ਜੈ ਸਿੰਘ ਛਿੱਬਰ, ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਰਕਾਰੀ ਮਸ਼ੀਨਰੀ ਨਸ਼ੇ ਦਾ ਲੱਕ ਤੋੜਨ ਦਾ ਦਾਅਵਾ ਕਰ ਰਹੀ ਹੈ ਪਰ ਸਰਕਾਰੀ ਅੰਕੜੇ ਹੀ ਦੱਸਦੇ ਹਨ ਕਿ ਦੋ ਸਾਲਾਂ ਦੌਰਾਨ 109 ਲੋਕਾਂ ਨੂੰ ਓਵਰਡੋਜ਼ ਦੇ ਦੈਂਤ ਨੇ ਨਿਗਲ ਲਿਆ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਅੰਦਰ ਮੈਡੀਕਲ ਸਟੋਰਾਂ 'ਤੇ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਵਿਕਰੀ ਆਮ ਹੋ ਰਹੀ ਹੈ। ਅੰਕੜੇ ਦੱਸਦੇ ਹਨ ਕਿ ਸਾਲ 2017-18 'ਚ 23 ਅਤੇ ਸਾਲ 2018-19 'ਚ 86 ਲੋਕ ਓਵਰਡੋਜ਼ ਕਾਰਨ ਜਾਨਾਂ ਗੁਆ ਚੁੱਕੇ ਹਨ। ਇਹ ਅੰਕੜੇ ਸਰਕਾਰੀ ਹਨ, ਜੇਕਰ ਜ਼ਮੀਨੀ ਹਕੀਕਤ ਦੇਖੀ ਜਾਵੇ ਤਾਂ ਓਵਰਡੋਜ਼ ਤੇ ਨਸ਼ੇ ਨੇ ਸੈਂਕੜੇ ਘਰਾਂ ਦੇ ਚਿਰਾਗ਼ ਬੁਝਾਏ ਹਨ। ਰਿਪੋਰਟ ਮੁਤਾਬਕ ਜ਼ਿੰਦਗੀ ਤੋਂ ਹੱਥ ਧੋਣ ਵਾਲਿਆਂ ਨੇ ਮੋਰਫਿਨ, ਟਰਾਮਾਡੋਲ, ਐਲੂਮੀਨੀਅਮ ਫਾਸਫਾਈਡ ਦੀ ਵਰਤੋਂ ਕੀਤੀ ਹੈ। ਰਿਪੋਰਟ ਦੱਸਦੀ ਹੈ ਕਿ ਜ਼ਿਆਦਾ ਮਾਮਲਿਆਂ 'ਚ ਮਰਨ ਵਾਲਿਆਂ ਨੇ ਮੋਰਫਿਨ ਦੀ ਵਰਤੋ ਕੀਤੀ ਹੈ। 42 ਲੋਕਾਂ ਨੇ ਮੋਰਫਿਨ, ਦੋ ਨੇ ਟਰਾਮਾਡੋਲ, ਇਕ ਨੇ ਮਲਟੀਪਲ ਡਰੱਗ, 15 ਨੇ ਐਲੂਮੀਨੀਅਮ ਫਾਸਫਾਈਡ ਦੀ ਵਰਤੋ ਕੀਤੀ ਹੈ ਜਦੋਂ ਕਿ ਸਰਕਾਰੀ ਅੰਕੜੇ ਦੱਸਦੇ ਹਨ ਕਿ 42 ਵਿਅਕਤੀਆਂ ਦੀ ਰਿਪੋਰਟ ਵਿਚ ਕਿਸੀ ਤਰ੍ਹਾਂ ਦਾ ਜ਼ਹਿਰੀਲਾ ਪਦਾਰਥ ਜਾਂ ਕੋਈ ਡਰੱਗ ਨਹੀਂ ਪਾਈ ਗਈ।
