Responsive Ads Here

Saturday, July 25, 2020

ਕਾਰਗਿਲ ਯੁੱਧ : ਜ਼ਰਾ ਯਾਦ ਕਰੋ ਕੁਰਬਾਨੀ

-ਬ੍ਰਿਗੇ. ਕੁਲਦੀਪ ਸਿੰਘ ਕਾਹਲੋਂ

ਜਦੋਂ ਵੀ ਦੁਸ਼ਮਣ ਨੇ ਭਾਰਤ ਦੀ ਪ੍ਰਭੂਸੱਤਾ ਤੇ ਅਣਖ ਨੂੰ ਵੰਗਾਰਿਆ ਤਾਂ ਦੇਸ਼ ਦੇ ਬਹਾਦਰ ਸੈਨਿਕਾਂ ਨੇ ਉਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਿਸ ਦੀ ਤਾਜ਼ਾ ਮਿਸਾਲ ਗਲਵਾਨ ਵਾਦੀ ਹੈ ਜਿੱਥੇ ਹੱਥੋਪਾਈ ਵਾਲੀ ਝੜਪ ਦੌਰਾਨ 15/16 ਜੂਨ ਨੂੰ ਪੀਐੱਲਏ ਦੇ ਤਕਰੀਬਨ 4 ਦਰਜਨ ਹਮਲਾਵਰਾਂ ਨੂੰ ਫ਼ੌਜ ਦੇ ਯੋਧਿਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਅਨੇਕਾਂ ਜ਼ਖ਼ਮੀ ਵੀ ਹੋਏ ਜਦਕਿ ਸਾਡੇ ਦੇਸ਼ ਦੇ 20 ਸੂਰਬੀਰ ਸ਼ਹੀਦ ਹੋ ਗਏ ਤੇ ਕੁਝ ਜ਼ਖ਼ਮੀ ਵੀ ਹੋਏ।

