ਮਨੁੱਖੀ ਜੀਵਨ ਜੀਵ ਨੂੰ ਮਿਲਿਆ ਇਕ ਅਤਿਅੰਤ ਦੁਰਲਭ ਮੌਕਾ ਹੈ। ਧਰਮ-ਅਧਿਆਤਮ ਨਾਲ ਉਸ ਮੌਕੇ ਦੀ ਸਦਉਪਯੋਗ ਕਰਨ ਦੀ ਸਿੱਖਿਆ ਅਤੇ ਪ੍ਰੇਰਨਾ ਮਿਲਦੀ ਹੈ। ਮਨੁੱਖ ਦੇ ਸਾਹਮਣੇ ਸਦਾ ਦੋ ਬਦਲ ਰਹਿੰਦੇ ਹਨ-ਸੱਚ ਅਤੇ ਝੂਠ ਦੇ। ਸੱਚ ਦਾ ਸੁਭਾਅ ਪੁੰਨ ਅਤੇ ਝੂਠ ਦਾ ਪਾਪ ਵਾਲਾ ਹੁੰਦਾ ਹੈ। ਝੂਠ ਢਲਾਣ ਅਤੇ ਸੱਚ ਉੱਚਾਈ ਹੈ। ਢਲਾਣ 'ਤੇ ਤਿਲਕਣ ਵਿਚ ਵੱਧ ਮਿਹਨਤ ਨਹੀਂ ਕਰਨੀ ਪੈਂਦੀ। ਉੱਚਾਈ ਵੱਲ ਚੜ੍ਹਨਾ ਔਖਾ ਹੈ। ਇਕ-ਇਕ ਪੁਲਾਂਘ ਧਿਆਨ ਨਾਲ ਅੱਗੇ ਪੁੱਟਣੀ ਪੈਂਦੀ ਹੈ ਕਿਉਂਕਿ ਨੀਚੇ ਡਿੱਗ ਜਾਣ ਦਾ ਭੈਅ ਹੁੰਦਾ ਹੈ। ਜੀਵਨ ਦਾ ਸਦਉਪਯੋਗ ਕਰ ਕੇ ਉਸ ਨੂੰ ਸਾਰਥਕ ਬਣਾਉਣਾ ਹੈ ਤਾਂ ਆਪਣੀ ਮੌਤ ਨੂੰ ਸਦਾ ਯਾਦ ਰੱਖਣਾ ਪੈਂਦਾ ਹੈ। ਜਿਸ ਨੂੰ ਆਪਣਾ ਅੰਤ ਸਾਹਮਣੇ ਦਿਖਾਈ ਦਿੰਦਾ ਹੋਵੇ, ਉਹ ਚੀਜ਼ਾਂ ਇਕੱਠੀਆਂ ਕਰਨ ਦੀ ਬਿਰਤੀ ਤੋਂ ਦੂਰ ਹੋ ਜਾਂਦਾ ਹੈ। ਉਸ ਦੇ ਅੰਦਰ ਹੰਕਾਰ ਲੋਪ ਹੋ ਜਾਂਦਾ ਹੈ। ਉਸ ਨੂੰ ਸੰਸਾਰਕ ਪਦਾਰਥਾਂ, ਅਹੁਦੇ, ਮਾਣ-ਸਨਮਾਨ ਤੋਂ ਵੱਧ ਮੁੱਲਵਾਨ ਜੀਵਨ ਲੱਗਣ ਲੱਗਦਾ ਹੈ। ਸੰਸਾਰ ਵਿਚ ਜਿੰਨੇ ਪਾਪ ਹੋ ਰਹੇ ਹਨ, ਉਨ੍ਹਾਂ ਦਾ ਮੂਲ ਕਾਰਨ ਆਪਣੀ ਮੌਤ ਨੂੰ ਭੁੱਲ ਜਾਣਾ ਹੈ। ਅੱਜ ਵਿਸ਼ਵ ਪੱਧਰੀ ਮਹਾਮਾਰੀ ਨੇ ਪੂਰੇ ਸੰਸਾਰ ਨੂੰ ਇਕ ਮੌਕਾ ਦਿੱਤਾ ਹੈ ਆਪਣੇ ਅੰਤ ਨੂੰ ਯਾਦ ਰੱਖਣ ਦਾ। ਅੱਜ ਕੋਈ ਵੀ ਨਹੀਂ ਕਹਿ ਸਕਦਾ ਕਿ ਉਸ ਦਾ ਜੀਵਨ ਸੁਰੱਖਿਅਤ ਹੈ। ਮਹਾਮਾਰੀ ਕਦ, ਕਿਸ ਜ਼ਰੀਏ ਉਸ ਨੂੰ ਗ੍ਰਾਸ ਬਣਾ ਲਵੇਗੀ, ਕਹਿਣਾ ਔਖਾ ਹੈ। ਹਾਲਾਂਕਿ ਸੰਸਾਰ ਵਿਚ ਅਜਿਹੇ ਲੋਕਾਂ ਦੀ ਕਮੀ ਨਹੀਂ ਜੋ ਅੱਜ ਵੀ ਇਸ ਸੱਚ ਨੂੰ ਨਹੀਂ ਦੇਖ ਪਾ ਰਹੇ ਹਨ ਕਿ ਜੀਵਨ ਕਿੱਦਾਂ ਦਾ ਪਲਾਂ-ਛਿਣਾਂ ਵਿਚ ਖ਼ਤਮ ਹੋਣ ਵਾਲਾ ਹੈ। ਉਹ ਖ਼ੁਦ ਨੂੰ ਬਹੁਤ ਨਾਢੂ ਖਾਂ ਮੰਨ ਕੇ ਇਸ ਲਈ ਚੱਲ ਰਹੇ ਹਨ ਕਿਉਂਕਿ ਅਜੇ ਤਕ ਉਹ ਰੋਗਗ੍ਰਸਤ ਨਹੀਂ ਹੋਏ ਹਨ। ਸੱਤਾ ਤੇ ਧਨ ਦਾ ਲੋਭ ਅਜੇ ਵੀ ਕਾਇਮ ਹੈ। ਅਜੇ ਵੀ ਜੀਵਨ ਨਹੀਂ, ਉਸ ਦੀਆਂ ਤਰਜੀਹਾਂ ਵਿਚ ਸੰਸਾਰਕ ਕਾਮਨਾਵਾਂ ਸਭ ਤੋਂ ਉੱਪਰ ਹਨ। ਇਹ ਮਨੁੱਖੀ ਸੁਭਾਅ ਜੋ ਸਦੀਆਂ ਤੋਂ ਵਿਕਸਤ ਅਤੇ ਦ੍ਰਿੜ੍ਹ ਹੁੰਦਾ ਆ ਰਿਹਾ ਹੈ, ਇੰਨੀ ਸਰਲਤਾ ਨਾਲ ਬਦਲਣ ਵਾਲਾ ਨਹੀਂ। ਵਿਚਾਰਨਯੋਗ ਗੱਲ ਇਹ ਹੈ ਕਿ ਕੀ ਸੰਸਾਰ ਇਸੇ ਤਰ੍ਹਾਂ ਚੱਲਦਾ ਰਹੇਗਾ ਤੇ ਰੱਬ ਮਨੁੱਖ ਨੂੰ ਵਾਰ-ਵਾਰ ਸੁਧਰਨ ਦਾ ਮੌਕਾ ਦਿੰਦਾ ਰਹੇਗਾ? ਆਖ਼ਰਕਾਰ ਮਨੁੱਖ ਕਦੋਂ ਤਕ ਰੱਬ ਦੇ ਸਬਰ ਦੀ ਪਰਖ ਕਰਦਾ ਰਹੇਗਾ? ਕੀ ਉਸ ਨੂੰ ਰੱਬ ਦੀ ਕਰੋਪੀ ਤੋਂ ਬਿਲਕੁਲ ਡਰ ਨਹੀਂ ਲੱਗਦਾ? ਜੇ ਕੋਈ ਕਹੇ ਕਿ ਨਹੀਂ ਤਾਂ ਫਿਰ ਕਿਉਂ ਕੋਰੋਨਾ ਤੋਂ ਘਬਰਾਏ ਫਿਰ ਰਹੇ ਹੋ?
-ਡਾ. ਸਤਿੰਦਰਪਾਲ ਸਿੰਘ।
from Punjabi News -punjabi.jagran.com https://ift.tt/3hwtBNG
via IFTTT
No comments:
Post a Comment