Responsive Ads Here

Friday, July 24, 2020

ਡੂੰਘੀਆਂ ਜੜ੍ਹਾਂ ਵਾਲਾ ਭਾਈ-ਭਤੀਜਵਾਦ


-ਏ. ਸੂਰੀਆਪ੍ਰਕਾਸ਼

ਵੱਡੀ ਪ੍ਰਤਿਭਾ ਦੇ ਧਨੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਬੇਵਕਤ ਅਕਾਲ ਚਲਾਣੇ ਨੇ ਲੋਕਾਂ ਨੂੰ ਹਲੂਣਨ ਦੇ ਨਾਲ ਹੀ ਕਈ ਸਵਾਲ ਵੀ ਖੜ੍ਹੇ ਕਰ ਦਿੱਤੇ ਹਨ ਜੋ ਅਜੇ ਵੀ ਪੁੱਛੇ ਜਾ ਰਹੇ ਹਨ। ਜਿਨ੍ਹਾਂ ਰਹੱਸਮਈ ਹਾਲਾਤ ਵਿਚ ਉਸ ਨੇ ਖ਼ੁਦਕੁਸ਼ੀ ਕੀਤੀ ਉਸ ਤੋਂ ਬਾਅਦ ਬਾਲੀਵੁੱਡ ਵਿਚ ਕਾਇਮ ਗ਼ਲਤ ਰਵਾਇਤਾਂ 'ਤੇ ਤਿੱਖੀ ਬਹਿਸ ਛਿੜ ਗਈ ਹੈ। ਇਸ ਨਾਲ ਫ਼ਿਲਮ ਜਗਤ ਵਿਚ ਰਿਸ਼ਤਿਆਂ ਦੇ ਤਾਣੇ-ਬਾਣੇ, ਚੜ੍ਹਤ ਅਤੇ ਬਾਹਰੀਆਂ ਅਰਥਾਤ ਗ਼ੈਰ-ਫਿਲਮੀ ਪਿੱਠ ਭੂਮੀ ਵਾਲਿਆਂ ਦੇ ਨਾਲ ਹੋਣ ਵਾਲੇ ਖ਼ਰਾਬ ਸਲੂਕ ਨੂੰ ਲੈ ਕੇ ਸਵਾਲੀਆ ਨਿਸ਼ਾਨ ਲੱਗੇ ਹਨ।

ਜਿੱਥੇ ਮੁੰਬਈ ਪੁਲਿਸ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕਾਰਨਾਂ ਦੀ ਜਾਂਚ ਵਿਚ ਰੁੱਝੀ ਹੋਈ ਹੈ ਓਥੇ ਹੀ ਕੰਗਨਾ ਰਨੌਤ ਨੇ ਆਪਣੇ ਬਿਆਨਾਂ ਨਾਲ ਖਲਬਲੀ ਮਚਾ ਦਿੱਤੀ ਹੈ। ਸੁਸ਼ਾਂਤ ਅਤੇ ਕੰਗਨਾ ਦੋਵੇਂ ਬਾਲੀਵੁੱਡ ਵਿਚ ਬਾਹਰੀ ਸਨ ਜਿਨ੍ਹਾਂ ਨੂੰ ਆਪਣਾ ਮੁਕਾਮ ਬਣਾਉਣ ਲਈ ਖ਼ੂਬ ਸੰਘਰਸ਼ ਕਰਨਾ ਪਿਆ। ਇਕ ਇੰਟਰਵਿਊ ਵਿਚ ਕੰਗਨਾ ਨੇ ਮੁੰਬਈ ਵਿਚ ਬਾਲੀਵੁੱਡ ਮਾਫ਼ੀਆ ਅਤੇ ਉਸ ਦੁਆਰਾ ਨੈਪੋਟਿਜ਼ਮ ਅਰਥਾਤ ਭਾਈ-ਭਤੀਜਵਾਦ ਨੂੰ ਹੱਲਾਸ਼ੇਰੀ ਦੇਣ ਦੀ ਗੱਲ ਕਹਿ ਕੇ ਇਕ ਤਰ੍ਹਾਂ ਡੂਮਣੇ ਦੇ ਛੱਤੇ ਵਿਚ ਹੱਥ ਮਾਰ ਦਿੱਤਾ ਹੈ। ਇਸ ਨਾਲ ਬਾਲੀਵੁੱਡ ਦਾ ਚਿੱਕੜ ਸਾਹਮਣੇ ਆਉਣ ਦੇ ਨਾਲ ਹੀ ਪੱਖਪਾਤ ਦਾ ਮੁੱਦਾ ਵੀ ਮੁੱਖ ਧਾਰਾ ਵਿਚ ਆ ਗਿਆ ਹੈ। ਬਾਲੀਵੁੱਡ ਮਾਫ਼ੀਆ ਦੇ ਵਿਰੁੱਧ ਇਕ ਦੋਸ਼ ਤਾਂ ਇਹ ਹੈ ਕਿ ਇਹ ਪ੍ਰਤਿਭਾਸ਼ਾਲੀ ਹੋਣ ਦੇ ਬਾਵਜੂਦ ਬਾਹਰੀਆਂ ਨੂੰ ਫਿਲਮ ਉਦਯੋਗ ਤੋਂ ਬੇਦਖਲ ਕਰਨ ਅਤੇ ਫਿਲਮੀ ਸਿਤਾਰਿਆਂ ਦੇ ਔਸਤ ਪ੍ਰਤਿਭਾ ਵਾਲੇ ਬੱਚਿਆਂ ਨੂੰ ਹੁਲਾਰਾ ਦਿੰਦਾ ਹੈ। ਇਹ ਇਕ ਤ੍ਰਾਸਦੀ ਹੀ ਹੈ ਕਿ ਮੁੰਬਈ ਦੇ ਸਿਨੇ ਜਗਤ ਦਾ ਜੋ ਸੱਚ ਹੈ, ਉਹੀ ਲੁਟੀਅਨ ਦਿੱਲੀ ਅਤੇ ਦੇਸ਼ ਦੇ ਹੋਰ ਇਲਾਕਿਆਂ ਦੀ ਵੀ ਹਕੀਕਤ ਹੈ। ਭਾਈ-ਭਤੀਜਵਾਦ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹੋ ਗਈਆਂ ਹਨ ਕਿ ਹੁਣ ਇਹ ਸਾਡੇ ਜੀਵਨ ਦਾ ਹਿੱਸਾ ਬਣਾ ਗਿਆ ਹੈ। ਭਾਵੇਂ ਹੀ ਇਸ 'ਤੇ ਵਿਚਾਰ-ਚਰਚਾ ਦੇਰੀ ਨਾਲ ਸ਼ੁਰੂ ਹੋਈ ਪਰ ਉਸ ਦੀ ਪੜਤਾਲ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਉਸ ਲੋਕਤੰਤਰੀ ਧਰਮ ਦੀ ਉਲੰਘਣਾ ਕਰਦਾ ਹੈ ਜਿਸ ਵਿਚ ਸਾਰਿਆਂ ਨੂੰ ਬਰਾਬਰ ਮੌਕੇ ਦੇਣ ਦੀ ਗੱਲ ਹੁੰਦੀ ਹੈ। ਕੰਗਨਾ ਦੇ ਮੁੱਖ ਨਿਸ਼ਾਨੇ 'ਤੇ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਹਨ। ਹਾਲਾਂਕਿ ਜੌਹਰ ਨੇ ਫਿਲਮ ਉਦਯੋਗ ਵਿਚ ਅਜਿਹੇ ਕਿਸੇ ਚਲਨ ਤੋਂ ਇਨਕਾਰ ਕੀਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਕਿਉਂਕਿ ਇਹ ਪੂਰਾ ਮਾਮਲਾ ਕਾਰੋਬਾਰੀ ਹਿੱਤਾਂ ਨਾਲ ਜੁੜਿਆ ਹੈ, ਇਸ ਲਈ ਕੋਈ ਨਿਰਮਾਤਾ ਕਿਸੇ ਫਿਲਮੀ ਸਿਤਾਰੇ ਦੇ ਬੇਟੇ-ਬੇਟੀ ਨੂੰ ਲਾਂਚ ਕਰਦੇ ਹੋਏ ਜ਼ਿਆਦਾ ਸਹਿਜ ਕਰਦਾ ਹੈ। ਉਹ ਕਹਿੰਦੇ ਹਨ ਕਿ ਕਿਸੇ ਫਿਲਮੀ ਸਿਤਾਰੇ ਦੇ ਬੇਟੇ ਨੂੰ ਆਸਾਨੀ ਨਾਲ ਚਰਚਾ ਮਿਲ ਜਾਂਦੀ ਹੈ ਅਤੇ ਇਸ ਨਾਲ ਜੋਖ਼ਮ ਘੱਟ ਹੋ ਜਾਂਦਾ ਹੈ ਕਿਉਂਕਿ ਦਾਅ 'ਤੇ ਰਕਮ ਹੀ ਲੱਗੀ ਹੋਈ ਹੁੰਦੀ ਹੈ। ਦੂਜੇ ਸ਼ਬਦਾਂ ਵਿਚ ਨੈਪੋਟਿਜ਼ਮ ਦੇ ਦਾਇਰੇ ਵਿਚ ਨਿਰਮਾਤਾ ਵੱਧ ਸੁਰੱਖਿਅਤ ਮਹਿਸੂਸ ਕਰਦੇ ਹਨ। ਕੀ ਇਹੀ ਗੱਲ ਰਾਜਨੀਤੀ ਬਾਰੇ ਵੀ ਸੱਚ ਨਹੀਂ ਹੈ? ਸੰਸਦੀ ਚੋਣਾਂ ਵਿਚ ਪਾਰਟੀਆਂ ਦੁਆਰਾ ਟਿਕਟਾਂ ਦੇਣ 'ਤੇ ਗ਼ੌਰ ਕਰੋ ਤਾਂ ਤੁਹਾਨੂੰ ਮਹਿਸੂਸ ਹੋਵੇਗਾ ਕਿ ਜੁੜਾਅ ਕਿੰਨਾ ਮਾਅਨੇ ਰੱਖਦਾ ਹੈ।

ਆਜ਼ਾਦੀ ਤੋਂ ਬਾਅਦ ਸੱਤ ਦਹਾਕਿਆਂ ਤੋਂ ਇਹੀ ਰੀਤ ਚੱਲੀ ਆਈ ਹੈ। ਅਸਲ ਵਿਚ ਭਾਈ-ਭਤੀਜਵਾਦ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹਨ ਕਿ ਇਕ ਵੇਲੇ ਦੇਸ਼ ਦੀ ਕਮਾਨ ਸੰਭਾਲਣ ਵਾਲੇ ਨੇਤਾਵਾਂ ਦੇ ਪੋਤੇ-ਪੜਪੋਤੇ ਤਕ ਉਨ੍ਹਾਂ ਚੋਣ ਹਲਕਿਆਂ ਅਤੇ ਲੁਟੀਅਨ ਦਿੱਲੀ ਦੇ ਬੰਗਲਿਆਂ 'ਤੇ ਆਪਣਾ ਜਨਮ-ਸਿੱਧ ਅਧਿਕਾਰ ਸਮਝਦੇ ਹਨ ਜਿਨ੍ਹਾਂ ਨਾਲ ਕਦੇ ਉਨ੍ਹਾਂ ਦੇ ਪੂਰਵਜਾਂ ਦਾ ਜੁੜਾਅ ਸੀ। ਇਨ੍ਹਾਂ ਬੰਗਲਿਆਂ ਪ੍ਰਤੀ ਉਨ੍ਹਾਂ ਦੀ ਪ੍ਰੀਤ ਇੰਨੀ ਵੱਧ ਜਾਂਦੀ ਹੈ ਕਿ ਇਕ ਵਕਤ ਦੇ ਬਾਅਦ ਉਹ ਭੁੱਲ ਜਾਂਦੇ ਹਨ ਕਿ ਇਹ ਜਨਤਕ ਸੰਪਤੀ ਹੈ। ਜੇਕਰ ਉਹ ਉਨ੍ਹਾਂ ਵਿਚ ਨਿਵਾਸ ਨਹੀਂ ਕਰਦੇ ਤਾਂ ਇਹ ਮੰਗ ਕਰਨ ਲੱਗਦੇ ਹਨ ਕਿ ਉਨ੍ਹਾਂ ਨੂੰ ਅਜਾਇਬਘਰ ਜਾਂ ਪ੍ਰਤੀਕ ਸਥਲ ਬਣਾ ਦਿੱਤਾ ਜਾਵੇ। ਨਹਿਰੂ-ਗਾਂਧੀ ਪਰਿਵਾਰ ਸਾਡੀ ਰਾਸ਼ਟਰੀ ਰਾਜਨੀਤੀ ਅਤੇ ਲੁਟੀਅਨ ਦਿੱਲੀ ਵਿਚ ਵੰਸ਼ਵਾਦ ਅਤੇ ਨਾਲ ਹੀ ਭਾਈ-ਭਤੀਜਵਾਦ ਦਾ ਅਸਲ ਪ੍ਰੇਰਨਾਸ੍ਰੋਤ ਹੈ। ਇਸ ਦੀ ਸ਼ੁਰੂਆਤ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਜ਼ਮਾਨੇ ਤੋਂ ਹੀ ਹੋ ਗਈ ਸੀ ਜਿਨ੍ਹਾਂ ਨੇ 1959 ਵਿਚ ਆਪਣੀ ਪੁੱਤਰੀ ਇੰਦਰਾ ਗਾਂਧੀ ਨੂੰ ਕਾਂਗਰਸ ਦੀ ਪ੍ਰਧਾਨ ਬਣਵਾਇਆ। ਉਸ ਤੋਂ ਬਾਅਦ ਜੋ ਹੋਇਆ, ਉਸ ਤੋਂ ਅਸੀਂ ਸਾਰੇ ਭਲੀਭਾਂਤ ਜਾਣੂ ਹਾਂ।

