ਉਮੇਸ਼ ਜੈਨ, ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਪੁਲਿਸ ਨੇ ਰੋਪੜ ਜ਼ਿਲ੍ਹੇ ਦੇ ਕਰੈਸ਼ਰਾਂ ਤੋਂ ਰੇਤੇ ਦੀ ਨਾਜਾਇਜ਼ ਮਾਈਨਿੰਗ ਦੇ ਨਾਲ-ਨਾਲ ਜਾਅਲੀ ਬਿੱਲਾਂ ਰਾਹੀਂ ਮਾਲ ਦੀ ਢੋਆ-ਢੁਆਈ ਸਬੰਧੀ ਇਕ ਵੱਡੇ ਸਕੈਂਡਲ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਿਸ ਨੇ 4 ਟਰੱਕਾਂ ਨੂੰ ਕਾਬੂ ਕਰ ਕੇ ਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਾਮਲੇ 'ਚ ਕਰੈਸ਼ਰ ਮਾਲਕਾਂ ਦੇ ਨਾਂ ਵੀ ਦਰਜ ਕੀਤੇ ਗਏ ਹਨ।
ਐੱਸਐੱਚਓ ਇੰਸਪੈਕਟਰ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਵਿਕਾਸ ਪੰਚਾਇਤ ਅਫ਼ਸਰ ਸਮਰਾਲਾ ਤੇ ਮਾਛੀਵਾੜਾ ਪੁਲਿਸ ਨੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਾਂਝੇ ਤੌਰ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਲੰਘੀ 25 ਅਗਸਤ ਨੂੰ ਮਾਛੀਵਾੜਾ-ਸਮਰਾਲਾ ਰੋਡ ਤੋਂ ਲੰਘਦੇ ਰੇਤ ਦੇ ਭਰੇ ਟਰੱਕਾਂ ਨੂੰ ਜਾਂਚ ਲਈ ਰੋਕਿਆ ਗਿਆ।
ਟਰੱਕਾਂ ਦੇ ਚਾਲਕਾਂ ਨੇ ਰੇਤੇ ਸਬੰਧੀ ਕੁਝ ਬਿੱਲ ਮੌਕੇ 'ਤੇ ਪੇਸ਼ ਕੀਤੇ, ਜਿਨ੍ਹਾਂ ਦੀ ਜਦੋਂ ਜ਼ਿਲ੍ਹਾ ਰੋਪੜ ਦੇ ਮਾਈਨਿੰਗ ਅਫ਼ਸਰ ਤੋਂ ਜਾਂਚ ਕਰਵਾਈ ਗਈ ਤਾਂ ਇਹ ਸਾਰੇ ਜਾਅਲੀ ਨਿਕਲੇ। ਮਾਛੀਵਾੜਾ ਪੁਲਿਸ ਨੂੰ ਜੋ ਬਿੱਲ ਮਿਲੇ, ਉਨ੍ਹਾਂ ਦਾ ਰਿਕਾਰਡ ਜ਼ਿਲ੍ਹਾ ਮਾਈਨਿੰਗ ਅਫ਼ਸਰ ਰੋਪੜ ਦੇ ਦਫ਼ਤਰ 'ਚ ਦਰਜ ਨਹੀਂ ਸੀ। ਮਾਛੀਵਾੜਾ ਪੁਲਿਸ ਨੇ ਰੇਤੇ ਦੇ ਭਰੇ ਟਰੱਕ ਕਾਬੂ ਕਰ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਰੇਤੇ ਦੀ ਨਾਜਾਇਜ਼ ਮਾਈਨਿੰਗ ਤੇ ਜਾਅਲੀ ਬਿੱਲਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਜਿਸ ਦੀ ਵੀ ਮਾਮਲੇ 'ਚ ਸ਼ਮੂਲੀਅਤ ਹੋਵੇਗੀ, ਉਹ ਬਖ਼ਸ਼ਿਆ ਨਹੀਂ ਜਾਵੇਗਾ।
ਟਰੱਕ ਚਾਲਕਾਂ ਨੂੰ ਨਹੀਂ ਪਤਾ ਕਿ ਬਿੱਲ ਜਾਅਲੀ ਜਾਂ ਅਸਲੀ!