ਅੱਜ ਤੋਂ 21 ਸਾਲ ਪਹਿਲਾਂ ਸੰਨ 1999 ਵਿਚ ਕਾਰਗਿਲ ਸੈਕਟਰ ਵਿਚ ਪਾਕਿਸਤਾਨੀ ਘੁਸਪੈਠੀਆਂ ਨੂੰ ਖਦੇੜ ਕੇ ਉੱਥੇ 26 ਜੁਲਾਈ ਨੂੰ ਤਿਰੰਗਾ ਝੰਡਾ ਲਹਿਰਾਉਣ ਦੇ ਮਹੱਤਵਪੂਰਨ ਦਿਹਾੜੇ ਜਿੱਥੇ ਸਾਡਾ ਮਸਤਕ ਇਸ ਜੰਗ ਦੇ ਜਰਵਾਣਿਆਂ ਦੀ ਬੇਮਿਸਾਲ ਕੁਰਬਾਨੀ ਮੂਹਰੇ ਝੁਕ ਰਿਹਾ ਹੈ ਉੱਥੇ ਹੀ ਸਰਕਾਰ ਦੇਸ਼ ਵਾਸੀਆਂ ਅਤੇ ਖ਼ਾਸ ਤੌਰ 'ਤੇ ਸੈਨਿਕ ਵਰਗ ਨੂੰ ਅਤੀਤ ਸਬੰਧੀ ਦ੍ਰਿਸ਼ਟੀ, ਵਰਤਮਾਨ ਸਥਿਤੀ, ਜੰਗ ਦੇ ਸਬਕ ਤੇ ਭਵਿੱਖੀ ਚੁਣੌਤੀਆਂ ਵਾਸਤੇ ਦ੍ਰਿੜ੍ਹ ਸੰਕਲਪ ਨਾਲ ਅੱਗੇ ਵਧਣ ਦਾ ਮੌਕਾ ਪ੍ਰਦਾਨ ਕਰਦਾ ਹੈ। ਕਾਰਗਿਲ ਸੈਕਟਰ ਕਾਉਬਲ ਗਲੀ ਤੋਂ ਚੋਰ ਬੱਤਲਾ ਤਕ 168 ਕਿਲੋਮੀਟਰ ਵਾਲੀ ਕੰਟਰੋਲ ਰੇਖਾ ਵਾਲੇ ਬਰਫ਼ੀਲੇ, ਪਥਰੀਲੇ ਅਤੇ ਤਿੱਖੀਆਂ ਪਹਾੜੀਆਂ ਵਾਲੇ ਖੇਤਰ ਵਿਚ ਫੈਲਿਆ ਹੋਇਆ ਹੈ ਜਿਸ ਦੀ ਉੱਚਾਈ 16500 ਫੁੱਟ ਤੋਂ 19000 ਫੁੱਟ ਤਕ ਹੈ। ਇਸ ਇਲਾਕੇ ਵਿਚ ਕੋਈ ਬਨਸਪਤੀ ਨਹੀਂ ਅਤੇ ਨਵੰਬਰ ਤੋਂ ਅਪ੍ਰੈਲ ਤਕ ਸੰਘਣੀ ਬਰਫ਼ ਨਾਲ ਪਹਾੜੀਆਂ ਢੱਕੀਆਂ ਰਹਿੰਦੀਆਂ ਹਨ ਅਤੇ ਤੇਜ਼ ਹਵਾਵਾਂ ਚੱਲਦੀਆਂ ਹਨ ਤੇ ਤਾਪਮਾਨ ਮਨਫੀ 50 ਡਿਗਰੀ ਸੈਲਸੀਅਸ ਤਕ ਪੁੱਜ ਜਾਂਦਾ ਹੈ। ਸ੍ਰੀਨਗਰ ਲੇਹ ਸੜਕ ਐੱਲਓਸੀ ਦੇ ਹੇਠਾਂ ਵਾਲੀਆਂ ਪਹਾੜੀਆਂ 'ਚੋਂ ਗੁਜ਼ਰਦੀ ਹੈ ਜੋ ਕਿ ਪਾਕਿਸਤਾਨੀ ਚੋਟੀਆਂ ਦੇ ਨਿਰੀਖਣ ਹੇਠ ਹੈ। ਇਸ ਸਮੁੱਚੇ ਘਾਟੀਆਂ ਵਾਲੇ ਇਲਾਕੇ ਨੂੰ ਚਾਰ ਮੁੱਖ ਭਾਗਾਂ ਭਾਵ ਬਟਾਲਿਕ, ਦਰਾਸ ਤੇ ਮਸ਼ਕੋਹ, ਕਕਸਰ ਤੇ ਚੋਰ ਬੱਤਲਾ ਅਤੇ ਇਕ ਛੋਟੇ ਹਿੱਸੇ ਹਨੀਫ (ਤਰੁਤਕ) 'ਚ ਵੰਡਿਆ ਹੋਇਆ ਹੈ। ਸੰਨ 1971 ਵਿਚ ਭਾਰਤ ਪਾਕਿਸਤਾਨ ਦੀ ਜੰਗ ਦੌਰਾਨ ਹੋਈ ਸ਼ਰਮਨਾਕ ਹਾਰ ਦਾ ਬਦਲਾ ਲੈਣ ਦੀ ਭਾਵਨਾ ਨਾਲ ਪਾਕਿਸਤਾਨ ਦੇ ਸੈਨਾ ਮੁਖੀ (ਬਾਅਦ 'ਚ ਰਾਸ਼ਟਰਪਤੀ) ਜਨਰਲ ਪ੍ਰਵੇਜ਼ ਮੁਸ਼ੱਰਫ ਨੇ ਕਾਰਗਿਲ ਖੇਤਰ ਦੀਆਂ ਵਾਦੀਆਂ ਤੇ ਚੁਣੌਤੀਆਂ ਭਰਪੂਰ ਐੱਲਓਸੀ ਪਾਰ ਕਰ ਕੇ ਜੰਗ ਲੜਨ ਦਾ ਮਨ ਬਣਾ ਲਿਆ। ਲੜਾਈ ਦਾ ਮੁੱਖ ਉਦੇਸ਼ ਸੀ ਕਿ ਸ਼ਿਮਲਾ ਸਮਝੌਤੇ ਨੂੰ ਖੋਖਲਾ ਕਰਨ ਖ਼ਾਤਰ 740 ਕਿਲੋਮੀਟਰ ਵਾਲੀ ਕੰਟਰੋਲ ਰੇਖਾ ਵਿਚ ਪਰਿਵਰਤਨ ਕਰ ਕੇ ਸ੍ਰੀਨਗਰ-ਕਾਰਗਿਲ-ਲੇਹ ਸੜਕ 'ਤੇ ਆਪਣੀ ਧਾਂਕ ਜਮਾਈ ਜਾਵੇ ਤਾਂ ਕਿ ਸਿਆਚਿਨ ਨੂੰ ਭਾਰਤ ਦੇ ਬਾਕੀ ਹਿੱਸੇ ਨਾਲੋਂ ਕੱਟਿਆ ਜਾ ਸਕੇ।

ਅਪ੍ਰੈਲ 1999 ਵਿਚ ਪਾਕਿਸਤਾਨੀ ਫ਼ੌਜ ਦੀ ਉੱਤਰੀ ਲਾਈਟ ਇਨਫੈਂਟਰੀ ਨੇ ਐੱਲਓਸੀ ਪਾਰ ਕਰ ਕੇ ਭਾਰੀ ਗਿਣਤੀ ਵਿਚ ਮਸ਼ਕੋਹ ਵਾਦੀ, ਦਰਾਸ, ਕਕਸਰ ਤੇ ਬਟਾਲਿਕ ਸੈਕਟਰਾਂ ਵਿਚ ਭਾਰਤੀ ਫ਼ੌਜ ਵੱਲੋਂ ਸਰਦ ਰੁੱਤੇ ਸੱਖਣੀਆਂ ਪਈਆਂ ਪੋਸਟਾਂ 'ਤੇ ਮੋਰਚਾਬੰਦੀ ਕਰ ਲਈ। ਪਾਕਿ ਦੇ ਜਨਰਲ ਹੈੱਡਕੁਆਰਟਰ (ਜੀਐੱਚਕਿਊ) ਨੇ ਹਮਲਾਵਰ ਫ਼ੌਜ ਨੂੰ ਆਦੇਸ਼ ਦਿੱਤਾ ਕਿ ਉਹ ਸਲਵਾਰ-ਕਮੀਜ਼ ਪਠਾਣੀ ਸੂਟ ਪਹਿਨਣ ਤਾਂ ਕਿ ਇਹ ਸੰਦੇਸ਼ ਜਾਵੇ ਕਿ ਇਹ ਕਸ਼ਮੀਰੀ ਫਰੀਡਮ ਫਾਈਟਰ ਹਨ। ਹਕੀਕਤ ਤਾਂ ਇਹ ਹੈ ਕਿ ਇਕ ਸਮਝੌਤੇ ਦੇ ਤਹਿਤ ਦੋਵਾਂ ਮੁਲਕਾਂ ਦੀਆਂ ਫ਼ੌਜਾਂ ਸਰਦ ਰੁੱਤੇ 20 ਹਜ਼ਾਰ ਫੁੱਟ ਤਕ ਦੀ ਬੁਲੰਦੀ ਨੂੰ ਛੂਹਣ ਵਾਲੀਆਂ ਚੌਕੀਆਂ ਖ਼ਾਲੀ ਕਰ ਕੇ ਪਿੱਛੇ ਹਟ ਜਾਂਦੀਆਂ ਹਨ ਅਤੇ ਜਦੋਂ ਬਰਫ਼ ਪਿਘਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਆਪੋ-ਆਪਣੇ ਟਿਕਾਣਿਆਂ ਵੱਲ ਨੂੰ ਕੂਚ ਕਰ ਜਾਂਦੀਆਂ ਹਨ। ਪਾਕਿ ਨੇ ਲੁਕ-ਛਿਪ ਕੇ ਕੋਝੀ ਚਾਲ ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਤੇ ਸਾਨੂੰ ਪਤਾ ਹੀ ਉਸ ਸਮੇਂ ਲੱਗਾ ਜਦੋਂ 3 ਮਈ 1999 ਨੂੰ ਇਲਾਕੇ ਦੇ ਇਕ ਗੁੱਜਰ-ਬਕਰਵਾਲ ਨੇ ਪਾਕਿ ਦੀ ਘੁਸਪੈਠ ਬਾਰੇ ਸੂਚਿਤ ਕੀਤਾ। ਦੁਸ਼ਮਣ ਨੇ ਆਪਣੇ ਨਿਰਧਾਰਤ ਉਦੇਸ਼ ਦੀ ਪ੍ਰਾਪਤੀ ਵਾਸਤੇ ਸ਼ੁਰੂ ਵਿਚ 4 ਤੋਂ 7 ਉੱਤਰੀ ਲਾਈਟ ਇਨਫੈਂਟਰੀ ਦੀਆਂ ਪਲਟਨਾਂ, ਸਪੈਸ਼ਲ ਸਰਵਿਸ ਗਰੁੱਪ ਅਤੇ ਇਮਦਾਦੀ ਦਸਤਿਆਂ ਨਾਲ ਸਾਡੀਆਂ ਖ਼ਾਲੀ ਪਈਆਂ ਚੌਕੀਆਂ ਕਾਬੂ ਕਰ ਲਈਆਂ। ਭਰੋਸੇਯੋਗ ਸੂਤਰਾਂ ਅਨੁਸਾਰ ਜਨਰਲ ਪ੍ਰਵੇਜ਼ ਮੁਸ਼ੱਰਫ ਵੀ ਲੜਾਈ ਤੋਂ ਪਹਿਲਾਂ ਇਸ ਇਲਾਕੇ ਵਿਚ ਇਕ ਰਾਤ ਬਿਤਾ ਕੇ ਗਿਆ ਤੇ ਸਾਨੂੰ ਸੂਹ ਵੀ ਨਾ ਲੱਗੀ।

