Responsive Ads Here

Friday, July 24, 2020

ਮਾਸਕਵਾਦ ਬਨਾਮ ਮਾਰਕਸਵਾਦ

ਕੋਰੋਨਾ ਮਹਾਮਾਰੀ ਦੇ ਇਸ ਸੰਕਟ ਕਾਲ ਵਿਚ ਵਿਸ਼ਵ ਸਿਹਤ ਸੰਗਠਨ ਤੋਂ ਲੈ ਕੇ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਅਤੇ ਮੈਡੀਕਲ ਮਾਹਿਰਾਂ ਵੱਲੋਂ ਆਪੋ-ਆਪਣੇ ਮੁਲਕਾਂ ਦੇ ਬਾਸ਼ਿੰਦਿਆਂ ਨੂੰ ਇਸ ਲਾਇਲਾਜ ਬਿਮਾਰੀ ਤੋਂ ਬਚਾਉਣ ਲਈ ਸੋਸ਼ਲ ਡਿਸਟੈਂਸਿੰਗ ਲਈ ਪ੍ਰੇਰਿਆ ਜਾ ਰਿਹਾ ਹੈ ਅਤੇ ਮਾਸਕ ਪਾਉਣ ਦੀ ਤਾਕੀਦ ਕੀਤੀ ਜਾ ਰਹੀ ਹੈ। ਸਾਡੇ ਮੁਲਕ ਵਿਚ ਮਾਸਕ ਨਾ ਪਾਉਣ 'ਤੇ ਜੁਰਮਾਨਾ ਵੀ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੀ ਰੋਕਥਾਮ ਅਤੇ ਇਸ ਤੋਂ ਬਚਾਅ ਲਈ ਅਜੇ ਤਕ ਨਾ ਹੀ ਕੋਈ ਦਵਾਈ ਅਤੇ ਨਾ ਹੀ ਕੋਈ ਵੈਕਸੀਨ ਉਪਲਬਧ ਹੋ ਸਕੀ ਹੈ। ਇਸ ਲਈ ਇਸ ਜਾਨਲੇਵਾ ਵਾਇਰਸ ਤੋਂ ਬਚਾਅ ਲਈ 'ਬਚਾਅ ਵਿਚ ਹੀ ਬਚਾਅ ਹੈ' ਦੀ ਤਰਜ਼ 'ਤੇ ਮਾਸਕ ਪਹਿਨਣਾ ਹੈਲਮਟ ਨਾਲੋਂ ਵੀ ਜ਼ਰੂਰੀ ਸਮਝਿਆ ਜਾਣ ਲੱਗ ਪਿਆ ਹੈ। ਹੁਣ ਮਾਸਕ ਸਾਡੇ ਜੀਵਨ ਦਾ ਜ਼ਰੂਰੀ ਅੰਗ ਬਣ ਗਿਆ ਹੈ। ਸਾਡੀ ਸ਼ਖ਼ਸੀਅਤ 'ਤੇ ਵੀ ਮਾਸਕ ਦਾ ਬਹੁਤ ਪ੍ਰਭਾਵ ਪਿਆ ਹੈ। ਅਸੀਂ ਮਾਸਕ ਲਾ ਕੇ ਕੋਰੋਨਾ ਅਤੇ ਉਸ ਦੇ ਜਨਮਦਾਤਾ ਮੁਲਕ ਬਾਰੇ ਚਰਚਾ ਕਰਦੇ ਹਾਂ। ਮਾਸਕ ਲਾ ਕੇ ਹੀ ਅਸੀਂ ਆਪਣਾ ਰੁਜ਼ਗਾਰ ਚਲਾ ਸਕਦੇ ਹਾਂ। ਸਾਡੀ ਆਰਥਿਕਤਾ 'ਤੇ ਵੀ ਮਾਸਕ ਦਾ ਬਹੁਤ ਅਸਰ ਹੈ। ਇੰਜ ਕੋਰੋਨਾ ਕਾਲ ਵਿਚ 'ਮਾਸਕਵਾਦ' ਦਾ ਜਨਮ ਹੋਇਆ ਹੈ। ਇਹ ਵੀ ਵਿਡੰਬਨਾ ਹੈ ਕਿ ਇਹ ਮਾਸਕਵਾਦ ਵੀ ਉਸੇ ਮੁਲਕ ਦੀ ਹੀ ਦੇਣ ਹੈ ਜਿਹੜਾ ਆਪ 'ਮਾਰਕਸਵਾਦ' ਦਾ ਸਭ ਤੋਂ ਵੱਡਾ ਪਹਿਰੇਦਾਰ ਹੈ।

