ਪਵਿੱਤਰ ਅਗਨੀ ਮਨੁੱਖ ਦੇ ਮਰਨ ਪਿੱਛੋਂ ਉਸ ਨੂੰ ਪੰਜ ਤੱਤਾਂ ਵਿਚ ਲੀਨ ਕਰ ਦਿੰਦੀ ਹੈ ਅਤੇ ਮਨੁੱਖ ਆਪਣੇ ਕੀਤੇ ਮਾੜੇ-ਚੰਗੇ ਕੰਮਾਂ ਨੂੰ ਵੀ ਨਾਲ ਸਮੇਟ ਕੇ ਲੈ ਜਾਂਦਾ ਹੈ। ਪਰ ਹੁਣ ਸਾਡੇ ਦੇਸ਼ ਵਿਚ ਇਸ ਪਵਿੱਤਰ ਅਗਨੀ ਨਾਲ ਘੁਟਾਲੇ ਕਰਨ ਵਾਲਿਆਂ ਨੂੰ ਬਚਾਉਣ ਲਈ ਇਸ ਦਾ ਹੀ ਸਹਾਰਾ ਲਿਆ ਜਾ ਰਿਹਾ ਹੈ। ਇਸ ਕਾਰਨ ਸਾਰੇ ਘੁਟਾਲੇਬਾਜ਼ 'ਨਾ ਰਹੇਗਾ ਬਾਂਸ, ਨਾ ਵੱਜੇਗੀ ਬੰਸਰੀ' ਵਾਲੀ ਕਹਾਵਤ ਨੂੰ ਸੱਚ ਕਰਦੇ ਹੋਏ ਸ਼ਰੇਆਮ ਦਹਾੜਦੇ ਫਿਰਦੇ ਹਨ। ਇਸ ਦੀ ਸਪਸ਼ਟ ਉਦਾਹਰਨ ਇਹ ਹੈ ਕਿ ਬੀਤੇ ਦਿਨੀਂ ਮੁੰਬਈ ਵਿਖੇ ਆਮਦਨ ਕਰ ਵਿਭਾਗ ਦੀ ਇਮਾਰਤ ਦੇ ਉਸ ਭਾਗ ਨੂੰ ਅੱਗ ਲੱਗ ਗਈ, ਜਿੱਥੇ ਹੀਰਾ ਵਪਾਰੀ ਨੀਰਵ ਮੋਦੀ ਅਤੇ ਉਸ ਦੇ ਰਿਸ਼ਤੇਦਾਰ ਮੇਹੁਲ ਚੋਕਸੀ ਸਮੇਤ ਹੋਰ ਮੁਲਜ਼ਮਾਂ ਅਤੇ ਐੱਸਆਰ ਗਰੁੱਪ ਨਾਲ ਸਬੰਧਤ ਦਸਤਾਵੇਜ਼ਾਂ ਦੀਆਂ ਫਾਈਲਾਂ ਸਨ ਜੋ ਬੈਂਕਾਂ ਨਾਲ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਦੀ ਜਾਂਚ ਸਬੰਧੀ ਇੱਥੇ ਆਈਆਂ ਸਨ ਤੇ ਇਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਇਹ ਅੱਗ ਕੋਈ ਸੁਭਾਵਕ ਅੱਗ ਨਹੀਂ ਸੀ, ਬਲਕਿ ਇਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਲਗਾਈ ਗਈ ਕਿਉਂਕਿ ਇੱਥੇ ਕੁੱਤੀ ਚੋਰਾਂ ਨਾਲ ਰਲ਼ੀ ਸਾਫ਼ ਦਿਖਾਈ ਦੇ ਰਹੀ ਹੈ। ਇਹੋ ਜਿਹੇ ਘੁਟਾਲੇ ਕਰਨ ਵਾਲੇ ਵਪਾਰੀ, ਸੱਤਾਧਾਰੀ ਸਿਆਸੀ ਨੇਤਾਵਾਂ ਦੀ ਸ਼ਹਿ 'ਤੇ ਦੇਸ਼ ਦੀ ਆਰਥਿਕਤਾ ਨੂੰ ਖੋਰਾ ਲਾ ਰਹੇ ਹਨ ਜਿਸ ਨਾਲ ਦੇਸ਼ ਦੀ ਆਮ ਜਨਤਾ ਦਾ ਲੱਕ ਤੋੜਿਆ ਜਾ ਰਿਹਾ ਹੈ। ਮੌਜੂਦਾ ਕੇਂਦਰ ਸਰਕਾਰ ਵੀ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਦੇਸ਼ ਦਾ ਧਨ ਦੋਹੀਂ ਹੱਥੀਂ ਲੁਟਾ ਰਹੀ ਹੈ। ਸਾਡੇ ਸਿਆਸੀ ਲੋਕਾਂ ਦੀ ਜ਼ਮੀਰ ਇੰਨੀ ਮਰ ਚੁੱਕੀ ਹੈ ਕਿ ਇਹ ਆਪਣੇ ਹੀ ਦੇਸ਼ ਨੂੰ ਘੁਣ ਵਾਂਗ ਲੱਗ ਚੁੱਕੇ ਹਨ। ਜਦੋਂ ਤਕ ਦੇਸ਼ ਨੂੰ ਪੂਰੀ ਤਰ੍ਹਾਂ ਖਾ ਨਹੀਂ ਜਾਂਦੇ ਜਾਂ ਦੇਸ਼ ਨੂੰ ਦੁਬਾਰਾ ਗੁਲਾਮ ਨਹੀਂ ਕਰ ਦਿੰਦੇ, ਉਦੋਂ ਤਕ ਇਹ ਇਸੇ ਤਰ੍ਹਾਂ ਘੁਣ ਵਾਂਗ ਲੱਗੇ ਰਹਿਣਗੇ। ਇਨ੍ਹਾਂ ਸਿਆਸੀ ਨੇਤਾਵਾਂ ਦੀ ਸ਼ਹਿ 'ਤੇ ਪਤਾ ਨਹੀਂ ਕਿੰਨੇ ਹੀ ਨੀਰਵ ਮੋਦੀ ਕਰੋੜਾਂ ਦਾ ਚੂਨਾ ਲਗਾ ਕੇ ਰਫੂਚੱਕਰ ਹੋ ਚੁੱਕੇ ਹਨ ਅਤੇ ਕਿੰਨੇ ਹੀ ਹੋਰ ਤਿਆਰ ਬੈਠੇ ਹਨ। ਜਦੋਂ ਤਕ ਸਾਡੇ ਸਿਆਸੀ ਲੋਕ ਇਨ੍ਹਾਂ ਵੱਡੇ ਮਗਰਮੱਛਾਂ ਨੂੰ ਦਾਣਾ ਪਾਉਂਦੇ ਰਹਿਣਗੇ, ਉਦੋਂ ਤਕ ਇਨ੍ਹਾਂ ਦੇ ਕੀਤੇ ਘੁਟਾਲਿਆਂ ਦੇ ਕਾਗਜ਼ਾਂ ਨੂੰ ਲੱਗਦੀਆਂ ਅੱਗਾਂ ਇਨ੍ਹਾਂ ਦੇ ਕਾਰਨਾਮਿਆਂ ਨੂੰ ਛੁਪਾਉਂਦੀਆਂ ਰਹਿਣਗੀਆਂ ਅਤੇ ਲੋਕਾਂ ਦੇ ਚੁਣੇ ਨੁਮਾਇੰਦੇ ਇਨ੍ਹਾਂ ਅੱਗਾਂ ਲਈ ਜਾਂਚ ਕਮੇਟੀਆਂ ਭਾਵ ਜਾਂਚ 'ਤੇ ਮਿੱਟੀ ਪਾਉਂਦੇ ਰਹਿਣਗੇ। ਭਾਰਤ ਦੀ ਆਮ ਜਨਤਾ ਦੀ ਹਾਲਤ ਦਿਨ ਪ੫ਤੀ ਦਿਨ ਬਦ ਤੋਂ ਬਦਤਰ ਹੁੰਦੀ ਜਾਵੇਗੀ।
-ਇੰਦਰਜੀਤ ਸਿੰਘ ਕੰਗ
ਕੋਟਲਾ ਸਮਸ਼ਪੁਰ (ਸਮਰਾਲਾ)।
ਮੋਬਾਈਲ ਨੰ.: 98558-82722
from Punjabi News -punjabi.jagran.com https://ift.tt/2sCGfDF
via IFTTT
No comments:
Post a Comment