.jpg)
-ਸੰਜੇ ਗੁਪਤ
ਗੁਲਾਮ ਨਬੀ ਆਜ਼ਾਦ, ਕਪਿਲ ਸਿੱਬਲ, ਆਨੰਦ ਸ਼ਰਮਾ, ਮੁਕੁਲ ਵਾਸਨਿਕ, ਮਨੀਸ਼ ਤਿਵਾੜੀ ਸਮੇਤ ਕਾਂਗਰਸ ਦੇ 23 ਨੇਤਾਵਾਂ ਨੇ ਕੁਲਵਕਤੀ ਪ੍ਰਧਾਨ ਦੀ ਕਮੀ ਨੂੰ ਲੈ ਕੇ ਸੋਨੀਆ ਗਾਂਧੀ ਨੂੰ ਜੋ ਪੱਤਰ ਲਿਖਿਆ ਅਤੇ ਜਿਸ ਨੂੰ ਮੀਡੀਆ ਵਿਚ ਲੀਕ ਵੀ ਕੀਤਾ ਗਿਆ, ਉਸ ਨੂੰ ਲੈ ਕੇ ਅਜੇ ਵੀ ਉਥਲ-ਪੁਥਲ ਜਾਰੀ ਹੈ।
ਹਾਲਾਂਕਿ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਇਨ੍ਹਾਂ ਨੇਤਾਵਾਂ ਦੇ ਵਤੀਰੇ ਦੀ ਆਲੋਚਨਾ ਕੀਤੀ ਗਈ ਅਤੇ ਫਿਰ ਉਨ੍ਹਾਂ ਨੂੰ ਆਪਣੀ ਹੱਦ ਵਿਚ ਰਹਿਣ ਦਾ ਸੁਨੇਹਾ ਦੇਣ ਲਈ ਲੋਕ ਸਭਾ ਅਤੇ ਰਾਜ ਸਭਾ ਵਿਚ ਉਨ੍ਹਾਂ ਨੇਤਾਵਾਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਜੋ ਰਾਹੁਲ ਗਾਂਧੀ ਦੇ ਨਜ਼ਦੀਕੀ ਮੰਨੇ ਜਾਂਦੇ ਹਨ, ਫਿਰ ਵੀ ਪੱਤਰ ਲਿਖਣ ਵਾਲੇ ਨੇਤਾ ਆਪਣੇ ਰੁਖ਼ 'ਤੇ ਅਟੱਲ ਹਨ।
ਇਸ ਦੀ ਸ਼ਲਾਘਾ ਕਰਨੀ ਹੋਵੇਗੀ ਕਿ ਇਨ੍ਹਾਂ ਨੇਤਾਵਾਂ ਨੇ ਸਹੀ ਗੱਲ ਕਹਿਣ ਦਾ ਹੌਸਲਾ ਦਿਖਾਇਆ। ਇਸ ਤੋਂ ਇਨਕਾਰ ਨਹੀਂ ਕਿ ਕਾਂਗਰਸ ਗਾਂਧੀ ਪਰਿਵਾਰ 'ਤੇ ਆਸ਼ਰਿਤ ਹੈ ਪਰ ਇਸ ਦਾ ਇਹ ਵੀ ਮਤਲਬ ਨਹੀਂ ਕਿ ਪਾਰਟੀ ਨੂੰ ਕੰਮ ਚਲਾਊ ਤਰੀਕੇ ਨਾਲ ਚਲਾਇਆ ਜਾਵੇ। ਰਾਹੁਲ ਗਾਂਧੀ ਦੇ ਪ੍ਰਧਾਨ ਅਹੁਦਾ ਛੱਡਣ ਤੋਂ ਬਾਅਦ ਤੋਂ ਹੀ ਅਜਿਹਾ ਕੀਤਾ ਜਾ ਰਿਹਾ ਹੈ। ਰਾਹੁਲ ਦੇ ਅਸਤੀਫ਼ਾ ਦੇਣ ਤੋਂ ਬਾਅਦ ਜਦ ਸੋਨੀਆ ਗਾਂਧੀ ਨੂੰ ਅੰਤਰਿਮ ਪ੍ਰਧਾਨ ਬਣਾਇਆ ਗਿਆ ਉਦੋਂ ਇਹ ਮੰਨਿਆ ਗਿਆ ਸੀ ਕਿ ਕਾਂਗਰਸ ਜਲਦ ਹੀ ਕੁਲਵਕਤੀ ਪ੍ਰਧਾਨ ਦੀ ਚੋਣ ਕਰੇਗੀ ਅਤੇ ਹੋ ਸਕਦਾ ਹੈ ਕਿ ਉਹ ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਮੈਂਬਰ ਹੋਵੇ ਪਰ ਇਕ ਸਾਲ ਬੀਤ ਗਿਆ ਅਤੇ ਕੁਝ ਵੀ ਨਹੀਂ ਹੋਇਆ। ਇਸ ਤੋਂ ਇਹੀ ਸੰਕੇਤ ਮਿਲਿਆ ਕਿ ਗਾਂਧੀ ਪਰਿਵਾਰ ਮੌਜੂਦਾ ਸਥਿਤੀ ਬਰਕਰਾਰ ਰੱਖਣੀ ਚਾਹੁੰਦਾ ਹੈ। ਇਸ ਦੀ ਪੁਸ਼ਟੀ ਰਾਹੁਲ ਵੱਲੋਂ ਬਿਨਾਂ ਕੋਈ ਅਹੁਦਾ ਸੰਭਾਲੇ ਪਾਰਟੀ ਦੇ ਫ਼ੈਸਲੇ ਲੈਂਦੇ ਰਹਿਣ ਕਾਰਨ ਵੀ ਹੋਈ ਹੈ। ਰਾਹੁਲ ਗਾਂਧੀ ਪਾਰਟੀ ਨੂੰ ਕੋਈ ਦਿਸ਼ਾ ਨਹੀਂ ਦੇ ਪਾ ਰਹੇ, ਇਸ ਦੀ ਪੁਸ਼ਟੀ ਜਯੋਤਿਰਾਦਿੱਤਿਆ ਸਿੰਧੀਆ ਅਤੇ ਹੋਰ ਨੇਤਾਵਾਂ ਦੇ ਕਾਂਗਰਸ ਛੱਡਣ ਨਾਲ ਤਾਂ ਹੋਈ ਹੀ ਹੈ, ਰਾਜਸਥਾਨ ਕਾਂਗਰਸ ਦੇ ਸੰਕਟ ਤੋਂ ਵੀ ਹੋਈ ਜੋ ਜ਼ਰੂਰਤ ਤੋਂ ਜ਼ਿਆਦਾ ਲੰਬਾ ਖਿੱਚਿਆ ਗਿਆ।
ਹਾਲਾਂਕਿ ਕਾਂਗਰਸ ਦੇ ਕਈ ਨੇਤਾ ਰਾਹੁਲ ਗਾਂਧੀ ਨੂੰ ਫਿਰ ਤੋਂ ਪਾਰਟੀ ਦਾ ਪ੍ਰਧਾਨ ਬਣਾਉਣ ਦੀ ਮੰਗ ਕਰ ਰਹੇ ਹਨ ਪਰ ਇਸ ਮੰਗ ਨੂੰ ਸੀਨੀਅਰ ਨੇਤਾ ਆਪਣਾ ਸਮਰਥਨ ਨਹੀਂ ਦੇ ਰਹੇ ਹਨ। ਦਰਅਸਲ, ਉਹ ਰਾਹੁਲ ਦੀ ਅਗਵਾਈ ਹੇਠ ਪਾਰਟੀ ਦਾ ਭਵਿੱਖ ਉਜਵਲ ਨਹੀਂ ਦੇਖ ਰਹੇ ਹਨ। ਰਾਹੁਲ ਦੀ ਰਾਜਨੀਤੀ ਦਾ ਇਕਮਾਤਰ ਮਕਸਦ ਪ੍ਰਧਾਨ ਮੰਤਰੀ 'ਤੇ ਚਿੱਕੜ ਸੁੱਟਣਾ ਨਜ਼ਰ ਆਉਂਦਾ ਹੈ। ਉਨ੍ਹਾਂ ਦੇ ਟਵੀਟ ਅਤੇ ਬਿਆਨ ਜੇਕਰ ਕੁਝ ਕਹਿੰਦੇ ਹਨ ਤਾਂ ਇਹੀ ਕਿ ਉਨ੍ਹਾਂ ਦੀ ਰਾਜਨੀਤੀ ਪ੍ਰਧਾਨ ਮੰਤਰੀ ਮੋਦੀ ਨੂੰ ਨੀਵਾਂ ਦਿਖਾਉਣ 'ਤੇ ਕੇਂਦਰਿਤ ਹੈ। ਉਨ੍ਹਾਂ ਦੇ ਇਸ ਵਤੀਰੇ ਕਾਰਨ ਕਾਂਗਰਸ ਦਾ ਨੁਕਸਾਨ ਹੀ ਹੋਇਆ ਹੈ ਕਿਉਂਕਿ ਰਾਹੁਲ ਦੇ ਮੁਕਾਬਲੇ ਪ੍ਰਧਾਨ ਮੰਤਰੀ ਮੋਦੀ ਦੀ ਸਾਖ਼ ਕਈ ਗੁਣਾ ਵੱਧ ਹੈ। ਰਾਹੁਲ ਨੇ ਨਾ ਤਾਂ 2014 ਦੀ ਹਾਰ ਤੋਂ ਕੋਈ ਸਬਕ ਸਿੱਖਿਆ ਅਤੇ ਨਾ ਹੀ ਸੰਨ 2019 ਦੀ ਹਾਰ ਤੋਂ।
ਕਾਂਗਰਸ ਨੇ 2019 ਦੀਆਂ ਲੋਕ ਸਭਾ ਚੋਣਾਂ ਉਨ੍ਹਾਂ ਦੀ ਅਗਵਾਈ ਹੇਠ ਹੀ ਲੜੀਆਂ ਸਨ। ਚੋਣਾਂ ਦੌਰਾਨ ਰਾਹੁਲ ਨੇ ਰਾਫੇਲ ਸੌਦੇ ਨੂੰ ਤੂਲ ਦੇ ਕੇ ਪ੍ਰਧਾਨ ਮੰਤਰੀ 'ਤੇ ਖ਼ੂਬ ਗ਼ੈਰ-ਮਰਿਆਦਤ ਹਮਲੇ ਕੀਤੇ ਪਰ ਨਤੀਜੇ ਵਿਚ ਕਾਂਗਰਸ ਨੂੰ ਇਕ ਹੋਰ ਕਰਾਰੀ ਹਾਰ ਮਿਲੀ। ਇਸ ਹਾਰ ਤੋਂ ਸ਼ਰਮਿੰਦਾ ਹੋ ਕੇ ਉਨ੍ਹਾਂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਤਾਂ ਦੇ ਦਿੱਤਾ ਪਰ ਉਨ੍ਹਾਂ ਤੌਰ-ਤਰੀਕਿਆਂ ਨੂੰ ਨਹੀਂ ਛੱਡਿਆ ਜੋ ਉਨ੍ਹਾਂ ਦੇ ਅਕਸ ਦੇ ਨਾਲ-ਨਾਲ ਕਾਂਗਰਸ 'ਤੇ ਵੀ ਭਾਰੂ ਪੈ ਰਹੇ ਹਨ। ਉਨ੍ਹਾਂ ਦੀ ਅਨਾੜੀ ਸਿਆਸਤ ਨਾਲ ਕਾਂਗਰਸ ਦੇ ਤਮਾਮ ਨੇਤਾ ਸਹਿਮਤ ਨਹੀਂ ਹਨ ਪਰ ਉਹ ਆਪਣੀ ਅੜੀ 'ਤੇ ਅੜੇ ਹੋਏ ਹਨ। ਸ਼ਾਇਦ ਇਸ ਲਈ ਕਿ ਉਨ੍ਹਾਂ ਦੀ ਖ਼ੁਸ਼ਾਮਦ ਕਰਨ ਵਾਲੇ ਉਨ੍ਹਾਂ ਨੂੰ ਇਸ ਵਾਸਤੇ ਸ਼ਾਬਾਸ਼ੀ ਦਿੰਦੇ ਹਨ ਕਿ ਉਹ ਮੋਦੀ 'ਤੇ ਹਮਲਾ ਕਰ ਕੇ ਬਿਲਕੁਲ ਸਹੀ ਕਰ ਰਹੇ ਹਨ। ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਇਹ ਫ਼ੈਸਲਾ ਜ਼ਰੂਰ ਕੀਤਾ ਗਿਆ ਕਿ 6 ਮਹੀਨੇ ਵਿਚ ਕੁਲਵਕਤੀ ਪ੍ਰਧਾਨ ਦੀ ਭਾਲ ਕਰ ਲਈ ਜਾਵੇਗੀ ਪਰ ਇਸ ਵਿਚ ਸ਼ੱਕ ਹੈ ਕਿ ਇਹ ਉਸੇ ਤਰ੍ਹਾਂ ਹੋ ਸਕੇਗਾ ਜਿਵੇਂ ਕਾਂਗਰਸ ਦੇ 23 ਨੇਤਾ ਚਾਹ ਰਹੇ ਹਨ। ਭਾਵੇਂ ਹੀ ਰਾਹੁਲ ਗਾਂਧੀ ਇਹ ਕਹਿ ਰਹੇ ਹੋਣ ਕਿ ਉਹ ਪ੍ਰਧਾਨ ਨਹੀਂ ਬਣਨਾ ਚਾਹੁੰਦੇ ਅਤੇ ਪ੍ਰਿਅੰਕਾ ਗਾਂਧੀ ਵੀ ਕਹਿ ਚੁੱਕੀ ਹੋਵੇ ਕਿ ਪ੍ਰਧਾਨ ਪਰਿਵਾਰ ਤੋਂ ਬਾਹਰ ਦਾ ਬਣਨਾ ਚਾਹੀਦਾ ਹੈ ਪਰ ਇਕ ਧੜਾ ਰਾਹੁਲ ਗਾਂਧੀ ਨੂੰ ਹੀ ਪ੍ਰਧਾਨ ਬਣਾਉਣ ਦੀ ਮੰਗ ਕਰ ਰਿਹਾ ਹੈ।
ਰਾਹੁਲ ਵੱਲੋਂ ਪ੍ਰਧਾਨ ਦਾ ਅਹੁਦਾ ਛੱਡਣ ਤੋਂ ਬਾਅਦ ਅੰਤਰਿਮ ਪ੍ਰਧਾਨ ਬਣੀ ਸੋਨੀਆ ਗਾਂਧੀ ਨੇ ਜਿਸ ਤਰ੍ਹਾਂ ਕੁਲਵਕਤੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੋਈ ਦਿਲਚਸਪੀ ਨਹੀਂ ਦਿਖਾਈ ਉਸ ਤੋਂ ਇਹ ਨਹੀਂ ਲੱਗਦਾ ਕਿ ਪਰਿਵਾਰ ਦੇ ਬਾਹਰ ਦਾ ਕੋਈ ਨੇਤਾ ਪਾਰਟੀ ਪ੍ਰਧਾਨ ਬਣ ਸਕਦਾ ਹੈ।
ਸੋਨੀਆ ਗਾਂਧੀ ਰਾਹੁਲ ਨੂੰ ਹੀ ਪ੍ਰਧਾਨ ਦੇ ਅਹੁਦੇ 'ਤੇ ਦੇਖਣਾ ਚਾਹੁੰਦੀ ਹੈ। ਪਾਰਟੀ ਹਿੱਤ 'ਤੇ ਉਨ੍ਹਾਂ ਦਾ ਪੁੱਤਰ ਮੋਹ ਭਾਰੂ ਪੈ ਰਿਹਾ ਹੈ। ਰਾਹੁਲ ਦੀ ਨਾਕਾਮੀ ਅਤੇ ਕਾਂਗਰਸ ਦੇ ਰਸਾਤਲ ਵੱਲ ਜਾਣ ਤੋਂ ਬਾਅਦ ਵੀ ਉਹ ਪਾਰਟੀ ਨੂੰ ਪਰਿਵਾਰ ਦੀ ਪਕੜ ਵਿਚੋਂ ਬਾਹਰ ਨਹੀਂ ਜਾਣ ਦੇਣਾ ਚਾਹੁੰਦੀ। ਇਹ ਉਦੋਂ ਹੈ ਜਦ ਰਾਹੁਲ ਦੀ ਅਗਵਾਈ ਸਮਰੱਥਾ 'ਤੇ ਸਵਾਲ ਉੱਠਣ ਦੇ ਨਾਲ ਹੀ ਇਹ ਧਾਰਨਾ ਡੂੰਘੀ ਹੋ ਰਹੀ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਅੱਗੇ ਕਿਤੇ ਨਹੀਂ ਟਿਕਦੇ। ਉਨ੍ਹਾਂ ਦੀਆਂ ਗੱਲਾਂ ਜਨਤਾ ਨੂੰ ਆਪਣੇ ਵੱਲ ਨਹੀਂ ਖਿੱਚਦੀਆਂ ਕਿਉਂਕਿ ਉਨ੍ਹਾਂ ਵਿਚ ਗਹਿਰਾਈ ਨਹੀਂ ਹੁੰਦੀ। ਅਸਲ ਵਿਚ ਇਸੇ ਕਾਰਨ ਕਾਂਗਰਸ ਦੇ ਸੀਨੀਅਰ ਨੇਤਾ ਉਨ੍ਹਾਂ ਨੂੰ ਫਿਰ ਤੋਂ ਪ੍ਰਧਾਨ ਬਣਾਉਣ ਦੀ ਮੰਗ ਨਾਲ ਸਹਿਮਤ ਨਹੀਂ ਹਨ।
ਇਹ ਨੇਤਾ ਇਸ ਨਤੀਜੇ 'ਤੇ ਵੀ ਪੁੱਜ ਚੁੱਕੇ ਦਿਖਾਈ ਦਿੰਦੇ ਹਨ ਕਿ ਰਾਹੁਲ ਗਾਂਧੀ ਲੰਬੀ ਰੇਸ ਦੇ ਘੋੜੇ ਨਹੀਂ ਬਣ ਸਕਦੇ। ਸੋਨੀਆ ਗਾਂਧੀ ਇਹ ਗੱਲ ਇਸ ਤੱਥ ਦੇ ਬਾਵਜੂਦ ਸਮਝਣ ਲਈ ਤਿਆਰ ਨਹੀਂ ਕਿ ਯੂਪੀਏ ਸ਼ਾਸਨ ਦੌਰਾਨ ਰਾਹੁਲ ਕਿਸ ਤਰ੍ਹਾਂ ਜ਼ਿੰਮੇਵਾਰੀਆਂ ਤੋਂ ਭੱਜਦੇ ਰਹੇ ਅਤੇ ਨਾਲ ਹੀ ਅਨਾੜੀ ਸਿਆਸਤ ਕਰ ਕੇ ਮਨਮੋਹਨ ਸਿੰਘ ਲਈ ਮੁਸੀਬਤਾਂ ਖੜ੍ਹੀਆਂ ਕਰਦੇ ਰਹੇ।
