ਸੈਂਚੁਰੀਅਨ (ਪੀਟੀਆਈ) : ਮੱਧ ਕ੍ਰਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਕਿਹਾ ਹੈ ਕਿ ਭਾਰਤ ਦਾ ਮੌਜੂਦਾ ਬੱਲੇਬਾਜ਼ੀ ਹਮਲਾ ਦੱਖਣੀ ਅਫਰੀਕਾ ਵਿਚ ਤੇਜ਼ ਗੇਂਦਬਾਜ਼ਾਂ ਲਈ ਢੁੱਕਵੀਆਂ ਪਿੱਚਾਂ 'ਤੇ ਮਿਲਣ ਵਾਲੀ ਮੂਵਮੈਂਟ ਨਾਲ ਨਜਿੱਠਣ ਦੇ ਸਮਰੱਥ ਹੈ ਤੇ ਉਨ੍ਹਾਂ ਨੂੰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੱਥੇ ਚੰਗਾ ਪ੍ਰਦਰਸ਼ਨ ਕਰੇਗੀ। ਪੁਜਾਰਾ ਨੇ ਕਿਹਾ ਕਿ ਪਿਛਲੇ ਦਿਨੀਂ ਵਿਦੇਸ਼ਾਂ ਵਿਚ ਮਿਲੀ ਜਿੱਤ ਨਾਲ ਭਾਰਤ ਦਾ ਆਤਮਵਿਸ਼ਵਾਸ ਵਧਿਆ ਹੈ ਤੇ ਇਸ ਦਾ ਅਸਰ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਵਿਚ ਦਿਖਾਈ ਦੇਵੇਗਾ। ਪੁਜਾਰਾ ਨੇ ਕਿਹਾ ਕਿ ਜਦ ਤੁਸੀਂ ਵਿਦੇਸ਼ੀ ਦੌਰੇ 'ਤੇ ਜਾਂਦੇ ਹੋ ਤਾਂ ਤੁਸੀਂ ਜਾਣਦੇ ਹੋ ਕਿ ਉਥੇ ਤੇਜ਼ੀ ਤੇ ਉਛਾਲ ਹੋਵੇਗਾ ਤੇ ਗੇਂਦ ਆਖ਼ਰੀ ਸਮੇਂ ਵਿਚ ਮੂਵ ਕਰੇਗੀ। ਭਾਰਤ ਤੋਂ ਬਾਹਰ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਹਮੇਸ਼ਾ ਵੱਡੀ ਚੁਣੌਤੀ ਹੁੰਦੀ ਹੈ। ਇਸ ਟੀਮ ਕੋਲ ਵੱਧ ਸੰਤੁਲਿਤ ਬੱਲੇਬਾਜ਼ ਹਨ। ਮੈਨੂੰ ਲਗਦਾ ਹੈ ਕਿ ਅਸੀਂ ਇਸ ਨਾਲ ਨਜਿੱਠਣ ਦੇ ਸਮਰੱਥ ਹੋਵਾਂਗੇ। ਆਪਣੀਆਂ ਤਿਆਰੀਆਂ ਨੂੰ ਦੇਖਦੇ ਹੋਏ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ। ਪੁਜਾਰਾ ਨੂੰ ਲਗਦਾ ਹੈ ਕਿ ਦੱਖਣੀ ਅਫਰੀਕਾ ਵਿਚ ਖੇਡਣ ਦੇ ਤਜਰਬੇ ਦਾ ਵੀ ਟੀਮ ਨੂੰ ਫ਼ਾਇਦਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ (ਭਾਰਤੀ) ਖਿਡਾਰੀ ਪਹਿਲਾਂ ਦੱਖਣੀ ਅਫਰੀਕਾ ਵਿਚ ਖੇਡ ਚੁੱਕੇ ਹਨ। ਇਹ ਇਕ ਤਜਰਬੇਕਾਰ ਟੀਮ ਹੈ ਤੇ ਤਿਆਰੀ ਦੇ ਨਜ਼ਰੀਏ ਨਾਲ ਅਸੀਂ ਜਾਣਦੇ ਹਾਂ ਕਿ ਸਾਡੇ ਤੋਂ ਕੀ ਉਮੀਦ ਕੀਤੀ ਜਾਂਦੀ ਹੈ। ਜ਼ਿਆਦਾਤਰ ਟੀਮਾਂ ਆਪਣੇ ਘਰੇਲੂ ਹਾਲਾਤ ਵਿਚ ਚੰਗਾ ਪ੍ਰਦਰਸ਼ਨ ਕਰਦੀਆਂ ਹਨ ਤੇ ਦੱਖਣੀ ਅਫਰੀਕੀ ਟੀਮ ਵੀ ਇਸ ਤੋਂ ਵੱਖ ਨਹੀਂ ਹੈ। ਉਨ੍ਹਾਂ ਕੋਲ ਸਰਬੋਤਮ ਗੇਂਦਬਾਜ਼ੀ ਹਮਲਾ ਹੈ ਤੇ ਸਰਬੋਤਮ ਤੇਜ਼ ਗੇਂਦਬਾਜ਼ਾਂ ਵਿਚੋਂ ਇਕ ਦਾ ਸਾਹਮਣਾ ਕਰਨਾ ਹਮੇਸ਼ਾ ਚੁਣੌਤੀਪੂਰਨ ਰਿਹਾ ਹੈ।
ਵਿਦੇਸ਼ਾਂ 'ਚ ਚੰਗੇ ਪ੍ਰਦਰਸ਼ਨ ਨਾਲ ਮਿਲਿਆ ਵਿਸ਼ਵਾਸ : ਭਾਰਤ ਨੇ ਸਾਲ ਦੀ ਸ਼ੁਰੂਆਤ ਵਿਚ ਚਾਰ ਮੈਚਾਂ ਦੀ ਸੀਰੀਜ਼ ਵਿਚ ਆਸਟ੍ਰੇਲੀਆ ਨੂੰ 2-1 ਨਾਲ ਹਰਾ ਕੇ ਬਾਰਡਰ-ਗਾਵਸਕਰ ਟਰਾਫੀ ਕਾਇਮ ਰੱਖੀ ਸੀ। ਇਸ ਤੋਂ ਬਾਅਦ ਉਸ ਨੇ ਇੰਗਲੈਂਡ ਖ਼ਿਲਾਫ਼ ਉਸ ਦੀ ਧਰਤੀ 'ਤੇ ਚਾਰ ਮੈਚਾਂ ਵਿਚ 2-1 ਨਾਲ ਬੜ੍ਹਤ ਬਣਾ ਕੇ ਰੱਖੀ ਸੀ। ਕੋਵਿਡ-19 ਵਾਇਰਸ ਕਾਰਨ ਇਸ ਸੀਰੀਜ਼ ਦਾ ਪੰਜਵਾਂ ਟੈਸਟ ਨਹੀਂ ਹੋ ਸਕਿਆ ਸੀ। ਪੁਜਾਰਾ ਨੇ ਕਿਹਾ ਕਿ ਇੰਗਲੈਂਡ ਤੇ ਆਸਟ੍ਰੇਲੀਆ ਵਿਚ ਚੰਗਾ ਪ੍ਰਦਰਸ਼ਨ ਕਰਨ ਨਾਲ ਇਸ ਟੀਮ ਦੇ ਆਤਮਵਿਸ਼ਵਾਸ ਵਿਚ ਵੱਡਾ ਫ਼ਰਕ ਆਵੇਗਾ। ਇਸ ਨਾਲ ਟੀਮ ਨੂੰ ਯਕੀਨ ਹੋ ਗਿਆ ਹੈ ਕਿ ਅਸੀਂ ਵਿਦੇਸ਼ਾਂ ਵਿਚ ਜਿੱਤ ਸਕਦੇ ਹਾਂ। ਅਸੀਂ ਕਿਸੇ ਵੀ ਹਾਲਾਤ ਵਿਚ ਜਿੱਤ ਸਕਦੇ ਹਾਂ ਤੇ ਜਿਸ ਤਰ੍ਹਾਂ ਸਾਡੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਹੈ ਉਸ ਨੂੰ ਦੇਖਦੇ ਹੋਏ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਦੱਖਣੀ ਅਫਰੀਕਾ ਵਿਚ ਸੀਰੀਜ਼ ਜਿੱਤਣ ਦੇ ਸਮਰੱਥ ਹਾਂ।
ਪ੍ਰਦਰਸ਼ਨ 'ਚ ਨਿਰੰਤਰਤਾ ਦੀ ਨਜ਼ਰ ਆ ਰਹੀ ਘਾਟ : ਪੁਜਾਰਾ 2020 ਤੋਂ ਨਿਰੰਤਰ ਇੱਕੋ ਜਿਹਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਉਨ੍ਹਾਂ ਨੇ ਆਪਣਾ ਆਖ਼ਰੀ ਸੈਂਕੜਾ ਜਨਵਰੀ 2019 ਵਿਚ ਆਸਟ੍ਰੇਲੀਆ ਵਿਚ ਲਾਇਆ ਸੀ। ਪਿਛਲੀਆਂ 10 ਪਾਰੀਆਂ ਵਿਚ ਉਨ੍ਹਾਂ ਨੇ ਦੋ ਅਰਧ ਸੈਂਕੜੇ ਲਾਏ ਪਰ ਉਹ ਜਾਣਦੇ ਹਨ ਕਿ ਦੱਖਣੀ ਅਫਰੀਕੀ ਹਾਲਾਤ ਵਿਚ ਕਿਵੇਂ ਬੱਲੇਬਾਜ਼ੀ ਕਰਨੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਜਦ ਮੈਂ 2011 ਵਿਚ ਇੱਥੇ ਆਇਆ ਸੀ ਤਾਂ ਡੇਲ ਸਟੇਨ ਤੇ ਮੋਰਨੇ ਮੋਰਕਲ ਆਪਣੀ ਸਿਖਰ 'ਤੇ ਸਨ। ਮੈਂ 2013 ਤੇ 2017 ਵਿਚ ਵੀ ਇੱਥੇ ਦੇ ਦੌਰੇ 'ਤੇ ਆਇਆ ਤੇ ਇਸ ਲਈ ਜਾਣਦਾ ਹਾਂ ਕਿ ਇੱਥੇ ਕਿਵੇਂ ਬੱਲੇਬਾਜ਼ੀ ਕਰਨੀ ਹੈ।
from Punjabi News -punjabi.jagran.com https://ift.tt/3Fu7CU0
via IFTTT
No comments:
Post a Comment