ਉਧਰ, ਕਾਬੂ ਕੀਤੇ ਗਏ ਟਰੱਕ ਚਾਲਕ ਪੁਲਿਸ ਅੱਗੇ ਦੁਹਾਈ ਪਾ ਰਹੇ ਸਨ ਕਿ ਰੋਪੜ ਜ਼ਿਲੇ੍ ਦੇ ਕਰੈਸ਼ਰਾਂ ਤੋਂ ਖਣਿਜ ਪਦਾਰਥਾਂ ਦੀ ਢੋਆ-ਢੁਆਈ ਕਰਨ ਵਾਲੇ ਟਰੱਕ ਚਾਲਕਾਂ ਤੋਂ ਪੂਰੇ ਪੈਸੇ ਵਸੂਲ ਲਏ ਜਾਂਦੇ ਹਨ ਤੇ ਜੋ ਬਿੱਲ ਤੇ ਮਾਈਨਿੰਗ ਦੀ ਪਰਚੀ ਦਿੱਤੀ ਜਾਂਦੀ ਹੈ, ਉਹ ਵੀ ਅਸਲੀ ਕਹਿ ਕੇ ਦਿੱਤੀ ਜਾਂਦੀ ਹੈ।
ਇਸ ਜ਼ਿਲ੍ਹੇ ਦੇ ਕੁਝ ਕਰੈਸ਼ਰ ਮਾਲਕ ਆਪਣੀਆਂ ਜੇਬਾਂ ਭਰਨ ਲਈ ਜਾਅਲੀ ਬਿੱਲ ਦੇ ਕੇ ਰੇਤ, ਬਜਰੀ ਦੇ ਟਰੱਕਾਂ ਨੂੰ ਤੋਰ ਦਿੰਦੇ ਹਨ, ਜਿਸ ਦਾ ਖੁਮਿਆਜ਼ਾ ਉਨ੍ਹਾਂ ਨੂੰ ਰਸਤੇ 'ਚ ਪੁਲਿਸ ਕੋਲ ਭੁਗਤਣਾ ਪੈ ਜਾਂਦਾ ਹੈ। ਉਨ੍ਹਾਂ ਨਾਲ ਵੀ ਇਹੀ ਕੁਝ ਹੋਇਆ। ਜਾਅਲੀ ਬਿੱਲ ਦੇਣ ਵਾਲੇ ਕਰੈਸ਼ਰ ਮਾਲਕਾਂ ਨੇ ਤਾਂ ਟਰੱਕਾਂ 'ਚ ਰੇਤਾ ਭਰਨ ਮੌਕੇ ਪੂਰੇ ਪੈਸੇ ਵਸੂਲ ਲਏ ਪਰ ਰਸਤੇ 'ਚ ਪੁਲਿਸ ਵੱਲੋਂ ਕਾਬੂ ਆ ਜਾਣ 'ਤੇ ਉਨ੍ਹਾਂ 'ਤੇ ਪਰਚਾ ਦਰਜ ਹੋ ਗਿਆ।
ਟਰੱਕ ਚਾਲਕ ਪੁਲਿਸ ਕੋਲ ਦੁਹਾਈਆਂ ਪਾਉਂਦੇ ਰਹੇ ਕਿ ਉਨ੍ਹਾਂ ਕੋਲ ਪੂਰੇ ਦਸਤਾਵੇਜ਼ ਤੇ ਬਿੱਲ ਹਨ ਪਰ ਇਹ ਜਾਅਲੀ ਨਿਕਲੇ, ਜਿਸ ਕਾਰਨ ਉਨ੍ਹਾਂ 'ਤੇ ਵੀ ਪਰਚਾ ਦਰਜ ਹੋ ਗਿਆ, ਉਥੇ ਨਾਲ ਹੀ ਐੱਫ਼ਆਈਆਰ 'ਚ ਕਰੈਸ਼ਰ ਮਾਲਕਾਂ ਦੇ ਨਾਂ ਵੀ ਦਰਜ ਕਰ ਲਏ ਗਏ।
from Punjabi News -punjabi.jagran.com https://ift.tt/2YJWf7e
via IFTTT
No comments:
Post a Comment