ਸੇਂਚੁਰੀਅਨ (ਪੀਟੀਆਈ) : ਭਾਰਤੀ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਕਿਹਾ ਕਿ ਟੀਮ ਤੋਂ ਦੂਰ ਰਹਿਣ ਦੌਰਾਨ ਉਨ੍ਹਾਂ ਆਪਣੇ ਖੇਡ ਦੇ ਮਾਨਸਿਕ ਪਹਿਲੂ ਨੂੰ ਸਮਝਣ ’ਤੇ ਕੰਮ ਕੀਤਾ ਜਿਸ ’ਤੇ ਕੋਚ ਰਾਹੁਲ ਦ੍ਰਵਿੜ ਹਮੇਸ਼ਾ ਜ਼ੋਰ ਦਿੰਦੇ ਹਨ ਅਤੇ ਇਸ ਤੋਂ ਉਨ੍ਹਾਂ ਨੂੰ ਵਾਪਸੀ ’ਚ ਕਾਫ਼ੀ ਮਦਦ ਮਿਲੀ।
ਮਯੰਕ ਕਨਕਸ਼ਨ (ਸਿਰ ’ਚ ਸੱਟ) ਲੱਗਣ ਕਾਰਨ ਇੰਗਲੈਂਡ ਖ਼ਿਲਾਫ਼ ਪਹਿਲੇ ਟੈਸਟ ਤੋਂ ਬਾਹਰ ਹੋ ਗਏ ਸਨ ਅਤੇ ਉਸ ਤੋਂ ਬਾਅਦ ਟੀਮ ’ਚ ਥਾਂ ਗੁਆ ਦਿੱਤੀ ਸੀ। ਉਨ੍ਹਾਂ ਹਾਲ ਹੀ ’ਚ ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਵਿਚ 150 ਅਤੇ 62 ਦੌੜਾਂ ਬਣਾ ਕੇ ਵਾਪਸੀ ਕੀਤੀ।
ਉਨ੍ਹਾਂ ਸਲਾਮੀ ਬੱਲੇਬਾਜ਼ ਅਤੇ ਭਾਰਤ ਦੇ ਉਪ ਕਪਤਾਨ ਲੋਕੇਸ਼ ਰਾਹੁਲ ਨਾਲ ਗੱਲਬਾਤ ਦੌਰਾਨ ਕਿਹਾ, ‘ਇਹ ਨਵੀਂ ਸ਼ੁਰੂਆਤ ਨਹੀਂ ਹੈ। ਪਿਛਲੇ ਇਕ ਸਾਲ ਮੈਂ ਖ਼ੁਦ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਅਤੇ ਇਹ ਜਾਣਨ ਦੀ ਵੀ ਕਿ ਮੇਰੀ ਤਾਕਤ ਅਤੇ ਕਮਜ਼ੋਰੀਆਂ ਕੀ ਹਨ।’ ਮਯੰਕ ਨੇ ਕਿਹਾ ਕਿ ਮੈਨੂੰ ਵਾਪਸੀ ਕਰਕੇ ਚੰਗਾ ਪ੍ਰਦਰਸ਼ਨ ਕਰ ਪਾਉਣ ਦੀ ਖ਼ੁਸ਼ੀ ਹੈ ਅਤੇ ਅੱਗੇ ਵੀ ਇਸ ਲੈਅ ਨੂੰ ਕਾਇਮ ਰੱਖਾਂਗਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਖ਼ੁਦ ਨੂੰ ਸਮਝਣ ਅਤੇ ਮਾਨਸਿਕ ਪਹਿਲੂ ’ਤੇ ਕੰਮ ਕਰਨ ਦੀ ਗੱਲ ਕਰਦੇ ਹਨ। ਉਸ ’ਤੇ ਕੰਮ ਕਰਨ ਨਾਲ ਸਫਲਤਾ ਹਾਸਲ ਕਰਨ ਦੇ ਮੌਕੇ ਵਧ ਜਾਂਦੇ ਹਨ।
ਮਯੰਕ ਨੇ ਕਿਹਾ ਕਿ ਉਹ ਚੰਗੀ ਤਿਆਰੀ ’ਤੇ ਜ਼ੋਰ ਦਿੰਦੇ ਹਨ। ਅਸੀਂ ਇੱਥੇ ਚੰਗਾ ਅਭਿਆਸ ਕੀਤਾ ਹੈ ਅਤੇ ਟੈਸਟ ਮੈਚ ਦਾ ਇੰਤਜ਼ਾਰ ਹੈ। ਮਯੰਕ ਤੇ ਰਾਹੁਲ ਕਰਨਾਟਕ ਲਈ ਇਕੱਠੇ ਖੇਡਣ ਤੋਂ ਬਾਅਦ ਆਈਪੀਐੱਲ ਵਿਚ ਪਿਛਲੇ ਚਾਰ ਸਾਲ ਤੋਂ ਪੰਜਾਬ ਕਿੰਗਜ਼ ਲਈ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ।
from Punjabi News -punjabi.jagran.com https://ift.tt/3mxf9tM
via IFTTT
No comments:
Post a Comment