ਰਿਪੋਰਟ ਅਨੁਸਾਰ ਅੰਮਿ੍ਰਤਸਰ ਜ਼ਿਲ੍ਹੇ 'ਚ ਦੋ ਸਾਲਾਂ ਦੌਰਾਨ 13, ਬਿਠੰਡਾ 'ਚ 7, ਲੁਧਿਆਣਾ 7, ਹੁਸ਼ਿਆਰਪੁਰ 9, ਜਲੰਧਰ 8, ਸ਼ਹੀਦ ਭਗਤ ਸਿੰਘ ਨਗਰ 5, ਗੁਰਦਾਸਪੁਰ 3, ਪਠਾਨਕੋਟ 2, ਤਰਨਤਾਰਨ 11, ਬਟਾਲਾ 4, ਮੋਗਾ 10, ਸੰਗਰੂਰ 1, ਫਰੀਦਕੋਟ 5, ਪਟਿਆਲਾ 3, ਕਪੂਰਥਲਾ 3, ਰੋਪੜ੍ਹ 3, ਫਿਰੋਜ਼ਪੁਰ 6, ਬਰਨਾਲਾ 2, ਫਾਜ਼ਿਲਕਾ 5 ਅਤੇ ਮੋਹਾਲੀ ਵਿਖੇ ਦੋ ਵਿਅਕਤੀਆਂ ਦੀ ਮੌਤ ਹੋਈ ਹੈ। ਇਥੇ ਦੱਸਣਯੋਗ ਹੈ ਕਿ 'ਆਪ' ਦੇ ਵਿਧਾਇਕ ਅਮਨ ਅਰੋੜਾ ਵੱਲੋਂ ਸਰਕਾਰ ਤੋਂ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਬਾਰੇ ਸਦਨ 'ਚ ਸਵਾਲ ਵੀ ਪੁੱਛਿਆ ਗਿਆ ਸੀ।
ਸਿਹਤ ਮੰਤਰੀ ਬ੍ਰਹਮ ਮਹਿੰਦਰਾਂ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਸਾਲ 2017-18 ਵਿਚ 23 ਮੌਤਾਂ ਡਰੱਗ ਓਵਰਡੋਜ਼ ਦੇ ਸ਼ੱਕ ਦੇ ਆਧਾਰ 'ਤੇ ਰਿਪੋਰਟ ਕੀਤੀਆਂ ਗਈਆਂ ਹਨ। ਬ੍ਰਹਮ ਮਹਿੰਦਰਾਂ ਅਨਸਾਰ 9 ਕੇਸਾਂ ਵਿਚ ਮੋਰਫਿਨ, ਇਕ ਕੇਸ ਵਿਚ ਟਰਾਮਾਡੋਲ ਅਤੇ ਇਕ ਕੇਸ ਵਿਚ ਐਲੂਮੀਨੀਅਮ ਫਾਸਫਾਈਡ ਦੀ ਓਵਰਡੋਜ਼ ਪਾਈ ਗਈ ਹੈ ਜਦੋਂ ਕਿ 12 ਕੇਸਾਂ ਵਿਚ ਕਿਸੇ ਕਿਸਮ ਦੀ ਡਰੱਗ ਨਹੀਂ ਪਾਈ ਗਈ।
ਇਸੇ ਤਰ੍ਹਾਂ ਸਾਲ 2018-19 ਵਿਚ 86 ਮੌਤਾਂ ਦੇ ਮਾਮਲੇ ਵਿਚ 40 ਕੇਸਾਂ ਵਿਚ ਮੋਰਫਿਨ, ਇਕ ਕੇਸ ਵਿਚ ਟਰਾਮਾਡੋਲ , 14 ਵਿਚ ਐਲੂਮੀਨੀਅਮ ਫਾਸਫਾਈਡ, ਇਕ ਕੇਸ ਵਿਚ ਕਈ ਤਰ੍ਹਾਂ ਦੀਆਂ ਡਰੱਗ ਅਤੇ 30 ਕੇਸਾਂ ਵਿਚ ਕਿਸੇ ਤਰ੍ਹਾਂ ਦੀ ਡਰੱਗ ਨਹੀਂ ਪਾਈ ਗਈ। ਸਿਹਤ ਮੰਤਰੀ ਵੱਲੋਂ ਦਿੱਤੇ ਇਹ ਅੰਕੜੇ ਦੱਸਦੇ ਹਨ ਕਿ ਮੈਡੀਕਲ ਸਟੋਰਾਂ ਤੋਂ ਮੌਤ ਮੁੱਲ ਵਿਕਦੀ ਹੈ, ਸਰਕਾਰ ਦੀ ਸਖ਼ਤੀ ਦੀ ਕੈਮਿਸਟਾਂ ਨੂੰ ਕੋਈ ਪਰਵਾਹ ਨਹੀਂ ਹੈ।
from Punjabi News -punjabi.jagran.com https://ift.tt/2XG0oXk
via IFTTT
No comments:
Post a Comment