Responsive Ads Here

Monday, March 4, 2019

ਸੀਰੀਜ਼ 'ਚ ਸਥਿਤੀ ਮਜ਼ਬੂਤ ਕਰਨ ਉਤਰੇਗੀ ਟੀਮ ਇੰਡੀਆ

ਨਾਗਪੁਰ (ਪੀਟੀਆਈ) : ਪਹਿਲੇ ਵਨ ਡੇ ਵਿਚ ਸ਼ਾਨਦਾਰ ਜਿੱਤ ਨਾਲ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਮੰਗਲਵਾਰ ਨੂੰ ਇੱਥੇ ਆਸਟ੍ਰੇਲੀਆ ਖ਼ਿਲਾਫ਼ ਦੂਜੇ ਵਨ ਡੇ ਮੈਚ ਵਿਚ ਵੀ ਜਿੱਤ ਨਾਲ ਆਪਣੀ ਬੜ੍ਹਤ ਮਜ਼ਬੂਤ ਕਰਨ ਦੇ ਇਰਾਦੇ ਨਾਲ ਉਤਰੇਗੀ ਜਿਸ ਵਿਚ ਵਿਸ਼ਵ ਕੱਪ ਦੇ ਦਾਅਵੇਦਾਰ ਖਿਡਾਰੀਆਂ ਕੋਲ ਇਕ ਵਾਰ ਮੁੜ ਆਪਣੀ ਛਾਪ ਛੱਡਣ ਦਾ ਮੌਕਾ ਹੋਵੇਗਾ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਸ਼ਨਿਚਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਸਟ੍ਰੇਲੀਆ ਨੂੰ ਛੇ ਵਿਕਟਾਂ ਨਾਲ ਹਰਾਇਆ ਸੀ। ਇਹ ਜਿੱਤ ਭਾਰਤ ਲਈ ਮਨੋਬਲ ਵਧਾਉਣ ਵਾਲੀ ਸੀ ਕਿਉਂਕਿ ਇਸ ਤੋਂ ਪਹਿਲਾਂ ਉਸ ਨੂੰ ਦੋ ਮੈਚਾਂ ਦੀ ਟੀ-20 ਸੀਰੀਜ਼ ਵਿਚ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੇ ਹੁਣ ਸਿਰਫ਼ ਚਾਰ ਵਨ ਡੇ ਮੈਚ ਹੋਰ ਖੇਡਣੇ ਹਨ ਤੇ ਇਸ ਕਾਰਨ ਮੇਜ਼ਬਾਨ ਟੀਮ ਇਸ ਵੱਕਾਰੀ ਟੂਰਨਾਮੈਂਟ ਲਈ 'ਦੋ ਉਪਲੱਬਧ ਸਥਾਨਾਂ' 'ਤੇ ਖਿਡਾਰੀਆਂ ਨੂੰ ਚੁਣਨ ਦੀ ਕੋਸ਼ਿਸ਼ ਕਰੇਗੀ ਜਦਕਿ ਬਾਕੀ ਖਿਡਾਰੀਆਂ ਦਾ ਚੁਣਿਆ ਜਾਣਾ ਲਗਪਗ ਤੈਅ ਹੈ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਹੈਦਰਾਬਾਦ ਵਿਚ ਨਾਕਾਮ ਰਹੇ ਪਰ ਉਨ੍ਹਾਂ ਨੂੰ ਇਕ ਹੋਰ ਮੌਕਾ ਦਿੱਤੇ ਜਾਣ ਦੀ ਉਮੀਦ ਹੈ। ਇਸ ਕਾਰਨ ਲੋਕੇਸ਼ ਰਾਹੁਲ ਦੇ ਖੇਡਣ ਦੀ ਸੰਭਾਵਨਾ ਘੱਟ ਹੈ ਪਰ ਜੇ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਇਸ ਦਾ ਪੂਰਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰਨਗੇ। ਉੱਪ ਕਪਤਾਨ ਰੋਹਿਤ ਸ਼ਰਮਾ ਕਿਸੇ ਵੀ ਹਮਲੇ ਨੂੰ ਨਾਕਾਮ ਕਰਨ ਦੇ ਯੋਗ ਹਨ ਤੇ ਕਪਤਾਨ ਕੋਹਲੀ ਦੇ ਨਾਲ ਉਨ੍ਹਾਂ ਦੀ ਜੋੜੀ ਸ਼ਾਨਦਾਰ ਹੈ। ਕੋਹਲੀ ਨੇ ਪਹਿਲੇ ਵਨ ਡੇ ਵਿਚ 44 ਦੌੜਾਂ ਬਣਾਈਆਂ ਸਨ। ਰੋਹਿਤ ਤੇ ਕੋਹਲੀ ਜੇ ਵੀਸੀਏ ਸਟੇਡੀਅਮ ਵਿਚ ਇੱਕਠੇ ਚਲ ਜਾਂਦੇ ਹਨ ਤਾਂ ਫਿਰ ਮਹਿਮਾਨ ਟੀਮ ਦੀ ਪਰੇਸ਼ਾਨੀ ਵਧ ਸਕਦੀ ਹੈ।

