.jpg)
-ਜੋਗਿੰਦਰ ਸਿੰਘ ਅਦਲੀਵਾਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਸਿੱਖ ਜਗਤ ਦੀ ਚੁਣੀ ਹੋਈ ਸਰਬਉੱਚ ਪ੍ਰਤੀਨਿਧ ਧਾਰਮਿਕ ਸੰਸਥਾ ਹੈ ਜੋ ਸਿੱਖਾਂ ਨੇ ਆਪਣੇ ਸਿਰਾਂ ਦਾ ਮੁੱਲ ਤਾਰ ਕੇ ਸਿਰਜੀ ਹੈ। ਸੰਨ 1920 ਤੋਂ ਸਾਲ ਦਰ ਸਾਲ ਚੱਲਦੀ ਹੋਈ 2020 ਤਕ ਇਹ ਸੰਸਥਾ ਇਕ ਸਦੀ ਦਾ ਸਫ਼ਰ ਤੈਅ ਕਰ ਚੁੱਕੀ ਹੈ ਅਤੇ ਇਸੇ ਸਾਲ ਆਪਣੀ ਪਹਿਲੀ ਸ਼ਤਾਬਦੀ ਨਵੰਬਰ 'ਚ ਮਨਾਉਣ ਜਾ ਰਹੀ ਹੈ। ਇਸ 100 ਸਾਲ ਦੇ ਸਫ਼ਰ 'ਚ ਸ਼੍ਰੋਮਣੀ ਕਮੇਟੀ ਨੇ ਕਈ ਉਤਰਾਅ-ਚੜ੍ਹਾਅ ਵੇਖੇ ਹਨ ਜਿਨ੍ਹਾਂ 'ਚ ਕੁਝ ਇਤਿਹਾਸਕ ਮੋਰਚਿਆਂ ਤੋਂ ਇਲਾਵਾ 'ਸਾਕਾ ਨੀਲਾ ਤਾਰਾ' ਵੀ ਸ਼ਾਮਲ ਹੈ। ਇਸ ਸਾਕੇ ਤੋਂ ਕੁਝ ਕੁ ਵਰ੍ਹੇ ਪਹਿਲਾਂ 1978 'ਚ ਸ੍ਰੀ ਅੰਮ੍ਰਿਤਸਰ ਵਿਖੇ ਵਾਪਰਿਆ ਨਿਰੰਕਾਰੀ ਖ਼ੂਨੀ ਕਾਂਡ ਵੀ ਸ਼ਾਮਲ ਹੈ ਪਰ ਗੁਰੂ ਕਿਰਪਾ ਨਾਲ ਸ਼੍ਰੋਮਣੀ ਕਮੇਟੀ ਉਲਟ ਹਾਲਾਤ 'ਚੋਂ ਵੀ ਨਾ ਕੇਵਲ ਉੱਭਰਦੀ ਆਈ ਹੈ ਸਗੋਂ ਹੋਰ ਨਿੱਖਰੀ ਹੈ।
ਪਹਿਲਾਂ ਲੱਖਾਂ, ਫਿਰ ਕਰੋੜਾਂ ਤੇ ਹੁਣ ਅਰਬਾਂ ਦਾ ਬਜਟ ਹੈ ਸ਼੍ਰੋਮਣੀ ਕਮੇਟੀ ਦਾ ਅਤੇ ਸੁੱਖ ਨਾਲ ਅੱਜਕੱਲ੍ਹ ਬਜਟ 12 ਅਰਬ ਤੋਂ ਵਧੇਰੇ ਰੁਪਏ ਦਾ ਹੈ। ਇਸ ਬਜਟ ਨੂੰ ਕੋਈ ਪੰਜਾਬ ਸਰਕਾਰ ਦੇ ਬਜਟ ਦੇ ਬਰਾਬਰ ਕਹਿਣ ਦੀ ਅਤਿਕਥਨੀ ਕਰਦਾ ਹੈ ਅਤੇ ਕੋਈ ਇਸ ਸੰਸਥਾ ਤੋਂ ਬੱਚਿਆਂ ਦੀ ਮੁਫ਼ਤ ਪੜ੍ਹਾਈ ਅਤੇ ਬਿਮਾਰਾਂ ਦੇ ਮੁਫ਼ਤ ਇਲਾਜ ਦੀ ਤਵੱਕੋ ਕਰਦਾ ਹੈ। ਜੇਕਰ ਬਜਟ ਦੀ ਗੱਲ ਕਰੀਏ ਤਾਂ ਰਕਮ ਦੇ ਇਹ ਹਿੰਦਸੇ ਅਨੁਮਾਨਿਤ ਹੀ ਹਨ। ਸ਼੍ਰੋਮਣੀ ਕਮੇਟੀ ਦਾ ਆਪਣਾ ਬਜਟ ਨਾਮਾਤਰ ਹੀ ਹੁੰਦਾ ਹੈ। ਇਸ ਦਾ ਸਾਰਾ ਬਜਟ ਇਸ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਤੋਂ ਆਉਣ ਵਾਲਾ ਦਸਵੰਧ, ਵਿੱਦਿਆ ਫੰਡ ਅਤੇ ਧਾਰਮਿਕ ਫੰਡ ਹੀ ਹੈ ਜੋ ਸ਼੍ਰੋਮਣੀ ਕਮੇਟੀ ਦੀ ਆਮਦਨ ਸਮਝੀ ਜਾਂਦੀ ਹੈ। ਇਸ ਤਰ੍ਹਾਂ ਗੁਰਦੁਆਰਿਆਂ ਤੋਂ ਮਿਲਣ ਵਾਲੀ ਇਸ ਅਨੁਮਾਨਤ ਰਾਸ਼ੀ (25 ਤੋਂ 30%) ਨੂੰ ਹੀ ਸ਼੍ਰੋਮਣੀ ਕਮੇਟੀ ਆਪਣਾ ਬਜਟ ਦੱਸਦੀ ਹੈ ਅਤੇ ਸੱਚਾਈ ਇਹ ਹੈ ਕਿ ਇਹ ਪੂਰੀ ਰਕਮ ਕਦੇ ਵੀ ਕਮੇਟੀ ਨੂੰ ਨਹੀਂ ਮਿਲਦੀ ਕਿਉਂਕਿ ਕੁਝ ਗੁਰਦੁਆਰੇ ਇੰਨਾ ਫੰਡ ਦੇਣ ਦੇ ਸਮਰੱਥ ਨਹੀਂ ਹਨ। ਇਸ ਤੋਂ ਇਲਾਵਾ ਇਹ 25% ਰਕਮ ਗੁਰਦੁਆਰਾ ਸਾਹਿਬ ਦੇ ਬਜਟ 'ਚ ਵੀ ਗਿਣੀ ਜਾਂਦੀ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਬਜਟ ਵਿਚ ਵੀ। ਇਸ ਤਰ੍ਹਾਂ ਕੁੱਲ ਬਜਟ 'ਚ 25% ਤਾਂ ਕਿਤੇ ਹੈ ਈ ਨਹੀਂ। ਸੀਮਤ ਬਜਟ ਹੋਣ ਦੇ ਬਾਵਜੂਦ ਇਹ ਨਹੀਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਕਾਰਜ ਕੀਤਾ ਹੀ ਨਹੀਂ ਗਿਆ। ਸੌ ਸਾਲ ਦੇ ਇਸ ਅਰਸੇ 'ਚ ਉਸ ਨੇ ਸੈਂਕੜੇ ਵਿੱਦਿਅਕ ਸੰਸਥਾਵਾਂ, ਪ੍ਰਚਾਰ ਦੇ ਦਰਜਨਾਂ ਮਿਸ਼ਨ, ਹਸਪਤਾਲ, ਯੂਨੀਵਰਸਿਟੀਆਂ ਆਦਿ ਸਥਾਪਤ ਕੀਤੀਆਂ ਹਨ ਜਿਨ੍ਹਾਂ ਨੂੰ ਸੰਗਤ ਆਪਣੀਆਂ ਸੰਸਥਾਵਾਂ ਆਖ ਕੇ ਮਾਣ ਮਹਿਸੂਸ ਕਰਦੀ ਹੈ।
