ਨਵੀਂ ਦਿੱਲੀ (ਆਈਏਐੱਨਐੱਸ) : ਸਰਕਾਰ ਜਨ ਧਨ ਖਾਤਾ ਧਾਰਕਾਂ ਨੂੰ ਬੀਮਾ ਸੁਰੱਖਿਆ ਦੇਵੇਗੀ। ਇਸ ਤਹਿਤ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ) ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀਐੱਮਐੱਸਬੀਵਾਈ) ਦੇ ਦਾਇਰੇ ਵਿਚ ਲਿਆਂਦਾ ਜਾਵੇਗਾ। ਇਹ ਐਲਾਨ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ)ਦੀ ਛੇਵੀਂ ਵਰ੍ਹੇਗੰਢ ਦੇ ਮੌਕੇ ’ਤੇ ਕੀਤਾ ਗਿਆ। ਇਨ੍ਹਾਂ ਛੇ ਸਾਲਾਂ ਵਿਚ ਇਸ ਯੋਜਨਾ ਤਹਿਤ ਦੇਸ਼ ਦੇ 40 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਬੈਂਕ ਖਾਤੇ ਖੋਲ੍ਹੇ ਜਾ ਚੁੱਕੇ ਹਨ।
ਵਿੱਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਜਨ ਧਨ ਯੋਜਨਾ ਵਿਚੋਂ ਯੋਗ ਖਾਤਾ ਧਾਰਕਾਂ ਨੂੰ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਸੁਰੱਖਿਆ ਬੀਮਾ ਯੋਜਨਾ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਜੀਵਨ ਜਯੋਤੀ ਬੀਮਾ ਯੋਜਨਾ ਤਹਿਤ 18-50 ਸਾਲ ਉਮਰ ਵਰਗ ਦੇ ਬੈਂਕ ਖਾਤਾ ਧਾਰਕਾਂ ਨੂੰ ਇਕ ਸਾਲ ਲਈ ਸਿਰਫ਼ 330 ਰੁਪਏ ਦੇ ਪ੍ਰੀਮੀਅਮ ’ਤੇ ਦੋ ਲੱਖ ਰੁਪਏ ਤਕ ਦੀ ਜੀਵਨ ਬੀਮਾ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ। ਇਸ ਵਿਚ ਖਾਤਾ ਧਾਰਕ ਦੀ ਕਿਸੇ ਵੀ ਤਰੀਕੇ ਨਾਲ ਮੌਤ ਹੋਣ ’ਤੇ ਇਹ ਰਕਮ ਉਸ ਦੇ ਨੇੜੇ ਦੇ ਆਸ਼ਰਿਤ ਨੂੰ ਦਿੱਤੀ ਜਾਂਦੀ ਹੈ। ਪ੍ਰੀਮੀਅਮ ਦੀ ਰਕਮ ਸਿੱਧੇ ਲਾਭਪਾਤਰੀ ਦੇ ਖਾਤੇ ’ਚੋਂ ਹਰ ਸਾਲ ਕੱਟ ਲਈ ਜਾਂਦੀ ਹੈ। ਉਥੇ, ਸੁਰੱਖਿਆ ਬੀਮਾ ਯੋਜਨਾ 18-70 ਸਾਲ ਉਮਰ ਵਰਗ ਦੇ ਬੈਂਕ ਖਾਤਾ ਧਾਰਕਾਂ ਲਈ ਹੈ। ਇਸ ਤਹਿਤ ਸਿਰਫ਼ 12 ਰੁਪਏ ਦੇ ਪ੍ਰੀਮੀਅਮ ਵਿਚ ਇਕ ਸਾਲ ਲਈ ਦੋ ਲੱਖ ਰੁਪਏ ਤਕ ਦੇ ਹਾਦਸੇ ਵਜੋਂ ਮੌਤ ਅਤੇ ਇਕ ਲੱਖ ਰੁਪਏ ਤਕ ਦੀ ਦਿਵਿਆਂਗਤਾ ਬੀਮੇ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਦੀ ਸ਼ੁਰੂਆਤ ’ਚ ਸਾਲ 2014 ਵਿਚ ਹੀ ਇਸ ਯੋਜਨਾ ਨੂੰ ਲਾਂਚ ਕੀਤਾ ਸੀ। ਇਹ ਤੱਤਕਾਲੀ ਸਰਕਾਰ ਦੀਆਂ ਪਹਿਲੀਆਂ ਸਭ ਤੋਂ ਮਹੱਤਵਪੂਰਨ ਜਨ ਯੋਜਨਾਵਾਂ ਵਿਚੋਂ ਇਕ ਸੀ। ਇਸ ਦਾ ਮਕਸਦ ਹਰ ਉਸ ਭਾਰਤੀ ਨੂੰ ਬੈਂਕਿੰਗ ਸੇਵਾ ਦੀ ਮੁੱਖ ਧਾਰਾ ਵਿਚ ਲਿਆਉਣਾ ਸੀ, ਜਿਸ ਦਾ ਕੋਈ ਵੀ ਬੈਂਕ ਅਕਾਊਂਟ ਨਹੀਂ ਹੈ।
ਗ਼ਰੀਬੀ ਨੂੰ ਰੋਕਣ ’ਚ ਮਹੱਤਵਪੂਰਨ ਸਾਬਤ ਹੋਈ ਯੋਜਨਾ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਟਵੀਟ ਰਾਹੀਂ ਕਿਹਾ ਕਿ ਜਿਨ੍ਹਾਂ ਦੇ ਬੈਂਕ ਅਕਾਊਂਟ ਨਹੀਂ ਹਨ, ਉਨ੍ਹਾਂ ਨੂੰ ਬੈਂਕਾਂ ਨਾਲ ਜੋੜਨ ਦੇ ਮਹੱਤਵਪੂਰਨ ਟੀਚੇ ਦੇ ਨਾਲ ਛੇ ਸਾਲ ਪਹਿਲਾਂ ਅੱਜ ਹੀ ਦੇ ਦਿਨ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਸ਼ੁਰੂ ਕੀਤੀ ਗਈ ਸੀ। ਇਹ ਪਹਿਲ ਮਹੱਤਵਪੂਰਨ ਬਦਲਾਅ ਲਿਆਉਣ ਵਾਲੀ ਰਹੀ, ਗ਼ਰੀਬੀ ਨੂੰ ਖ਼ਤਮ ਕਰਨ ਦੀਆਂ ਕਈ ਪਹਿਲਾਂ ਦੀ ਨੀਂਹ ਸਾਬਤ ਹੋਈ ਹੈ ਅਤੇ ਇਸ ਨੇ ਕਰੋੜਾਂ ਲੋਕਾਂ ਨੂੰ ਫ਼ਾਇਦਾ ਪਹੁੰਚਾਇਆ ਹੈ। ਦੱਸਣਯੋਗ ਹੈ ਕਿ ਹੁਣ ਤਕ ਖੋਲ੍ਹੇ ਗਏ 40 ਕਰੋੜ ਤੋਂ ਜ਼ਿਆਦਾ ਜਨ ਧਨ ਖਾਤਿਆਂ ਵਿਚੋਂ 63 ਫ਼ੀਸਦੀ ਤੋਂ ਜ਼ਿਆਦਾ ਖਾਤਾ ਧਾਰਕ ਪੇਂਡੂ ਇਲਾਕਿਆਂ ਵਿਚੋਂ ਹਨ। ਇਨ੍ਹਾਂ ਵਿਚੋਂ ਕਰੀਬ 55 ਫ਼ੀਸਦੀ ਔਰਤਾਂ ਹਨ।
from Punjabi News -punjabi.jagran.com https://ift.tt/32ApvOL
via IFTTT
No comments:
Post a Comment