ਗੋਲਕ, ਬੋਲਕ ਅਤੇ ਗੱਲਾ, ਤਿੰਨੇ ਫ਼ਾਰਸੀ ਮੂਲ ਦੇ ਸ਼ਬਦ ਹਨ। ਗੋਲਕ ਨਾਲ 'ਗੁਰੂ' ਅਗੇਤਰ ਜੁੜਨ ਤੋਂ ਬਾਅਦ ਗੱਲੇ ਜਾਂ ਗੋਲਕ ਦੀ ਸਦੀਆਂ ਪੁਰਾਣੀ ਪਰਿਭਾਸ਼ਾ ਹੀ ਬਦਲ ਗਈ ਸੀ। 'ਗੱਲਾ', ਵਪਾਰੀਆਂ, ਸਰਕਾਰਾਂ ਜਾਂ ਧਾੜਵੀਆਂ ਤਕ ਸੀਮਤ ਹੋ ਗਿਆ ਜਦਕਿ 'ਗੁਰੂ ਕੀ ਗੋਲਕ' ਅੱਗੇ ਸਾਧ-ਸੰਗਤ ਸੀਸ ਝੁਕਾਉਂਦੀ ਹੈ। ਗ਼ਰੀਬ-ਗੁਰਬਾ ਵੀ ਆਪਣੀ ਖ਼ੂਨ-ਪਸੀਨੇ ਦੀ ਅਤੇ ਦਸਾਂ ਨਹੁੰਆਂ ਦੀ ਕਿਰਤ-ਕਮਾਈ 'ਚੋਂ 'ਗੁਰੂ ਕੀ ਗੋਲਕ' ਵਿਚ ਤਿਲ-ਫੁੱਲ ਭੇਟਾ ਕਰ ਕੇ ਆਪਣੇ-ਆਪ ਨੂੰ ਭਾਗਾਂ ਵਾਲਾ ਸਮਝਦਾ ਹੈ। ਕਈ ਸ਼ਰਧਾਵਾਨ, ਗੁਰੂ ਆਸ਼ੇ ਅਨੁਸਾਰ ਆਪਣੀ ਕਿਰਤ-ਕਮਾਈ 'ਚੋਂ ਦਸਵੰਧ ਭੇਟਾ ਕਰਦੇ ਹਨ। ਅਣਗਿਣਤ ਸ਼ਰਧਾਲੂ ਗੁਪਤਦਾਨ ਵੀ ਕਰਦੇ ਹਨ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਵੱਲੋਂ ਵਪਾਰ ਲਈ ਦਿੱਤੇ ਵੀਹ ਰੁਪਇਆਂ ਨਾਲ ਭੁੱਖੇ ਸਾਧੂ-ਸੰਤਾਂ ਨੂੰ ਲੰਗਰ ਛਕਾ ਕੇ ਸਪਸ਼ਟ ਸੁਨੇਹਾ ਦਿੱਤਾ ਸੀ ਕਿ 'ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ' ਹੁੰਦਾ ਹੈ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਨੇ ਆਪਣੀ ਸੌ ਸਾਲਾ ਹੋਂਦ ਦੌਰਾਨ ਅਣਗਿਣਤ ਕਲਿਆਣਕਾਰੀ ਕਾਰਜ ਕੀਤੇ ਹਨ। ਦਿੱਲੀ-ਦੱਖਣ ਜਾਂ ਵਿਸ਼ਵ ਦੇ ਕਿਸੇ ਵੀ ਕੋਨੇ 'ਤੇ ਕੁਦਰਤੀ ਆਫ਼ਤ ਆ ਜਾਵੇ ਤਾਂ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਸੰਸਥਾਵਾਂ ਨੇ ਖੁੱਲ੍ਹੇ ਦਿਲ ਨਾਲ 'ਗੁਰੂ ਕੀ ਗੋਲਕ' ਦਾ ਮੂੰਹ ਖੋਲ੍ਹਿਆ ਹੈ। ਸਮਾਜ ਸੇਵਾ ਲਈ ਸਰਬ-ਸਾਂਝੀਵਾਲਤਾ ਹੀ ਬੁਨਿਆਦ ਬਣਦਾ ਹੈ। ਵਪਾਰੀ 'ਹੱਥ ਦੀ ਮੈਲ' ਤੇ ਅਧਰਮੀ 'ਮਨ ਦੀ ਮੈਲ' ਨਾਲ ਆਪੋ-ਆਪਣਾ ਗੱਲਾ ਭਰਦੇ ਹਨ। ਉਨ੍ਹਾਂ ਲਈ ਤਾਂ ਗੋਲਕ/ਬੋਲਕ ਜਾਂ ਗੱਲੇ ਦਾ ਸ਼ਬਦੀ ਅਰਥ ਨਕਦੀ ਰੱਖਣ ਵਾਲੀ ਸੰਦੂਕੜੀ ਜਾਂ ਬਕਸਾ ਹੈ। ਪੁਰਾਤਨ ਪਰਿਭਾਸ਼ਾ ਵਾਲਾ ਗੱਲਾ ਜਾਂ ਗੋਲਕ ਆਪਣੇ ਅਤੇ ਪਰਿਵਾਰ ਦੀਆਂ ਲੋੜਾਂ ਲਈ ਹੀ ਵਰਤਿਆ ਜਾਂਦਾ ਹੈ। ਸਰਕਾਰਾਂ ਲੋਕਾਂ 'ਤੇ ਕਰ, ਟੈਕਸ ਜਾਂ ਮਸੂਲ ਲਗਾ ਕੇ ਆਪਣਾ ਗੱਲ (ਖ਼ਜ਼ਾਨਾ) ਭਰਦੀਆਂ ਆਈਆਂ ਹਨ। ਧਾੜਵੀਆਂ ਦੇ ਗੱਲੇ ਲੁੱਟ ਨਾਲ ਭਰਦੇ ਰਹੇ। ਇਸ ਦੇ ਉਲਟ 'ਗੁਰੂ ਕੀ ਗੋਲਕ' ਜਾਂ 'ਗ਼ਰੀਬ ਦਾ ਮੂੰਹ, ਗੂਰ ਕੀ ਗੋਲਕ' ਦੀ ਧਾਰਨਾ ਕ੍ਰਾਂਤੀਕਾਰੀ ਵਿਚਾਰਧਾਰਾ 'ਚੋਂ ਪੈਦਾ ਹੋਈ ਹੈ। ਗੋਰਿਆਂ ਦੀ ਹਕੂਮਤ ਵੇਲੇ 'ਗੁਰੂ ਕੀ ਗੋਲਕ' ਉੱਤੇ ਲੁਟੇਰੇ ਮਹੰਤ ਕਾਬਿਜ਼ ਹੋ ਗਏ ਤਾਂ ਇਸ ਨੇ 'ਅਕਾਲੀ ਲਹਿਰ' ਅਤੇ 'ਗੁਰਦੁਆਰਾ ਸੁਧਾਰ ਲਹਿਰ' ਨੂੰ ਜਨਮ ਦਿੱਤਾ ਸੀ। ਸੌ ਸਾਲ ਪਹਿਲਾਂ ਸਿਰਲੱਥ ਅਕਾਲੀ ਯੋਧੇ ਆਪਣੇ ਸਿਰਾਂ 'ਤੇ ਕੱਫਣ ਬੰਨ੍ਹ ਕੇ ਗੁਰੂ ਘਰਾਂ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਤੁਰੇ ਸਨ। ਅਕਾਲੀਆਂ ਦੀਆਂ ਲਾਸਾਨੀ ਕੁਰਬਾਨੀਆਂ ਰੰਗ ਲਿਆਈਆਂ। ਸਮੇਂ ਦੀ ਗੋਰੀ ਹਕੂਮਤ ਨੂੰ ਝੁਕਣਾ ਪਿਆ। ਅੰਗਰੇਜ਼ਾਂ ਵੱਲੋਂ ਥਾਪੇ ਗੁਰਦੁਆਰਿਆਂ ਦੇ ਭ੍ਰਿਸ਼ਟਾਚਾਰੀ ਸਰਬਰਾਹਾਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆ ਗਈ। ਗੁਰਦੁਆਰਿਆਂ ਵਿਚ ਮਰਿਆਦਾ ਬਹਾਲ ਹੋਈ। ਅਫ਼ਸੋਸ! ਸਿੱਖਾਂ ਦੀ ਇਸ ਸਿਰਮੌਰ ਸੰਸਥਾ ਦੇ ਸ਼ਤਾਬਦੀ ਵਰ੍ਹੇ ਦੌਰਾਨ ਕੁਝ ਅਜਿਹੀਆਂ ਹਿਰਦੇਵੇਧਕ ਘਟਨਾਵਾਂ ਵਾਪਰੀਆਂ ਹਨ ਜਿਸ ਕਾਰਨ ਕਈ ਸਿੱਖ ਜਥੇਬੰਦੀਆਂ ਨੇ 'ਦੂਜੀ ਗੁਰਦੁਆਰਾ ਸਧਾਰ ਲਹਿਰ' ਚਲਾਉਣ ਦੀ ਤਜਵੀਜ਼ ਰੱਖੀ ਹੈ। ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਚ ਗੁਰੂ ਕੀ ਗੋਲਕ ਨਾਲ ਛਪੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੀ ਘਟਨਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਵੱਕਾਰ ਦਾਅ 'ਤੇ ਲਾ ਦਿੱਤਾ ਹੈ। ਪਾਵਨ ਸਰੂਪਾਂ ਦਾ ਗੁਰਦੁਆਰਾ ਰਾਮਸਰ ਦੀ ਗੋਲਡਨ ਪ੍ਰੈੱਸ 'ਚੋਂ ਗਾਇਬ ਹੋਣਾ ਸਿੱਖ ਪੰਥ ਲਈ ਵੱਡਾ ਧਾਰਮਿਕ ਮੁੱਦਾ ਹੈ ਜਿਸ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਸਿੱਖ ਰੋਜ਼ਾਨਾ ਅਰਦਾਸ ਵੇਲੇ ਦੋਹਰਾ ਪੜ੍ਹਦੇ ਹਨ, 'ਆਗਿਆ ਭਈ ਅਕਾਲ ਕੀ ਤਬੀ ਚਲਾਇਉ ਪੰਥ£ ਸਭੁ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।।' ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬਾਨ, ਭਗਤਾਂ ਤੇ ਬਾਣੀਕਾਰ ਸੂਫ਼ੀ-ਸੰਤਾਂ ਦੀ ਆਤਮਿਕ ਜੋਤ ਹਨ। ਇਨ੍ਹਾਂ ਦੀ ਛਪਾਈ ਲਈ ਮਾਇਆ ਗੁਰੂ ਦੀ ਗੋਲਕ ਵਿਚੋਂ ਹੀ ਆਉਂਦੀ ਹੈ। ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ, ਹਰਪ੍ਰੀਤ ਸਿੰਘ ਦੇ ਆਦੇਸ਼ਾਂ 'ਤੇ ਬਣੀ ਈਸ਼ਰ ਸਿੰਘ ਐਡਵੋਕੇਟ (ਤੇਲੰਗਾਨਾ ਹਾਈ ਕੋਰਟ ਦੇ ਸਾਬਕਾ ਜਸਟਿਸ) ਪੜਤਾਲੀਆ ਕਮੇਟੀ ਨੇ ਬੱਜਰ ਗ਼ਲਤੀਆਂ ਦਾ ਪਿਟਾਰਾ ਖੋਲ੍ਹ ਕੇ ਰੱਖ ਦਿੱਤਾ ਹੈ। ਗੁਰਦੁਆਰਾ ਸ੍ਰੀ ਰਾਮਸਰ ਦੇ ਅਸਥਾਨ 'ਤੇ 1604 ਈਸਵੀ ਵਿਚ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਸੀ। ਇਸੇ ਅਸਥਾਨ 'ਤੇ ਹੀ ਗੁਰ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਹੁੰਦੀ ਹੈ। ਇੱਥੇ ਸਥਾਪਤ ਗੋਲਡਨ ਪ੍ਰੈੱਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੱਖਰਾ ਬਜਟ ਰੱਖਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਸ਼੍ਰੋਮਣੀ ਕਮੇਟੀ ਪਬਲੀਕੇਸ਼ਨਜ਼ ਤੇ ਪ੍ਰਿੰਟਿੰਗ ਵਿਭਾਗ ਜ਼ਿੰਮੇਵਾਰ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਭੇਟਾ ਰਸੀਦਾਂ ਦਾ ਬਾਕਾਇਦਾ ਰਿਕਾਰਡ ਰੱਖਿਆ ਜਾਂਦਾ ਹੈ ਤੇ ਇਸ ਦਾ ਗੁਰਦੁਆਰਾ ਐਕਟ ਮੁਤਾਬਕ ਆਡਿਟ ਵੀ ਹੁੰਦਾ ਹੈ। ਅਜਿਹੇ ਪੁਖਤਾ ਪ੍ਰਬੰਧਾਂ ਦੇ ਬਾਵਜੂਦ ਪਾਵਨ ਸਰੂਪਾਂ ਦਾ ਏਧਰ-ਓਧਰ ਹੋ ਜਾਣਾ ਵੱਡਾ ਮੁੱਦਾ ਬਣ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਦੋਸ਼ੀ ਸਮਝੇ ਜਾਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰ ਕੇ ਸਰਾਹੁਣਯੋਗ ਕੰਮ ਕੀਤਾ ਹੈ। ਭਾਵੇਂ ਮੁੱਖ ਸਕੱਤਰ ਡਾ. ਰੂਪ ਸਿੰਘ ਸਿੱਧੇ ਰੂਪ ਵਿਚ ਇਸ ਕੁਤਾਹੀ ਲਈ ਜ਼ਿੰਮੇਵਾਰ ਨਹੀਂ, ਫਿਰ ਵੀ ਉਨ੍ਹਾਂ ਨੇ ਇਖ਼ਲਾਕੀ ਤੌਰ 'ਤੇ ਅਸਤੀਫ਼ਾ ਦੇ ਦਿੱਤਾ। ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਅਤੇ ਕਈ ਸਿੱਖ ਜਥੇਬੰਦੀਆਂ ਨੇ ਕਿਹਾ ਹੈ ਕਿ ਸੰਸਥਾ ਦੇ ਪ੍ਰਧਾਨ ਅਤੇ ਅੰਤ੍ਰਿੰਗ ਕਮੇਟੀ ਦੇ ਹੋਰ ਅਹੁਦੇਦਾਰਾਂ ਨੂੰ ਵੀ ਅਜਿਹੀ ਇਖ਼ਲਾਕੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਹੁਦਿਆਂ ਤੋਂ ਅਲੱਗ ਹੋ ਕੇ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਦਰਅਸਲ, ਖ਼ਾਲਸਾ ਪੰਥ ਦੀ ਸਾਜਨਾ ਦੀ ਤ੍ਰੈਸ਼ਤਾਬਦੀ ਸਮੇਂ ਤੋਂ ਹੀ ਸ਼੍ਰੋਮਣੀ ਕਮੇਟੀ ਕਿਸੇ ਨਾ ਕਿਸੇ ਵਿਵਾਦ ਵਿਚ ਘਿਰਦੀ ਆ ਰਹੀ ਹੈ। ਇਨ੍ਹਾਂ ਵਰ੍ਹਿਆਂ 'ਚ ਕਈ ਸ਼ਤਾਬਦੀਆਂ ਆਈਆਂ ਪਰ ਪੰਥ ਇਕ ਮੰਚ 'ਤੇ ਇਕੱਠਾ ਨਾ ਰਿਹਾ। ਇਸ ਦਾ ਮੁੱਖ ਕਾਰਨ ਲਿਫ਼ਾਫ਼ਿਆਂ 'ਚੋਂ ਨਿਕਲਦੇ ਪ੍ਰਧਾਨ ਸਨ, ਜਿਨ੍ਹਾਂ ਦਾ ਕੱਦ-ਬੁੱਤ ਇਸ ਮਹਾਨ ਸੰਸਥਾ ਦੇ ਹਾਣ ਦਾ ਨਹੀਂ ਸੀ। ਇਕ ਸਮੇਂ ਤਾਂ ਕੁਰਸੀ 'ਤੇ ਬਿਰਾਜਮਾਨ ਹੋਣ ਤੋਂ ਕੁਝ ਦਿਨ ਪਹਿਲਾਂ ਇਕ ਨਾਕਾਬਿਲ 'ਤਿੰਨ ਲੱਖੀਏ' ਮੁੱਖ ਸਕੱਤਰ ਨੂੰ ਅੰਮ੍ਰਿਤ ਛਕਣਾ ਪਿਆ ਸੀ। ਇਸੇ ਤਰ੍ਹਾਂ ਇੰਟਰਨਲ ਆਡਿਟ ਕਰਨ ਵਾਲੇ ਨੂੰ ਅੱਠ ਲੱਖ ਮਹੀਨੇ ਦੇਣਾ 'ਗੁਰੂ ਕੀ ਗੋਲਕ' ਦਾ ਸਦਉਪਯੋਗ ਨਹੀਂ ਸੀ। ਕੁਝ ਸਾਲ ਪਹਿਲਾਂ ਜਦੋਂ ਉਸ ਨੂੰ ਬਰਖ਼ਾਸਤ ਕੀਤਾ ਗਿਆ ਤਾਂ 24 ਘੰਟਿਆਂ ਦੇ ਅੰਦਰ-ਅੰਦਰ ਸ਼੍ਰੋਮਣੀ ਕਮੇਟੀ ਦੀ ਉਸੇ ਅੰਤ੍ਰਿੰਗ ਕਮੇਟੀ ਨੇ ਉਸ ਨੂੰ ਬਹਾਲ ਕਰਨਾ ਪਿਆ ਸੀ। ਸਪਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਢਾਂਚੇ ਨੂੰ ਸੁਧਾਰਨ ਲਈ ਵੱਡੇ ਕਦਮ ਚੁੱਕਣ ਦੀ ਲੋੜ ਹੈ।
from Punjabi News -punjabi.jagran.com https://ift.tt/2YLNn0K
via IFTTT
Saturday, August 29, 2020
ਪਾਵਨ ਸਰੂਪਾਂ ਦਾ ਮੁੱਦਾ
Subscribe to:
Post Comments (Atom)
No comments:
Post a Comment