ਇਸ ਪਰਿਵਾਰ ਤੋਂ ਇਕ ਤੋਂ ਬਾਅਦ ਇਕ ਪ੍ਰਧਾਨ ਮੰਤਰੀ ਬਣਦੇ ਗਏ। ਸਾਡਾ ਲੋਕਤੰਤਰੀ ਸੰਵਿਧਾਨ ਕਮਜ਼ੋਰ ਹੁੰਦਾ ਗਿਆ ਅਤੇ ਅਜਿਹਾ ਮਹਿਸੂਸ ਹੋਣ ਲੱਗਾ ਕਿ ਭਾਰਤ ਅਸਲ ਵਿਚ ਇਕ ਰਾਜਤੰਤਰ ਹੈ। ਜਿਵੇਂ-ਜਿਵੇਂ ਇਹ ਪਰਿਵਾਰ ਖ਼ੁਦ ਨੂੰ ਮਜ਼ਬੂਤੀ ਨਾਲ ਸਥਾਪਤ ਕਰਦਾ ਗਿਆ, ਤਿਵੇਂ-ਤਿਵੇਂ ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ। ਨਹਿਰੂਵਾਦੀ ਵਿਚਾਰ ਦੀ ਚੜ੍ਹਤ ਵਧੀ ਤਾਂ ਉਮੀਦਾਂ ਰੱਖਣ ਵਾਲੇ ਨੌਕਰਸ਼ਾਹ, ਅਕਾਦਮਿਕ, ਵਿਚਾਰਕ, ਕਲਾਕਾਰ, ਮੀਡੀਆ ਪੇਸ਼ੇਵਰ ਅਤੇ ਕਾਰੋਬਾਰੀ ਉਸ ਦਾ ਹਿੱਸਾ ਬਣਦੇ ਗਏ। ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਸ ਕਾਰਵਾਂ ਦਾ ਹਿੱਸਾ ਬਣ ਕੇ ਹੀ ਉਹ ਆਪੋ-ਆਪਣੇ ਖੇਤਰਾਂ ਵਿਚ ਸਿਰਮੌਰ ਬਣ ਸਕਦੇ ਹਨ। ਕੁਝ ਮਾਮਲਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਜ਼ਿਆਦਾਤਰ ਰਾਜਪਾਲ, ਚਾਂਸਲਰ, ਸੰਪਾਦਕ, ਟੀਵੀ ਐਂਕਰ ਅਤੇ ਪਦਮ ਐਵਾਰਗੀ ਸਾਰੇ ਇਸੇ ਵਿਚਾਰ ਨਾਲ ਜੁੜੇ ਰਹੇ। ਵੰਨ-ਸੁਵੰਨਤਾ ਜਾਂ ਅਲੱਗ ਨਜ਼ਰੀਏ ਲਈ ਕੋਈ ਸਥਾਨ ਜਾਂ ਸਨਮਾਨ ਨਹੀਂ ਰਿਹਾ। ਕਾਂਗਰਸ ਪਾਰਟੀ ਦੀ ਪੂਰੀ ਚੜ੍ਹਤ ਵਾਲੇ ਦੌਰ ਵਿਚ ਉਹੀ ਲੋਕ ਸੰਸਦ ਵਿਚ ਪੁੱਜੇ ਜੋ ਇਸ ਵਿਚਾਰਕ ਬਰਾਦਰੀ ਦਾ ਹਿੱਸਾ ਸਨ।

