ਪਵਨ ਤ੍ਰੇਹਨ, ਬਟਾਲਾ : ਬੀਤੀ ਰਾਤ ਗਾਂਧੀ ਕੈਂਪ ’ਚ ਸਥਿਤ ਇਕ ਘਰ ’ਚ 80 ਸਾਲਾ ਬਜ਼ੁਰਗ ਔਰਤ ਨੂੰ ਉਸ ਦੇ ਵੱਡੇ ਪੁੱਤਰ ਨੇ ਮੌਤ ਦੇ ਘਾਟ ਉਤਾਰ ਦਿੱਤਾ। ਔਰਤ ਦੀ ਪਛਾਣ ਵਿੱਦਿਆ ਦੇਵੀ ਵਾਸੀ ਗਾਂਧੀ ਕੈਂਪ ਵਜੋਂ ਹੋਈ ਹੈ। ਔਰਤ ਦੀ ਮੌਤ ਹੋਣ ਦੀ ਸੂਚਨਾ ਮਿਲਦੇ ਹੀ ਚੌਂਕੀ ਸਿੰਬਲ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਔਰਤ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਬਟਾਲਾ ’ਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ। ਉਥੇ ਮ੍ਰਿਤਕ ਔਰਤ ਦੇ ਛੋਟੇ ਪੁੱਤਰ ਵਿਜੇ ਕੁਮਾਰ ਨੇ ਆਪਣੇ ਵੱਡੇ ਭਰਾ ਰਮੇਸ਼ ਲਾਲ ਵਾਸੀ ਗਾਂਧੀ ਕੈਂਪ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਦੀ ਮਾਂ ਵਿਦਿਆ ਦੇਵੀ ਉਸ ਦੇ ਵੱਡੇ ਭਰਾ ਰਮੇਸ਼ ਲਾਲ ਦੇ ਨਾਲ ਲਗਪਗ ਤਿੰਨ ਸਾਲ ਤੋਂ ਰਹਿ ਰਹੀ ਹੈ। ਵੱਡਾ ਭਰਾ ਮਾਂ ਨਾਲ ਕੁੱਟਮਾਰ ਕਰਦਾ ਸੀ ਤੇ ਮੰਗਲਵਾਰ ਦੇਰ ਰਾਤ ਵੀ ਉਸ ਨੇ ਮਾਂ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਿਜੇ ਕੁਮਾਰ ਨੇ ਦੱਸਿਆ ਕਿ ਉਸ ਦੀ ਮਾਂ ਮੰਗਲਵਾਰ ਨੂੰ ਉਸ ਦੇ ਘਰ ਆਈ ਸੀ ਤੇ ਉਸ ਨੂੰ ਦੱਸ ਰਹੀ ਸੀ ਕਿ ਰਮੇਸ਼ ਲਾਲ ਉਸ ਦੇ ਨਾਲ ਕੁੱਟਮਾਰ ਕਰਦਾ ਹੈ ਇਸ ਲਈ ਉਹ ਆਪਣਾ ਸਾਮਾਨ ਲੈ ਕੇ ਥੋੜੀ ਦੇਰ ’ਚ ਉਸ ਕੋਲ ਆ ਰਹੀ ਹੈ। ਜਦੋਂ ਵਿੱਦਿਆ ਦੇਵੀ ਸਾਮਾਨ ਲੈਣ ਗਈ ਤਾਂ ਮੰਗਲਵਾਰ ਰਾਤ ਨੂੰ ਉਸ ਦੇ ਵੱਡੇ ਭਰਾ ਰਮੇਸ਼ ਲਾਲ ਨੇ ਲਗਪਗ 5 ਲੱਖ ਰੁਪਏ ਆਪਣੇ ਨਾਂ ਕਰਵਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉਸ ਨੇ ਮੰਗ ਕੀਤੀ ਕਿ ਉਸ ਦੇ ਵੱਡੇ ਭਰਾ ਰਮੇਸ਼ ਲਾਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਅਮੋਲਕ ਸਿੰਘ ਨੇ ਦੱਸਿਆ ਕਿ ਉਨਾਂ ਨੇ ਮੁਲਜ਼ਮ ਰਮੇਸ਼ ਲਾਲ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।
ਪੁੱਤ ਨੇ ਦੋਸ਼ਾਂ ਨੂੰ ਨਕਾਰਿਆ
ਰਮੇਸ਼ ਲਾਲ ਨੇ ਕਿਹਾ ਕਿ ਛੋਟਾ ਭਰਾ ਵਿਜੇ ਉਨ੍ਹਾਂ ਤੋਂ ਵੱਖ ਰਹਿੰਦਾ ਹੈ ਤੇ ਉਸ ਦੀ ਮਾਂ ਵਿੱਦਿਆ ਦੇਵੀ ਤਿੰਨ ਸਾਲ ਤੋਂ ਉਸ ਦੇ ਨਾਲ ਰਹਿ ਰਹੀ ਸੀ। ਉਸ ਨੇ ਕਿਹਾ ਕਿ ਉਸ ਦੀ ਮਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਤੇ ਉਸ ਦੇ ਛੋਟੇ ਭਰਾ ਵੱਲੋਂ ਲਗਾਏ ਦੋਸ਼ ਬੇਬੁਨਿਆਦ ਹਨ।
from Punjabi News -punjabi.jagran.com https://ift.tt/30Qx07i
via IFTTT
No comments:
Post a Comment