ਇੰਦਰਪ੍ਰੀਤ ਸਿੰਘ, ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਾਰੇ ਵਿਧਾਇਕ ਸੈਂਡ ਮਾਈਨਿੰਗ ਦੇ ਕਾਰੋਬਾਰ ’ਚ ਸ਼ਾਮਲ ਹਨ ਪਰ ਉਹ ਕਿਸੇ ਦਾ ਨਾਂ ਜਨਤਕ ਨਹੀਂ ਕਰਨਗੇ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕੀ ਉਹ ਉਨ੍ਹਾਂ ਕੁਝ ਨਾਵਾਂ ਨੂੰ ਉਜਾਗਰ ਕਰ ਸਕਦੇ ਹਨ ਜੋ ਵੱਡੇ-ਵੱਡੇ ਹਨ ਤਾਂ ਕੈਪਟਨ ਨੇ ਕਿਹਾ ਫਿਰ ਤਾਂ ਮੈਨੂੰ ਟਾਪ ਤੋਂ ਸ਼ੁਰੂ ਕਰਨਾ ਪਵੇਗਾ। ਉਨ੍ਹਾਂ ਕਿਹਾ, ਇਹ ਪੁੱਛੋ ਕਿ ਕੌਣ ਇਸ ਕਾਰੋਬਾਰ ’ਚ ਸ਼ਾਮਲ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਭਾਜਪਾ ਨਾਲ ਮਿਲ ਕੇ ਚੋਣ ਲੜਨ ਦੀ ਰਣਨੀਤੀ ਬਣਾਉਣ, ਲੀਚਿੰਗ, ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣ ਰਹੇ ਡ੍ਰੋਨ ਤੇ ਪੰਜਾਬ ਦੀ ਖੇਤੀ ਤੇ ਜ਼ਮੀਨ ਹੇਠਲੇ ਪਾਣੀ ਬਾਰੇ ਗੰਭੀਰ ਵਿਸ਼ਿਆਂ ’ਤੇ ਲੰਬੀ ਗੱਲਬਾਤ ਕੀਤੀ। ਇੱਥੋਂ ਤਕ ਕਿ ਉਨ੍ਹਾਂ ਦੋ ਹੋਰ ਕਿਤਾਬਾਂ ਲਿਖਣ ਸਬੰਧੀ ਵੀ ਮੀਡੀਆ ਮੁਲਾਜ਼ਮਾਂ ਨੂੰ ਦੱਸਿਆ।
ਕੈਪਟਨ ਨੇ ਪਾਕਿਸਤਾਨ ਵੱਲੋਂ ਆ ਰਹੇ ਡ੍ਰੋਨ ਤੇ ਮੌਜੂਦਾ ਪੰਜਾਬ ਸਰਕਾਰ ਦੀ ਇਸ ਚੁਣੌਤੀਪੂਰਨ ਕੰਮ ’ਤੇ ਵਰਤੀ ਜਾ ਰਹੀ ਗ਼ੈਰ-ਗੰਭੀਰਤਾ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਪਿਛਲੇ ਅੰਕੜੇ ਦਿੰਦੇ ਹੋਏ ਦੱਸਿਆ ਕਿ ਪੰਜਾਬ ਇਸ ਸਮੇਂ ਵਧਦੀ ਹੋਈ ਤਕਨੀਕ ਕਾਰਨ ਭਾਰੀ ਖ਼ਤਰੇ ’ਚ ਹੈ। ਚੀਨ ਦੇ ਬਣੇ ਹੋਏ ਡ੍ਰੋਨ ਹੁਣ 50-50 ਕਿਲੋਮੀਟਰ ਸਰਹੱਦ ਦੇ ਅੰਦਰ ਆਉਣ ਲੱਗੇ ਹਨ ਜਿਸ ’ਚ ਜੀਪੀਐੱਸ ਆਦਿ ਫਿਟ ਹਨ ਤੇ ਇਹ ਹਥਿਆਰ, ਡਰੱਗਜ਼ ਆਦਿ ਸੁੱਟ ਰਹੇ ਹਨ, ਜਦੋਂਕਿ ਸਾਡੇ ਕੋਲ ਇਨ੍ਹਾਂ ਨੂੰ ਟਰੈਕ ਕਰਨ ਦੀ ਤਕਨੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਗੰਭੀਰ ਖ਼ਤਰੇ ਪ੍ਰਤੀ ਮੁੱਖ ਮੰਤਰੀ ਹੁੰਦੇ ਹੋਏ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਦੱਸਿਆ ਸੀ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਲੋਕ ਮੇਰੀਆਂ ਇਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਤੇ ਇਹ ਦਾਅਵਾ ਕਰਨ ਲੱਗੇ ਕਿ ਇਹ ਗਲਤ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਤੇ ਕਪੂਰਥਲਾ ’ਚ ਹੋਈਆਂ ਦੋ ਘਟਨਾਵਾਂ ਬਾਰੇ ਕਿਹਾ ਕਿ ਲੀਚਿੰਗ ਦੀਆਂ ਘਟਨਾਵਾਂ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਨਵਜੋਤ ਸਿੱਧੂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਚੌਰਾਹੇ ’ਤੇ ਲਟਕਾਉਣ ਦੇ ਮਾਮਲੇ ’ਚ ਦਿੱਤੇ ਗਏ ਬਿਆਨ ’ਤੇ ਕੈਪਟਨ ਨੇ ਕਿਹਾ ਕਿ ਸਿੱਧੂ ਬਕਵਾਸ ਕਰ ਰਿਹਾ ਹੈ। ਸਾਡੇ ਦੇਸ਼ ’ਚ ਕਾਨੂੰਨ ਵਿਵਸਥਾ ਲਾਗੂ ਹੈ। ਅਸੀਂ ਇਸ ਤਰ੍ਹਾਂ ਜੰਗਲੀਪਣ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਦੋਵਾਂ ਥਾਵਾਂ ’ਤੇ ਲੋਕਾਂ ਨੂੰ ਮਾਰ ਦਿੱਤਾ ਗਿਆ, ਹੁਣ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਇਨ੍ਹਾਂ ਘਟਨਾਵਾਂ ਦੇ ਪਿੱਛੇ ਕੌਣ ਹੈ। ਕੈਪਟਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਧਰੁਵੀਕਰਨ ਨੂੰ ਬੜ੍ਹਾਵਾ ਦਿੰਦੀਆਂ ਹਨ ਤੇ ਜਿਹੜੇ ਲੋਕ ਇਸ ’ਚ ਸ਼ਾਮਲ ਹੋ ਕੇ ਭ੍ਰਿਸ਼ਟ ਹੋ ਜਾਂਦੇ ਹਨ ਉਹ ਡਰੱਗਜ਼ ਤੇ ਹਥਿਆਰਾਂ ਨੂੰ ਪਹੁੰਚਾਉਣ ਲਈ ਸਲੀਪਰ ਸੈੱਲ ਦਾ ਕੰਮ ਕਰਦੇ ਹਨ।
ਪੰਜਾਬ ਦੀ ਸਰਹੱਦ ’ਤੇ ਚੀਨ-ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਬਣ ਰਹੇ ਗਠਜੋੜ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਹਾਲਾਤ ’ਚ ਅੱਤਵਾਦ ਤੇ ਵਪਾਰ ਨਾਲ-ਨਾਲ ਨਹੀਂ ਚੱਲ ਸਕਦਾ। ਕਾਬਿਲੇਗੌਰ ਹੈ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਪਾਕਿਸਤਾਨ ਨਾਲ ਵਪਾਰ ਸ਼ੁਰੂ ਰਨ ਦੀ ਵਕਾਲਤ ਕੀਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਤਕ ਪਾਕਿਸਤਾਨ ਅੱਤਵਾਦ ਨੂੁੰ ਬੜ੍ਹਾਵਾ ਦੇਵੇਗਾ, ਉਨ੍ਹਾਂ ਨਾਲ ਵਪਾਰ ਨਹੀਂ ਕੀਤਾ ਜਾ ਸਕਦਾ।
from Punjabi News -punjabi.jagran.com https://ift.tt/32u4Dw1
via IFTTT
No comments:
Post a Comment