ਰਾਇਡੂ ਤੇ ਕੇਦਾਰ ਦੀ ਥਾਂ ਸੁਰੱਖਿਅਤ :

ਅੰਬਾਤੀ ਰਾਇਡੂ ਪਹਿਲੇ ਮੈਚ ਵਿਚ ਨਾਕਾਮ ਰਹੇ ਪਰ ਉਨ੍ਹਾਂ ਦੀ ਯੋਗਤਾ ਤੇ ਟੀਮ ਮੈਨੇਜਮੈਂਟ ਤੋਂ ਮਿਲ ਰਹੇ ਸਮਰਥਨ ਨੂੰ ਦੇਖਦੇ ਹੋਏ ਆਖ਼ਰੀ ਇਲੈਵਨ ਵਿਚ ਉਨ੍ਹਾਂ ਦੀ ਥਾਂ ਖ਼ਤਰੇ ਵਿਚ ਨਜ਼ਰ ਨਹੀਂ ਆਉਂਦੀ। ਮਹਾਰਾਸ਼ਟਰ ਦੇ ਬੱਲੇਬਾਜ਼ ਕੇਦਾਰ ਜਾਧਵ ਨੇ ਪਹਿਲੇ ਵਨ ਡੇ ਵਿਚ ਅਜੇਤੂ 81 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ ਤੇ ਛੇਵੇਂ ਨੰਬਰ 'ਤੇ ਉਨ੍ਹਾਂ ਨੇ ਆਪਣੀ ਥਾਂ ਲਗਪਗ ਪੱਕੀ ਕਰ ਲਈ ਹੈ। ਉਹ ਆਫ ਸਪਿੰਨ ਗੇਂਦਬਾਜ਼ੀ ਕਰਨ ਦੀ ਯੋਗਤਾ ਕਾਰਨ ਟੀਮ ਲਈ ਬਿਹਤਰ ਬਦਲ ਹਨ।

ਲੈਅ 'ਚ ਹਨ ਧੋਨੀ :

ਮਹਿੰਦਰ ਸਿੰਘ ਧੋਨੀ ਨੇ ਵੀ ਪਹਿਲੇ ਵਨ ਡੇ ਵਿਚ ਅਜੇਤੂ ਅਰਧ ਸੈਂਕੜਾ ਲਾਇਆ ਜਿਸ ਨਾਲ ਕੋਚ ਰਵੀ ਸ਼ਾਸਤਰੀ ਦੀ ਚਿੰਤਾ ਕੁਝ ਘੱਟ ਹੋਈ ਹੋਵੇਗੀ। ਧੋਨੀ ਨੇ ਅਜੇਤੂ 59 ਦੌੜਾਂ ਦੀ ਪਾਰੀ ਖੇਡੀ ਤੇ ਦਿਖਾਈ ਦਿੱਤਾ ਕਿ ਉਨ੍ਹਾਂ ਵਿਚ ਹੁਣ ਵੀ ਦਮ ਬਾਕੀ ਹੈ। ਧੋਨੀ ਤੇ ਜਾਧਵ ਨੇ ਚੋਟੀ ਦੇ ਨੰਬਰ ਦੇ ਨਾਕਾਮ ਰਹਿਣ ਤੋਂ ਬਾਅਦ ਮੱਧ ਕ੍ਰਮ ਵਿਚ ਅਹਿਮ ਭਾਈਵਾਲੀ ਕੀਤੀ। ਧੋਨੀ ਪਿਛਲੇ ਕੁਝ ਸਮੇਂ ਤੋਂ ਚੰਗੀ ਲੈਅ 'ਚ ਹਨ ਤੇ ਹਰੇਕ ਚੰਗੇ ਪ੍ਰਦਰਸ਼ਨ ਨਾਲ ਵਿਸ਼ਵ ਕੱਪ ਤੋਂ ਪਹਿਲਾਂ ਉਨ੍ਹਾਂ ਦੇ ਮਨੋਬਲ ਵਿਚ ਵਾਧਾ ਹੀ ਹੋਵੇਗਾ।