ਖ਼ੈਰ! ਜੁਲਾਈ ਤਕ ਇਸ ਲੜਾਈ ਵਾਸਤੇ ਪਾਕਿ ਦੇ 2 ਬ੍ਰਿਗੇਡ ਹੈੱਡਕੁਆਰਟਰ, 13 ਇਨਫੈਂਟਰੀ ਬਟਾਲੀਅਨ 2 ਐੱਸਐੱਸਜੀ ਕੰਪਨੀਆਂ, 15 ਤੋਪਖਾਨੇ ਦੀਆਂ ਫਾਇਰਿੰਗ ਯੂਨਿਟਾਂ, 2 ਇੰਜੀਨੀਅਰ ਰੈਜੀਮੈਂਟਾਂ, ਇਕ ਸਿਗਨਲ ਬਟਾਲੀਅਨ ਤੇ ਕੁਝ ਹੋਰ ਮਿਲੀ-ਜੁਲੀ ਫ਼ੌਜ ਦਾ ਇਸਤੇਮਾਲ ਲੜਾਈ ਦੌਰਾਨ ਕੀਤਾ ਗਿਆ। ਉਸ ਸਮੇਂ ਭਾਰਤ ਦੀ ਕੰਟਰੋਲ ਰੇਖਾ ਵਾਲੇ 168 ਕਿਲੋਮੀਟਰ ਇਲਾਕੇ ਅੰਦਰ ਕੇਵਲ 121 ਇਨਫੈਂਟਰੀ ਬ੍ਰਿਗੇਡ ਦੀ ਨਫਰੀ ਸੀ, ਫਿਰ 70 ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਦਵਿੰਦਰ ਸਿੰਘ ਨੂੰ ਸਭ ਤੋਂ ਵੱਧ ਚੁਣੌਤੀ ਭਰਪੂਰ ਤਿੱਖੀਆਂ ਪਹਾੜੀਆਂ ਵਾਲੇ ਬਟਾਲਿਕ ਸੈਕਟਰ ਭੇਜਿਆ ਗਿਆ ਜਿੱਥੇ ਉਸ ਦੀ ਯੋਗ ਅਗਵਾਈ ਹੇਠ 11 ਮਈ ਨੂੰ ਦੁਸ਼ਮਣ ਨੂੰ ਖਦੇੜਨਾ ਸ਼ੁਰੂ ਕਰ ਦਿੱਤਾ ਗਿਆ। ਉਸ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਉੱਚ ਕੋਟੀ ਦੀ ਬਹਾਦਰੀ, ਹਿੰਮਤ ਤੇ ਹੌਸਲੇ ਨਾਲ ਦੁਸ਼ਮਣ ਪਾਸੋਂ ਬਟਾਲਿਕ ਸੈਕਟਰ ਦਾ 99 ਫ਼ੀਸਦੀ ਇਲਾਕਾ 20 ਜੁਲਾਈ ਤਕ ਖ਼ਾਲੀ ਕਰਵਾ ਲਿਆ। ਇਸੇ ਤਰੀਕੇ ਨਾਲ 192 ਮਾਊਂਟੇਨ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਐੱਮਪੀਐੱਸ ਬਾਜਵਾ ਦੀ ਪ੍ਰਭਾਵਸ਼ਾਲੀ ਲੀਡਰਸ਼ਿਪ ਹੇਠ 8 ਸਿੱਖ ਪਲਟਨ ਤੇ 18 ਗ੍ਰਨੇਡੀਅਰ ਬਟਾਲੀਅਨ ਨੇ ਮਹੱਤਵਪੂਰਨ ਟਾਈਗਰ ਹਿੱਲ ਤੇ ਤਿੱਖੀਆਂ ਪਹਾੜੀਆਂ ਤੋਂ ਦੁਸ਼ਮਣ ਨੂੰ ਖਦੇੜ ਕੇ 26 ਜੁਲਾਈ ਨੂੰ ਫ਼ਤਿਹ ਦਾ ਡੰਕਾ ਵਜਾਇਆ। ਇਸ ਦੇ ਨਾਲ ਹੀ ਬਾਕੀ ਫ਼ੌਜੀ ਦਸਤਿਆਂ ਨੇ ਟੋਲੋਲਿੰਗ, ਮਸ਼ਕੋਹ ਘਾਟੀ, ਕਕਸਰ, ਸਬ ਸੈਕਟਰ ਹਨੀਫ਼ ਦੇ ਨਾਲ ਲੱਗਦੇ ਇਲਾਕਿਆਂ ਵਾਲੀਆਂ ਕਠੋਰ ਪਹਾੜੀਆਂ ਉੱਪਰੋਂ ਦੁਸ਼ਮਣ ਨੂੰ ਖਦੇੜ ਕੇ 26 ਜੁਲਾਈ ਨੂੰ ਉੱਥੇ ਤਿਰੰਗਾ ਝੰਡਾ ਲਹਿਰਾਇਆ।