ਦੇਸ਼ ਦੇ ਕੋਨੇ-ਕੋਨੇ 'ਚ ਸਮੇਂ-ਸਮੇਂ ਆਈਆਂ ਕੁਦਰਤੀ ਆਫ਼ਤਾਂ ਜਿਵੇਂ ਹੜ੍ਹ, ਭੂਚਾਲ, ਸੁਨਾਮੀਆਂ ਆਦਿ ਸਮੇਂ ਵੀ ਸ਼੍ਰੋਮਣੀ ਕਮੇਟੀ ਨੇ ਦਿਲ ਖੋਲ੍ਹ ਕੇ ਆਪਣੇ ਸੀਮਤ ਵਸੀਲਿਆਂ 'ਚੋਂ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਹੈ ਅਤੇ ਦੁਨੀਆ ਭਰ ਦੀ ਪ੍ਰਸ਼ੰਸਾ ਆਪਣੀ ਝੋਲੀ ਪੁਆਈ ਹੈ। ਸਾਲ 2020 ਦੇ ਸ਼ੁਰੂ 'ਚ ਹੀ ਭਾਰਤ 'ਚ ਦਾਖ਼ਲ ਹੋਈ ਕੋਰੋਨਾ ਨਾਂ ਦੀ ਮਹਾਮਾਰੀ ਦੌਰਾਨ ਵੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਮਦਦ ਘਰ-ਘਰ ਜਾ ਕੇ ਕੀਤੀ ਗਈ ਹੈ।ਸਾਡੀ ਸੰਭਾਲ 'ਚ ਸ਼੍ਰੋਮਣੀ ਕਮੇਟੀ ਨੂੰ ਦੋ ਕੁ ਵਾਰ ਆਰਥਿਕ ਸੰਕਟ ਦਾ ਸਾਹਮਣਾ ਵੀ ਕਰਨਾ ਪਿਆ ਹੈ। ਪਹਿਲਾ ਸੰਕਟ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਸਮੇਂ ਦੀ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਸਮੇਂ ਆਇਆ ਸੀ ਜਿਸ ਕਾਰਨ ਸ਼੍ਰੋਮਣੀ ਕਮੇਟੀ ਦੀ ਆਰਥਿਕਤਾ ਬੁਰੀ ਤਰ੍ਹਾਂ ਡਗਮਗਾ ਗਈ ਸੀ। ਕਾਫ਼ੀ ਦਿਨਾਂ ਤਕ ਭਾਰਤੀ ਫ਼ੌਜ ਦਾ ਪਵਿੱਤਰ ਕੰਪਲੈਕਸ 'ਤੇ ਕਬਜ਼ਾ ਰਿਹਾ। ਫਲਸਰੂਪ ਹਾਲਾਤ ਅਜਿਹੇ ਬਣ ਗਏ ਕਿ ਸੰਗਤ ਦੀ ਆਮਦ ਨਾਮਾਤਰ ਹੀ ਰਹਿ ਗਈ। ਨੌਬਤ ਇਹ ਵੀ ਆ ਗਈ ਕਿ ਕੜਾਹ ਪ੍ਰਸਾਦਿ ਦੀ ਦੇਗ ਚੱਲਦੀ ਰੱਖਣ ਲਈ ਬੈਂਕਾਂ ਤੋਂ ਓਵਰ ਡਰਾਫਟ ਲੈਣਾ ਪਿਆ ਅਤੇ ਬੈਂਕ ਇਸ ਤੋਂ ਵੀ ਝਿਜਕਦੇ ਦਿਸੇ। ਕਦੇ ਧਰਮ ਪ੍ਰਚਾਰ ਕਮੇਟੀ ਦੀਆਂ ਤਨਖ਼ਾਹਾਂ ਇਸ ਦੀਆਂ ਮਿਆਦੀ ਜਮ੍ਹਾ ਰਕਮਾਂ ਦੇ ਵਿਆਜ ਤੋਂ ਹੀ ਨਿਕਲਦੀਆਂ ਸਨ ਪਰ ਹੁਣ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣ ਲਈ ਛੋਟੇ ਬਜਟ ਵਾਲੇ ਗੁਰਦੁਆਰਿਆਂ ਦੀ ਗੋਲਕ ਗਿਣਤੀ ਦੀਆਂ ਉਡੀਕਾਂ ਕਰਨੀਆਂ ਪਈਆਂ ਪਰ ਗੁਰੂ ਰਾਮ ਦਾਸ ਜੀ ਦੀ ਬਖਸ਼ਿਸ਼ ਅਤੇ ਉਸ ਸਮੇਂ ਦੇ ਪ੍ਰਬੰਧਕਾਂ ਦੀ ਸੂਝ-ਬੂਝ ਸਦਕਾ ਆਰਥਿਕਤਾ ਪੈਰੀਂ ਹੋ ਗਈ।
ਦੂਜਾ ਆਰਥਿਕ ਸੰਕਟ ਹੁਣ ਸੁਣਨ 'ਚ ਆ ਰਿਹਾ ਹੈ ਜਿਸ ਦਾ ਕਾਰਨ ਕੋਰੋਨਾ ਮਹਾਮਾਰੀ ਦੱਸਿਆ ਜਾ ਰਿਹਾ ਹੈ। ਇਸ ਵਿਚ ਵੀ ਦੋਹਰੀ ਆਰਥਿਕ ਸੱਟ ਝੱਲਣੀ ਪਈ ਹੈ ਸ਼੍ਰੋਮਣੀ ਕਮੇਟੀ ਨੂੰ ਕਿਉਂਕਿ ਪ੍ਰਸ਼ਾਸਨ ਵੱਲੋਂ ਪਾਬੰਦੀਆਂ ਕਾਰਨ ਸੰਗਤ ਦੀ ਆਮਦ ਨਾਮਾਤਰ ਹੈ ਅਤੇ ਲੋੜਵੰਦਾਂ ਨੂੰ ਰਾਸ਼ਨ ਵੀ ਵੰਡਣਾ ਪਿਆ। ਆਰਥਿਕ ਸੰਕਟ ਦੇ ਜਿਹੜੇ ਨਿਸ਼ਾਨ ਮਿਲਦੇ ਹਨ ਉਨ੍ਹਾਂ 'ਚ ਕਰਮਚਾਰੀਆਂ ਨੂੰ ਭਾਨ ਦੇ ਰੂਪ 'ਚ ਤਨਖ਼ਾਹਾਂ ਦੇਣੀਆਂ ਅਤੇ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਵਿੱਦਿਅਕ ਅਦਾਰਿਆਂ (ਕੇਵਲ ਪੰਜਾਬ ਬੋਰਡ ਦੇ ਸਕੂਲਾਂ) ਕਰਮਚਾਰੀਆਂ ਨੂੰ ਪਿੱਛੇ ਜਿਹੇ ਸੋਧ ਕੇ ਦਿੱਤੇ ਗਏ ਪੇਅ ਸਕੇਲਾਂ ਵਿਚ ਚਾਰ-ਪੰਜ ਮਹੀਨੇ ਤਨਖ਼ਾਹਾਂ ਦੇਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਪੁਰਾਣੇ ਸਕੇਲਾਂ 'ਚ ਤਨਖ਼ਾਹਾਂ ਸਵੀਕਾਰ ਕਰਨ ਲਈ ਮਜਬੂਰ ਕਰਨਾ ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਰਕਮ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਟਰੱਸਟ, ਸ੍ਰੀ ਅੰਮ੍ਰਿਤਸਰ ਅਤੇ ਕੁਝ ਭਾਈ ਨੰਦ ਲਾਲ ਪਬਲਿਕ ਸਕੂਲ, ਸ੍ਰੀ ਅਨੰਦਪੁਰ ਸਾਹਿਬ ਤੋਂ ਵੀ ਲਏ ਜਾਣ ਦੀਆਂ ਕਨਸੋਆਂ ਮਿਲ ਰਹੀਆਂ ਹਨ। ਸੰਨ 1984 ਵਾਲੇ ਆਰਥਿਕ ਸੰਕਟ ਤੇ 2020 ਵਾਲੇ ਸੰਕਟ ਵਿਚਲੇ ਲਗਪਗ 40 ਸਾਲਾਂ 'ਚ ਸ਼੍ਰੋਮਣੀ ਕਮੇਟੀ ਵੱਲੋਂ ਦਰਜਨਾਂ ਹੋਰ ਸਕੂਲ, ਕਾਲਜ, ਮੈਡੀਕਲ/ਇੰਜੀਨੀਅਰਿੰਗ ਕਾਲਜ ਖੋਲ੍ਹੇ ਗਏ ਹਨ। ਦੋ ਯੂਨੀਵਰਸਿਟੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ।
ਪੰਜ-ਸੱਤ ਅਦਾਰਿਆਂ ਨੂੰ ਛੱਡ ਕੇ ਬਾਕੀ ਅਦਾਰੇ ਆਪਣੀਆਂ ਤਨਖ਼ਾਹਾਂ ਵੀ ਪੂਰੀਆਂ ਨਹੀਂ ਕਰਦੇ। ਉਹ ਵੀ ਗੋਲਕ ਵਿੱਚੋਂ ਹੀ ਜਾਂਦੀਆਂ ਹਨ ਜਿਸ ਦਾ ਕਾਰਨ ਸ਼ਾਇਦ ਲੋੜ ਤੋਂ ਵੱਧ ਸਿਫ਼ਾਰਸ਼ੀ ਭਰਤੀ ਕੀਤਾ ਗਿਆ ਸਟਾਫ ਹੋ ਸਕਦਾ ਹੈ ਜਾਂ ਪਿਛਲੇ ਕੁਝ ਵਰ੍ਹਿਆਂ ਦੌਰਾਨ ਬੱਚਿਆਂ ਅੰਦਰ ਵਿਦੇਸ਼ ਜਾਣ ਦਾ ਵੱਧ ਰਿਹਾ ਰੁਝਾਨ ਵੀ ਹੋ ਸਕਦਾ ਹੈ। ਆਰਥਿਕ ਤੰਗੀਆਂ ਦਾ ਹੱਲ ਦੋ ਹੀ ਤਰੀਕਿਆਂ ਨਾਲ ਹੋ ਸਕਦਾ ਹੈ। ਪਹਿਲਾ ਇਹ ਹੁੰਦਾ ਹੈ ਕਿ ਖ਼ਰਚੇ ਘਟਾਏ ਜਾਣ ਅਤੇ ਦੂਜਾ ਇਹ ਹੁੰਦਾ ਹੈ ਕਿ ਆਮਦਨ ਦੇ ਵਸੀਲੇ ਵਧਾਏ ਜਾਣ। ਪਹਿਲੇ ਵੱਲ ਸ਼੍ਰੋਮਣੀ ਕਮੇਟੀ ਨੇ ਸੋਚਣਾ ਸ਼ੁਰੂ ਕੀਤਾ ਲੱਗਦਾ ਹੈ ਕਿਉਂਕਿ ਕੁਝ ਵਿੱਦਿਅਕ ਅਦਾਰਿਆਂ ਦਾ ਇਕ-ਦੂਜੇ ਵਿਚ ਰਲੇਵਾਂ ਕਰਨ ਦੀਆਂ ਸੂਹਾਂ ਮਿਲ ਰਹੀਆਂ ਹਨ ਪਰ ਅਜਿਹਾ ਕਰ ਕੇ ਕੁਝ ਥੋੜ੍ਹੇ ਜਿਹੇ ਸਟਾਫ ਨੂੰ ਨੌਕਰੀ ਛੱਡਣ ਲਈ ਮਜਬੂਰ ਕਰਨ ਤੋਂ ਇਲਾਵਾ ਹੋਰ ਕੋਈ ਫ਼ਾਇਦਾ ਨਜ਼ਰ ਨਹੀਂ ਆਉਂਦਾ। ਇਸ ਦੇ ਦੂਰਗਾਮੀ ਸਿੱਟੇ ਬਾਅਦ 'ਚ ਸਾਹਮਣੇ ਅਉਣਗੇ ਪਰ ਕੀ ਇਹ ਕਈ ਕਈ ਸਾਲਾਂ ਤੋਂ ਪੰਜ ਹਜ਼ਾਰ ਤੋਂ ਲੈ ਕੇ ਵੀਹ ਹਜ਼ਾਰ ਤਕ ਤਨਖ਼ਾਹ ਲੈਣ ਵਾਲੇ ਕਰਮਚਾਰੀ ਹੀ ਅਸਲ ਬੋਝ ਹਨ? ਦੂਜੇ ਪਾਸੇ ਸ਼੍ਰੋਮਣੀ ਕਮੇਟੀ ਇਕ ਐੱਸਐੱਸ ਕੋਹਲੀ ਦੀ ਫਰਮ ਨੂੰ ਇੰਟਰਨਲ ਆਡਿਟ ਕਰਨ ਦਾ ਹੀ ਲਗਪਗ 8 ਲੱਖ ਰੁਪਏ ਮਹੀਨਾ ਦੇ ਰਹੀ ਸੀ ਜਿਸ ਨੇ ਪਿਛਲੇ 12 ਸਾਲਾਂ ਦੀ ਚੈਕਿੰਗ ਦੌਰਾਨ ਕੋਈ ਅਜਿਹੀ ਉਪਲਬਧੀ ਨਹੀਂ ਵਿਖਾਈ ਜਿਸ ਤੋਂ ਉਸ ਨੂੰ ਕੀਤੀ ਜਾ ਰਹੀ ਅਦਾਇਗੀ ਤਰਕਸੰਗਤ ਕਹੀ ਜਾ ਸਕਦੀ ਹੋਵੇ। ਇਸ ਫਰਮ ਦਾ ਵਿਰੋਧ ਵੀ ਅਕਸਰ ਅਖ਼ਬਾਰਾਂ ਰਾਹੀਂ ਜਨਤਕ ਤੌਰ 'ਤੇ ਹੁੰਦਾ ਰਹਿੰਦਾ ਸੀ।
ਅਜਿਹਾ ਵੀ ਨਹੀਂ ਕਿ ਸ਼੍ਰੋਮਣੀ ਕਮੇਟੀ ਦੇ ਕੰਨ 'ਤੇ ਕਦੀ ਜੂੰ ਨਹੀਂ ਸਰਕੀ। ਉਸ ਦੀ ਕਾਰਜਕਾਰਨੀ ਨੇ ਸਰਬਸੰਮਤੀ ਨਾਲ ਇਸ ਫਰਮ ਦੀਆਂ ਸੇਵਾਵਾਂ ਸਮਾਪਤ ਕਰ ਕੇ ਇਸ ਨੂੰ ਘਰ ਦੇ ਰਾਹ ਪਾ ਦਿੱਤਾ ਸੀ ਪਰ ਕੋਹਲੀ ਸਾਹਿਬ ਦੀ ਤਾਕਤ ਵੇਖੋ ਕਿ ਉਹ ਘਰ ਨਹੀਂ ਗਏ। ਉਲਟਾ ਸ਼੍ਰੋਮਣੀ ਕਮੇਟੀ ਨੂੰ ਥੁੱਕ ਕੇ ਮੁੜ ਚੱਟਣ ਦੀ ਨਮੋਸ਼ੀ ਝੱਲਣੀ ਪਈ ਜਦ ਕੁਝ ਘੰਟਿਆਂ ਅੰਦਰ ਹੀ ਕਾਰਜਕਾਰਨੀ ਦੀ ਉਚੇਚੀ ਮੀਟਿੰਗ ਬੁਲਾ ਕੇ ਕੋਹਲੀ ਸਾਹਿਬ ਨੂੰ ਮੁੜ ਉਸ ਦੀ ਉਸੇ ਕੁਰਸੀ 'ਤੇ ਆਪਣੇ ਹੱਥੀਂ ਬਿਰਾਜਮਾਨ ਕਰਨਾ ਪਿਆ। ਦੋਵਾਂ ਮੀਟਿੰਗਾਂ 'ਚ ਪ੍ਰਧਾਨ ਸ਼੍ਰੋਮਣੀ ਕਮੇਟੀ ਸਮੇਤ ਸਾਰੇ ਮੈਂਬਰ ਅਤੇ ਅਹੁਦੇਦਾਰ ਵੀ ਉਹੀ ਸਨ ਅਤੇ ਉਨ੍ਹਾਂ ਦੀ ਮਜਬੂਰੀ ਵੀ ਕਿਸੇ ਤੋਂ ਗੁੱਝੀ ਨਹੀਂ। ਦੇਰ-ਆਇਦ, ਦਰੁਸਤ-ਆਇਦ! ਹੁਣ ਇਕ ਵਾਰ ਫਿਰ ਅੰਤ੍ਰਿੰਗ ਕਮੇਟੀ ਨੇ ਕੋਹਲੀ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਨੇਕ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਕੋਹਲੀ ਕੋਲੋਂ 75 ਫ਼ੀਸਦੀ ਰਿਕਵਰੀ ਲਈ ਕਾਨੂੰਨੀ ਕਾਰਵਾਈ ਦਾ ਵੀ ਸਰਬਸੰਮਤੀ ਨਾਲ ਫ਼ੈਸਲਾ ਹੋਇਆ ਹੈ। ਸ਼੍ਰੋਮਣੀ ਕਮੇਟੀ ਸਿੱਖ ਜਗਤ ਦੀ ਆਪਣੀ ਜਥੇਬੰਦੀ ਹੈ। ਜਿਨ੍ਹਾਂ ਚੰਦ ਕੁ ਲੋਕਾਂ ਕਾਰਨ ਇਸ ਸੰਸਥਾ ਦਾ ਅਕਸ ਖ਼ਰਾਬ ਹੋਇਆ ਹੈ ਜਾਂ ਹੋ ਰਿਹਾ ਹੈ, ਉਨ੍ਹਾਂ ਨੂੰ ਬਦਲਣ ਦੀ ਤਦਬੀਰ ਸਿੱਖ ਜਗਤ ਦੇ ਹੱਥ ਹੈ ਜਿਸ ਲਈ ਚੋਣ ਦਾ ਇੰਤਜ਼ਾਰ ਕਰਨਾ ਪਵੇਗਾ। ਸ਼੍ਰੋਮਣੀ ਕਮੇਟੀ ਨੂੰ ਆਰਥਿਕ ਤੌਰ 'ਤੇ ਮੁੜ ਮਜ਼ਬੂਤ ਕਰਨ ਲਈ ਹੀਲੇ-ਵਸੀਲੇ ਕਰਨੇ ਹਰ ਸਿੱਖ ਦਾ ਫ਼ਰਜ਼ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੂੰ ਵੀ ਚਾਹੀਦਾ ਹੈ ਕਿ ਉਹ ਆਪਣਾ ਹੱਥ ਘੁੱਟੇ ਅਤੇ ਬੇਲੋੜੇ ਖ਼ਰਚਿਆਂ 'ਚ ਕਮੀ ਲਿਆਉਣ ਲਈ ਹਰ ਸੰਭਵ ਯਤਨ ਕਰੇ।
-(ਸਾਬਕਾ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)।
-ਸੰਪਰਕ : 98148-98123
from Punjabi News -punjabi.jagran.com https://ift.tt/31B8MLT
via IFTTT
No comments:
Post a Comment