ਸਤਪਾਲ ਥਿੰਦ, ਗੁਰੂ ਹਰਸਹਾਏ : ਕਾਂਗਰਸ ਹਾਈ ਕਮਾਨ ਨੇ ਹਲਕੇ ਦੇ ਮੌਜੂਦਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਭਾਜਪਾ 'ਚ ਜਾਣ ਤੋਂ ਬਾਅਦ ਲਾਵਾਰਸ ਪਏ ਹਲਕੇ ਦੀ ਵਾਗਡੋਰ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਨੂੰ ਸੌਂਪ ਦਿੱਤੀ ਹੈ। ਆਂਵਲਾ ਪਰਿਵਾਰ ਨੇ ਹਲਕੇ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਹੈ। ਰਮਿੰਦਰ ਸਿੰਘ ਆਵਲਾ ਦੇ ਵੱਡੇ ਭਰਾ ਸੁਖਬੀਰ ਸਿੰਘ ਆਵਲਾ ਵੱਲੋਂ ਕ੍ਰਿਸਮਿਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਚਰਚਾਂ ਵਿੱਚ ਸ਼ਿਰਕਤ ਕੀਤੀ ਗਈ ਅਤੇ ਮਸੀਹ ਭਾਈਚਾਰੇ ਨੂੰ ਕ੍ਰਿਸਮਿਸ ਮੌਕੇ ਵੱਡੇ ਦਿਨ ਦੀ ਵਧਾਈ ਦਿੱਤੀ ਗਈ।
ਇਸ ਮੌਕੇ ਇਕ ਚਰਚ ਵਿਚ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਆਵਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਹਲਕਾ ਗੁਰੂਹਰਸਹਾਏ ਦੀ ਕਮਾਨ ਸੰਭਾਲਣ ਲਈ ਰਮਿੰਦਰ ਸਿੰਘ ਆਵਲਾ ਨੂੰ ਥਾਪੜਾ ਦਿੱਤਾ ਗਿਆ ਹੈ ਅਤੇ ਪੰਜ ਕਰੋੜ ਰੁਪਏ ਹਲਕੇ ਦੇ ਵਿਕਾਸ ਲਈ ਪੈਕੇਜ ਦਿੱਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਸਾਡਾ ਪਰਿਵਾਰ ਪਿਛਲੇ ਲੰਬੇ ਅਰਸੇ ਤੋਂ ਹਲਕੇ ਦੀ ਪਹਿਲਾਂ ਵੀ ਸੇਵਾ ਕਰਦਾ ਆ ਰਿਹਾ ਹੈ। ਅਸੀਂ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਅਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਹਮੇਸ਼ਾਂ ਤੱਤਪਰ ਰਹੇ ਹਾਂ। ਸੁਖਬੀਰ ਆਵਲਾ ਨੇ ਕਿਹਾ ਕਿ ਹਲਕਾ ਵਿਧਾਇਕ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਵਰਕਰਾਂ ਨੂੰ ਸਾਂਭਣ ਲਈ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਸਾਡਾ ਪਰਿਵਾਰ ਹਰ ਵਰਕਰ ਨਾਲ ਖੜ੍ਹਾ ਹੈ ਅਤੇ ਦਿੱਤੀ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਵੇਗਾ।
ਇਸ ਤੋਂ ਉਪਰੰਤ ਰਮਿੰਦਰ ਆਂਵਲਾ ਨੇ ਖੁਦ ਨਗਰ ਕੌਂਸਲ ਗੁਰੂ ਹਰਸਹਾਏ ਦੇ ਸਾਰੇ ਕੌਂਸਲਰਾਂ ਨੂੰ ਆਪਣੇ ਘਰ ਮੀਟਿੰਗ ਤੇ ਬੁਲਾਇਆ ਅਤੇ ਹਲਕੇ ਦੀਆਂ ਦੁੱਖ ਤਕਲੀਫ਼ਾਂ ਵੀ ਸੁਣੀਆਂ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਆਤਮਜੀਤ ਸਿੰਘ ਡੇਵਿਡ, ਐੱਮਸੀ ਗੁਰਮੀਤ ਕੌਰ, ਐਮਸੀ ਨੀਲਮ ਰਾਣੀ, ਸੀਮੂ ਪਾਸੀ, ਅਮਨ ਦੁੱਗਲ, ਨਿੱਕੂ ਐੱਮਸੀ ਅਤੇ ਕਾਂਗਰਸੀ ਵਰਕਰ ਮੌਜੂਦ ਸਨ।
from Punjabi News -punjabi.jagran.com https://ift.tt/3JkdsK4
via IFTTT
No comments:
Post a Comment