ਪੰਤ ਨੂੰ ਮਿਲ ਸਕਦੈ ਮੌਕਾ :

ਭਾਰਤੀ ਟੀਮ ਹਰਫ਼ਨਮੌਲਾ ਵਿਜੇ ਸ਼ੰਕਰ ਦੀ ਥਾਂ ਨੌਜਵਾਨ ਰਿਸ਼ਭ ਪੰਤ ਨੂੰ ਮੌਕਾ ਦੇ ਸਕਦੀ ਹੈ। ਵਿਜੇ ਸ਼ੰਕਰ ਪਹਿਲੇ ਵਨ ਡੇ ਵਿਚ ਗੇਂਦ ਨਾਲ ਪ੍ਰਭਾਵਿਤ ਕਰਨ ਵਿਚ ਨਾਕਾਮ ਰਹੇ। ਭਾਰਤੀ ਗੇਂਦਬਾਜ਼ੀ ਹਮਲੇ ਦੀ ਅਗਵਾਈ ਇਕ ਵਾਰ ਮੁੜ ਡੈੱਥ ਓਵਰਾਂ ਦੇ ਮਾਹਿਰ ਜਸਪ੍ਰੀਤ ਬੁਮਰਾਹ ਕਰਨਗੇ ਜਦਕਿ ਉਨ੍ਹਾਂ ਦਾ ਸਾਥ ਮੁਹੰਮਦ ਸ਼ਮੀ ਨਿਭਾਉਣਗੇ। ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਸਪਿੰਨ ਹਮਲੇ ਦੀ ਅਗਵਾਈ ਕਰ ਰਹੇ ਹਨ ਤੇ ਵਿਚਾਲੇ ਦੇ ਓਵਰਾਂ ਵਿਚ ਅਸਰਦਾਰ ਰਹੇ ਹਨ। ਇਹ ਦੇਖਣਾ ਰੋਮਾਂਚਕ ਹੋਵੇਗਾ ਕਿ ਰਵਿੰਦਰ ਜਡੇਜਾ ਨੂੰ ਆਖ਼ਰੀ ਇਲੈਵਨ ਵਿਚ ਮੌਕਾ ਮਿਲਦਾ ਹੈ ਜਾਂ ਫਿਰ ਯੁਜਵਿੰਦਰ ਸਿੰਘ ਚਹਿਲ ਦੀ ਟੀਮ ਵਿਚ ਵਾਪਸੀ ਹੁੰਦੀ ਹੈ। ਜਡੇਜਾ ਨੂੰ ਪਹਿਲੇ ਵਨ ਡੇ ਵਿਚ ਕੋਈ ਵਿਕਟ ਨਹੀਂ ਮਿਲੀ ਸੀ।

ਬਰਾਬਰੀ ਕਰਨਾ ਚਾਹੁਣਗੇ ਕੰਗਾਰੂ :