ਇਸ ਸਮੁੱਚੇ ਆਪ੍ਰੇਸ਼ਨ ਦੌਰਾਨ ਭਾਰਤੀ ਤੋਪਖਾਨੇ ਦੀਆਂ 300 ਤੋਪਾਂ ਨੇ ਤਕਰੀਬਨ 25000 ਗੋਲ/ਰਾਕਟ ਦੁਸ਼ਮਣ ਦੇ ਟਿਕਾਣਿਆਂ 'ਤੇ ਦਾਗ ਕੇ ਆਪ੍ਰੇਸ਼ਨ ਵਿਜੇ ਦੇ ਮੁੱਖ ਭਾਈਵਾਲ ਵਜੋਂ ਉੱਭਰਿਆ। ਦਰਅਸਲ, ਦੂਜੇ ਵਿਸ਼ਵ ਯੁੱਧ ਉਪਰੰਤ ਦੁਨੀਆ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਵਾਪਰਿਆ ਜਦੋਂ ਕਿ 6 ਹਫ਼ਤਿਆਂ ਅੰਦਰ ਤੋਪਖਾਨੇ ਨੇ ਇੰਨੀ ਭਾਰੀ ਮਾਤਰਾ ਵਿਚ ਫਾਇਰਿੰਗ ਕੀਤੀ ਹੋਵੇ। ਇਸ ਲੜਾਈ ਦੌਰਾਨ ਦੇਸ਼ ਦੇ 527 ਅਫ਼ਸਰ ਤੇ ਜਵਾਨ ਸ਼ਹੀਦੀ ਪ੍ਰਾਪਤ ਕਰ ਗਏ ਅਤੇ 1363 ਜ਼ਖ਼ਮੀ ਹੋਏ। ਦੇਸ਼ ਦੇ ਰਖਵਾਲਿਆਂ ਵੱਲੋਂ ਸਰਬਉੱਚ ਦਰਜੇ ਦੀ ਬਹਾਦਰੀ, ਦ੍ਰਿੜ੍ਹਤਾ ਤੇ ਕੌਮੀ ਜਜ਼ਬੇ ਦਾ ਪ੍ਰਗਟਾਵਾ ਕਰਨ ਸਦਕਾ ਰਾਸ਼ਟਰ ਨੇ ਉਨ੍ਹਾਂ ਦਾ ਸਤਿਕਾਰ ਕਰਦਿਆਂ ਉਨ੍ਹਾਂ 'ਚੋਂ 4 ਨੂੰ ਪਰਮਵੀਰ ਚੱਕਰ, 10 ਮਹਾਵੀਰ ਚੱਕਰ, 55 ਵੀਰ ਚੱਕਰ ਅਤੇ ਹੋਰ ਅਨੇਕਾਂ ਪੁਰਸਕਾਰਾਂ ਨਾਲ ਨਿਵਾਜਿਆ। ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਹੇਠ ਬਣੀ ਕਾਰਗਿਲ ਜਾਂਚ ਕਮੇਟੀ ਅਤੇ ਦੇਸ਼ ਦੇ ਮਾਹਿਰਾਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਸੀ ਕਿ ਦੇਸ਼ ਦੀਆਂ ਖ਼ੁਫ਼ੀਆ ਪ੍ਰਣਾਲੀਆਂ, ਮਿਲਟਰੀ ਸੈਟੇਲਾਈਟ ਸਿਆਸਤਦਾਨਾਂ ਅਤੇ ਏਸੀ ਕਮਰਿਆਂ ਵਿਚ ਬੈਠੀ ਲਾਲਫੀਤਾਸ਼ਾਹੀ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਅਤੇ ਯੁੱਧ ਕਲਾ ਸਬੰਧੀ ਅਗੇਤਰੀ ਸੂਚਨਾ ਦੇਣ ਵਿਚ ਅਸਮਰੱਥ ਰਹੀਆਂ। ਕਾਰਗਿਲ ਜਿਹੀ ਸਥਿਤੀ ਨੂੰ ਨਜਿੱਠਣ ਵਾਸੇ ਹਾਕਮਾਂ ਨੇ ਫ਼ੌਜ ਨੂੰ ਬਿਲਕੁਲ ਤਿਆਰ ਨਾ ਕੀਤਾ। ਸਾਜ਼ੋ-ਸਾਮਾਨ, ਗੋਲਾ-ਬਾਰੂਦ, ਅਸਤਰ-ਸ਼ਸਤਰ, ਸੰਚਾਰ ਸਾਧਨਾਂ ਦੀ ਘਾਟ ਦੇ ਨਾਲ-ਨਾਲ ਬਰਫ਼ੀਲੇ ਇਲਾਕਿਆਂ ਵਾਸਤੇ ਵਰਦੀਆਂ ਅਤੇ ਬਸਤਰਾਂ ਆਦਿ ਦੀ ਘਾਟ ਅਤੇ ਪਲਟਨਾਂ ਨੂੰ ਬਗੈਰ ਅਨੁਕੂਲ ਵਾਤਾਵਰਨ ਪੈਦਾ ਕੀਤਿਆਂ ਉੱਚ ਪਰਬਤੀ ਇਲਾਕਿਆਂ 'ਚ ਜੰਗ ਲੜਨ ਵਾਸਤੇ ਭੇਜਿਆ ਗਿਆ। ਇਨ੍ਹਾਂ ਢੇਰ ਸਾਰੀਆਂ ਖਾਮੀਆਂ ਦੇ ਬਾਵਜੂਦ ਸਾਡੇ ਬਹਾਦਰ ਜਵਾਨਾਂ ਨੇ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦਿੱਤਾ।

