ਵੀਹਵੀਂ ਸਦੀ ਦੇ ਕਰਵਟ ਲੈਣ ਤੋਂ ਦਸ ਕੁ ਮਹੀਨੇ ਪਹਿਲਾਂ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 20 ਫਰਵਰੀ 1999 ਨੂੰ ਦਿੱਲੀ-ਲਾਹੌਰ ਬੱਸ, 'ਸਦਾ-ਏ-ਸਰਹੱਦ' (ਕਾਰਵਾਂ-ਏ-ਅਮਨ) 'ਤੇ ਸਵਾਰ ਹੋ ਕੇ ਭਾਰਤ-ਪਾਕਿਸਤਾਨ ਦਰਮਿਆਨ ਕਸ਼ੀਦਗੀ ਨੂੰ ਖ਼ਤਮ ਕਰਨ ਲਈ ਪਹਿਲਕਦਮੀ ਕੀਤੀ ਸੀ। ਵਾਜਪਾਈ ਨਾਲ ਪ੍ਰਕਾਸ਼ ਸਿੰਘ ਬਾਦਲ, ਕੁਲਦੀਪ ਨਈਅਰ, ਸ਼ਤਰੂਘਨ ਸਿਨਹਾ, ਦੇਵ ਆਨੰਦ ਅਤੇ ਜਾਵੇਦ ਅਖ਼ਤਰ ਵਰਗੀਆਂ ਹਸਤੀਆਂ ਹਮਸਫ਼ਰ ਸਨ। ਮਈ 1998 ਵਿਚ ਪੋਖਰਨ ਨਿਊਕਲੀਅਰ ਬੰਬ ਧਮਾਕਿਆਂ ਅਤੇ ਇਸ ਦੇ ਜਵਾਬ ਵਿਚ ਪਾਕਿਸਤਾਨ ਵੱਲੋਂ ਕੀਤੇ ਧਮਾਕਿਆਂ ਨੇ ਦੋਵਾਂ ਦੇਸ਼ਾਂ ਦੇ ਅਵਾਮ 'ਚ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਸੀ। ਅਜਿਹੇ ਮਾਹੌਲ ਵਿਚ ਵਾਜਪਾਈ ਦਾ ਦਿੱਲੀ-ਲਾਹੌਰ ਬੱਸ 'ਚ ਸਵਾਰ ਹੋ ਕੇ ਪਾਕਿਸਤਾਨ ਪੁੱਜਣਾ ਪੁਰੇ ਦੀ ਰੁਮਕਦੀ ਹਵਾ ਦੇ ਬੁੱਲੇ ਵਰਗਾ ਸੀ। ਦੋਸਤੀ ਦੀ ਇਬਾਰਤ ਸੁਨਹਿਰੀ ਅੱਖਰਾਂ ਨਾਲ ਲਿਖੀ ਜਾ ਰਹੀ ਸੀ। ਵਾਹਗਾ ਤੋਂ ਲਾਹੌਰ ਤਕ ਲਾਲ ਗਲੀਚੇ ਵਿਛਾਏ ਗਏ। ਥਾਂ-ਥਾਂ ਗੁਲਾਬ-ਪੱਤੀਆਂ ਦੀ ਬਰਸਾਤ ਹੋ ਰਹੀ ਸੀ। ਜਮਾਤ-ਏ-ਇਸਲਾਮੀ ਦੇ ਮੁੱਠੀ ਭਰ ਇੰਤਹਾਪਸੰਦਾਂ ਨੇ ਬੱਸ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਾਕਿਸਤਾਨ ਦੇ ਸਤਲੁਜ ਰੇਂਜਰਾਂ ਤੇ ਪੁਲਿਸ ਨੇ ਡਾਂਗਾਂ ਨਾਲ ਉਨ੍ਹਾਂ ਦੇ ਚੰਗੇ ਹੱਡ ਸੇਕੇ ਸਨ। ਵਾਜਪਾਈ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮ-ਰੁਤਬਾ ਨਵਾਜ਼ ਸ਼ਰੀਫ਼ ਗਰਮਜੋਸ਼ੀ ਨਾਲ ਬਗਲਗੀਰ ਹੋਏ। ਲਾਹੌਰ ਕਿਲ੍ਹੇ ਵਿਚ ਵਾਜਪਾਈ ਅਤੇ ਭਾਰਤੀ ਵਫ਼ਦ ਦਾ ਬੇਹੱਦ ਗਰਮਜੋਸ਼ੀ ਨਾਲ ਸਵਾਗਤ ਹੋਇਆ। ਵਾਜਪਾਈ ਨੇ ਇਸ ਅਵਸਰ 'ਤੇ ਨਜ਼ਮ ਪੜ੍ਹੀ :
ਜੋ ਹਮ ਪਰ ਗ਼ੁਜ਼ਰੀ ਬੱਚੋਂ ਕੇ ਸੰਗ ਨਾ ਹੋਨੇ ਦੇਂਗੇ,
ਜੰਗ ਨਾ ਹੋਨੇ ਦੇਂਗੇ।
ਵਾਜਪਾਈ ਵੱਲੋਂ ਮੀਨਾਰ-ਏ-ਪਾਕਿਸਤਾਨ ਜਾਣ ਦੇ ਫ਼ੈਸਲੇ ਨੇ ਕਈਆਂ ਨੂੰ ਹੈਰਾਨ ਵੀ ਕੀਤਾ ਸੀ। ਪ੍ਰੰਤੂ ਵਿਜ਼ਟਰਜ਼ ਬੁੱਕ ਵਿਚ ਵਾਜਪਾਈ ਨੇ 'ਮਜ਼ਬੂਤ ਪਾਕਿਸਤਾਨ, ਭਾਰਤ ਦੇ ਹਿੱਤ ਵਿਚ ਹੈ' ਲਿਖ ਕੇ ਖ਼ੁਦ ਨੂੰ 'ਸ਼ਾਂਤੀ ਦੂਤ' ਹੋਣ ਦਾ ਸਬੂਤ ਦਿੱਤਾ ਸੀ। ਵਾਜਪਾਈ ਦੇ ਸਵਾਗਤ ਲਈ ਇੱਕੀ ਤੋਪਾਂ ਦੀ ਸਲਾਮੀ ਦਿੱਤੀ ਗਈ। ਅਫ਼ਸੋਸ! ਮਹਿਜ਼ ਤਿੰਨ ਮਹੀਨਿਆਂ ਬਾਅਦ ਇਹੀ ਤੋਪਾਂ ਕਾਰਗਿਲ ਦੀਆਂ ਪਹਾੜੀਆਂ 'ਚ ਬੀੜ ਦਿੱਤੀਆਂ ਗਈਆਂ ਜਿਸ ਕਾਰਨ ਕਈ ਭਾਰਤੀ ਫ਼ੌਜੀਆਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਅੰਮ੍ਰਿਤਸਰ ਦੇ ਜੰਮ-ਪਲ ਕੈਪਟਨ ਸੌਰਭ ਕਾਲੀਆ ਅਤੇ ਉਨ੍ਹਾਂ ਨਾਲ ਗਸ਼ਤ ਕਰ ਰਹੀ ਫ਼ੌਜੀ ਟੁਕੜੀ ਦੇ ਜਵਾਨਾਂ ਨੂੰ ਪਾਕਿਸਤਾਨ ਨੇ ਅਗਵਾ ਕਰ ਲਿਆ। ਨਿਗਾਹਬਾਨ ਕੈਪਟਨ ਕਾਲੀਆ ਦੀਆਂ ਅੱਖਾਂ ਕੱਢਣ ਤੋਂ ਬਾਅਦ ਉਸ ਦਾ ਸਿਰ ਕਲਮ ਕਰ ਕੇ ਪਾਕਿਸਤਾਨੀ ਫ਼ੌਜ ਨੇ ਦਰਿੰਦਗੀ ਦਾ ਸਬੂਤ ਦਿੱਤਾ। ਸਪਸ਼ਟ ਹੈ ਕਿ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭਰੋਸੇ ਵਿਚ ਲਏ ਬਗ਼ੈਰ ਫ਼ੌਜ ਮੁਖੀ ਪ੍ਰਵੇਜ਼ ਮੁਸ਼ੱਰਫ ਅਤੇ ਉਸ ਦੇ ਤਿੰਨ ਹੋਰ ਜੂਨੀਅਰ ਜਰਨੈਲਾਂ (ਗੈਂਗ ਆਫ ਫੌਰ) ਨੇ ਕਾਰਗਿਲ 'ਤੇ ਕਬਜ਼ਾ ਕਰਨ ਦੀ ਨਾਪਾਕ ਸਾਜ਼ਿਸ਼ ਰਚੀ ਸੀ। ਪਾਕਿਸਤਾਨ ਦੇ ਇਕ ਜਨਰਲ, ਸ਼ਾਹਿਦ ਅਜ਼ੀਜ਼ ਨੇ ਆਪਣੀ ਪੁਸਤਕ, 'ਯੇਹ ਖ਼ਾਮੋਸ਼ੀ ਕਹਾਂ ਤਕ' ਵਿਚ ਪਾਕਿਸਤਾਨੀ ਫ਼ੌਜ ਵੱਲੋਂ ਕਾਰਗਿਲ ਛੇੜਨ ਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਹੈ। ਉਸ ਨੇ ਖ਼ੁਲਾਸਾ ਕੀਤਾ ਕਿ ਮਾਰਚ ਮਹੀਨੇ ਜਨਰਲ ਮੁਸ਼ੱਰਫ ਨੇ ਹੈਲੀਕਾਪਟਰ 'ਤੇ ਸਵਾਰ ਹੋ ਕੇ ਨਿਯੰਤਰਨ ਰੇਖਾ (ਲਾਈਨ ਆਫ ਐਕਚੂਅਲ ਕੰਟਰੋਲ) ਪਾਰ ਕੀਤੀ ਅਤੇ ਘੁਸਪੈਠੀਆਂ ਵਾਂਗ ਕਾਰਗਿਲ ਦੀਆਂ ਪਹਾੜੀਆਂ 'ਤੇ ਸਥਿਤ ਇਕ ਪਿੰਡ ਵਿਚ ਰਾਤ ਗੁਜ਼ਾਰੀ ਸੀ। ਜੰਗ ਦੇ ਸ਼ੁਰੂ ਵਿਚ ਪਾਕਿਸਤਾਨ ਇਹ ਦਾਅਵਾ ਕਰਦਾ ਰਿਹਾ ਕਿ ਇਹ ਮੁਜਾਹਿਦੀਨਾਂ ਵੱਲੋਂ ਛੇੜਿਆ ਗਿਆ ਜਹਾਦ ਹੈ। ਬਾਅਦ ਵਿਚ ਮੁਸ਼ੱਰਫ ਨੇ ਖ਼ੁਦ ਮੰਨਿਆ ਕਿ ਮੁਜਾਹਿਦਾਂ ਦਾ ਮੋਢਾ ਵਰਤ ਕੇ ਪਾਕਿਸਤਾਨੀ ਫ਼ੌਜ ਨੇ ਬਰਫ਼ ਨਾਲ ਕੱਜੀਆਂ ਪਹਾੜੀਆਂ 'ਤੇ ਭਾਰਤੀ ਫ਼ੌਜ ਦੇ ਖਾਲੀ ਪਏ ਮੋਰਚਿਆਂ 'ਤੇ ਕਬਜ਼ਾ ਕਰ ਲਿਆ ਸੀ। ਇਨ੍ਹਾਂ ਦਿਨਾਂ ਵਿਚ ਕਾਰਗਿਲ ਦਾ ਤਾਪਮਾਨ ਮਨਫ਼ੀ 40 ਡਿਗਰੀ ਤਕ ਚਲਾ ਜਾਂਦਾ ਹੈ ਜਿਸ ਕਾਰਨ ਦੋਨਾਂ ਦੇਸ਼ਾਂ ਦੀਆਂ ਫ਼ੌਜਾਂ ਮੋਰਚਿਆਂ ਦਾ ਤਿਆਗ ਕਰ ਕੇ ਮੈਦਾਨ ਵੱਲ ਕੂਚ ਕਰ ਜਾਂਦੀਆਂ ਹਨ। 'ਗੈਂਗ ਆਫ ਫੌਰ' ਨੇ ਜਨਰਲ ਮੁਸ਼ੱਰਫ ਨੂੰ ਫੂਕ ਦਿੱਤੀ ਸੀ ਕਿ ਜੇ ਕਾਰਗਿਲ 'ਤੇ ਫ਼ਤਿਹ ਪਾ ਲਈ ਗਈ ਤਾਂ ਪਾਕਿਸਤਾਨ ਦੇ ਬਾਨੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਹਾ ਤੋਂ ਬਾਅਦ ਉਸ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਮੁਸ਼ੱਰਫ ਨੂੰ ਜਚਾਇਆ ਗਿਆ ਕਿ ਕਾਰਗਿਲ 'ਤੇ ਕਬਜ਼ਾ ਕਰ ਕੇ ਪਾਕਿਸਤਾਨ ਸ੍ਰੀਨਗਰ ਹਾਈਵੇ 'ਤੇ ਕਬਜ਼ਾ ਕਰ ਲਵੇਗਾ ਜਿਸ ਨਾਲ ਲੇਹ-ਲੱਦਾਖ ਨੂੰ ਸਪਲਾਈ ਬੰਦ ਹੋ ਜਾਵੇਗੀ। ਇਸ ਮਨਸੂਬੇ ਦੀ ਕਾਮਯਾਬੀ ਤੋਂ ਬਾਅਦ ਦੁਨੀਆ ਦੇ ਸਭ ਤੋਂ ਉੱਚੇ (ਸਮੁੰਦਰੀ ਤੱਟ ਤੋਂ ਲਗਪਗ 20000 ਫੁੱਟ) ਫ਼ੌਜੀ ਟਿਕਾਣੇ ਦੀ ਵੀ ਘੇਰਾਬੰਦੀ ਕੀਤੀ ਜਾ ਸਕਦੀ ਹੈ ਜਿੱਥੇ ਭਾਰਤੀ ਫ਼ੌਜ ਨੇ 1984 ਵਿਚ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਸੀ। ਖ਼ੈਰ, ਪਹਿਲਾਂ ਹੀ ਤਿੰਨ ਜੰਗਾਂ ਹਾਰ ਚੁੱਕੇ ਪਾਕਿਸਤਾਨ ਨੂੰ ਕਾਰਗਿਲ ਜੰਗ ਦੌਰਾਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਸਹਿਣਾ ਪਿਆ। ਭਾਰਤ ਦੇ ਸਿਰਲੱਥ ਯੋਧਿਆਂ ਨੇ ਲਾਸਾਨੀ ਕੁਰਬਾਨੀਆਂ ਦੇ ਕੇ ਪਾਕਿਸਤਾਨੀ ਫ਼ੌਜ ਨੂੰ ਕਾਰਗਿਲ 'ਚੋਂ ਬੁਰੀ ਤਰ੍ਹਾਂ ਖਦੇੜ ਦਿੱਤਾ। ਇਹ ਵੱਖਰੀ ਗੱਲ ਹੈ ਕਿ ਕਾਰਗਿਲ ਦੀ ਘੁਸਪੈਠ ਭਾਰਤ ਦੇ ਖ਼ੁਫ਼ੀਆਤੰਤਰ ਦੀ ਵੱਡੀ ਨਾਲਾਇਕੀ ਕਾਰਨ ਹੋਈ ਸੀ। ਜੇ ਗਰਕੌਨ ਪਿੰਡ ਦਾ ਤਾਸ਼ੀ ਨਾਮ ਦਾ ਭਾਰਤੀ ਚਰਵਾਹਾ ਦੋ ਮਈ ਨੂੰ ਪਾਕਿਸਤਾਨੀਆਂ ਦੀ ਕਾਰਗਿਲ ਵਿਚ ਮੌਜੂਦਗੀ ਦੀ ਭਿਣਕ ਆਪਣੀ ਫ਼ੌਜ ਨੂੰ ਨਾ ਦਿੰਦਾ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਇਹ ਵੀ ਸੰਭਵ ਸੀ ਕਿ ਤਿੰਨ ਯੁੱਧਾਂ 'ਚ ਮਾਤ ਖਾਣ ਵਾਲੀ ਪਾਕਿਸਤਾਨੀ ਫ਼ੌਜ ਕਾਰਗਿਲ ਯੁੱਧ ਦੌਰਾਨ ਭਾਰਤ ਕੋਲੋਂ ਬਦਲਾ ਲੈਣ ਵਿਚ ਕਾਮਯਾਬ ਹੋ ਜਾਂਦੀ। ਅਜਿਹੀ ਸੂਰਤ ਵਿਚ ਸ਼ਿਮਲਾ ਸਮਝੌਤੇ ਤਹਿਤ ਤੈਅ ਹੋਈ ਨਿਯੰਤਰਣ ਰੇਖਾ ਵੀ ਬਦਲ ਜਾਂਦੀ। ਕਾਰਗਿਲ ਯੁੱਧ ਵੇਲੇ ਭਾਵੇਂ ਵਾਜਪਾਈ ਵੱਲੋਂ ਸ਼ੁਰੂ ਕੀਤੀ ਗਈ ਦਿੱਲੀ-ਲਾਹੌਰ ਬੱਸ ਸੇਵਾ ਬੰਦ ਨਾ ਹੋਈ ਪਰ ਪਾਕਿਸਤਾਨ ਵੱਲੋਂ ਕੀਤੇ ਗਏ ਇਸ ਵਿਸ਼ਵਾਸਘਾਤ ਨੇ ਉਨ੍ਹਾਂ ਦਾ ਦਿਲ ਜ਼ਰੂਰ ਤੋੜ ਦਿੱਤਾ ਸੀ। ਦੁਖੀ ਹੋਏ ਵਾਜਪਾਈ ਨੇ ਨਵਾਜ਼ ਸ਼ਰੀਫ਼ ਨੂੰ ਫੋਨ 'ਤੇ ਉਲਾਂਭਾ ਦਿੱਤਾ। ਉਨ੍ਹਾਂ ਨਾਲ ਬੈਠੇ ਦਲੀਪ ਕੁਮਾਰ ਨੇ ਨਵਾਜ਼ ਸ਼ਰੀਫ਼ ਨੂੰ ਕਿਹਾ, 'ਮੀਆਂ ਸਾਹਿਬ, ਤੁਹਾਡੇ ਕੋਲੋਂ ਅਜਿਹੀ ਉਮੀਦ ਨਹੀਂ ਸੀ।' ਪਰ 13 ਦਸੰਬਰ 2001 ਨੂੰ ਭਾਰਤੀ ਸੰਸਦ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ 'ਸਦਾ-ਏ-ਸਰਹੱਦ' ਜ਼ਰੂਰ ਰੋਕਣੀ ਪਈ। ਕਾਸ਼! ਦੋਸਤੀ ਦੇ ਪੈਗ਼ਾਮ ਦਾ ਪਾਕਿਸਤਾਨ ਵੱਲੋਂ ਹੁੰਗਾਰਾ ਮਿਲਦਾ ਅਤੇ ਦੋਨੋਂ ਗੁਆਂਢੀ ਹਮਸਾਇਆਂ ਵਾਂਗ ਅਮਨ-ਚੈਨ ਨਾਲ ਰਹਿੰਦੇ।
from Punjabi News -punjabi.jagran.com https://ift.tt/2D3IZSX
via IFTTT
No comments:
Post a Comment