ਇਸ ਪਰਿਵਾਰ ਨੇ ਆਪਣੇ ਦਰਬਾਰੀਆਂ ਦੇ ਬੱਚਿਆਂ ਨੂੰ ਅੱਗੇ ਵਧਾ ਕੇ ਆਪਣੇ ਇਸ ਵੰਸ਼ਵਾਦੀ ਰਵੱਈਏ ਨੂੰ ਸਰਬ-ਵਿਆਪਕ ਬਣਾਇਆ। ਮਈ 2014 ਵਿਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤਕ ਇਸ ਢਾਂਚੇ ਨੂੰ ਚੁਣੌਤੀ ਨਹੀਂ ਮਿਲੀ ਸੀ। ਉਨ੍ਹਾਂ ਨੇ ਇਸ ਢਾਂਚੇ ਨੂੰ ਤੋੜਿਆ ਅਤੇ ਲੁਟੀਅਨ ਦਿੱਲੀ ਵਿਚ ਸਾਰਿਆਂ ਲਈ ਇਕ ਸਮਾਨ ਮੁਹਾਂਦਰਾ ਬਣਾਉਣ ਵੱਲ ਵਧੇ। ਬਾਲੀਵੁੱਡ ਵਿਚ ਇਹੀ ਕੰਮ ਕੰਗਨਾ ਰਨੌਤ ਕਰ ਰਹੀ ਹੈ।

