Responsive Ads Here

Tuesday, July 30, 2019

ਕਾਂਗਰਸ ਦੀ ਪ੍ਰਧਾਨਗੀ

ਮੌਜੂਦਾ ਦੌਰ 'ਚ ਇਸ ਨੂੰ ਕਾਂਗਰਸ ਦੀ ਤ੍ਰਾਸਦੀ ਹੀ ਕਿਹਾ ਜਾ ਸਕਦਾ ਹੈ ਕਿ ਕਾਫ਼ੀ ਸਮੇਂ ਤੋਂ ਇਸ ਦੇ ਕੌਮੀ ਪ੍ਰਧਾਨ ਦਾ ਅਹੁਦਾ ਖ਼ਾਲੀ ਹੈ। ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਸਤੀਫ਼ਾ ਦੇ ਕੇ ਨਵਾਂ ਪ੍ਰਧਾਨ ਚੁਣਨ ਲਈ ਕਹਿ ਦਿੱਤਾ ਸੀ ਪਰ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਪਾਰਟੀ ਪ੍ਰਧਾਨ ਨਹੀਂ ਚੁਣ ਸਕੀ। ਭਾਵੇਂ ਕਾਂਗਰਸੀਆਂ ਨੇ ਰਾਹੁਲ ਗਾਂਧੀ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ। ਉਹ ਕਹਿ ਰਹੇ ਹਨ ਕਿ ਗਾਂਧੀ ਪਰਿਵਾਰ ਤੋਂ ਬਾਹਰਲੇ ਵਿਅਕਤੀ ਨੂੰ ਹੀ ਪ੍ਰਧਾਨ ਚੁਣਿਆ ਜਾਵੇ ਪਰ ਕਾਂਗਰਸ ਨੂੰ ਹਾਲੇ ਤਕ ਗਾਂਧੀ ਪਰਿਵਾਰ ਤੋਂ ਬਾਹਰ ਕੋਈ ਯੋਗ ਵਿਅਕਤੀ ਨਹੀਂ ਲੱਭਾ। ਇਹੋ ਕਾਰਨ ਹੈ ਕਿ ਹੁਣ ਲੀਡਰਸ਼ਿਪ ਨੂੰ ਵੀ ਇਹ ਲੱਗਣ ਲੱਗ ਪਿਆ ਹੈ ਕਿ ਜੇ ਰਾਹੁਲ ਨਹੀਂ ਮੰਨ ਰਹੇ ਤਾਂ ਪ੍ਰਿਅੰਕਾ ਉਨ੍ਹਾਂ ਦੀ ਆਗੂ ਕਿਉਂ ਨਹੀਂ ਹੋ ਸਕਦੀ? ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਹੁਣ ਜਨਤਕ ਤੌਰ 'ਤੇ ਕਹਿਣ ਲੱਗ ਪਏ ਹਨ ਕਿ ਕਾਂਗਰਸ ਦੀ ਪ੍ਰਧਾਨਗੀ ਲਈ ਇਸ ਵੇਲੇ ਸਭ ਤੋਂ ਯੋਗ ਚਿਹਰਾ ਪ੍ਰਿਅੰਕਾ ਗਾਂਧੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਹੈ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਵਜੋਂ ਮੌਜੂਦਾ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਬਿਲਕੁਲ ਸਹੀ ਨਾਂ ਹੈ ਜਿਹੜਾ ਸਾਰਿਆਂ ਲਈ ਪ੍ਰਵਾਨਿਤ ਹੋਵੇਗਾ। ਜੇ ਉਨ੍ਹਾਂ ਨੂੰ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਹਰ ਪਾਸਿਓਂ ਹਮਾਇਤ ਮਿਲੇਗੀ। ਪ੍ਰਿਅੰਕਾ ਗਾਂਧੀ ਮੁਲਕ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਪੂਰਤੀ ਲਈ ਪੂਰੀ ਤਰ੍ਹਾਂ ਸਮਰੱਥ ਹੈ। ਸ਼ਸ਼ੀ ਥਰੂਰ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਦੇ ਅਸਤੀਫ਼ੇ ਪਿੱਛੋਂ ਲੀਡਰਸ਼ਿਪ ਸਬੰਧੀ ਚੱਲ ਰਹੀ ਸਪੱਸ਼ਟਤਾ ਦੀ ਕਮੀ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਪਾਰਟੀ 