ਜੀਵਨ ਦੀ ਪਰਿਭਾਸ਼ਾ ਸਮਾਂ ਹੈ ਕਿਉਂਕਿ ਜੀਵਨ ਸਮੇਂ ਤੋਂ ਬਣਦਾ ਹੈ। ਸਮੇਂ ਦੀ ਸੁਚੱਜੀ ਵਰਤੋਂ ਜੀਵਨ ਦੀ ਸਹੀ ਵਰਤੋਂ ਹੈ। ਵਕਤ ਦੀ ਦੁਰਵਰਤੋਂ ਜੀਵਨ ਨੂੰ ਤਬਾਹ ਕਰਦੀ ਹੈ। ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ, ਉਹ ਨਿਰੰਤਰ ਅਣਪਛਾਤੀ ਦਿਸ਼ਾ ਵਿਚ ਜਾ ਕੇ ਲੀਨ ਹੁੰਦਾ ਰਹਿੰਦਾ ਹੈ। ਸਾਡਾ ਕਰਤੱਵ ਹੈ ਕਿ ਸਮੇਂ ਦੀ ਪੂਰੀ ਤਰ੍ਹਾਂ ਸੁਚੱਜੀ ਵਰਤੋਂ ਕਰੀਏ। ਸਮਾਂ ਪਰਮਾਤਮਾ ਤੋਂ ਵੀ ਮਹਾਨ ਹੈ। ਭਗਤੀ-ਸਾਧਨਾ ਦੁਆਰਾ ਪਰਮਾਤਮਾ ਨਾਲ ਕਈ ਵਾਰ ਰੂਬਰੂ ਹੋਇਆ ਜਾ ਸਕਦਾ ਹੈ ਪਰ ਗੁਜ਼ਰਿਆ ਹੋਇਆ ਵਕਤ ਮੁੜ ਹੱਥ ਨਹੀਂ ਆਉਂਦਾ। ਸੰਤ ਕਬੀਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ-'ਕੱਲ੍ਹ 'ਤੇ ਆਪਣੇ ਕੰਮ ਨਾ ਟਾਲੋ। ਜੋ ਅੱਜ ਕਰਨਾ ਹੈ, ਉਸ ਨੂੰ ਅੱਜ ਹੀ ਪੂਰਾ ਕਰ ਲਵੋ।' ਹਰੇਕ ਕੰਮ ਦਾ ਮੌਕਾ ਹੁੰਦਾ ਹੈ। ਮੌਕਾ ਉਹੀ ਹੈ ਜਦ ਉਹ ਕੰਮ ਸਾਹਮਣੇ ਪਿਆ ਹੈ। ਮੌਕਾ ਨਿਕਲ ਜਾਣ 'ਤੇ ਕੰਮ ਦਾ ਮਹੱਤਵ ਸਮਾਪਤ ਹੋ ਜਾਂਦਾ ਹੈ ਅਤੇ ਬੋਝ ਵੱਧਦਾ ਜਾਂਦਾ ਹੈ। ਜਵਾਨੀ ਦੇ ਸਮੇਂ ਨੂੰ ਆਰਾਮ ਦੇ ਨਾਂ 'ਤੇ ਨਸ਼ਟ ਕਰਨਾ ਘੋਰ ਮੂਰਖਤਾ ਹੈ ਕਿਉਂਕਿ ਇਹੀ ਉਹ ਸਮਾਂ ਹੈ ਜਿਸ ਵਿਚ ਮਨੁੱਖ ਜੀਵਨ ਅਤੇ ਕਿਸਮਤ ਦਾ ਨਿਰਮਾਣ ਕਰ ਸਕਦਾ ਹੈ। ਜਿਸ ਤਰ੍ਹਾਂ ਲੋਹਾ ਠੰਢਾ ਪੈ ਜਾਣ 'ਤੇ ਘਣ ਮਾਰਨ ਦਾ ਵੀ ਕੋਈ ਲਾਭ ਨਹੀਂ ਹੁੰਦਾ, ਉਸੇ ਤਰ੍ਹਾਂ ਮੌਕਾ ਨਿਕਲ ਜਾਣ 'ਤੇ ਮਨੁੱਖ ਦਾ ਯਤਨ ਫ਼ਜ਼ੂਲ ਚਲਾ ਜਾਂਦਾ ਹੈ। ਆਰਾਮ ਜ਼ਰੂਰ ਕਰੋ। ਵੱਧ ਕਾਰਜ-ਸਮਰੱਥਾ ਪ੍ਰਾਪਤ ਕਰਨ ਲਈ ਆਰਾਮ ਜ਼ਰੂਰੀ ਹੈ ਪਰ ਉਸ ਦਾ ਸਮਾਂ ਤੈਅ ਕਰੋ। ਸਮਾਂ ਬਹੁਤ ਮੁੱਲਵਾਨ ਹੈ। ਉਸ ਨੂੰ ਕਿਫ਼ਾਇਤ ਨਾਲ ਖ਼ਰਚ ਕਰੋ। ਜਿੰਨਾ ਸਮਾਂ-ਧਨ ਬਚਾ ਕੇ ਉਸ ਨੂੰ ਜ਼ਰੂਰੀ ਫ਼ਾਇਦੇਮੰਦ ਕੰਮਾਂ ਵਿਚ ਲਗਾਓਗੇ, ਓਨੀ ਹੀ ਸ਼ਖ਼ਸੀਅਤ ਦੀ ਮਹੱਤਤਾ ਅਤੇ ਹੈਸੀਅਤ ਵਧੇਗੀ। ਸਮੇਂ ਸਿਰ ਕੰਮ ਕਰਨ ਦੀ ਆਦਤ ਪਾਓ। ਆਦਤ ਪੈ ਜਾਣ 'ਤੇ ਖ਼ੁਦ ਹੀ ਵੱਡਾ ਆਨੰਦ ਆਵੇਗਾ। ਨਿਰਧਾਰਤ ਸਮਾਂ ਗੁਜ਼ਰਨ ਤੋਂ ਬਾਅਦ ਕਿਸੇ ਦਫ਼ਤਰ ਵਿਚ ਜਾਓ ਤਾਂ ਯਕੀਨਨ ਕੰਮ ਨਹੀਂ ਹੋਵੇਗਾ। ਆਪਣੇ ਕੰਮ ਅਤੇ ਸਮੇਂ ਦਾ ਇਸ ਤਰ੍ਹਾਂ ਮੇਲ ਰੱਖੋ ਕਿ ਉਸ ਵਿਚ ਇਕ ਮਿੰਟ ਦਾ ਅੰਤਰ ਨਾ ਆਵੇ। ਆਲਸ ਸਮੇਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਇਹ ਕਈ ਰੂਪਾਂ ਵਿਚ ਮਨੁੱਖ 'ਤੇ ਕਾਬੂ ਪਾਉਂਦੀ ਹੈ। ਕਈ ਵਾਰ ਕੁਝ ਕੰਮ ਕੀਤਾ ਕਿ ਆਰਾਮ ਦੇ ਬਹਾਨੇ ਅਸੀਂ ਆਪਣੇ ਸਮੇਂ ਨੂੰ ਬਰਬਾਦ ਕਰਨ ਲੱਗਦੇ ਹਾਂ। ਉਂਜ ਬਿਮਾਰੀ, ਤਕਲੀਫ਼ ਆਦਿ ਵਿਚ ਆਰਾਮ ਕਰਨਾ ਕੋਈ ਬੁਰੀ ਗੱਲ ਨਹੀਂ ਹੈ ਪਰ ਅੱਖਾਂ ਖੁੱਲ੍ਹਣ ਤਾਂ ਤੁਰੰਤ ਆਪਣੇ ਕੰਮ ਵਿਚ ਲੱਗ ਜਾਓ।
-ਮੁਕੇਸ਼ ਰਿਸ਼ੀ।
from Punjabi News -punjabi.jagran.com https://ift.tt/3hHk2vO
via IFTTT
No comments:
Post a Comment