ਕੰਗਨਾ ਹਿੰਦੀ ਫਿਲਮ ਉਦਯੋਗ ਵਿਚ ਸ਼ਰਮਨਾਕ ਤਰੀਕੇ ਨਾਲ ਭਾਈ-ਭਤੀਜਵਾਦ ਨੂੰ ਹੱਲਾਸ਼ੇਰੀ ਦੇਣ ਵਾਲਿਆਂ ਅਤੇ ਪ੍ਰਤਿਭਾਸ਼ਾਲੀ ਬਾਹਰੀਆਂ ਦੀ ਅਣਦੇਖੀ ਕਰਨ ਵਾਲਿਆਂ ਨੂੰ ਬੇਖ਼ੌਫ਼ ਲਲਕਾਰ ਰਹੀ ਹੈ। ਕੰਗਨਾ ਨੇ ਬਾਲੀਵੁੱਡ ਦੇ ਕੁਝ ਬੇਹੱਦ ਖ਼ਤਰਨਾਕ ਪਹਿਲੂਆਂ ਵੱਲ ਸੰਕੇਤ ਕੀਤਾ ਹੈ ਜਿਵੇਂ ਕਿ ਇਕ ਨਾਮਚੀਨ ਬਾਲੀਵੁੱਡ ਨਿਰਦੇਸ਼ਕ ਨੇ ਸੁਸ਼ਾਂਤ ਨੂੰ ਕਿਹਾ ਸੀ ਕਿ ਉਹ ਵਹਾਅ ਦੇ ਨਾਲ ਵਹਿ ਨਹੀਂ ਰਹੇ, ਬਲਕਿ ਡੁੱਬ ਰਹੇ ਹਨ। ਬਾਲੀਵੁੱਡ ਵਿਚ ਦਿੱਗਜ ਸਿਤਾਰਿਆਂ ਦੁਆਰਾ ਜਨਤਕ ਮੰਚ ਜਾਂ ਐਵਾਰਡ ਸਮਾਰੋਹਾਂ ਵਿਚ ਨਵੇਂ ਕਲਾਕਾਰਾਂ ਦਾ ਮਜ਼ਾਕ ਉਡਾ ਕੇ ਉਨ੍ਹਾਂ ਨੂੰ ਅਸਹਿਜ ਕਰਨਾ ਬਹੁਤ ਆਮ ਹੈ। ਸੁਸ਼ਾਂਤ ਦੀ ਜ਼ਿੰਦਗੀ ਬਿਹਾਰ ਵਿਚ ਪੂਰਣੀਆ ਜ਼ਿਲ੍ਹੇ ਦੇ ਇਕ ਪਿੰਡ ਤੋਂ ਸ਼ੁਰੂ ਹੋਈ। ਉਹ ਭੌਤਿਕੀ ਵਿਚ ਨੈਸ਼ਨਲ ਓਲੰਪਿਆਡ ਜੇਤੂ ਰਿਹਾ। ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਵਿਚ ਵੀ ਟਾਪਰ ਰਿਹਾ। ਗਣਿਤ ਅਤੇ ਪੁਲਾੜ ਵਿਗਿਆਨ ਤੋਂ ਲੈ ਕੇ ਨ੍ਰਿਤ, ਸੰਗੀਤ ਅਤੇ ਸਿਨੇਮਾ ਵਿਚ ਉਸ ਦੀ ਡੂੰਘੀ ਦਿਲਚਸਪੀ ਸੀ। ਕੀ ਉਹ ਬਾਲੀਵੁੱਡ ਲਈ ਕੁਝ ਜ਼ਿਆਦਾ ਹੀ ਬੌਧਿਕ ਸੀ ਜਿੱਥੇ ਕਈ ਸਿਤਾਰਿਆਂ ਆਪਣੇ ਲੱਚਰ ਅਕਾਦਮਿਕ ਰਿਕਾਰਡ ਨੂੰ ਵੀ ਆਪਣੀ ਕਿਸਮਤ ਦੱਸਿਆ। 'ਛਿਛੋਰੇ' ਅਤੇ 'ਐੱਮਐੱਸ ਧੋਨੀ' ਵਿਚ ਸੁਸ਼ਾਂਤ ਸਿੰਘ ਰਾਜਪੂਤ ਨੇ ਬਹੁਤ ਸੰਵੇਦਨਸ਼ੀਲਤਾ ਅਤੇ ਸਮਰਪਣ ਦੇ ਨਾਲ ਆਪਣੇ ਕਿਰਦਾਰਾਂ ਨੂੰ ਜਿਊਂਦਾ ਕੀਤਾ।