ਉਸੇ ਮੁਲਕ ਦੀ ਵਾਇਰਸ ਰਿਸਰਚ ਲੈਬ ਨੂੰ ਕੋਰੋਨਾ ਵਾਇਰਸ ਦਾ ਜਨਮ ਸਥਾਨ ਦੱਸਿਆ ਜਾਂਦਾ ਹੈ।ਚਿੰਤਨ ਦਾ ਵਿਸ਼ਾ ਇਹ ਹੈ ਕਿ ਇਕ ਮਾਰਕਸਵਾਦੀ ਮੁਲਕ ਨੇ ਸਾਰੀ ਦੁਨੀਆ ਨੂੰ ਆਰਥਿਕ ਤੌਰ 'ਤੇ ਗ਼ੁਲਾਮ ਬਣਾ ਕੇ ਖ਼ੁਦ ਸੰਸਾਰ ਦਾ ਇੱਕੋ-ਇਕ ਥਾਣੇਦਾਰ ਬਣਨ ਦੀ ਯੋਜਨਾ ਬਣਾਈ। ਉਸ ਮੁਲਕ ਨੇ ਲੁਕਵੇਂ ਤੌਰ 'ਤੇ ਇਸ ਅਦ੍ਰਿਸ਼ ਜੀਵ ਵਿਗਿਆਨਕ ਹਥਿਆਰ ਨਾਲ ਆਪਣੇ ਵਿਰੋਧੀ ਮੁਲਕਾਂ ਦਾ ਖੁਰਾਖੋਜ ਮਿਟਾਉਣ ਦੀ ਸੋਚੀ ਸੀ ਪਰ ਇਹ ਜਿੰਨ ਉਸ ਦੇ ਹੀ ਹੱਥੋਂ ਬੇਕਾਬੂ ਹੋ ਗਿਆ ਅਤੇ ਸਭ ਤੋਂ ਪਹਿਲਾਂ ਉਸ ਨੇ ਇਸ ਮੁਲਕ ਨੂੰ ਹੀ ਆਪਣੀ ਲਪੇਟ ਵਿਚ ਲੈ ਲਿਆ। ਕੋਰੋਨਾ ਤੋਂ ਬਚਾਅ ਲਈ ਉਸ ਮੁਲਕ ਦੇ ਬਾਸ਼ਿੰਦਿਆਂ ਨੂੰ ਵੀ ਮਾਸਕ ਲਾ ਕੇ ਲਾਕਡਾਊਨ ਵਿਚ ਰਹਿਣਾ ਪਿਆ। ਇੰਜ ਉਸ ਮੁਲਕ ਦਾ ਮਾਰਕਸਵਾਦ ਤਾਂ ਭਾਵੇਂ ਉਂਗਲਾਂ 'ਤੇ ਗਿਣੇ ਜਾਣ ਜੋਗੇ ਮੁਲਕਾਂ ਤਕ ਹੀ ਸੁੰਗੜ ਕੇ ਰਹਿ ਗਿਆ ਪਰ ਇਹ 'ਮਾਸਕਵਾਦ' ਦੁਨੀਆ ਦੇ ਹਰ ਮੁਲਕ ਵਿਚ ਫੈਲ ਗਿਆ। ਮਾਸਕਵਾਦ ਬਨਾਮ ਮਾਰਕਸਵਾਦ 'ਤੇ ਜ਼ਰਾ ਹੋਰ ਡੂੰਘਾਈ ਨਾਲ ਚਿੰਤਨ ਕਰੀਏ ਤਾਂ ਇਸ ਵਾਦ ਦੇ ਹੋਰ ਪਹਿਲੂ ਵੀ ਨਜ਼ਰ ਆਉਂਦੇ ਹਨ। ਮਾਰਕਸਵਾਦ ਦਾ ਆਧਾਰ ਆਰਥਿਕ ਹੈ ਅਤੇ ਇਹ ਵਾਦ ਸਾਰੇ ਵਿਸ਼ਵ ਦੇ ਲੋਕਾਂ ਦੀ ਆਰਥਿਕ ਨਾਬਰਾਬਰੀ ਨੂੰ ਦੂਰ ਕਰ ਕੇ ਇੱਕੋ ਪੱਧਰ 'ਤੇ ਲਿਆਉਣ ਦਾ ਰਸਤਾ ਵਿਖਾਉਂਦਾ ਹੈ। ਇਸ ਮਕਸਦ ਲਈ ਉਹ ਹਥਿਆਰਬੰਦ ਕਾਰਵਾਈ ਨੂੰ ਵੀ ਜਾਇਜ਼ ਸਮਝਦਾ ਹੈ। ਉਹ ਕਿਸੇ ਧਰਮ ਨੂੰ ਨਾ ਮੰਨਦਾ ਹੋਇਆ ਪਾਕਿਸਤਾਨ ਵਰਗੇ ਮਜ਼ਹਬੀ ਮੁਲਕ ਦੇ ਅੱਤਵਾਦੀਆਂ ਨੂੰ ਭਾਰਤ ਵਿਰੁੱਧ ਜੰਗ ਲੜਨ ਲਈ ਫੰਡਿੰਗ ਤੋਂ ਗੁਰੇਜ ਨਹੀਂ ਕਰਦਾ। ਦੇਸ਼ ਦੀ ਵੰਡ ਲਈ ਜ਼ਿੰਮੇਵਾਰ ਪਾਰਟੀ ਨੂੰ ਆਪਣੇ ਮਾਰਕਸਵਾਦ ਦੀ ਪ੍ਰਫੁੱਲਤਾ ਲਈ ਦਾਨ-ਫੰਡ ਦਿੰਦਾ ਹੈ। ਉਹ ਆਪਣੇ ਗੁਆਂਢੀ ਮੁਲਕਾਂ ਦੀਆਂ ਸਰਹੱਦਾਂ ਟੱਪ ਕੇ ਉਨ੍ਹਾਂ 'ਤੇ ਰਾਤੋ-ਰਾਤ ਕਬਜ਼ਾ ਕਰਨ ਵਾਲੀਆਂ ਗ਼ੈਰ-ਇਖਲਾਕੀ ਕਾਰਵਾਈਆਂ ਨੂੰ ਅੰਜਾਮ ਦਿੰਦਾ ਹੈ। ਇਹ ਪੂੰਜੀਵਾਦ ਅਤੇ ਸਰਮਾਏਦਾਰੀ ਦਾ ਵਿਰੋਧ ਕਰਦਾ ਹੋਇਆ ਸਾਰੇ ਵਿਸ਼ਵ ਦਾ ਬਾਜ਼ਾਰ ਆਪਣੇ ਕਬਜ਼ੇ ਵਿਚ ਲੈਣ ਲਈ ਤਰਲੋਮੱਛੀ ਹੋਇਆ ਫਿਰਦਾ ਹੈ। ਦੁਨੀਆ ਭਰ ਦੇ ਅਰਥਚਾਰੇ ਨੂੰ ਆਪਣੇ ਮੁਤਾਬਕ ਚਲਾਉਣ ਦੇ ਦਿਨ-ਰਾਤ ਸੁਪਨੇ ਲੈਂਦਾ ਹੈ।

