਬੀਆਰਓ ਅਧਿਕਾਰੀਆਂ ਮੁਤਾਬਕ ਵਾਹਨਾਂ ਦੀ ਵੱਧ ਤੋਂ ਵੱਧ ਰਫ਼ਤਾਰ 80 ਕਿਮੀ ਪ੍ਰਤੀ ਘੰਟਾ ਦੀ ਹੋਵੇਗੀ
  • ਰੋਜ਼ਾਨਾ 1500 ਟਰੱਕ ਤੇ 3000 ਕਾਰਾਂ ਸੁਰੰਗ ’ਚੋਂ ਲੰਗਣ ਦੀ ਉਮੀਦ


from Punjabi News -punjabi.jagran.com https://ift.tt/2D8atXJ
via IFTTT

No comments:

Post a Comment