ਆਖ਼ਰ ਅਜਿਹੀ ਪ੍ਰਤਿਭਾ ਨੂੰ ਹੱਲਾਸ਼ੇਰੀ ਦੇਣ ਦੀ ਥਾਂ ਬਾਲੀਵੁੱਡ ਨੇ ਉਸ ਨੂੰ ਨੁੱਕਰੇ ਕਿਉਂ ਲਗਾ ਦਿੱਤਾ? ਜੇਕਰ ਫਿਲਮ ਉਦਯੋਗ ਵਿਚ ਕੋਈ ਮਾਫ਼ੀਆ ਜਾਂ ਇਵੇਂ ਕਹੋ ਕਿ ਸਥਾਪਤ ਸਿਤਾਰਿਆਂ ਦਾ ਇਕ ਗਿਰੋਹ ਸਰਗਰਮ ਹੈ ਤਾਂ ਉਸ ਦੀ ਪਛਾਣ ਕਰ ਕੇ ਉਸ 'ਤੇ ਵਾਰ ਕੀਤਾ ਜਾਣਾ ਚਾਹੀਦਾ ਹੈ। ਕੰਗਨਾ ਨੇ ਜੋ ਸਵਾਲ ਚੁੱਕੇ ਹਨ, ਉਨ੍ਹਾਂ 'ਤੇ ਸੰਜੀਦਗੀ ਨਾਲ ਵਿਚਾਰ-ਚਰਚਾ ਕਰਨ ਦੇ ਨਾਲ ਹੀ ਉਨ੍ਹਾਂ ਦਾ ਹੱਲ ਕਰਨਾ ਹੋਵੇਗਾ।

ਜੇਕਰ ਸੁਸ਼ਾਂਤ ਦੇ ਬਲੀਦਾਨ ਨੂੰ ਵਿਅਰਥ ਜਾਣ ਤੋਂ ਰੋਕਣਾ ਹੈ ਤਾਂ ਬਾਲੀਵੁੱਡ ਦਾ ਜਮਹੂਰੀਕਰਨ ਕਰਨ ਦੇ ਨਾਲ ਹੀ ਉਸ ਵਿਚ ਸਾਰਿਆਂ ਲਈ ਸਮਾਨ ਮੌਕਿਆਂ ਦੀ ਸਿਰਜਣਾ ਕਰਨੀ ਹੋਵੇਗੀ। ਇਹ ਉਦੋਂ ਹੀ ਸੰਭਵ ਹੈ ਜਦ ਸੁਸ਼ਾਂਤ ਦੇ ਮਸਲੇ 'ਤੇ ਉਪਜਿਆ ਰਾਸ਼ਟਰੀ ਗੁੱਸਾ ਇਕ ਰਾਸ਼ਟਰੀ ਅੰਦੋਲਨ ਵਿਚ ਬਦਲੇ। ਜੇਕਰ ਹੁਣ ਅਜਿਹਾ ਨਹੀਂ ਕੀਤਾ ਗਿਆ ਤਾਂ ਬਾਲੀਵੁੱਡ ਵਿਚ ਬਾਹਰੀ ਪ੍ਰਤਿਭਾਵਾਂ ਨਾਲ ਨਿਆਂ ਨਹੀਂ ਹੋ ਸਕੇਗਾ ਅਤੇ ਉਹ 'ਧੂਲ ਕੇ ਫੂਲ' ਹੀ ਬਣੀਆਂ ਰਹਿਣਗੀਆਂ। ਸਰਕਾਰਾਂ ਨੂੰ ਵੀ ਆਪਣੇ ਪੱਧਰ 'ਤੇ ਬਾਲੀਵੁੱਡ ਦੀਆਂ ਊਣਤਾਈਆਂ ਦੂਰ ਕਰਨ ਲਈ ਸੰਜੀਦਾ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਹਰ ਪ੍ਰਤਿਭਾਸ਼ੀਲ ਅਦਾਕਾਰ ਨੂੰ ਬਿਨਾਂ ਕਿਸੇ ਤੰਗੀ-ਪਰੇਸ਼ਾਨੀ ਦੇ ਆਪਣੀ ਕਲਾ ਦਾ ਮੁਜ਼ਾਹਰਾ ਕਰਨ ਦਾ ਮੌਕਾ ਮਿਲ ਸਕੇ।

-(ਲੇਖਕ ਜਮਹੂਰੀ ਵਿਸ਼ਿਆਂ ਦਾ ਜਾਣਕਾਰ ਅਤੇ ਸੀਨੀਅਰ ਕਾਲਮਨਵੀਸ ਹੈ)।



from Punjabi News -punjabi.jagran.com https://ift.tt/2WU4mNE
via IFTTT

No comments:

Post a Comment