ਆਸਟ੍ਰੇਲੀਆਈ ਟੀਮ ਭਾਰਤ ਨੂੰ 2-0 ਦੀ ਬੜ੍ਹਤ ਹਾਸਲ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰੇਗੀ। ਕੋਚ ਜਸਟਿਨ ਲੈਂਗਰ ਲਈ ਹਾਲਾਂਕਿ ਕਪਤਾਨ ਆਰੋਨ ਫਿੰਚ ਦੀ ਲੈਅ ਚਿੰਤਾ ਦਾ ਸਬੱਬ ਬਣਦੀ ਜਾ ਰਹੀ ਹੈ। ਟੀ-20 ਸੀਰੀਜ਼ ਵਿਚ ਜ਼ੀਰੋ ਤੇ ਅੱਠ ਦੌੜਾਂ ਦੀਆਂ ਪਾਰੀਆਂ ਖੇਡਣ ਵਾਲੇ ਫਿੰਚ ਪਹਿਲੇ ਵਨ ਡੇ ਵਿਚ ਵੀ ਖ਼ਾਤਾ ਖੋਲ੍ਹਣ ਵਿਚ ਨਾਕਾਮ ਰਹੇ ਸਨ। ਇਹ 32 ਸਾਲਾ ਬੱਲੇਬਾਜ਼ ਮੰਗਲਵਾਰ ਨੂੰ ਸ਼ਾਨਦਾਰ ਪਾਰੀ ਖੇਡ ਕੇ ਲੈਅ ਵਿਚ ਵਾਪਸੀ ਕਰਨਾ ਚਾਹੇਗਾ। ਪਹਿਲੇ ਵਨ ਡੇ ਵਿਚ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ, ਗਲੇਨ ਮੈਕਸਵੈਲ ਤੇ ਹਰਫ਼ਨਮੌਲਾ ਮਾਰਕਸ ਸਟੋਈਨਿਸ ਨੇ ਟਿੱਕਣ ਤੋਂ ਬਾਅਦ ਆਪਣੀਆਂ ਵਿਕਟਾਂ ਗੁਆ ਦਿੱਤੀਆਂ ਸਨ ਤੇ ਹੁਣ ਆਪਣੀ ਗ਼ਲਤੀ ਵਿਚ ਸੁਧਾਰ ਕਰਦੇ ਹੋਏ ਵੱਡੀ ਪਾਰੀ ਖੇਡਣਾ ਚਾਹੁਣਗੇ। ਨੌਜਵਾਨ ਪੀਟਰ ਹੈਂਡਸਕੋਂਬ ਤੇ ਵਿਕਟਕੀਪਰ ਐਲੇਕਸ ਕੈਰੀ ਵੀ ਛਾਪ ਛੱਡਣ ਦੀ ਕੋਸ਼ਿਸ਼ ਕਰਨਗੇ। ਗੇਂਦਬਾਜ਼ੀ ਵਿਭਾਗ ਵਿਚ ਲੈੱਗ ਸਪਿੰਨਰ ਐਡਮ ਜ਼ਾਂਪਾ ਨੇ ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ ਤੇ ਹੁਣ ਇਕ ਵਾਰ ਮੁੜ ਮਹਿਮਾਨ ਟੀਮ ਲਈ ਉਨ੍ਹਾਂ ਦੀ ਮੌਜੂਦਗੀ ਮਹੱਤਵਪੂਰਨ ਹੋਵੇਗੀ। ਉਨ੍ਹਾਂ ਨੂੰ ਹਾਲਾਂਕਿ ਟੀਮ ਦੇ ਮੁੱਖ ਤੇਜ਼ ਗੇਂਦਬਾਜ਼ਾਂ ਪੈਟ ਕਮਿੰਸ ਤੇ ਨਾਥਨ ਕੂਲਟਰ ਨਾਈਲ ਤੋਂ ਸਹਿਯੋਗ ਦੀ ਲੋੜ ਹੈ। ਆਸਟ੍ਰੇਲੀਆਈ ਟੀਮ ਜੇਸਨ ਬੇਹਰਨਡਰਾਫ ਦੀ ਥਾਂ ਐਂਡਰਿਊ ਟਾਈ ਨੂੰ ਮੌਕਾ ਦੇ ਸਕਦੀ ਹੈ ਜੋ ਰੈਗੂਲਰ ਤੌਰ 'ਤੇ ਆਈਪੀਐੱਲ ਵਿਚ ਖੇਡਦੇ ਰਹੇ ਹਨ।

--------

ਟੀਮਾਂ 'ਚ ਸ਼ਾਮਲ ਖਿਡਾਰੀ

ਭਾਰਤ :

ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ, ਵਿਜੇ ਸ਼ੰਕਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਯੁਜਵਿੰਦਰ ਸਿੰਘ ਚਹਿਲ, ਰਿਸ਼ਭ ਪੰਤ, ਸਿਧਾਰਥ ਕੌਲ, ਕੇਐੱਲ ਰਾਹੁਲ, ਰਵਿੰਦਰ ਜਡੇਜਾ।

ਆਸਟ੍ਰੇਲੀਆ :

ਆਰੋਨ ਫਿੰਚ (ਕਪਤਾਨ), ਡਾਰਸੀ ਸ਼ਾਰਟ, ਸ਼ਾਨ ਮਾਰਸ਼, ਮਾਰਕਸ ਸਟੋਈਨਿਸ, ਉਸਮਾਨ ਖਵਾਜਾ, ਗਲੇਨ ਮੈਕਸਵੈੱਲ, ਐਲੇਕਸ ਕੈਰੀ, ਪੀਟਰ ਹੈਂਡਸਕੋਂਬ, ਏਸ਼ਟਨ ਟਰਨਰ, ਐਡਮ ਜ਼ਾਂਪਾ, ਜੇਸਨ ਬੇਹਰਨਡਰਾਫ, ਝੇਈ ਰਿਚਰਡਸਨ, ਪੈਟ ਕਮਿੰਸ, ਐਂਡਰਿਊ ਟਾਈ, ਨਾਥਨ ਕੂਲਟਰ ਨਾਈਲ, ਨਾਥਨ ਲਿਓਨ।



from Punjabi News -punjabi.jagran.com https://ift.tt/2VCbATf
via IFTTT

No comments:

Post a Comment