ਲੋਕਾਂ ਨੂੰ ਜਿਊਣ ਦੇ ਬਰਾਬਰ ਮੌਕੇ ਫਰਾਹਮ ਕਰਾਉਣ, ਬੋਲਣ ਦੀ ਆਜ਼ਾਦੀ ਦਾ ਝੰਡਾਬਰਦਾਰ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਦੀ ਦੁਹਾਈ ਦੇਣ ਵਾਲਾ ਆਪਣੇ ਹੀ ਮੁਲਕ ਦੇ ਨੌਜਵਾਨਾਂ 'ਤੇ ਟੈਂਕ ਚਾੜ੍ਹ ਕੇ ਉਨ੍ਹਾਂ ਨੂੰ ਮਲੀਆਮੇਟ ਕਰਨ ਤੋਂ ਗੁਰੇਜ਼ ਨਹੀਂ ਕਰਦਾ।ਉਸ ਮੁਲਕ ਦੇ ਪੈਰੋਕਾਰ ਸਾਡੇ ਮੁਲਕ ਵਿਚ ਵੀ ਸਰਗਰਮ ਹਨ। ਉਹ ਚੁਣੀ ਹੋਈ ਸਰਕਾਰ ਅਤੇ ਆਪਣੇ ਹੀ ਫ਼ੌਜੀਆਂ 'ਤੇ ਦਿਨ-ਰਾਤ ਸਵਾਲ ਉਠਾਉਂਦੇ ਰਹਿੰਦੇ ਹਨ। ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗਦੇ ਰਹਿੰਦੇ ਹਨ। ਸਰਹੱਦਾਂ ਦੀ ਰਾਖੀ ਕਰ ਰਹੇ ਆਪਣੇ ਹੀ ਜਵਾਨਾਂ ਦਾ ਮਨੋਬਲ ਤੋੜਨ ਵਿਚ ਕੋਈ ਕਸਰ ਨਹੀਂ ਛੱਡਦੇ। ਆਪਣੇ ਹੀ ਮੁਲਕ ਵਿਚ ਬੈਠ ਕੇ ਦੁਸ਼ਮਣ ਮੁਲਕ ਦੇ ਹੱਕ ਵਿਚ ਬੋਲਣਾ ਉਨ੍ਹਾਂ ਦਾ ਅਕੀਦਾ ਬਣਿਆ ਹੋਇਆ ਹੈ। ਸਰਕਾਰ ਵੱਲੋਂ ਮਾਰਕਸਵਾਦੀ ਮੁਲਕ ਦੀ ਐਪਸ ਬੰਦ ਕਰਨ 'ਤੇ ਉਸ ਮੁਲਕ ਨਾਲੋਂ ਸਾਡੇ ਮੁਲਕ ਵਿਚ ਬੈਠੇ ਉਸ ਦੇ ਚੇਲੇ-ਚਾਪਟਿਆਂ ਨੂੰ ਵੱਧ ਤਕਲੀਫ਼ ਹੋਈ ਹੈ।ਉਂਜ ਮਾਸਕਵਾਦ ਦੇ ਕੋਰੋਨਾ ਤੋਂ ਬਚਣ ਦੇ ਨਾਲ-ਨਾਲ ਹੋਰ ਵੀ ਬੜੇ ਫ਼ਾਇਦੇ ਹੋਏ ਹਨ। ਮਾਸਕ ਸਾਡਾ ਸਟੇਟਸ ਸਿੰਬਲ ਬਣ ਗਿਆ ਹੈ। ਮਾਸਕ ਵੀ ਹੁਣ ਵਰਗ ਵੰਡ ਮੁਤਾਬਕ ਹੀ ਵਰਤੇ ਜਾ ਰਹੇ ਹਨ। ਮਾਸਕ ਸਾਡੀ ਵੇਸ਼ਭੂਸਾ ਦਾ ਅੰਗ ਬਣ ਗਿਆ ਹੈ। ਅਲੱਗ-ਅਲੱਗ ਸੂਟਾਂ ਨਾਲ ਮੈਚ ਕਰਦੇ, ਅਲੱਗ-ਅਲੱਗ ਡਿਜ਼ਾਈਨਾਂ ਅਤੇ ਕੀਮਤਾਂ ਵਾਲੇ ਮਾਸਕ ਬਾਜ਼ਾਰ ਵਿਚ ਉਪਲਬਧ ਹਨ। ਮਾਸਕ ਪਹਿਨ ਕੇ ਆਦਮੀ ਆਸਾਨੀ ਨਾਲ ਆਪਣੀ ਪਛਾਣ ਲੁਕਾ ਕੇ ਲੰਘ ਜਾਂਦਾ ਹੈ। ਮਾਸਕ ਦੀ ਆੜ ਵਿਚ ਬਹੁਤ ਸਾਰੇ ਗ਼ਲਤ ਕੰਮ ਵੀ ਹੋਣ ਲੱਗ ਪਏ ਹਨ। ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿਚ ਵੀ ਵਾਧਾ ਹੋ ਗਿਆ ਹੈ। ਮਾਸਕ ਪਹਿਨਣਾ ਜਿੱਥੇ ਆਮ ਆਦਮੀ ਲਈ ਜ਼ਰੂਰੀ ਹੈ, ਉੱਥੇ ਵੱਡੇ ਲੋਕ ਇਸ ਤੋਂ ਗੁਰੇਜ਼ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਕੋਰੋਨਾ ਸਿਰਫ਼ ਆਮ ਬੰਦਿਆਂ 'ਤੇ ਹੀ ਹਮਲਾ ਕਰਦਾ ਹੈ। ਜੇ ਉਨ੍ਹਾਂ ਨੂੰ ਕੁਝ ਅਜਿਹਾ ਹੋ ਵੀ ਗਿਆ ਤਾਂ ਉਹ ਸਰਕਾਰੀ ਹਸਪਤਾਲ ਦੀ ਬਜਾਏ ਮਹਿੰਗੇ ਪ੍ਰਾਈਵੇਟ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਲੈਣਗੇ।