ਇਕ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਾਡੀ ਖ਼ੁਫ਼ੀਆਤੰਤਰ ਪ੍ਰਣਾਲੀ ਨੇ 21 ਸਾਲਾਂ ਬਾਅਦ ਵੀ ਕਾਰਗਿਲ ਲੜਾਈ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਕੋਈ ਉਪਰਾਲਾ ਕੀਤਾ? ਜੇਕਰ ਐਸਾ ਹੁੰਦਾ ਤਾਂ ਹਾਲ ਹੀ ਵਿਚ ਚੀਨ ਵੱਲੋਂ ਗਲਵਾਨ ਵਾਦੀ ਤੇ ਪੈਂਗੋਗ ਸੋ ਵਰਗੇ ਇਲਾਕਿਆਂ ਵਿਚ ਕਥਿਤ ਘੁਸਪੈਠ ਕਰਨ ਵਾਲੇ ਸ਼ੰਕੇ ਦੇਸ਼ ਵਾਸੀਆਂ ਵਿਚ ਕਿਉਂ ਪੈਦਾ ਹੁੰਦੇ? ਜਨਰਲ ਵੀਕੇ ਸਿੰਘ ਨੇ ਸੈਨਾ ਮੁਖੀ ਦੇ ਤੌਰ 'ਤੇ ਫ਼ੌਜ ਅੰਦਰ ਟੈਕਾਂ, ਤੋਪਾਂ, ਗੋਲਾ-ਬਾਰਦੂ, ਅਸਤਰ-ਸ਼ਸਤਰ, ਸੰਚਾਰ ਸਾਧਨਾਂ ਆਦਿ ਦੀ ਅਤਿਅੰਤ ਘਾਟ ਬਾਰੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਚਿੱਠੀ ਲਿਖ ਕੇ ਤਹਿਲਕਾ ਮਚਾ ਦਿੱਤਾ। ਹੁਣ ਉਹ ਕੁਸਕਦੇ ਕਿਉਂ ਨਹੀਂ? ਹੁਣ ਆਧੁਨਿਕ ਹਥਿਆਰਾਂ, ਟੈਕ, ਜਹਾਜ਼ਾਂ, ਤੋਪਾਂ, ਪਣਡੁੱਬੀਆਂ ਆਦਿ ਦੀ ਖ਼ਰੀਦੋ-ਫ਼ਰੋਖਤ ਵਾਸਤੇ ਹਫੜਾ-ਦਫੜੀ ਕਿਉਂ? ਇਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਪਹਾੜੀ ਸਰਹੱਦੀ ਇਲਾਕਿਆਂ ਵਾਸਤੇ 'ਮਾਊਨਟੇਨ ਕੋਰ' ਖੜ੍ਹੀ ਕਰਨ ਦੀ ਕਾਰਵਾਈ ਆਰੰਭੀ ਗਈ ਸੀ ਜੋ ਕਿ ਵਿਚ-ਵਿਚਾਲੇ ਹੈ ਕਿਉਂਕਿ ਬਜਟ ਦੀ ਘਾਟ ਹੈ। 'ਬੂਹੇ ਆਈ ਜੰਨ,ਵਿੰਨੋ ਕੁੜੀ ਦੇ ਕੰਨ' ਵਾਲਾ ਹਿਸਾਬ-ਕਿਤਾਬ ਨਹੀਂ ਹੋਣਾ ਚਾਹੀਦਾ। ਦੇਸ਼ ਨੂੰ ਦੋ ਮੁਹਾਜ਼ਾਂ 'ਤੇ ਜੰਗ ਲੜਨ ਵਾਸਤੇ ਤਿਆਰ-ਬਰ-ਤਿਆਰ ਕਰਨਾ ਪਵੇਗਾ!

-ਸੰਪਰਕ ਨੰ. : 0172-2740991

-ਈਮੇਲ : kahlonks0gmail.com



from Punjabi News -punjabi.jagran.com https://ift.tt/3jIPdrU
via IFTTT

No comments:

Post a Comment