ਆਖ਼ਰ ਕੋਈ ਇਹ ਕਿੱਦਾਂ ਭੁੱਲ ਸਕਦਾ ਹੈ ਕਿ ਰਾਹੁਲ ਨੇ ਮਨਮੋਹਨ ਸਿੰਘ ਸਰਕਾਰ ਦੇ ਆਰਡੀਨੈਂਸ ਨੂੰ ਫਾੜ ਕੇ ਸੁੱਟ ਦਿੱਤਾ ਸੀ? ਇਸ ਵਿਚ ਹਰਜ ਨਹੀਂ ਕਿ ਗਾਂਧੀ ਪਰਿਵਾਰ ਕਾਂਗਰਸ ਨੂੰ ਮਾਰਗ ਦਿਖਾਵੇ ਪਰ ਜਿਸ ਤੇਵਰ ਤੇ ਗਰੂਰ ਨਾਲ ਰਾਹੁਲ ਤੇ ਪ੍ਰਿਅੰਕਾ ਕਾਂਗਰਸ ਨੂੰ ਰਾਹ ਦਿਖਾਉਣੀ ਚਾਹ ਰਹੇ ਹਨ, ਉਹ ਸਾਮੰਤਵਾਦੀ ਰਾਜਨੀਤੀ ਦੀ ਹੀ ਮਿਸਾਲ ਹੈ। ਪ੍ਰਿਅੰਕਾ ਗਾਂਧੀ ਰਾਹੁਲ ਦੀਆਂ ਕਮੀਆਂ ਨੂੰ ਢੱਕਦੀ ਹੀ ਨਜ਼ਰ ਆਉਂਦੀ ਹੈ। ਉਸ ਨੂੰ ਇਹ ਵੀ ਸ਼ਿਕਾਇਤ ਹੈ ਕਿ ਕਾਂਗਰਸੀ ਨੇਤਾ ਰਾਹੁਲ ਦੀ ਹਾਂ ਵਿਚ ਹਾਂ ਨਹੀਂ ਮਿਲਾਉਂਦੇ। ਇਹ ਸ਼ਿਕਾਇਤ ਉਸ ਦੀ ਸਿਆਸੀ ਨਾਸਮਝੀ ਨੂੰ ਹੀ ਪ੍ਰਗਟ ਕਰਦੀ ਹੈ। ਭਾਵੇਂ ਹੀ ਗਾਂਧੀ ਪਰਿਵਾਰ ਭੀੜ ਜੁਟਾਉਣ ਵਿਚ ਸਮਰੱਥ ਹੋਵੇ ਪਰ ਉਸ ਨੂੰ ਇਹ ਸਮਝਣਾ ਹੋਵੇਗਾ ਕਿ ਕਿਸੇ ਵੀ ਪਾਰਟੀ ਨੂੰ ਅੱਗੇ ਲੈ ਕੇ ਜਾਣ ਦਾ ਕੰਮ ਉਹੀ ਕਰ ਸਕਦਾ ਹੈ ਜੋ ਸਿਆਸੀ ਸਮਝ-ਬੂਝ ਰੱਖਦਾ ਹੋਵੇ ਅਤੇ ਆਪਣੀਆਂ ਗੱਲਾਂ ਨਾਲ ਜਨਤਾ ਦੇ ਮਨ 'ਤੇ ਛਾਪ ਛੱਡਣ ਦੇ ਸਮਰੱਥ ਹੋਵੇ।
ਰਾਹੁਲ ਅਜਿਹਾ ਕਰਨ ਵਿਚ ਸਮਰੱਥ ਨਹੀਂ। ਇਹ ਸਾਫ਼ ਹੈ ਕਿ ਕਾਂਗਰਸ ਦੇ ਜੋ ਨੇਤਾ ਰਾਹੁਲ ਨੂੰ ਫਿਰ ਪ੍ਰਧਾਨ ਬਣਾਉਣ ਦੀ ਮੰਗ ਕਰ ਰਹੇ ਹਨ, ਉਹ ਕਮਜ਼ੋਰ ਨੇਤਾ ਦੀ ਛੱਤਰ-ਛਾਇਆ ਵਿਚ ਰਹਿ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ ਨਾ ਕਿ ਕਾਂਗਰਸ ਦਾ ਭਲਾ। ਇਹ ਵੀ ਸਾਫ਼ ਹੈ ਕਿ 23 ਕਾਂਗਰਸੀ ਨੇਤਾਵਾਂ ਦਾ ਪੱਤਰ ਰਾਹੁਲ ਗਾਂਧੀ ਦਾ ਖੁੱਲ੍ਹਾ ਵਿਰੋਧ ਹੈ। ਉਨ੍ਹਾਂ ਦੀ ਗੱਲ ਵਿਚ ਵਜ਼ਨ ਵੀ ਹੈ। ਉਹ ਪਾਰਟੀ ਦੀ ਭਲਾਈ ਲਈ ਹੀ ਅਜਿਹੀ ਮੰਗ ਕਰ ਰਹੇ ਹਨ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਸੋਨੀਆ ਗਾਂਧੀ ਨੇ ਪੁੱਤਰ ਮੋਹ ਨਾ ਛੱਡਿਆ ਤਾਂ ਕਾਂਗਰਸ ਵਿਚ ਫੁੱਟ ਹੋਰ ਡੂੰਘੀ ਹੋ ਜਾਵੇਗੀ ਅਤੇ ਕਈ ਨੇਤਾ ਪਾਰਟੀ ਨੂੰ ਅਲਵਿਦਾ ਕਹਿ ਦੇਣਗੇ। ਜੇਕਰ ਇੰਜ ਹੁੰਦਾ ਹੈ ਤਾਂ ਇਹ ਕਾਂਗਰਸ ਲਈ ਵੱਡੇ ਝਟਕੇ ਤੋਂ ਸਿਵਾਏ ਹੋਰ ਕੁਝ ਨਹੀਂ ਹੋਵੇਗਾ ਕਿਉਂਕਿ ਉਹ ਤਾਂ ਪਹਿਲਾਂ ਹੀ ਬਹੁਤ ਬੁਰੇ ਦੌਰ 'ਚੋਂ ਗੁਜ਼ਰ ਰਹੀ ਹੈ। ਇਨ੍ਹਾਂ 23 ਨੇਤਾਵਾਂ ਦੇ ਇਸ ਵਿਰੋਧ ਦੀ ਵਜ੍ਹਾ ਉਨ੍ਹਾਂ ਦਾ ਇਹ ਯਕੀਨ ਹੈ ਕਿ ਕਾਂਗਰਸ ਵਰਗੀ ਪਾਰਟੀ ਦਾ ਸੰਚਾਲਨ ਕਰਨਾ ਰਾਹੁਲ ਦੇ ਵੱਸ ਦੀ ਗੱਲ ਨਹੀਂ ਤੇ ਉਨ੍ਹਾਂ ਦੀ ਅਗਵਾਈ ਹੇਠ 2024 ਦੀਆਂ ਚੋਣਾਂ 'ਚ ਪਾਰਟੀ ਨੂੰ ਕੁਝ ਹਾਸਲ ਨਹੀਂ ਹੋਵੇਗਾ। ਜੇ ਸੋਨੀਆ ਗਾਂਧੀ ਕਾਂਗਰਸ ਦੇ ਭਵਿੱਖ ਨੂੰ ਲੈ ਕੇ ਸੱਚਮੁੱਚ ਚਿੰਤਤ ਹਨ ਤਾਂ ਉਨ੍ਹਾਂ ਨੂੰ ਪੁੱਤਰ ਮੋਹ ਤਿਆਗ ਕੇ ਆਪਣੇ ਸੀਨੀਅਰ ਨੇਤਾਵਾਂ ਦੇ ਪੱਤਰ 'ਤੇ ਸੰਜੀਦਗੀ ਨਾਲ ਸੋਚ-ਵਿਚਾਰ ਕਰਨੀ ਚਾਹੀਦੀ ਹੈ।
-(ਲੇਖਕ 'ਦੈਨਿਕ ਜਾਗਰਣ' ਅਖ਼ਬਾਰ ਦੇ ਮੁੱਖ ਸੰਪਾਦਕ ਹਨ)।
from Punjabi News -punjabi.jagran.com https://ift.tt/3lv5TUW
via IFTTT
No comments:
Post a Comment