'ਚ ਜਾਨ ਪਾਉਣ ਲਈ ਕਾਰਜਕਾਰਨੀ ਸਮੇਤ ਸਾਰੇ ਮੁੱਖ ਅਹੁਦਿਆਂ ਲਈ ਚੋਣਾਂ ਕਰਵਾਈਆਂ ਜਾਣ। ਥਰੂਰ ਮੁਤਾਬਕ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਪ੍ਰਿਅੰਕਾ ਗਾਂਧੀ ਬਿਲਕੁਲ ਮਾਕੂਲ ਨੇਤਾ ਹਨ। ਪ੍ਰਿਅੰਕਾ ਗਾਂਧੀ ਦੇ ਨਾਂ ਦੀ ਛਿੜੀ ਚਰਚਾ ਦੌਰਾਨ ਰਾਹੁਲ ਗਾਂਧੀ ਨੇ ਫਿਰ ਦੁਹਰਾਇਆ ਕਿ ਕਾਂਗਰਸ ਦਾ ਪ੍ਰਧਾਨ ਗਾਂਧੀ ਪਰਿਵਾਰ ਤੋਂ ਬਾਹਰਲਾ ਕੋਈ ਵਿਅਕਤੀ ਹੀ ਹੋਣਾ ਚਾਹੀਦਾ ਹੈ। ਕਾਡਰ ਬੇਸਡ ਪਾਰਟੀਆਂ ਭਾਜਪਾ ਤੇ ਕਮਿਊਨਿਸਟ ਪਾਰਟੀਆਂ ਨੂੰ ਛੱਡ ਕੇ ਮੁਲਕ ਦੀਆਂ ਲਗਪਗ ਸਾਰੀਆਂ ਸਿਆਸੀ ਪਾਰਟੀਆਂ ਦੀ ਹੋਂਦ ਕੁਝ ਕੁ ਚੋਣਵੇਂ ਸਿਆਸੀ ਪਰਿਵਾਰਾਂ ਤਕ ਹੀ ਸੀਮਤ ਹੋ ਕੇ ਰਹਿ ਗਈ ਹੈ। ਮੁਲਾਇਮ ਯਾਦਵ, ਫਾਰੂਖ਼ ਅਬਦੁੱਲਾ, ਪ੍ਰਕਾਸ਼ ਸਿੰਘ ਬਾਦਲ, ਓਮ ਪ੍ਰਕਾਸ਼ ਚੌਟਾਲਾ, ਲਾਲੂ ਯਾਦਵ ਦੇ ਪਰਿਵਾਰਾਂ ਸਮੇਤ ਅਜਿਹੇ ਕਈ ਹੋਰ ਸਿਆਸੀ ਪਰਿਵਾਰਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਜਿਨ੍ਹਾਂ ਤੋਂ ਬਿਨਾਂ ਉਨ੍ਹਾਂ ਦੀਆਂ ਪਾਰਟੀਆਂ ਦੀ ਕੋਈ ਹੋਂਦ ਹੀ ਨਹੀਂ ਹੈ। ਅਸਲ ਵਿਚ ਤਾਂ ਹੁਣ ਕੋਈ ਅਸੂਲਾਂ, ਆਦਰਸ਼ਾਂ, ਵਿਚਾਰਾਂ ਦੀ ਸਿਆਸਤ ਨਹੀਂ ਰਹਿ ਗਈ। ਹੁਣ ਸਿਰਫ਼ ਮੌਕਾਪ੍ਰਸਤੀ ਦੀ ਸਿਆਸਤ ਹੈ ਤੇ ਹਰ ਕੋਈ ਵਗਦੀ ਗੰਗਾ 'ਚ ਹੱਥ ਧੋਣੇ ਚਾਹੁੰਦਾ ਹੈ। ਇਹੋ ਕਾਰਨ ਹੈ ਕਿ ਪਾਰਟੀਆਂ ਦੀ ਲੀਡਰਸ਼ਿਪ 'ਚ ਨਾ ਤਾਂ ਸਵੈ-ਵਿਸ਼ਵਾਸ ਹੈ ਅਤੇ ਨਾ ਹੀ ਹੌਸਲਾ। ਇਹੋ ਹਾਲ ਕਾਂਗਰਸ ਦਾ ਹੈ। ਕਾਂਗਰਸ ਵਿਚਾਰਧਾਰਾ ਤੋਂ ਸੱਖਣੀ ਪਾਰਟੀ ਬਣ ਚੁੱਕੀ ਹੈ। ਇਸ ਕਾਰਨ ਹੀ ਇਸ ਵੇਲੇ ਕਾਂਗਰਸ ਦੀ ਸਾਰੀ ਟੇਕ ਗਾਂਧੀ ਪਰਿਵਾਰ 'ਤੇ ਲੱਗੀ ਹੋਈ ਹੈ। ਤਾਂ ਹੀ ਵਾਰ-ਵਾਰ ਇਸ ਪਰਿਵਾਰ 'ਚੋਂ ਹੀ ਕੋਈ ਨੇਤਾ ਚੁਣਨ ਦੀਆਂ ਦੁਹਾਈਆਂ ਦਿੱਤੀਆਂ ਜਾਂਦੀਆਂ ਹਨ। ਕਾਂਗਰਸ ਦਾ ਅਗਲਾ ਪ੍ਰਧਾਨ ਗਾਂਧੀ ਪਰਿਵਾਰ 'ਚੋਂ ਹੋਵੇਗਾ ਜਾਂ ਫਿਰ ਗਾਂਧੀ ਪਰਿਵਾਰ ਤੋਂ ਬਾਹਰਲਾ, ਇਹ ਤਾਂ ਸਮਾਂ ਹੀ ਦੱਸੇਗਾ ਪਰ ਫ਼ਿਲਹਾਲ ਕਾਂਗਰਸ ਦਾ ਸੰਕਟ ਪੂਰੀ ਤਰ੍ਹਾਂ ਗਹਿਰਾਇਆ ਹੋਇਆ ਹੈ।

from Punjabi News -punjabi.jagran.com https://ift.tt/2K63LCv
via IFTTT

No comments:

Post a Comment