ਹੁਣ ਕੋਰੋਨਾ ਪੀੜਤ ਮਾਸਕਵਾਦੀਏ ਮੁਲਕ ਇਸ ਮਾਰਕਸਵਾਦੀ ਮੁਲਕ ਦੇ ਖ਼ਿਲਾਫ਼ ਲਾਮਬੰਦ ਹੋ ਰਹੇ ਹਨ। ਸਾਡੇ ਦੇਸ਼ ਨੇ ਤਾਂ ਇਸ ਮਾਰਕਸਵਾਦੀ ਮੁਲਕ 'ਤੇ ਆਰਥਿਕ ਪਾਬੰਦੀ ਲਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਅਮਰੀਕਾ ਨੇ ਕੋਰੋਨਾ ਪੈਦਾ ਕਰਨ ਵਾਲੇ ਇਸ ਮਾਰਕਸਵਾਦੀ ਮੁਲਕ ਦੀ ਉਸ ਲੈਬ ਦਾ ਖੁਰਾਖੋਜ ਲੱਭਣਾ ਸ਼ੁਰੂ ਕੀਤਾ ਜਿੱਥੇ ਕੋਰੋਨਾ ਵਾਇਰਸ ਦਾ ਜਨਮ ਹੋਇਆ ਦੱਸਿਆ ਜਾਂਦਾ ਹੈ। ਸਾਨੂੰ ਇਹ ਵੀ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਮਾਸਕਵਾਦ ਦੇ ਇਸ ਯੁੱਗ ਵਿਚ ਜੰਗ ਟੈਂਕਾਂ-ਮਿਜ਼ਾਈਲਾਂ ਨਾਲ ਹੀ ਨਹੀਂ ਸਗੋਂ ਆਰਥਿਕਤਾ ਨੂੰ ਤਹਿਸ-ਨਹਿਸ ਕਰ ਕੇ ਵੀ ਲੜੀ ਜਾਂਦੀ ਹੈ। ਦੂਸਰੇ ਮੁਲਕ ਨੂੰ ਹਥਿਆਰਾਂ ਨਾਲ ਨਹੀਂ ਸਗੋਂ ਉਸ ਦੀ ਆਰਥਿਕਤਾ ਅਤੇ ਤਕਨੀਕ ਨੂੰ ਕਮਜ਼ੋਰ ਕਰ ਕੇ ਵੀ ਗ਼ੁਲਾਮ ਬਣਾਇਆ ਜਾ ਸਕਦਾ ਹੈ। ਮਿਸਾਲ ਹੈ ਪਾਕਿਸਤਾਨ ਜੋ ਉਸ ਮਾਰਕਸਵਾਦੀ ਮੁਲਕ ਦੀ ਕਠਪੁਤਲੀ ਬਣਿਆ ਹੋਇਆ ਹੈ ਅਤੇ ਨਿੱਤ ਕਟੋਰਾ ਫੜ ਕੇ ਉਸ ਦੇ ਦਰ 'ਤੇ ਖੜ੍ਹਾ ਰਹਿੰਦਾ ਹੈ। ਉਸ ਦੀਆਂ ਨੀਤੀਆਂ ਨੂੰ ਲਾਗੂ ਕਰਦਾ ਹੈ। ਉਸ ਨੂੰ ਆਪਣੇ ਇਲਾਕੇ ਵਿਚ ਆਪਹੁਦਰੀਆਂ ਕਰਨ ਦੀ ਆਗਿਆ ਦਿੰਦਾ ਹੈ। ਆਓ! ਇਸ ਮਾਸਕਵਾਦ ਦੇ ਨਵੇਂ ਲੱਛਣਾਂ ਨੂੰ ਪਛਾਣੀਏ ਅਤੇ ਆਪਣੀ ਸੋਚ ਨੂੰ ਉਸ ਦੇ ਹਾਣ ਦਾ ਬਣਾਈਏ। ਇਹ ਮਾਸਕ ਸਿਰਫ਼ ਕੋਰੋਨਾ ਤੋਂ ਹੀ ਨਹੀਂ, ਸਾਨੂੰ ਹੋਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ ਬਚਾਉਣ ਦੇ ਸਮਰੱਥ ਹੈ। ਸੋ ਆਓ! ਮਾਸਕ ਪਹਿਨ ਕੇ ਆਪਣਾ ਅਤੇ ਦੂਸਰਿਆਂ ਦਾ ਵੀ ਬਚਾਅ ਕਰੀਏ। ਇਸ ਮਾਸਕ ਵਿਚ 'ਜੀਉ ਤੇ ਜਿਊਣ ਦਿਉ', 'ਸਰਬਤ ਦਾ ਭਲਾ' ਅਤੇ 'ਵਾਸੂਧੈਵ ਕੁਟੁੰਬਕਮ' ਦਾ ਭੇਤ ਲੁਕਿਆ ਹੋਇਆ ਹੈ।

-ਡਾ. ਧਰਮਪਾਲ ਸਾਹਿਲ

-ਸੰਪਰਕ: 98761-56964



from Punjabi News -punjabi.jagran.com https://ift.tt/2E8Vo8r
via IFTTT

No comments:

Post a Comment